ਜੇ ਅਮਰੀਕਾ ਤੇ ਈਰਾਨ ਵਿਚਾਲੇ ਤਨਾਤਨੀ ਦੇ ਚੱਲਦੇ ਹੋਰਮੁਜ਼ ਸਮੁੰਦਰੀ ਮਾਰਗ ਨਹੀਂ ਖੁੱਲ੍ਹਦਾ ਤਾਂ ਪੱਛਮੀ ਏਸ਼ੀਆ ਦਾ ਸੰਕਟ ਪੂਰੀ ਦੁਨੀਆ ਲਈ ਕਿਤੇ ਵੱਡੇ ਸੰਕਟ ਵਿਚ ਤਬਦੀਲ ਹੋ ਜਾਵੇਗਾ।

ਹੋਰਮੁਜ਼ ਸਮੁੰਦਰੀ ਮਾਰਗ ’ਤੇ ਈਰਾਨ ਵੱਲੋਂ ਪੂਰਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਅਤੇ ਇਸ ਦੇ ਜਵਾਬ ਵਿਚ ਅਮਰੀਕਾ ਦੀ ਈਰਾਨੀ ਬੰਦਰਗਾਹਾਂ ਦੀ ਨਾਕੇਬੰਦੀ ਕਾਰਨ ਦੁਨੀਆ ਭਰ ਵਿਚ ਊਰਜਾ ਦਾ ਨਾ ਸਿਰਫ਼ ਸੰਕਟ ਜਾਰੀ ਹੈ, ਸਗੋਂ ਉਹ ਡੂੰਘਾ ਵੀ ਹੁੰਦਾ ਜਾ ਰਿਹਾ ਹੈ। ਜਿੱਥੇ ਅਮਰੀਕਾ ਈਰਾਨ ਦੇ ਤੇਲ ਟੈਂਕਰਾਂ ਨੂੰ ਨਿਕਲਣ ਨਹੀਂ ਦੇ ਰਿਹਾ, ਓਥੇ ਹੀ ਈਰਾਨ ਹੋਰਮੁਜ਼ ਤੋਂ ਤੇਲ ਅਤੇ ਗੈਸ ਲੈ ਕੇ ਆ ਰਹੇ ਜਹਾਜ਼ਾਂ ਨੂੰ ਰਸਤਾ ਨਹੀਂ ਦੇ ਰਿਹਾ ਹੈ। ਦੋਹਾਂ ਦੇਸ਼ਾਂ ਨੇ ਇਕ-ਦੂਜੇ ਖ਼ਿਲਾਫ਼ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਇਹ ਸਥਿਤੀ ਉਸ ਵੇਲੇ ਹੈ, ਜਦੋਂ ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਵੀ ਜਾਰੀ ਹੈ। ਫ਼ਿਲਹਾਲ ਇਸ ਜੰਗਬੰਦੀ ਦਾ ਦੁਨੀਆ ਨੂੰ ਕੋਈ ਲਾਭ ਨਹੀਂ ਮਿਲ ਰਿਹਾ ਹੈ ਕਿਉਂਕਿ ਪੱਛਮੀ ਏਸ਼ੀਆ ਦਾ ਸੰਕਟ ਜਿਵੇਂ ਦਾ ਤਿਵੇਂ ਹੈ ਅਤੇ ਹੋਰਮੁਜ਼ ’ਚ ਪਹਿਲਾਂ ਦੀ ਤਰ੍ਹਾਂ ਹੀ ਅੜਿੱਕਾ ਪਿਆ ਹੋਇਆ ਹੈ।
ਡੋਨਾਲਡ ਟਰੰਪ ਨੇ ਜੰਗਬੰਦੀ ਨੂੰ ਅਨਿਸ਼ਚਿਤਕਾਲ ਲਈ ਵਧਾਉਣ ਤੋਂ ਬਾਅਦ ਜਦੋਂ ਈਰਾਨ ’ਤੇ ਪਰਮਾਣੂ ਮਸਲੇ ’ਤੇ ਜਲਦੀ ਸਮਝੌਤਾ ਕਰਨ ਲਈ ਦਬਾਅ ਪਾਉਣਾ ਸ਼ੁਰੂ ਕੀਤਾ ਤਾਂ ਸ਼ੁਰੂਆਤ ਵਿਚ ਤਾਂ ਈਰਾਨ ਇਸ ਦਬਾਅ ਦਾ ਵਿਰੋਧ ਕਰਦਾ ਦਿਖਾਈ ਦਿੱਤਾ ਪਰ ਹੁਣ ਉਹ ਆਪਣੀਆਂ ਬੰਦਰਗਾਹਾਂ ਦੀ ਅਮਰੀਕੀ ਨਾਕੇਬੰਦੀ ਕਾਰਨ ਕੁਝ ਬੇਚੈਨ ਦਿਖਾਈ ਦੇ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਜਿਸ ਤੇਲ ਦਾ ਉਤਪਾਦਨ ਕਰ ਰਿਹਾ ਹੈ, ਉਸ ਦਾ ਨਿਰਯਾਤ ਨਹੀਂ ਕਰ ਪਾ ਰਿਹਾ ਅਤੇ ਹੁਣ ਉਸ ਕੋਲ ਹੋਰ ਜ਼ਿਆਦਾ ਤੇਲ ਦੇ ਭੰਡਾਰਨ ਦੀ ਸਮਰੱਥਾ ਨਹੀਂ ਰਹੀ। ਅਜਿਹੇ ’ਚ ਉਸ ਨੂੰ ਆਪਣੇ ਤੇਲ ਦੇ ਖੂਹਾਂ ਨੂੰ ਬੰਦ ਕਰਨਾ ਪੈ ਸਕਦਾ ਹੈ। ਇਸ ਦੇ ਨਤੀਜੇ ’ਚ ਉਨ੍ਹਾਂ ਨੂੰ ਸਥਾਈ ਤੌਰ ’ਤੇ ਨੁਕਸਾਨ ਹੋ ਸਕਦਾ ਹੈ। ਸ਼ਾਇਦ ਇਸੇ ਕਾਰਨ ਈਰਾਨ ਨੇ ਪਾਕਿਸਤਾਨ ਜ਼ਰੀਏ ਅਮਰੀਕਾ ਨੂੰ ਨਵਾਂ ਪ੍ਰਸਤਾਵ ਭੇਜਿਆ ਪਰ ਇਹ ਟਰੰਪ ਨੂੰ ਪਸੰਦ ਨਹੀਂ ਆਇਆ। ਹੁਣ ਦੇਖਣਾ ਇਹ ਹੈ ਕਿ ਈਰਾਨ ਕੀ ਕਰਦਾ ਹੈ ਅਤੇ ਟਰੰਪ ਕੀ ਕਰਦੇ ਹਨ?
ਜੇਕਰ ਈਰਾਨ ਪਰਮਾਣੂ ਮਸਲੇ ’ਤੇ ਸਮਝੌਤੇ ਤੋਂ ਇਨਕਾਰ ਕਰਦਾ ਰਹਿੰਦਾ ਹੈ ਤਾਂ ਟਰੰਪ ਉਸ ਨੂੰ ਨਵੇਂ ਸਿਰੇ ਤੋਂ ਨਿਸ਼ਾਨਾ ਬਣਾ ਸਕਦੇ ਹਨ ਪਰ ਇਹ ਉਨ੍ਹਾਂ ਲਈ ਆਸਾਨ ਨਹੀਂ ਹੋਵੇਗਾ ਕਿਉਂਕਿ ਪੱਛਮੀ ਏਸ਼ੀਆ ਦੇ ਸੰਕਟ ਕਾਰਨ ਉਹ ਆਪਣੇ ਦੇਸ਼ ਵਿਚ ਹੀ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੇ ਰੱਖਿਆ ਮੰਤਰੀ ਵਿਰੋਧੀ ਡੈਮੋਕ੍ਰੈਟ ਸੰਸਦ ਮੈਂਬਰਾਂ ਨੂੰ ਇਹ ਦੱਸਣ ਵਿਚ ਨਾਕਾਮ ਰਹੇ ਹਨ ਕਿ ਈਰਾਨ ਖ਼ਿਲਾਫ਼ ਚੱਲੇ 40 ਦਿਨਾਂ ਦੇ ਯੁੱਧ ਵਿਚ ਅਮਰੀਕਾ ਨੂੰ ਕੀ ਹਾਸਲ ਹੋਇਆ?
ਅਮਰੀਕਾ ਅਤੇ ਈਰਾਨ ਵਿਚਕਾਰ ਪਹਿਲੇ ਦੌਰ ਦੀ ਗੱਲਬਾਤ ਟੁੱਟਣ ਅਤੇ ਦੂਜੇ ਗੇੜ ਦੀ ਗੱਲਬਾਤ ਕਰਵਾਉਣ ਵਿਚ ਪਾਕਿਸਤਾਨ ਦੇ ਨਾਕਾਮ ਹੋ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੰਕਟ ਨੂੰ ਸੁਲਝਾਉਣ ਲਈ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕੀਤੀ ਪਰ ਇਸ ਨਾਲ ਵੀ ਗੱਲ ਬਣਦੀ ਨਜ਼ਰ ਨਹੀਂ ਆਈ। ਇਸ ਗੱਲਬਾਤ ਵਿਚ ਰੂਸ ਨੇ ਈਰਾਨ ਦੇ ਸੋਧੇ ਹੋਏ ਯੂਰੇਨੀਅਮ ਨੂੰ ਆਪਣੇ ਕੋਲ ਰੱਖਣ ਦਾ ਪ੍ਰਸਤਾਵ ਦਿੱਤਾ ਪਰ ਇਸ ’ਤੇ ਗੱਲਬਾਤ ਉਦੋਂ ਹੀ ਅੱਗੇ ਵਧ ਸਕੇਗੀ ਜਦੋਂ ਈਰਾਨ ਸਹਿਮਤ ਹੋਵੇਗਾ।
ਅੱਜ ਅਹਿਮ ਸਵਾਲ ਇਹ ਨਹੀਂ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਕਾਇਮ ਰਹੇਗੀ ਜਾਂ ਨਹੀਂ ਸਗੋਂ ਇਹ ਹੈ ਕਿ ਹੋਰਮੁਜ਼ ਸਮੁੰਦਰੀ ਮਾਰਗ ਖੁੱਲ੍ਹੇਗਾ ਜਾਂ ਨਹੀਂ? ਜੇਕਰ ਇਹ ਸਮੁੰਦਰੀ ਮਾਰਗ ਨਹੀਂ ਖੁੱਲ੍ਹਦਾ ਤਾਂ ਤੇਲ ਅਤੇ ਗੈਸ ਦੀਆਂ ਕੀਮਤਾਂ ਘਟਣ ਵਾਲੀਆਂ ਨਹੀਂ ਹਨ ਅਤੇ ਜੇਕਰ ਇਹ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਪੂਰੀ ਦੁਨੀਆ ਦੀ ਅਰਥ-ਵਿਵਸਥਾ ਡਗਮਗਾ ਸਕਦੀ ਹੈ। ਕਈ ਦੇਸ਼ਾਂ ਵਿਚ ਤਾਂ ਤੇਲ ਅਤੇ ਗੈਸ ਦੀਆਂ ਕੀਮਤਾਂ ਵਧ ਵੀ ਗਈਆਂ ਹਨ। ਇਸ ਦਾ ਨਕਾਰਾਤਮਕ ਪ੍ਰਭਾਵ ਉਦਯੋਗਾਂ ਅਤੇ ਰੁਜ਼ਗਾਰ ’ਤੇ ਵੀ ਪੈ ਰਿਹਾ ਹੈ। ਹਾਲੇ ਤੱਕ ਭਾਰਤ ਨੂੰ ਸਿਰਫ਼ ਐੱਲਪੀਜੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਇਸ ਕਿੱਲਤ ਦੇ ਵਿਚਕਾਰ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਧਾਉਣੀਆਂ ਪਈਆਂ ਹਨ। ਪਿਛਲੇ ਕੁਝ ਸਮੇਂ ਤੋਂ ਕਾਰਖਾਨਿਆਂ ਵਿਚ ਇਸਤੇਮਾਲ ਹੋਣ ਵਾਲੀ ਗੈਸ ਦੀ ਕਮੀ ਵੀ ਦੇਖੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਕਿਤੇ-ਕਿਤੇ ਮਜ਼ਦੂਰਾਂ ਦੇ ਕੰਮ ਦੇ ਘੰਟਿਆਂ ਅਤੇ ਦਿਨਾਂ ਵਿਚ ਵੀ ਕਟੌਤੀ ਹੋਣ ਲੱਗੀ ਹੈ। ਇਕ ਸਮੱਸਿਆ ਇਹ ਵੀ ਹੈ ਕਿ ਨਿਰਯਾਤਕ ਆਪਣੇ ਸਾਮਾਨ ਨੂੰ ਖਾੜੀ ਦੇ ਦੇਸ਼ਾਂ ਵਿਚ ਨਹੀਂ ਭੇਜ ਪਾ ਰਹੇ ਹਨ। ਇਸੇ ਤਰ੍ਹਾਂ ਖਾੜੀ ਦੇ ਦੇਸ਼ਾਂ ਤੋਂ ਤੇਲ ਅਤੇ ਗੈਸ ਦੇ ਨਾਲ-ਨਾਲ ਹੋਰ ਉਤਪਾਦ ਵੀ ਨਹੀਂ ਆ ਰਹੇ ਹਨ। ਇਸ ਦਾ ਵੀ ਉਦਯੋਗਾਂ ’ਤੇ ਅਸਰ ਪੈ ਰਿਹਾ ਹੈ।
ਜਿੱਥੇ ਤੇਲ ਦੇ ਦਾਮ 125 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਏ ਹਨ, ਓਥੇ ਹੀ ਰੁਪਇਆ ਡਾਲਰ ਦੇ ਮੁਕਾਬਲੇ 95 ਦੇ ਪੱਧਰ ਨੂੰ ਟੱਪ ਗਿਆ ਹੈ। ਇਹ ਭਾਰਤ ਲਈ ਦੋਹਰਾ ਸੰਕਟ ਹੈ, ਕਿਉਂਕਿ ਇਸ ਨਾਲ ਦਰਾਮਦ ਬਿੱਲ ਵਧ ਰਹੇ ਹਨ। ਕੱਚੇ ਤੇਲ ਦੇ ਵਧਦੇ ਭਾਅ ਅਤੇ ਰੁਪਏ ਵਿਚ ਗਿਰਾਵਟ ਨਾਲ ਮਹਿੰਗਾਈ ਵਧਣ ਦਾ ਖ਼ਤਰਾ ਹੈ। ਹੁਣ ਤਾਂ ਇਸ ਦੀ ਵੀ ਸ਼ੰਕਾ ਹੈ ਕਿ ਤੇਲ ਕੰਪਨੀਆਂ ਨੂੰ ਆਪਣਾ ਨੁਕਸਾਨ ਘਟਾਉਣ ਲਈ ਪੈਟਰੋਲ ਅਤੇ ਡੀਜ਼ਲ ਦੇ ਦਾਮ ਵੀ ਵਧਾਉਣੇ ਪੈ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਮਹਿੰਗਾਈ ਦਾ ਤੇਜ਼ੀ ਨਾਲ ਵਧਣਾ ਨਿਸ਼ਚਤ ਹੈ। ਮਹਿੰਗਾਈ ਵਧਣ ਨਾਲ ਆਮ ਆਦਮੀ ਦੇ ਸਾਹਮਣੇ ਸੰਕਟ ਤਾਂ ਵਧੇਗਾ ਹੀ, ਸਰਕਾਰ ਲਈ ਵੀ ਮੁਸ਼ਕਲਾਂ ਵਧ ਜਾਣਗੀਆਂ। ਸਰਕਾਰ ਕੁਝ ਵੀ ਦਾਅਵਾ ਕਰੇ, ਉਸ ਲਈ ਬਹੁਤ ਦਿਨਾਂ ਤੱਕ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਸਥਿਰ ਰੱਖਣੇ ਮੁਸ਼ਕਲ ਕੰਮ ਹੋਵੇਗਾ। ਇਹ ਧਿਆਨ ਰਹੇ ਕਿ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਦੇ ਬੋਝ ਤੋਂ ਆਮ ਆਦਮੀ ਨੂੰ ਬਚਾਉਣ ਲਈ ਸਰਕਾਰ ਪਹਿਲਾਂ ਹੀ ਆਪਣੇ ਟੈਕਸ ਮਾਲੀਏ ਵਿਚ ਕਟੌਤੀ ਕਰ ਚੁੱਕੀ ਹੈ। ਇਸ ਤਹਿਤ ਪਿਛਲੇ ਮਹੀਨੇ ਪੈਟਰੋਲ ਅਤੇ ਡੀਜ਼ਲ, ਦੋਹਾਂ ’ਤੇ ਐਕਸਾਈਜ਼ ਡਿਊਟੀ ਵਿਚ ਕਮੀ ਕੀਤੀ ਗਈ ਸੀ ਪਰ ਅੱਗੇ ਉਸ ਲਈ ਅਜਿਹਾ ਕਰਨਾ ਮੁਸ਼ਕਲ ਹੋਵੇਗਾ।
ਸਰਕਾਰ ਨੇ ਹਾਲੇ ਤੱਕ ਭਾਵੇਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖੀਆਂ ਹੋਣ ਪਰ ਉਸ ਨੂੰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਧਾਉਣ ਦੇ ਨਾਲ-ਨਾਲ ਵਿਦੇਸ਼ੀ ਅੰਤਰਰਾਸ਼ਟਰੀ ਏਅਰਲਾਈਨਜ਼ ਲਈ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੇ ਮੁੱਲ ਵਧਾਉਣੇ ਪਏ ਹਨ। ਇਸ ਕਾਰਨ ਅੰਤਰਰਾਸ਼ਟਰੀ ਹਵਾਈ ਯਾਤਰਾ ਮਹਿੰਗੀ ਹੋ ਗਈ ਹੈ। ਬੀਤੇ ਦਿਨੀਂ ਫਿਰ ਤੋਂ ਏਟੀਐੱਫ ਦੀਆਂ ਕੀਮਤਾਂ ਵਧਾਈਆਂ ਗਈਆਂ। ਇਸ ਨਾਲ ਅੰਤਰਰਾਸ਼ਟਰੀ ਹਵਾਈ ਯਾਤਰਾ ਯਕੀਨਨ ਹੋਰ ਮਹਿੰਗੀ ਹੋ ਜਾਣੀ ਹੈ। ਕੁਝ ਏਅਰਲਾਈਨਜ਼ ਦੀ ਘਰੇਲੂ ਯਾਤਰਾ ਵੀ ਮਹਿੰਗੀ ਹੋ ਗਈ ਹੈ। ਸਪਸ਼ਟ ਹੈ ਕਿ ਇਸ ਦਾ ਅਸਰ ਆਮ ਲੋਕਾਂ ਦੇ ਨਾਲ-ਨਾਲ ਅਰਥਚਾਰੇ ’ਤੇ ਵੀ ਪਵੇਗਾ। ਅਜਿਹਾ ਨਹੀਂ ਹੈ ਕਿ ਸਿਰਫ਼ ਗੈਸ ਦੀ ਹੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਕਿਉਂਕਿ ਰਸਾਇਣਕ ਖਾਦਾਂ ਦੇ ਉਤਪਾਦਨ ਵਿਚ ਕੁਦਰਤੀ ਗੈਸ ਦੀ ਵਰਤੋਂ ਹੁੰਦੀ ਹੈ, ਇਸ ਲਈ ਉਸ ਦੇ ਵੀ ਭਾਅ ਵਧਣ ਅਤੇ ਉਸ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਸ਼ੰਕਾ ਹੈ। ਤਾਰਕੋਲ ਵੀ ਪੈਟਰੋਲੀਅਮ ਰਿਫਾਈਨਿੰਗ ਦਾ ਇਕ ਉਪ-ਉਤਪਾਦ ਹੈ ਅਤੇ ਦੇਸ਼ ਵਿਚ ਉਸ ਦੀ ਵੀ ਕਮੀ ਦੇਖੀ ਜਾ ਰਹੀ ਹੈ।
ਜੇਕਰ ਅਮਰੀਕਾ ਅਤੇ ਈਰਾਨ ਵਿਚਕਾਰ ਤਨਾਤਨੀ ਜਾਰੀ ਰਹਿੰਦੀ ਹੈ ਅਤੇ ਹੋਰਮੁਜ਼ ਸਮੁੰਦਰੀ ਮਾਰਗ ਨਹੀਂ ਖੁੱਲ੍ਹਦਾ ਤਾਂ ਪੱਛਮੀ ਏਸ਼ੀਆ ਦਾ ਸੰਕਟ ਪੂਰੀ ਦੁਨੀਆ ਲਈ ਕਿਤੇ ਵੱਡੇ ਸੰਕਟ ਵਿਚ ਤਬਦੀਲ ਹੋ ਜਾਵੇਗਾ। ਇਸ ਲਈ ਸਿਰਫ਼ ਅਮਰੀਕਾ ਅਤੇ ਇਜ਼ਰਾਈਲ ਹੀ ਨਹੀਂ ਸਗੋਂ ਈਰਾਨ ਵੀ ਦੋਸ਼ੀ ਹੋਵੇਗਾ ਕਿਉਂਕਿ ਹੁਣ ਉਹ ਵੀ ਹਠਧਰਮੀ ਦਿਖਾ ਰਿਹਾ ਹੈ। ਜਿੱਥੇ ਅਮਰੀਕਾ ਚਾਹੁੰਦਾ ਹੈ ਕਿ ਈਰਾਨ ਆਪਣੇ ਯੂਰੇਨੀਅਮ ਸੋਧਣ ਦੇ ਪ੍ਰੋਗਰਾਮ ਨੂੰ ਮੁਲਤਵੀ ਕਰੇ, ਓਥੇ ਹੀ ਪਹਿਲਾਂ ਹੀ ਇਸੇ ਮਸਲੇ ’ਤੇ ਅਮਰੀਕੀ ਨੁਮਾਇੰਦਿਆਂ ਨਾਲ ਗੱਲ ਕਰ ਰਹੇ ਈਰਾਨੀ ਆਗੂ ਹੁਣ ਇਹ ਕਹਿ ਰਹੇ ਹਨ ਕਿ ਇਸ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਸਪਸ਼ਟ ਹੈ ਕਿ ਈਰਾਨ ਦਾ ਇਹ ਰੁਖ਼ ਨਾ ਤਾਂ ਅਮਰੀਕਾ ਨੂੰ ਸਵੀਕਾਰ ਹੋਵੇਗਾ, ਨਾ ਇਜ਼ਰਾਈਲ ਨੂੰ ਅਤੇ ਨਾ ਹੀ ਖਾੜੀ ਦੇਸ਼ਾਂ ਨੂੰ।
-ਸੰਜੇ ਗੁਪਤ
-response@jagran.com