ਹਾਲੀਆ ਵਿਧਾਨ ਸਭਾ ਚੋਣਾਂ ਵਿਚ ਖੇਤਰੀ ਸਿਆਸਤ ਦਾ ਕਮਜ਼ੋਰ ਪੈਣਾ ਦਰਸਾਉਂਦਾ ਹੈ ਕਿ ਰਾਸ਼ਟਰਵਾਦੀ ਵਿਚਾਰਾਂ ਦਾ ਵਿਸਥਾਰ ਹੋ ਰਿਹਾ ਹੈ।

ਚਾਰ ਰਾਜਾਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਸਾਮ ਅਤੇ ਬੰਗਾਲ ਵਿਚ ਪ੍ਰਚੰਡ ਬਹੁਮਤ ਵਾਲੀਆਂ ਸਰਕਾਰਾਂ ਨੇ ਕਮਾਨ ਸੰਭਾਲ ਲਈ ਹੈ ਜਦਕਿ ਪੁਡੂਚੇਰੀ ਵਿਚ ਚੋਣਾਂ ਤੋਂ ਪਹਿਲਾਂ ਬਣੇ ਗੱਠਜੋੜ ਵਾਲੀ ਐੱਨਡੀਏ ਸਰਕਾਰ ਨੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਤ੍ਰਿਸ਼ੰਕੂ ਵਿਧਾਨ ਸਭਾ ਵਾਲੇ ਤਾਮਿਲਨਾਡੂ ਵਿਚ ਵੀ ਵਿਜੈ ਸਰਕਾਰ ਦਾ ਆਗਾਜ਼ ਹੋ ਚੁੱਕਾ ਹੈ। ਕੇਰਲ ਦੇ ਮੁੱਖ ਮੰਤਰੀ ਦੀ ਚੋਣ ਵੀ ਹੋ ਗਈ ਹੈ। ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਅਸਾਮ, ਕੇਰਲ ਅਤੇ ਪੁਡੂਚੇਰੀ ਵਿਚ ਨਤੀਜੇ ਉਮੀਦਾਂ ਮੁਤਾਬਕ ਹੀ ਰਹੇ।
ਅਸਾਮ ਵਿਚ ਭਾਜਪਾ ਦੇ ਸਾਹਮਣੇ ਕਾਂਗਰਸ ਇਸ ਕਦਰ ਸਾਫ਼ ਹੋ ਗਈ ਜਿਵੇਂ ਬ੍ਰਹਮਪੁੱਤਰ ਦੇ ਸੈਲਾਬ ਵਿਚ ਨਦੀ ਦੇ ਵਿਚਕਾਰ ਰੇਤ ਦੇ ਟਾਪੂ ਰੁੜ੍ਹ ਜਾਂਦੇ ਹਨ। ਰਾਜ ਵਿਚ ਕਾਂਗਰਸ ਸਿਰਫ਼ ਹੇਠਲੇ ਅਸਾਮ ਦੀਆਂ ਮੁਸਲਮਾਨ ਵਸੋਂ ਦੀ ਬਹੁਤਾਤ ਵਾਲੀਆਂ ਸੀਟਾਂ ਤੱਕ ਹੀ ਸੀਮਤ ਰਹੀ ਹੈ ਜਦਕਿ ਉੱਤਰੀ ਅਸਾਮ ਦੇ ਅਸਮੀਆ ਬਹੁਲ ਜ਼ਿਲ੍ਹਿਆਂ ਵਿਚ ਇਸ ਦਾ ਸੂਪੜਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਜਿੱਥੇ ਕਦੇ ਇਸ ਦਾ ਚੰਗਾ ਪ੍ਰਭਾਵ ਹੁੰਦਾ ਸੀ। ਇਹ ਨਤੀਜਾ ਪੂਰੀ ਤਰ੍ਹਾਂ ਉਮੀਦਾਂ ਮੁਤਾਬਕ ਸੀ। ਰਾਜ ਵਿਚ ਨਾ ਸਿਰਫ਼ ਭਾਜਪਾ ਸਰਕਾਰ ਦੁਆਰਾ ਕੀਤਾ ਗਿਆ ਵਿਕਾਸ ਸਾਫ਼-ਸਾਫ ਦਿਖਾਈ ਦਿੰਦਾ ਹੈ, ਸਗੋਂ ਪਾਰਟੀ ਅਸਮੀਆ ਅਸਮਿਤਾ ਅਤੇ ਜਨਸੰਖਿਆ ਬਦਲਾਅ ਵਰਗੇ ਮਹੱਤਵਪੂਰਨ ਵਿਸ਼ਿਆਂ ਪ੍ਰਤੀ ਸੰਵੇਦਨਸ਼ੀਲ ਵੀ ਦਿਖਾਈ ਦਿੰਦੀ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਨਿੱਜੀ ਲੋਕਪ੍ਰਿਅਤਾ ਵੀ ਪਾਰਟੀ ਲਈ ਕਾਰਗਰ ਸਾਬਿਤ ਹੋਈ। ਕੇਰਲ ਦੇ ਨਤੀਜਿਆਂ ਵਿਚ ਵੀ ਹੈਰਾਨੀ ਸਿਰਫ਼ ਇਹ ਹੈ ਕਿ ਇਹ ਬਦਲਾਅ ਦਸ ਸਾਲਾਂ ਬਾਅਦ ਹੋਇਆ ਹੈ, ਨਹੀਂ ਤਾਂ ਇੱਥੇ ਹਰ ਪੰਜ ਸਾਲ ਬਾਅਦ ਮਾਰਕਸਵਾਦੀ ਅਗਵਾਈ ਵਾਲੇ ਲੈਫਟ ਡੈਮੋਕ੍ਰੈਟਿਕ ਫਰੰਟ ਅਤੇ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਲੋਕਤੰਤਰੀ ਮੋਰਚੇ (ਯੂਡੀਐੱਫ) ਵਿਚਕਾਰ ਵਾਰੀ-ਵਾਰੀ ਸੱਤਾ ਬਦਲਦੀ ਰਹੀ ਹੈ। ਇੱਥੇ ਦੇ ਨਤੀਜਿਆਂ ਵਿਚ ਮਹੱਤਵਪੂਰਨ ਗੱਲ ਇਹ ਰਹੀ ਕਿ ਯੂਡੀਐੱਫ ਨੇ ਕੋਝੀਕੋਡ, ਤਿਰੂਵਨੰਤਪੁਰਮ ਅਤੇ ਕੋਲੱਮ ਵਰਗੇ ਖੱਬੇ-ਪੱਖੀਆਂ ਦੇ ਗੜ੍ਹ ਵੀ ਢਾਹ ਦਿੱਤੇ। ਮੁਸਲਿਮ ਲੀਗ ਨਾਲ ਹੋਏ ਗੱਠਜੋੜ ਨੇ ਕਾਂਗਰਸ ਨੂੰ ਖ਼ਾਸ ਕਰਕੇ ਉੱਤਰੀ ਕੇਰਲ ਵਿਚ ਮਦਦ ਪਹੁੰਚਾਈ। ਇਸ ਗੱਠਜੋੜ ਨਾਲ ਕਾਂਗਰਸ ਨੂੰ ਲਗਪਗ ਛੇ ਪ੍ਰਤੀਸ਼ਤ ਵੋਟਾਂ ਦਾ ਲਾਭ ਮਿਲਿਆ। ਹਾਲਾਂਕਿ ਇਹ ਨਤੀਜੇ ਵੀ ਅਣਕਿਆਸੇ ਨਹੀਂ ਸਨ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਯੂਡੀਐੱਫ ਨੂੰ ਰਾਜ ਵਿਚ 20 ਵਿੱਚੋਂ 18 ਸੀਟਾਂ ਮਿਲੀਆਂ ਸਨ। ਇਸੇ ਤਰ੍ਹਾਂ ਪੁਡੂਚੇਰੀ ਨੇ ਵੀ ਉਸੇ ਵਿਧਾਨ ਦੀ ਪਾਲਣਾ ਕੀਤੀ ਹੈ ਜਿਸ ਵਿਚ ਕੇਂਦਰ ’ਤੇ ਨਿਰਭਰਤਾ ਹੋਣ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣਾਂ ਦਾ ਝੁਕਾਅ ਸੁਭਾਵਕ ਤੌਰ ’ਤੇ ਉਸ ਪਾਰਟੀ ਜਾਂ ਗੱਠਜੋੜ ਵੱਲ ਹੁੰਦਾ ਹੈ ਜਿਸ ਦੀ ਕੇਂਦਰ ਵਿਚ ਸੱਤਾ ਹੁੰਦੀ ਹੈ।
ਜੋ ਦੋ ਨਤੀਜੇ ਸਭ ਤੋਂ ਵੱਧ ਹੈਰਾਨ ਕਰਨ ਵਾਲੇ ਰਹੇ, ਉਹ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਤੋਂ ਆਏ। ਤਾਮਿਲਨਾਡੂ ਦੇ ਨਤੀਜੇ ਇਸ ਮਾਅਨੇ ਵਿਚ ਇਤਿਹਾਸਕ ਹਨ ਕਿ 50 ਸਾਲਾਂ ਬਾਅਦ ਡੀਐੱਮਕੇ ਅਤੇ ਅੰਨਾਡੀਐੱਮਕੇ ਵਿਚਕਾਰ ਘੁੰਮ ਰਹੀ ਸੱਤਾ ’ਤੇ ਵਿਰਾਮ ਲੱਗ ਗਿਆ। ਸੱਤਾਧਾਰੀ ਡੀਐੱਮਕੇ ਨੂੰ ਇਨ੍ਹਾਂ ਚੋਣਾਂ ਵਿਚ ਜ਼ੋਰਦਾਰ ਝਟਕਾ ਲੱਗਾ। ਵੱਡਾ ਸਵਾਲ ਇਹ ਹੈ ਕਿ ਇਸ ਨੂੰ ਕਿੰਨਾ ਵਿਸ਼ਾਲ ਬਦਲਾਅ ਮੰਨਿਆ ਜਾਵੇ, ਕਿਉਂਕਿ ਇਨ੍ਹਾਂ ਚੋਣਾਂ ਜ਼ਰੀਏ ਤਾਮਿਲਨਾਡੂ ਦੀ ਰਾਜਨੀਤੀ ਵਿਚ ਫਿਰ ਤੋਂ ਵਿਜੈ ਦੇ ਰੂਪ ਵਿਚ ਇਕ ਸਿਨੇ ਸਟਾਰ ਦਾ ਉਦੈ ਹੋਇਆ।
ਜਦਕਿ ਸਭ ਤੋਂ ਵੱਧ ਚਰਚਾ ਵਿਚ ਰਹੇ ਰਾਜ ਬੰਗਾਲ ਵਿਚ ਸੱਤਾ ਬਦਲਣ ਦੇ ਮਾਅਨੇ ਸ਼ਾਇਦ ਸਭ ਤੋਂ ਵੱਧ ਮਹੱਤਵ ਰੱਖਦੇ ਹਨ। ਬੰਗਾਲ ਵਿਚ ਲੰਬੇ ਸਮੇਂ ਬਾਅਦ ਪੂਰੀ ਤਰ੍ਹਾਂ ਹਿੰਸਾ-ਮੁਕਤ ਚੋਣਾਂ ਹੋਈਆਂ। ਚੋਣ ਕਮਿਸ਼ਨ ਦੁਆਰਾ ਚੁੱਕੇ ਗਏ ਸਖ਼ਤ ਕਦਮਾਂ ਨੇ ਡਰ-ਮੁਕਤ ਮਾਹੌਲ ਦਾ ਨਿਰਮਾਣ ਕੀਤਾ। ਇਸ ਕਾਰਨ ਹੋਏ ਰਿਕਾਰਡ ਮਤਦਾਨ ਨੇ ਡਰ ਅਤੇ ਭ੍ਰਿਸ਼ਟਾਚਾਰ ਦੇ ਸਹਾਰੇ ਬਣਾਈ ਗਈ ਸੱਤਾ ਨੂੰ ਉਖਾੜ ਸੁੱਟਿਆ। ਸਪਸ਼ਟ ਹੈ ਕਿ ਵੋਟਰ ਸੂਚੀਆਂ ਦੇ ਵਿਸ਼ੇਸ਼ ਗਹਿਰੇ ਪੁਨਰ-ਨਿਰੀਖਣ ਨੇ ਲੋਕਤੰਤਰੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਭਰੋਸੇਯੋਗ ਬਣਾਇਆ। ਬੰਗਾਲ ਦੇ ਨਤੀਜਿਆਂ ਵਿਚ ਇਕ ਵੱਡੀ ਗੱਲ ਇਹ ਵੀ ਰਹੀ ਕਿ ਆਮ ਬੰਗਾਲੀ ਵੋਟਰਾਂ ਨੇ ਕੁਝ ਬੰਗਾਲੀ ਬੁੱਧੀਜੀਵੀਆਂ ਦੁਆਰਾ ਸੰਸਕ੍ਰਿਤੀ ਅਤੇ ਖੇਤਰਵਾਦ ਦੇ ਨਾਂ ’ਤੇ ਬਣਾਈ ਗਈ ਉੱਚਤਾ ਅਤੇ ਵਿਸ਼ੇਸ਼ਤਾ ਦੇ ਭਾਵ ਤੋਂ ਉੱਪਰ ਉੱਠ ਕੇ ਭਾਰਤੀਅਤਾ ਨੂੰ ਮਹੱਤਵ ਦਿੱਤਾ। ਨਿੱਜੀ ਅਨੁਭਵ ਤੋਂ ਕਹਾਂ ਤਾਂ ਕਦੇ ਸੀਬੀਆਈ ਤੇ ਕਦੇ ਈਡੀ ਅਤੇ ਕੇਂਦਰੀ ਬਲਾਂ ਦੇ ਮਮਤਾ ਵਿਰੋਧ ਤੋਂ ਦੁਖੀ, ਬਦਲਾਅ ਲਈ ਵਚਨਬੱਧ ਬੰਗਾਲੀ ਵੋਟਰਾਂ ਵਿਚ ਇਕ ਮਜ਼ਬੂਤ ਭਾਵ ਸੀ ਕਿ ਆਖ਼ਰ ਉਹ ਵੀ ਮੂਲ ਰੂਪ ’ਚ ਭਾਰਤੀ ਹੀ ਹਨ। ਸਕੂਲਾਂ ਦੀ ਉੱਨਤੀ ਲਈ ਲਿਆਂਦੇ ਗਏ ਪੀਐੱਮਸ੍ਰੀ ਅਤੇ ਆਯੁਸ਼ਮਾਨ ਵਰਗੀਆਂ ਯੋਜਨਾਵਾਂ ਦਾ ਵਿਰੋਧ ਸਮਝ ਤੋਂ ਪਰੇ ਸੀ। ਖ਼ਸਤਾਹਾਲ ਉਦਯੋਗ ਅਤੇ ਵਪਾਰ, ਰੁਜ਼ਗਾਰ ਦੀ ਕਮੀ ਅਤੇ ਮਹਿਲਾ ਸੁਰੱਖਿਆ ਦੀ ਘਾਟ ਨੇ ਬੰਗਾਲੀ ਅਸਮਿਤਾ ਕਾਰਡ ਨੂੰ ਨਹੀਂ ਚੱਲਣ ਦਿੱਤਾ।
ਰਾਜਕੀ ਸੀਮਾਵਾਂ ਤੋਂ ਪਰੇ ਰਾਜਾਂ ਦੇ ਨਤੀਜਿਆਂ ਦੇ ਕੁਝ ਵਿਸ਼ਾਲ ਸਵਾਰਥ ਵੀ ਹਨ। ਜਿਵੇਂ ਕਿ ਇਕ ਪਹਿਲੂ ਪਾਰਟੀ ਪੋਸ਼ਿਤ ਭ੍ਰਿਸ਼ਟਾਚਾਰ ਨਾਲ ਜੁੜਿਆ ਮਸਲਾ ਰਿਹਾ। ਤਾਮਿਲਨਾਡੂ ਅਤੇ ਬੰਗਾਲ, ਦੋਹਾਂ ਹੀ ਰਾਜਾਂ ਵਿਚ ਇਕ ਅਜਿਹੀ ਸਿਆਸੀ ਪ੍ਰਣਾਲੀ ਦੇਖਣ ਨੂੰ ਮਿਲੀ, ਜਿੱਥੇ ਪਾਰਟੀ ਕਾਡਰ ਨੂੰ ਭ੍ਰਿਸ਼ਟਾਚਾਰ ਨਾਲ ਜੋੜਨ ਦੇ ਸੰਸਥਾਗਤ ਯਤਨ ਹੋਏ। ਬੰਗਾਲ ਵਿਚ ਨੌਕਰੀਆਂ ਦੇ ਇਵਜ਼ ਵਿਚ ਭ੍ਰਿਸ਼ਟਾਚਾਰ ਦੇ ਨਾਲ-ਨਾਲ ਨਿੱਜੀ ਨਿਰਮਾਣ ਤੋਂ ਲੈ ਕੇ ਬਿਜਲੀ ਲਾਈਨਾਂ ਖਿੱਚਣ ਲਈ ਟੀਐੱਮਸੀ ਕਾਰਕੁੰਨਾਂ ਨੂੰ ਕੱਟ ਮਨੀ ਦੇਣੀ ਪੈਂਦੀ ਸੀ। ਸਰਕਾਰੀ ਯੋਜਨਾਵਾਂ ਵਿਚ ਵੀ ਇਹ ਵਿਵਸਥਾ ਇੰਨੀ ਸੰਸਥਾਗਤ ਹੋ ਚੁੱਕੀ ਸੀ ਕਿ ਗ਼ਰੀਬ ਲੋਕਾਂ ਦੇ ਸਸਕਾਰ ਲਈ ਸ਼ੁਰੂ ਕੀਤੀ ਗਈ ਸਮਬਿਆਥੀ ਯੋਜਨਾ ਤਹਿਤ ਮਿਲਣ ਵਾਲੇ 2,000 ਵਿੱਚੋਂ 200 ਸਥਾਨਕ ਕਾਰਕੁੰਨਾਂ ਨੂੰ ਦੇਣ ਦੀਆਂ ਖ਼ਬਰਾਂ ਬਹੁਤ ਆਮ ਸਨ।
ਤਾਮਿਲਨਾਡੂ ਦੀ ਗੱਲ ਕਰੀਏ ਤਾਂ ਮੰਤਰੀਆਂ ਵਿਚ ਐੱਨ. ਨਹਿਰੂ, ਆਈ. ਪੇਰੀਆਸਾਮੀ ਅਤੇ ਵੀਐੱਸ ਬਾਲਾਜੀ ’ਤੇ ਭ੍ਰਿਸ਼ਟਾਚਾਰ ਦੇ ਮੁਕੱਦਮੇ ਦਰਜ ਹੋਏ। ਦੂਜਾ ਮਹੱਤਵਪੂਰਨ ਬਿੰਦੂ ਇਹ ਕਿ ਹਿੰਦੂ ਵਿਰੋਧ ਦੀ ਰਾਜਨੀਤੀ ਸਿਮਟਦੀ ਜਾ ਰਹੀ ਹੈ। ਜਿੱਥੇ ਡੀਐੱਮਕੇ ਆਗੂ ਉਦੈਨਿਧੀ ਸਟਾਲਿਨ ਅਤੇ ਕੇ. ਪੋਨਮੁਡੀ ਨੇ ਸਨਾਤਨ ਨੂੰ ਮਿਟਾਉਣ ਦੀ ਗੱਲ ਕੀਤੀ, ਉੱਥੇ ਹੀ ਮਮਤਾ ਬੈਨਰਜੀ ਨੇ ਕਾਫ਼ਰ ਵਰਗੇ ਇਸਲਾਮ ਪ੍ਰਸਤ ਸ਼ਬਦਾਂ ਦੁਆਰਾ ਮੁਸਲਮਾਨ ਵੋਟਰਾਂ ਨੂੰ ਲੁਭਾਉਣ ਦਾ ਯਤਨ ਕੀਤਾ। ਮਮਤਾ ਦੀ ਜੈ ਸ੍ਰੀ ਰਾਮ ਦੇ ਨਾਅਰੇ ਤੋਂ ਨਫ਼ਰਤ ਕੈਮਰਿਆਂ ਦੇ ਸਾਹਮਣੇ ਵੀ ਸਾਫ਼ ਦਿਖਾਈ ਦਿੱਤੀ। ਜਨਤਾ ਨੇ ਮੁਸਲਮਾਨਾਂ ਨੂੰ ਖ਼ੁਸ਼ ਕਰਨ ਅਤੇ ਹਿੰਦੂ ਵਿਰੋਧ ਦੀ ਰਾਜਨੀਤੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਤੀਜਾ ਬਿੰਦੂ ਸਰਹੱਦੀ ਰਾਜਾਂ ਅਸਾਮ ਅਤੇ ਬੰਗਾਲ ਵਿਚ ਘੁਸਪੈਠ ਨਾਲ ਜੁੜਿਆ ਹੈ। ਚੌਥਾ, ਦੇਸ਼ ਵਿਚ ਸਭ ਤੋਂ ਵੱਧ ਖੇਤਰਵਾਦੀ ਭਾਵ ਰੱਖਣ ਵਾਲੇ ਤਾਮਿਲਨਾਡੂ ਅਤੇ ਬੰਗਾਲ ਵਿਚ ਵੋਟਰਾਂ ਨੇ ਭਾਸ਼ਾਈ ਅਤੇ ਖੇਤਰਵਾਦੀ ਅਸਮਿਤਾ ਨੂੰ ਨਕਾਰਿਆ ਹੈ। ਕੁੱਲ ਮਿਲਾ ਕੇ ਇਹ ਨਤੀਜੇ ਦਰਸਾਉਂਦੇ ਹਨ ਕਿ ਦੇਸ਼ ਦੀ ਰਾਜਨੀਤੀ ਵਿਚ ਖੇਤਰਵਾਦੀ ਰਾਜਨੀਤੀ ਕਮਜ਼ੋਰ ਹੋ ਰਹੀ ਹੈ ਅਤੇ ਰਾਸ਼ਟਰਵਾਦੀ ਵਿਚਾਰ ਦਾ ਵਿਸਥਾਰ ਹੋ ਰਿਹਾ ਹੈ।
-ਵਿਕਾਸ ਸਾਰਸਵਤ
-(ਲੇਖਕ ਇੰਡਿਕ ਅਕਾਦਮੀ ਦੇ ਮੈਂਬਰ ਅਤੇ ਸੀਨੀਅਰ ਕਾਲਮ-ਨਵੀਸ ਹਨ)।