ਫਿਰ ਵੀ ਉਹ ਆਪਣੇ ਵਿਦਿਆਰਥੀਆਂ ਦਾ ਕਦੇ ਬੁਰਾ ਨਹੀਂ ਸੋਚਦਾ। ਮਾਪਿਆਂ ਤੋਂ ਬਾਅਦ ਅਧਿਆਪਕ ਹੀ ਹੁੰਦਾ ਹੈ ਜੋ ਬੱਚਿਆਂ ਦੀ ਸਫਲਤਾ ਉੱਤੇ ਮਨੋਂ ਖ਼ੁਸ਼ ਹੁੰਦਾ ਹੈ। ਅੱਜ ਦੇ ਸਮੇਂ ਵਿਚ ਕੋਈ ਕਿਸੇ ਦੀ ਸਫਲਤਾ ’ਤੇ ਖ਼ੁਸ਼ ਨਹੀਂ ਹੁੰਦਾ ਪਰ ਇਕ ਅਧਿਆਪਕ ਹੀ ਹੈ ਜੋ ਚਾਹੁੰਦਾ ਹੈ ਕਿ ਉਸ ਦੇ ਪੜ੍ਹਾਏ ਵਿਦਿਆਰਥੀ ਉਸ ਨਾਲੋਂ ਉੱਚਾ ਮੁਕਾਮ ਹਾਸਲ ਕਰਨ।

ਜਿਹੜਾ ਵਿਅਕਤੀ ਕਿਸੇ ਵੇਲੇ ਸਭ ਤੋਂ ਵੱਧ ਮਾਣ-ਸਨਮਾਨ ਦਾ ਹੱਕਦਾਰ ਹੁੰਦਾ ਸੀ, ਉਹ ਅੱਜ ਦੇ ਦੌਰ ਵਿਚ ਕੱਖੋਂ ਹੌਲਾ ਹੋ ਕੇ ਰਹਿ ਗਿਆ ਹੈ। ਇਤਿਹਾਸ ਅਤੇ ਮਿਥਿਹਾਸ ਉਸ ਦੇ ਮਾਣ-ਸਨਮਾਨ ਦੀ ਗਵਾਹੀ ਭਰਦੇ ਹਨ। ਮੌਜੂਦਾ ਦੌਰ ਵਿਚ ਸਕੂਲ ਜਾਂ ਕਾਲਜ ਵਿਚ ਜਦੋਂ ਵੀ ਕੋਈ ਵਿਵਾਦਤ ਮਸਲਾ ਸਾਹਮਣੇ ਆਉਂਦਾ ਹੈ ਤਾਂ ਕੌਮ ਦਾ ਇਹ ਨਿਰਮਾਤਾ ਕੱਲਮ-ਕੱਲਾ ਰਹਿ ਜਾਂਦਾ ਹੈ। ਉਸ ਦਾ ਪੱਖ ਵੀ ਸੁਣਨਯੋਗ ਨਹੀ ਮੰਨਿਆ ਜਾਂਦਾ। ਮਾਸੂਮ ਬੱਚਿਆਂ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਸਮਾਜ ਦੇ ਅਖੌਤੀ ਠੇਕੇਦਾਰ ਅਧਿਆਪਕਾਂ ਨੂੰ ਜ਼ਲੀਲ ਕਰਦੇ ਹਨ।
ਫਿਰ ਵੀ ਉਹ ਆਪਣੇ ਵਿਦਿਆਰਥੀਆਂ ਦਾ ਕਦੇ ਬੁਰਾ ਨਹੀਂ ਸੋਚਦਾ। ਮਾਪਿਆਂ ਤੋਂ ਬਾਅਦ ਅਧਿਆਪਕ ਹੀ ਹੁੰਦਾ ਹੈ ਜੋ ਬੱਚਿਆਂ ਦੀ ਸਫਲਤਾ ਉੱਤੇ ਮਨੋਂ ਖ਼ੁਸ਼ ਹੁੰਦਾ ਹੈ। ਅੱਜ ਦੇ ਸਮੇਂ ਵਿਚ ਕੋਈ ਕਿਸੇ ਦੀ ਸਫਲਤਾ ’ਤੇ ਖ਼ੁਸ਼ ਨਹੀਂ ਹੁੰਦਾ ਪਰ ਇਕ ਅਧਿਆਪਕ ਹੀ ਹੈ ਜੋ ਚਾਹੁੰਦਾ ਹੈ ਕਿ ਉਸ ਦੇ ਪੜ੍ਹਾਏ ਵਿਦਿਆਰਥੀ ਉਸ ਨਾਲੋਂ ਉੱਚਾ ਮੁਕਾਮ ਹਾਸਲ ਕਰਨ। ਭੀੜ ਅੱਗੇ ਉਸ ਦਾ ਕੋਈ ਜ਼ੋਰ ਨਹੀਂ ਚੱਲਦਾ। ਬੇਵੱਸੀ ਦੀ ਚੋਟ ਉਸ ਦੇ ਦਿਲ ’ਤੇ ਲੱਗ ਜਾਂਦੀ ਹੈ ਅਤੇ ਉਹ ਉਤਸ਼ਾਹ-ਹੀਣ ਹੋ ਜਾਂਦਾ ਹੈ। ਇਸ ਸਮੇਂ ਉਸ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਮਨਾਂ ’ਤੇ ਕੀ ਬੀਤਦੀ ਹੈ, ਉਹੀ ਜਾਣਦੇ ਹਨ।
ਕੋਈ ਵਕਤ ਸੀ ਜਦੋਂ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਪਰਿਵਾਰ ਦਾ ਅਦਿੱਖ ਮੈਂਬਰ ਤੇ ਮਾਰਗਦਰਸ਼ਕ ਹੁੰਦਾ ਸੀ ਪਰ ਆਧੁਨਿਕਤਾ ਅਤੇ ਕੱਟੜਵਾਦ ਦੀ ਆੜ ਹੇਠ ਇਸ ਪਵਿੱਤਰ ਸੱਭਿਆਚਾਰਕ ਸਬੰਧ ਨੂੰ ਤੋੜ ਦਿੱਤਾ ਗਿਆ ਹੈ। ਗੁਰੂ-ਚੇਲੇ ਵਾਲੀ ਪਰੰਪਰਾ ਵਿਚ ਬੇਭਰੋਸਗੀ ਦੀ ਕਾਂਜੀ ਘੋਲ ਦਿੱਤੀ ਗਈ ਹੈ। ਅਜੇ ਵੀ ਆਸ ਦੀ ਕਿਰਨ ਇਸ ਲਈ ਬਾਕੀ ਹੈ ਕਿਉਂਕਿ ਅਨੇਕ ਮਾਪੇ ਅਤੇ ਵਿਦਿਆਰਥੀ, ਅਧਿਆਪਕ ਦਾ ਉਸੇ ਤਰ੍ਹਾਂ ਸਨਮਾਨ ਕਰਦੇ ਹਨ ਜਿਸ ਤਰ੍ਹਾਂ ਉਹ ਪਹਿਲਾਂ ਕਰਦੇ ਸਨ।
ਅਫ਼ਸੋਸਨਾਕ ਗੱਲ ਇਹ ਹੈ ਕਿ ਜਿਨ੍ਹਾਂ ਨੇ ਸਾਡੇ ਬੱਚਿਆਂ ਦੀ ਮਾਨਸਿਕਤਾ ਨੂੰ ਉਸਾਰੂ ਬਣਾਉਣਾ ਹੈ ਉਨ੍ਹਾਂ ਮਗਰ ਅਸੀਂ ਇਸ ਤਰ੍ਹਾਂ ਪੈ ਜਾਂਦੇ ਹਾਂ ਜਿਵੇਂ ਉਹ ਸਭ ਤੋਂ ਵੱਡੇ ਗੁਨਾਹਗਾਰ ਅਤੇ ਸਮਾਜ ਦੇ ਦੁਸ਼ਮਣ ਹੋਣ। ਬੱਚਿਆਂ ਦੇ ਮਨਾਂ ਵਿੱਚੋਂ ਵਰਕ ਕਲਚਰ ਖ਼ਤਮ ਹੋਣ ਲਈ ਹੋਰ ਕਾਰਨਾਂ ਦੇ ਨਾਲ-ਨਾਲ ਮਾਪਿਆਂ ਵੱਲੋਂ ਉਨ੍ਹਾਂ ਦੀ ਪਿੱਠ ’ਤੇ ਹੱਥ ਰੱਖਣਾ ਵੀ ਵੱਡਾ ਕਾਰਨ ਹੈ।
ਕੋਈ ਸਮਾਂ ਸੀ ਜਦੋਂ ਸਕੂਲਾਂ ਵਿਚ ਕਿਆਰੀਆਂ ਬਣਾ ਕੇ ਫੁੱਲ-ਬੂਟੇ ਲਾਉਣ, ਉਨ੍ਹਾਂ ਦੀ ਗੋਡੀ ਕਰਨ, ਪਾਣੀ ਆਦਿ ਦੇਣ ਅਤੇ ਸਫ਼ਾਈ ਦਾ ਕੰਮ ਬੱਚੇ ਕਰਦੇ ਹੁੰਦੇ ਸਨ। ਉਨ੍ਹਾਂ ਦੇ ਬਕਾਇਦਾ ਮੁਕਾਬਲੇ ਹੁੰਦੇ ਸਨ। ਨਤੀਜੇ ਵਜੋਂ ਉਹ ਘਰ ਜਾ ਕੇ ਮਾਪਿਆਂ ਨਾਲ ਵੀ ਕੰਮਾਂ ਵਿਚ ਹੱਥ ਵਟਾਉਂਦੇ ਸਨ। ਬਦਲ ਚੁੱਕੇ ਹਾਲਾਤ ਅਨੁਸਾਰ ਕੋਈ ਵੀ ਬੱਚਾ ਘਰ ਦਾ ਕੰਮ ਕਰਨ ਤੋਂ ਗੁਰੇਜ਼ ਕਰਨ ਲੱਗ ਪਿਆ ਹੈ।
ਸਕੂਲਾਂ ਵਿਚ ਤਾਂ ਉਨ੍ਹਾਂ ਨੂੰ ਕੰਮ ਕਰਨ ਲਈ ਕਹਿਣਾ ਹੀ ਕਿਸ ਨੇ ਹੈ? ਕੋਈ ਵੀ ਅਧਿਆਪਕ ਹੁਣ ਬੱਚੇ ਨੂੰ ਪਾਣੀ ਦਾ ਗਲਾਸ ਲਿਆਉਣ ਲਈ ਵੀ ਨਹੀਂ ਕਹਿੰਦਾ ਕਿਉਂਕਿ ਉਲਾਂਭਾ ਝੱਟ ਆ ਜਾਂਦਾ ਹੈ। ਜਿਸ ਦਿਨ ਅਧਿਆਪਕ, ਵਿਦਿਆਰਥੀ ਅਤੇ ਮਾਪਿਆਂ ਦਰਮਿਆਨ ਸਬੰਧ ਖ਼ਤਮ ਹੋ ਗਏ, ਉਹ ਦਿਨ ਸਾਡੇ ਸਮਾਜ ਦਾ ਕਾਲਾ ਸਿਆਹ ਦਿਨ ਹੋਵੇਗਾ।
-ਹਰਜਿੰਦਰ ਸਿੰਘ ਗੁਲਪੁਰ
-ਮੋਬਾਈਲ : 79735-01892