-ਕੁਲਮਿੰਦਰ ਕੌਰ

ਸਾਡੀ ਪੀੜ੍ਹੀ ਪਹਿਲੀ ਤੇ ਆਖ਼ਰੀ ਬੇਜੋੜ, ਅਨੋਖੀ, ਦੁਵੱਲੀ ਤੇ ਵੱਖਰੀ ਪਛਾਣ ਵਾਲੀ ਹੋ ਨਿੱਬੜੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ 10-15 ਸਾਲ ਦੇ ਅੰਦਰ ਹੀ ਇਹ ਹੋਂਦ 'ਚ ਆਈ। ਸਾਡੀ ਗਿਣਤੀ ਹੁਣ ਥੋੜ੍ਹੀ ਰਹਿ ਗਈ ਹੈ ਅਤੇ ਆਉਂਦੇ ਇਕ-ਦੋ ਦਹਾਕਿਆਂ 'ਚ ਪੂਰੀ ਖ਼ਤਮ ਹੋ ਜਾਵੇਗੀ। ਅਸੀਂ ਆਜ਼ਾਦ ਭਾਰਤ 'ਚ ਅੱਖਾਂ ਖੋਲ੍ਹਣ ਵਾਲੇ ਪਹਿਲੇ ਬਾਸ਼ਿੰਦੇ ਹਾਂ। ਚੁਫੇਰੇ ਨਵੀਂ ਪ੍ਰਾਪਤ ਹੋਈ ਆਜ਼ਾਦੀ ਲਈ ਖ਼ੁਸ਼ੀ ਦੀ ਲਹਿਰ ਫੈਲੀ ਹੋਈ ਸੀ ਪਰ ਦੂਜੇ ਪਾਸੇ ਦੇਸ਼ ਦੀ ਵੰਡ ਦਾ ਸੰਤਾਪ ਖੜ੍ਹਾ ਹੋਇਆ ਸੀ। ਲੱਖਾਂ ਲੋਕ ਨਿਹੱਕੇ ਮਾਰੇ ਗਏ ਅਤੇ ਕਰੋੜਾਂ ਦੇ ਲਗਪਗ ਪੰਜਾਬੀਆਂ ਨੇ ਇਹ ਉਜਾੜਾ ਆਪਣੇ ਪਿੰਡੇ 'ਤੇ ਹੰਢਾਇਆ। ਉਦੋਂ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕੰਬਦੀ ਕਲਮ ਨਾਲ ਪੰਜਾਬ ਦੇ ਕਤਲੇਆਮ 'ਤੇ ਲੱਖਾਂ ਧੀਆਂ ਦੇ ਜਬਰ-ਜਨਾਹ ਦੇ ਦਰਦ ਦੀ ਕਹਾਣੀ ਬਿਆਨਦਿਆਂ ਕਿਹਾ ਸੀ ''ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।''

ਅਸੀਂ ਆਜ਼ਾਦੀ ਘੁਲਾਟੀਆਂ ਅਤੇ ਨੇਤਾਵਾਂ ਤੋਂ ਬਹੁਤ ਪ੍ਰਭਾਵਿਤ ਸਾਂ। ਹਮੇਸ਼ਾ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਤੇ ਲੋਕ ਗੀਤ ਅਤੇ ਬੋਲੀਆਂ ਯਾਦ ਰੱਖਦੇ। ਜਿਵੇ 'ਸੋਹਣੇ ਦੇਸ਼ਾਂ ਵਿਚੋਂ ਦੇਸ ਪੰਜਾਬ ਨੀ ਸਹੀਓ, ਜਿਵੇਂ ਫੁੱਲਾਂ 'ਚੋਂ ਫੁੱਲ ਗੁਲਾਬ ਨੀਂ ਸਹੀਓ' ਪਰ ਹੁਣ ਪੰਜਾਬ 'ਚ ਫੁੱਲਾਂ ਜਿਹੀ ਖ਼ੁਸ਼ਬੋ ਕਿੱਥੇ? ਉਹ ਪੰਜਾਬ ਗ਼ਾਇਬ ਹੋ ਗਿਆ ਕਿੱਧਰੇ। ਉਦੋਂ ਪੰਜਾਬ 'ਚ ਆਈ ਖੜੋਤ ਨੇ ਫਿਰ ਤੋਂ ਪੈਰਾਂ ਸਿਰ ਖੜ੍ਹੇ ਹੋਣਾ ਸ਼ੁਰੂ ਕੀਤਾ। ਅੱਜ ਦੇ ਵਿਗਿਆਨਕ ਅਤੇ ਤਕਨੀਕੀ ਯੁੱਗ ਤਕ ਅੱਪੜਨ ਲਈ ਲੰਬਾ ਪੈਂਡਾ ਤੈਅ ਕਰਨਾ ਪਿਆ ਹੈ। ਜਦੋਂ ਯਾਦਾਂ ਦੇ ਚਿੱਤਰਪੱਟ ਨੂੰ ਉਧੇੜਦੇ ਹਾਂ ਤਾਂ ਲੰਘਿਆ ਸਮਾਂ ਸਾਹਮਣੇ ਆਣ ਖਲੋਂਦਾ ਹੈ। ਸਾਡੀ ਜੀਵਨਸ਼ੈਲੀ ਬੜੀ ਸਾਦਗੀ ਭਰਪੂਰ ਸੀ। ਅਸੀਂ ਬਿਨਾਂ ਕਿਸੇ ਤੌਖਲੇ ਦੇ ਪ੍ਰਦੂਸ਼ਣ ਰਹਿਤ ਪਾਣੀ ਖੂਹਾਂ, ਖਾਲਿਆਂ, ਨਲਕਿਆਂ ਤੇ ਟੂਟੀਆਂ ਤੋਂ ਬੁੱਕ ਭਰ-ਭਰ ਪੀਂਦੇ ਅਤੇ ਉਚਾਰਨ ਕਰਦੇ 'ਰੱਬ ਨਾਲੋਂ ਕੋਈ ਉੱਚਾ ਨਹੀਂ ਤੇ ਜਲ ਨਾਲੋਂ ਕੁਝ ਸੱਚਾ ਨਹੀਂ।' ਅਸੀਂ ਮਿਲਾਵਟੀ ਭੋਜਨ ਤੇ ਬਣਾਵਟੀ ਤਰੀਕੇ ਨਾਲ ਪਕਾਏ ਅਤੇ ਰੰਗੇ ਹੋਏ ਫਲ-ਸਬਜ਼ੀਆਂ ਦੀ ਬਜਾਏ ਦੁੱਧ-ਦਹੀਂ, ਲੱਸੀ ਅਤੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਭੋਜਨ ਹੀ ਖਾਂਦੇ ਰਹੇ ਹਾਂ। ਅਸੀਂ ਆਖ਼ਰੀ ਪੀੜ੍ਹੀ ਹਾਂ ਜਿਸ ਨੇ ਧੇਲਾ, ਟਕਾ, ਆਨੇ, ਦੁਆਨੀ, ਛਟਾਂਕ, ਸੇਰ ਮਣ ਆਦਿ ਦੀ ਵਰਤੋਂ ਕੀਤੀ। ਮੋਰੀ ਵਾਲਾ ਪੈਸਾ ਧੇਲਾ ਟਕਾ ਬੱਚਿਆਂ ਦੇ ਜੇਬ ਖ਼ਰਚ ਲਈ ਵਾਧੂ ਸੀ। ਅਸੀਂ ਹੱਟੀ ਤੋਂ ਗੋਲ਼ੀਆਂ, ਗੱਟੇ, ਪਤਾਸੇ ਆਦਿ ਲੈ ਕੇ ਮਨਪਸੰਦ ਰੂੰਗਾ-ਝੂੰਗਾ ਵੀ ਭਾਲਦੇ।

ਦੂਰ-ਦੁਰਾਡੇ ਸੁਨੇਹੇ ਜਾਂ ਸੁੱਖ-ਸਾਂਦ ਪੁੱਛਣ ਲਈ ਸਾਡਾ ਵਾਹ ਪੋਸਟ ਕਾਰਡ, ਟੈਲੀਗ੍ਰਾਮ, ਇਨਲੈਂਡ ਤੇ ਇਨਵੈਲਪ ਪੱਤਰਾਂ ਨਾਲ ਪਿਆ। ਪਰ ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ ਕਿ ਜੇ ਪੋਸਟਕਾਰਡ ਨਾਲ ਕੰਮ ਸਰਦਾ ਹੈ ਤਾਂ ਮਹਿੰਗੇ ਪੱਤਰ ਕਿਉਂ? ਕਿਰਸੀ ਤੇ ਸੰਜਮੀ ਸੁਭਾਅ ਹਰ ਕਿਸੇ ਕੋਲ ਸੀ। ਹੌਲੀ-ਹੌਲੀ ਇਨ੍ਹਾਂ ਦਾ ਅੰਤ ਹੁੰਦਾ ਵੀ ਵੇਖ ਰਹੇ ਹਾਂ ਅਤੇ ਹੁਣ ਈ-ਮੇਲ, ਸੋਸ਼ਲ ਮੀਡੀਆ ਰਾਹੀਂ ਸੁਨੇਹੇ ਭੇਜਣ 'ਚ ਵੀ ਕੁਸ਼ਲਤਾ ਹਾਸਲ ਕਰ ਲਈ ਹੈ। ਮੈਂ ਪ੍ਰਾਇਮਰੀ ਤੋਂ ਬਾਅਦ ਪਿੰਡ ਦੇ ਨਾਲ ਲੱਗਦੇ ਸ਼ਹਿਰ 'ਚੋਂ ਅੱਠਵੀਂ ਕੀਤੀ ਤਾਂ ਤਿੰਨ ਮੀਲ ਦਾ ਪੈਦਲ ਸਫ਼ਰ ਕਰ ਕੇ ਪਹੁੰਚਦੇ। ਰੇਤ ਤੇ ਧੱਦਲ ਭਰੇ ਰਾਹਾਂ 'ਤੇ ਕਈ ਜਣੇ ਨੰਗੇ ਪੈਰੀਂ ਵੀ ਤੁਰਦੇ, ਰਸਤੇ 'ਚ ਇਕ ਰੋਹੀ ਰੋਜ਼ ਪਾਰ ਕਰਦੇ। ਬਰਸਾਤੀ ਦਿਨਾਂ 'ਚ ਹੜ੍ਹ ਵਰਗੀ ਸਥਿਤੀ ਬਣ ਜਾਂਦੀ ਤਾਂ ਅਸੀਂ ਸਿਰਾਂ 'ਤੇ ਬਸਤੇ ਰੱਖ ਕੇ ਰੁੜ੍ਹਨ ਤੋਂ ਬਚਦੇ ਹੋਏ 'ਪੇਮੀ ਦੇ ਨਿਆਣੇ' ਕਹਾਣੀ ਦੇ ਪਾਤਰਾਂ ਵਾਂਗ ਰੱਬ ਨੂੰ ਯਾਦ ਕਰਦੇ ਹੋਏ ਪਾਰ ਲੰਘਦੇ। ਸਕੂਲ ਪਹੁੰਚ ਕੇ ਗਰਮੀ ਤੇ ਹੁੰਮਸ ਭਰੇ ਕਮਰਿਆਂ 'ਚ ਬੋਰੀ ਅਤੇ ਤੱਪੜ ਵਿਛਾ ਕੇ ਬੈਠਦੇ ਅਤੇ ਹੁਣ ਅਸੀਂ ਖ਼ੁਸ਼ ਹਾਂ ਕਿ ਸਾਡੇ ਪੋਤੇ-ਪੋਤੀਆਂ ਏਸੀ ਬੱਸਾਂ ਰਾਹੀਂ ਸਕੂਲ ਜਾਂਦੇ ਹਨ ਅਤੇ ਉੱਥੇ ਏਸੀ ਕਮਰਿਆਂ 'ਚ ਮੇਜ਼-ਕੁਰਸੀਆਂ 'ਤੇ ਬੈਠ ਕੇ ਪੜ੍ਹਦੇ ਹਨ। ਅਸੀਂ ਉਹ ਆਖ਼ਰੀ ਪੀੜ੍ਹੀ ਹਾਂ ਜਿਹੜੇ ਲੱਕੜ ਦੀਆਂ ਤਖਤੀਆਂ ਨੂੰ ਗਾਚਨੀ ਨਾਲ ਪੋਚ ਕੇ, ਕਲਮ-ਦਵਾਤ ਸਿਆਹੀ ਦੀ ਵਰਤੋਂ ਕਰ ਕੇ ਲਿਖਦੇ ਅਤੇ ਸਲੇਟੀ ਨਾਲ ਸਲੇਟ 'ਤੇ ਸਵਾਲ ਕੱਢਦੇ।

ਸਾਡੀ ਪੀੜ੍ਹੀ 'ਚ ਬਚਪਨ ਵੇਲੇ ਅੱਜ ਵਾਂਗ ਮਨੋਰੰਜਨ ਦੇ ਕੋਈ ਸਾਧਨ ਨਹੀਂ ਸਨ। ਅਸੀਂ ਖੇਡਾਂ ਰਾਹੀਂ ਮਨ-ਪ੍ਰਚਾਵਾ ਕਰਦੇ, ਬਜ਼ੁਰਗਾਂ ਤੋਂ ਬਾਤਾਂ-ਚੁਟਕਲੇ ਸੁਣਦੇ ਅਤੇ ਰਾਤ ਨੂੰ ਚੰਦ-ਤਾਰਿਆਂ ਨਾਲ ਗੱਲਾਂ ਕਰਦਿਆਂ ਆਨੰਦ ਭਰਪੂਰ ਸਮਾਂ ਬਤੀਤ ਕਰਦੇ। ਸਮੇਂ ਦੇ ਨਾਲ ਵਿਗਿਆਨਕ ਕਾਢਾਂ ਦੇ ਰੂਪ 'ਚ ਸਭ ਤੋਂ ਪਹਿਲਾਂ ਅਸੀਂ ਰੇਡੀਓ ਨੂੰ ਸੁਣਿਆ-ਵੇਖਿਆ। ਇਸ ਤੋਂ ਬਾਅਦ ਟਰਾਂਜ਼ਿਸਟਰ, ਟੇਪ ਰਿਕਾਰਡਰ, ਵੀਸੀਆਰ ਆਦਿ ਈਜਾਦ ਹੋਏ। ਵੱਡੇ ਹੋਏ ਤਾਂ ਬਲੈਕ ਅਂੈਡ ਵ੍ਹਾਈਟ ਟੀਵੀ ਅਤੇ ਫਿਰ ਰੰਗਦਾਰ ਟੀਵੀ ਨੇ ਬਹੁਤ ਆਕਰਸ਼ਿਤ ਕੀਤਾ। ਉਦੋਂ ਟੈਲੀਫੋਨ ਕੁਨੈਕਸ਼ਨ ਲੈਣਾ ਪਹਾੜ ਦੀ ਚੋਟੀ ਸਰ ਕਰ ਜਾਣ ਬਰਾਬਰ ਸੀ। ਮੇਰੇ ਪਤੀ ਦੀ ਬੈਂਕ ਦੀ ਨੌਕਰੀ 'ਚ ਮੈਨੇਜਰ ਬਣਨ 'ਤੇ ਘਰ 'ਚ ਇਹ ਸਹੂਲਤ ਮਿਲਣ 'ਤੇ ਹੀ ਪਹਿਲੀ ਵਾਰ ਟੈਲੀਫੋਨ ਦੀ ਵਰਤੋਂ ਕੀਤੀ। ਕੋਈ ਮਹਿਮਾਨ ਆਉਂਦਾ ਤਾਂ ਉਹ ਵੀ ਫੋਨ ਦਾ ਫ਼ਾਇਦਾ ਉਠਾਉਂਦਾ। ਬਚਪਨ ਅਤੇ ਜਵਾਨੀ 'ਚ ਅਸੀਂ ਵਿਦੇਸ਼ੀ ਵਸਤਾਂ ਲਈ ਉਤਸੁਕ ਰਹਿੰਦੇ ਸਾਂ। ਕਈ ਸ਼ਹਿਰਾਂ 'ਚ ਚੋਰ ਬਾਜ਼ਾਰ ਦੇ ਨਾਂ 'ਤੇ ਮਾਰਕੀਟ ਲੱਗਦੀ ਅਤੇ ਅਸੀਂ ਉਚੇਚੇ ਤੌਰ 'ਤੇ ਪਹੁੰਚਦੇ। ਅੱਜ ਹਰ ਸਟੋਰ 'ਤੇ ਬ੍ਰਾਂਡਡ ਚੀਜ਼ਾਂ ਉਪਲਬਧ ਹਨ ਪਰ ਹੁਣ ਕੋਈ ਖ਼ਾਹਿਸ਼ ਹੀ ਨਹੀਂ ਰਹੀ।

ਬੀਤੀ ਸਦੀ ਦੇ 60ਵੇਂ ਦਹਾਕੇ ਦੌਰਾਨ ਭਾਰਤ ਗ਼ਰੀਬੀ, ਭੁੱਖਮਰੀ 'ਚੋਂ ਲੰਘ ਰਿਹਾ ਸੀ ਤਾਂ ਦੇਸ਼ ਵਾਸੀਆਂ ਨੂੰ ਇਕ ਡੰਗ ਦਾ ਭੋਜਨ ਨਾ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਹਰੀ ਕ੍ਰਾਂਤੀ ਦਾ ਆਰੰਭ ਹੋਇਆ ਅਤੇ ਹੁਣ ਅਨਾਜ ਦਾ ਠੀਕ ਢੰਗ ਨਾਲ ਭੰਡਾਰਨ ਨਾ ਹੋਣ ਦੀ ਵਜ੍ਹਾ ਕਾਰਨ ਇਹ ਰੁਲਦਾ ਵੀ ਹੈ। ਅਸੀਂ ਦੋਵਾਂ ਪੱਖਾਂ ਨੂੰ ਮਾਣਿਆ ਹੈ।

ਅਸੀਂ ਵੱਡੇ ਅਤੇ ਸਾਂਝੇ ਪਰਿਵਾਰਾਂ ਅਤੇ ਬਹੁ-ਗਿਣਤੀ ਭੈਣ-ਭਰਾਵਾਂ ਨਾਲ ਇਕੱਠੇ ਰਹਿੰਦੇ ਅਤੇ ਹੁਣ ਇਕ ਜਾਂ ਦੋ ਬੱਚਿਆਂ ਦੇ ਪਰਿਵਾਰ ਵਾਲੀ ਅਗਲੀ ਪੀੜ੍ਹੀ ਨਾਲ ਵੀ ਸਹਿਜ ਹਾਂ। ਅਸੀਂ ਆਖ਼ਰੀ ਪੀੜ੍ਹੀ ਹੋਵਾਂਗੇ ਜੋ ਆਪਣੇ ਬਜ਼ੁਰਗਾਂ, ਮਾਂ-ਬਾਪ ਤੇ ਖ਼ਾਸ ਤੌਰ 'ਤੇ ਪਿਤਾ ਤੋਂ ਬਹੁਤ ਡਰਦੇ ਸਾਂ ਪਰ ਅੱਜ ਬੱਚਿਆਂ ਦਾ ਵਰਤਾਰਾ ਵੇਖ ਕੇ ਬੇਚੈਨ ਤੇ ਫ਼ਿਕਰਮੰਦ ਜ਼ਰੂਰ ਹੋ ਜਾਈਦਾ ਹੈ। ਬੱਚੇ ਪਦਾਰਥਵਾਦੀ ਹਨ। ਉਨ੍ਹਾਂ ਨੂੰ ਜੀਵਨ ਸੇਧ ਦੇਣ ਦੀ ਯੋਗਤਾ ਹੁਣ ਸਾਡੇ 'ਚ ਨਹੀਂ ਰਹੀ। ਉਲਟਾ ਬੱਚੇ ਮਾਪਿਆਂ ਨੂੰ ਨਵੇਂ ਹਾਲਾਤ ਅਨੁਸਾਰ ਬਦਲਣ ਲਈ ਨਸਹੀਤਾਂ ਵੀ ਦਿੰਦੇ ਹਨ। ਨਤੀਜਤਨ ਮਾਂ-ਬਾਪ ਇਕਲਾਪੇ ਅਤੇ ਘੋਰ ਉਦਾਸੀ 'ਚ ਜਾ ਰਹੇ ਹਾਂ। ਹਾਲਾਤ ਇੰਨੇ ਤ੍ਰਾਸਦੀ ਵਾਲੇ ਹਨ ਕਿ ਚੰਡੀਗੜ੍ਹ ਦੇ ਬਜ਼ੁਰਗ ਲਖਮੀ ਦਾਸ ਨੇ ਬਿਮਾਰ ਪਤਨੀ ਦਾ ਕਤਲ ਕਰਨ ਪਿੱਛੋ ਖ਼ੁਦਕੁਸ਼ੀ ਕਰ ਲਈ ਜਦੋਂਕਿ ਬੱਚੇ ਉੱਪਰਲੀ ਮੰਜ਼ਿਲ 'ਤੇ ਰਹਿੰਦੇ ਹਨ। ਇਸ ਘਟਨਾ ਤੋਂ ਸਮਾਜ ਨੂੰ ਕਈ ਸੁਨੇਹੇ ਮਿਲਦੇ ਹਨ। ਸਮਾਂ ਪਲ-ਪਲ ਅੱਗੇ ਜਾ ਰਿਹਾ ਹੈ ਅਤੇ ਇਸ ਨੂੰ ਸਹਿਜ, ਸਰਲ ਤੇ ਆਸਾਨ ਤਰੀਕੇ ਨਾਲ ਪਾਰ ਕਰ ਜਾਣ ਦੀ ਕੋਸ਼ਿਸ਼ 'ਚ ਹਨ ਮੇਰੀ ਪੀੜ੍ਹੀ ਦੇ ਬਾਸ਼ਿੰਦੇ।

-ਮੋਬਾਈਲ ਨੰ. : 98156-52272

Posted By: Sukhdev Singh