ਬੇਸ਼ੱਕ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ, ਉਸ ਦੇ ਸਾਥੀਆਂ ਅਤੇ ਸਮਾਜਿਕ ਜਥੇਬੰਦੀਆਂ ਨੇ ਇਸ ਮੌਤ ਦਾ ਗੰਭੀਰ ਨੋਟਿਸ ਲਿਆ ਹੈ ਪਰ ਇਸ ਲਾਪਰਵਾਹੀ ਕਾਰਨ ਹੋਈ ਇਸ ਮੌਤ ਦਾ ਅਸਲ ਜ਼ਿੰਮੇਵਾਰ ਕੌਣ ਹੈ? ਕੀ ਰਾਤ ਵੇਲੇ ਉਸ ਨੌਜਵਾਨ ਨੂੰ ਸੀਵਰੇਜ ਲਾਈਨ ’ਚ ਉਤਾਰਨਾ ਸਹੀ ਫ਼ੈਸਲਾ ਸੀ?

ਸ੍ਰੀ ਮੁਕਤਸਰ ਸਾਹਿਬ ’ਚ ਸੀਵਰੇਜ ਦੇ ਮੈਨਹੋਲ ’ਚ ਸਫ਼ਾਈ ਕਰਦਿਆਂ ਜ਼ਹਿਰੀਲੀ ਗੈਸ ਚੜ੍ਹਨ ਕਰਕੇ ਹੋਈ ਕਰਮਚਾਰੀ ਦੀ ਮੌਤ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ। ਮ੍ਰਿਤਕ ਪੱਛਮੀ ਬੰਗਾਲ ਦੇ ਮਾਲਦਾ ਦਾ ਰਹਿਣ ਵਾਲਾ ਸੀ ਤੇ ਉਸ ਦੀ ਲਾਸ਼ ਮੈਨਹੋਲ ’ਚੋਂ 16 ਘੰਟਿਆਂ ਮਗਰੋਂ ਕੱਢੀ ਜਾ ਸਕੀ। ਹੈਰਾਨੀ ਵਾਲੀ ਗੱਲ ਹੈ ਕਿ 21 ਸਾਲ ਦੇ ਇਸ ਨੌਜਵਾਨ ਨੂੰ ਰਾਤ ਕਰੀਬ 9 ਵਜੇ ਸੀਵਰੇਜ ਦੀ ਸਫ਼ਾਈ ਕਰਨ ਲਈ ਸੱਦਿਆ ਗਿਆ ਸੀ। ਮੈਨਹੋਲ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ ਤੇ ਸੀਵਰੇਜ ਨੂੰ ਇਕ ਪਾਸਿਓਂ ਪੁੱਟ ਕੇ ਉਸ ਦੀ ਲਾਸ਼ ਕੱਢਣੀ ਪਈ। ਬੇਸ਼ੱਕ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ, ਉਸ ਦੇ ਸਾਥੀਆਂ ਅਤੇ ਸਮਾਜਿਕ ਜਥੇਬੰਦੀਆਂ ਨੇ ਇਸ ਮੌਤ ਦਾ ਗੰਭੀਰ ਨੋਟਿਸ ਲਿਆ ਹੈ ਪਰ ਇਸ ਲਾਪਰਵਾਹੀ ਕਾਰਨ ਹੋਈ ਇਸ ਮੌਤ ਦਾ ਅਸਲ ਜ਼ਿੰਮੇਵਾਰ ਕੌਣ ਹੈ? ਕੀ ਰਾਤ ਵੇਲੇ ਉਸ ਨੌਜਵਾਨ ਨੂੰ ਸੀਵਰੇਜ ਲਾਈਨ ’ਚ ਉਤਾਰਨਾ ਸਹੀ ਫ਼ੈਸਲਾ ਸੀ? ਕਿਉਂਕਿ ਪਿਛਲੇ ਸਮਿਆਂ ’ਚ ਵੀ ਸੀਵਰੇਜ ਦੀ ਗੈਸ ਚੜ੍ਹਨ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਨੁੱਖੀ ਸਾਹ ਪ੍ਰਣਾਲੀ ਲਈ ਇਹ ਗੈਸ ਬਹੁਤ ਘਾਤਕ ਸਿੱਧ ਹੁੰਦੀ ਹੈ। ਸੀਵਰੇਜ ਦੀਆਂ ਪਾਈਪਾਂ ’ਚ ਮੁੱਖ ਤੌਰ ’ਤੇ ਹਾਈਡ੍ਰੋਜਨ ਸਲਫਾਈਡ, ਕਾਰਬਨ ਡਾਈਆਕਸਾਈਡ, ਮੀਥੇਨ ਅਤੇ ਅਮੋਨੀਆ ਗੈਸਾਂ ਹੁੰਦੀਆਂ ਹਨ ਜੋ ਇਕਦਮ ਅਸਰ ਕਰਦੀਆਂ ਹਨ। ਇਨ੍ਹਾਂ ’ਚ ਕਈ ਗੈਸਾਂ ਤੋਂ ਅੱਗ ਲੱਗਣ ਦਾ ਵੀ ਖ਼ਤਰਾ ਰਹਿੰਦਾ ਹੈ। ਸੀਵਰੇਜ ਟੈਂਕਾਂ ਦੀ ਸਫ਼ਾਈ ਦੌਰਾਨ ਹੋਈਆਂ ਮੌਤਾਂ ਤੋਂ ਹਾਲੇ ਵੀ ਕੋਈ ਸਬਕ ਨਾ ਸਿੱਖਣਾ, ਕਿਤੇ ਨਾ ਕਿਤੇ ਲਾਪਰਵਾਹੀ ਦਰਸਾਉਂਦਾ ਹੈ। ਪੂਰੇ ਮੁਲਕ ’ਚ ਕਈ ਥਾਈਂ ਇਸ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹਨ। ਦੇਸ਼ ਦੀ ਸੰਸਦ ’ਚ ਦਿੱਤੀ ਗਈ ਇਕ ਜਾਣਕਾਰੀ ਮੁਤਾਬਕ ਸਾਲ 2018 ’ਚ 76, ਸੰਨ 2019 ’ਚ 133, ਸਾਲ 2020 ’ਚ 35 ਤੇ 2021 ’ਚ 66 ਮੌਤਾਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਸਾਲ 2022 ’ਚ 84 ਲੋਕ ਸੀਵਰੇਜ ਦੀ ਜ਼ਹਿਰੀਲੀ ਗੈਸ ਦਾ ਸ਼ਿਕਾਰ ਬਣ ਚੁੱਕੇ ਹਨ। ਪੰਜਾਬ ’ਚ 2017 ਤੋਂ 2022 ਤੱਕ 14 ਸਫ਼ਾਈ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਸਾਲ ਬਠਿੰਡਾ ’ਚ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਫ਼ਾਈ ਕਰਦਿਆਂ ਇਕ ਵਿਅਕਤੀ ਦੀ ਮੌਤ ਹੋਈ ਸੀ। ਇਸੇ ਤਰ੍ਹਾਂ ਦਾ ਹਾਦਸਾ ਲੁਧਿਆਣਾ ’ਚ ਵਾਪਰ ਚੁੱਕਾ ਹੈ। ਹਾਲਾਂਕਿ ਭਾਰਤ ’ਚ ਮੈਨਹੋਲ ਤੇ ਸੈਪਟਿਕ ਟੈਂਕਾਂ ਦੀ ਹੱਥਾਂ ਨਾਲ ਸਫ਼ਾਈ ਕਰਨ ’ਤੇ 1993 ਤੋਂ ਕਾਨੂੰਨੀ ਤੌਰ ’ਤੇ ਪਾਬੰਦੀ ਹੈ। ਸਾਲ 2013 ਅਤੇ 2014 ’ਚ ਇਸ ਪਾਬੰਦੀ ਨੂੰ ਹੋਰ ਸਖ਼ਤ ਕੀਤਾ ਗਿਆ ਸੀ। ਇਸ ਦਾ ਇੱਕੋ-ਇੱਕ ਉਦੇਸ਼ ਹੈ ਕਿ ਸੀਵਰੇਜ ਟੈਂਕਾਂ ਦੀ ਸਫ਼ਾਈ ਕਰਦਿਆਂ ਕਰਮਚਾਰੀਆਂ ਨੂੰ ਜ਼ਹਿਰੀਲੀਆਂ ਗੈਸਾਂ ਤੋਂ ਬਚਾਇਆ ਜਾ ਸਕੇ। ਦੂਜਾ, ਇਸ ਪਾਬੰਦੀ ਦਾ ਉਨ੍ਹਾਂ ਦੇ ਸਮਾਜਿਕ ਰੁਤਬੇ ਨਾਲ ਵੀ ਸਬੰਧ ਹੈ ਕਿਉਂਕਿ ਹਰ ਕਿਸੇ ਨੂੰ ਮਾਣ-ਸਤਿਕਾਰ ਨਾਲ ਰੋਜ਼ੀ-ਰੋਟੀ ਕਮਾਉਣ ਦਾ ਹੱਕ ਹੈ। ਇਸ ਵੇਲੇ ਤਕਨੀਕ ਤੇ ਮਸ਼ੀਨਰੀ ਜ਼ਰੀਏ ਕਾਫ਼ੀ ਦੇਸ਼ਾਂ ’ਚ ਮੈਨਹੋਲਾਂ ਦੀ ਗੰਦਗੀ ਸਾਫ਼ ਕੀਤੀ ਜਾ ਰਹੀ ਹੈ। ਜ਼ਿਆਦਾਤਰ ਮੌਤਾਂ ਸੁਰੱਖਿਆ ਮਸ਼ੀਨਰੀ ਦੀ ਘਾਟ ਤੇ ਜ਼ਹਿਰੀਲੀਆਂ ਗੈਸਾਂ ਬਾਰੇ ਜਾਣਕਾਰੀ ਦੀ ਘਾਟ ਕਾਰਨ ਹੋ ਰਹੀਆਂ ਹਨ। ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ ਤੇ ਜਾਪਾਨ ਵਰਗੇ ਮੁਲਕ ਆਪਣੇ ਦੇਸ਼ਾਂ ’ਚ ਸੀਵਰੇਜ ਦੇ ਟੈਂਕਾਂ ਨੂੰ ਵੈਕਿਊਮ ਕਲੀਨਿੰਗ ਮਸ਼ੀਨਾਂ ਰਾਹੀਂ ਸਾਫ਼ ਕਰਦੇ ਹਨ। ਇੱਥੋਂ ਤੱਕ ਕਿ ਸੀਵਰੇਜ ਦੇ ਬਲਾਕ ਅਤੇ ਓਵਰਫਲੋਅ ਹੋਣ ਤੋਂ ਬਾਅਦ ਹੋਈ ਟੁੱਟ-ਭੱਜ ਨੂੰ ਲੱਭਣ ਲਈ ਰੋਬੋਟ ਨਾਲ ਚੱਲਣ ਵਾਲੇ ਸੀਸੀਟੀਵੀ ਕੈਮਰੇ ਵਰਤੇ ਜਾ ਰਹੇ ਹਨ। ਦਿੱਲੀ, ਮੁੰਬਈ, ਚੰਡੀਗੜ੍ਹ ਤੇ ਬੈਂਗਲੁਰੂ ਵਰਗੇ ਵੱਡੀ ਆਬਾਦੀ ਵਾਲੇ ਸ਼ਹਿਰਾਂ ’ਚ ਅਜਿਹੀਆਂ ਮਸ਼ੀਨਾਂ ਵਰਤੀਆਂ ਜਾ ਰਹੀਆਂ ਹਨ। ਇਨ੍ਹਾਂ ਦਾ ਦਾਇਰਾ ਦੇਸ਼ ਦੇ ਸਭ ਛੋਟੇ-ਵੱਡੇ ਸ਼ਹਿਰਾਂ ਤੱਕ ਵਧਾਉਣਾ ਚਾਹੀਦਾ ਹੈ ਤਾਂ ਜੋ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।