ਕਈ ਦਹਾਕਿਆਂ ਤੋਂ ਇਕ-ਦੂਜੇ ਦੇ ਵਿਰੋਧੀ ਚਲੇ ਆ ਰਹੇ ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀਆਂ ਵਿਚਕਾਰ ਬੀਜਿੰਗ ’ਚ ਮੁਲਾਕਾਤ ਹੋਈ। ਦਰਅਸਲ, ਚੀਨ ਦੇ ਇਸ ਦੌਰੇ ਦੌਰਾਨ ਡੋਨਾਲਡ ਟਰੰਪ ਦਾ ਜਿਸ ਤਰ੍ਹਾਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਉਸ ਨੇ ਵਿਸ਼ਵ ਰਾਜਨੀਤੀ ਵਿਚ ਨਵੀਆਂ ਚਰਚਾਵਾਂ ਨੂੰ ਜਨਮ ਦਿੱਤਾ ਹੈ। ਇੱਥੇ ਗ੍ਰੇਟ ਹਾਲ ਆਫ ਦਿ ਪੀਪਲ ਵਿਚ ਫ਼ੌਜੀ ਸਨਮਾਨ, ਬੈਂਡ ਅਤੇ ਸ਼ਾਨਦਾਰ ਸਮਾਰੋਹਾਂ ਦੌਰਾਨ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਖੁੱਲ੍ਹ ਕੇ ਤਾਰੀਫ਼ ਕੀਤੀ।

ਕਈ ਦਹਾਕਿਆਂ ਤੋਂ ਇਕ-ਦੂਜੇ ਦੇ ਵਿਰੋਧੀ ਚਲੇ ਆ ਰਹੇ ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀਆਂ ਵਿਚਕਾਰ ਬੀਜਿੰਗ ’ਚ ਮੁਲਾਕਾਤ ਹੋਈ। ਦਰਅਸਲ, ਚੀਨ ਦੇ ਇਸ ਦੌਰੇ ਦੌਰਾਨ ਡੋਨਾਲਡ ਟਰੰਪ ਦਾ ਜਿਸ ਤਰ੍ਹਾਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਉਸ ਨੇ ਵਿਸ਼ਵ ਰਾਜਨੀਤੀ ਵਿਚ ਨਵੀਆਂ ਚਰਚਾਵਾਂ ਨੂੰ ਜਨਮ ਦਿੱਤਾ ਹੈ। ਇੱਥੇ ਗ੍ਰੇਟ ਹਾਲ ਆਫ ਦਿ ਪੀਪਲ ਵਿਚ ਫ਼ੌਜੀ ਸਨਮਾਨ, ਬੈਂਡ ਅਤੇ ਸ਼ਾਨਦਾਰ ਸਮਾਰੋਹਾਂ ਦੌਰਾਨ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਇਹ ਦ੍ਰਿਸ਼ ਇਸ ਲਈ ਵੀ ਹੈਰਾਨੀਜਨਕ ਸੀ ਕਿਉਂਕਿ ਟਰੰਪ ਨੇ ਆਪਣੀ ਪਿਛਲੀ ਟਰਮ ਤੋਂ ਲੈ ਹੁਣ ਤੱਕ ਚੀਨ ਪ੍ਰਤੀ ਆਪਣਾ ਸਖ਼ਤ ਰਵੱਈਆ ਜ਼ਾਹਰ ਕੀਤਾ ਤੇ ਆਪਣੀ ਸਿਆਸੀ ਪਛਾਣ ਚੀਨ ਵਿਰੋਧੀ ਬਿਆਨਾਂ ਨਾਲ ਬਣਾਈ ਸੀ। ਕਦੇ ਚੀਨ ਨੂੰ ਅਮਰੀਕਾ ਦਾ ‘ਸ਼ੋਸ਼ਣ ਕਰਨ ਵਾਲਾ ਦੇਸ਼’ ਕਹਿਣ ਵਾਲੇ ਟਰੰਪ ਹੁਣ ਵਪਾਰਕ ਅਤੇ ਰਣਨੀਤਿਕ ਸਹਿਯੋਗ ਦੀ ਗੱਲ ਕਰਦੇ ਨਜ਼ਰ ਆਏ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਦੋਵੇਂ ਦੇਸ਼ਾਂ ਦੀ ਇਕ-ਦੂਜੇ ’ਤੇ ਆਰਥਿਕ ਨਿਰਭਰਤਾ ਹੈ। ਚੀਨ ਦੁਨੀਆ ਦੇ ਉਤਪਾਦਨ ਅਤੇ ਤਕਨਾਲੋਜੀ ਖੇਤਰ ਵਿਚ ਅਹਿਮ ਤਾਕਤ ਬਣ ਚੁੱਕਾ ਹੈ ਜਦਕਿ ਅਮਰੀਕਾ ਵੀ ਚੀਨੀ ਬਾਜ਼ਾਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸ ਦੌਰੇ ਦੌਰਾਨ ਤਾਈਵਾਨ, ਈਰਾਨ ਅਤੇ ਵਪਾਰਕ ਸਬੰਧ ਮੁੱਖ ਚਰਚਾ ਦੇ ਵਿਸ਼ੇ ਰਹੇ। ਖ਼ਾਸ ਤੌਰ ’ਤੇ ਈਰਾਨ ਮਾਮਲੇ ਵਿਚ ਅਮਰੀਕਾ ਚੀਨ ਦੀ ਭੂਮਿਕਾ ਚਾਹੁੰਦਾ ਹੈ ਕਿਉਂਕਿ ਬੀਜਿੰਗ ਦੇ ਤਹਿਰਾਨ ਨਾਲ ਡੂੰਘੇ ਸਬੰਧ ਹਨ। ਦੂਜੇ ਪਾਸੇ, ਚੀਨ ਤਾਈਵਾਨ ਮਸਲੇ ’ਤੇ ਅਮਰੀਕਾ ਤੋਂ ਨਰਮੀ ਦੀ ਉਮੀਦ ਰੱਖਦਾ ਹੈ।
ਇਸ ਦੌਰੇ ਦਾ ਸਭ ਤੋਂ ਮਹੱਤਵਪੂਰਨ ਪੱਖ ਇਹ ਰਿਹਾ ਕਿ ਚੀਨ ਨੇ ਦੁਨੀਆ ਨੂੰ ਆਪਣੀ ਵਧਦੀ ਤਾਕਤ ਦਾ ਸੰਦੇਸ਼ ਦਿੱਤਾ। ਵਿਸ਼ਵ ਦੇ ਕਈ ਦੇਸ਼, ਇੱਥੋਂ ਤੱਕ ਕਿ ਅਮਰੀਕਾ ਦੇ ਸਾਥੀ ਵੀ, ਅੱਜ ਚੀਨ ਨਾਲ ਨਜ਼ਦੀਕੀ ਸਬੰਧ ਬਣਾਉਣ ਦੇ ਇੱਛੁਕ ਹਨ। ਇਹ ਸਾਫ਼ ਸੰਕੇਤ ਹੈ ਕਿ ਵਿਸ਼ਵ ਤਾਕਤ ਦਾ ਸੰਤੁਲਨ ਹੌਲੀ-ਹੌਲੀ ਬਦਲ ਰਿਹਾ ਹੈ। ਭਾਵੇਂ ਅਮਰੀਕਾ ਅਤੇ ਚੀਨ ਵਿਚਕਾਰ ਬੇਭਰੋਸਗੀ ਅਜੇ ਵੀ ਬਰਕਰਾਰ ਹੈ ਪਰ ਦੋਵੇਂ ਦੇਸ਼ ਇਹ ਸਮਝਦੇ ਹਨ ਕਿ ਟਕਰਾਅ ਦੀ ਥਾਂ ਸਹਿਯੋਗ ਹੀ ਵਿਸ਼ਵ ਅਰਥ-ਵਿਵਸਥਾ ਅਤੇ ਰਾਜਨੀਤਕ ਸਥਿਰਤਾ ਲਈ ਜ਼ਰੂਰੀ ਹੈ। ਇਸੇ ਲਈ ਦੋਵੇਂ ਨੇਤਾਵਾਂ ਨੇ ਆਪਣੇ ਸਬੰਧਾਂ ਨੂੰ ‘ਰਚਨਾਤਮਕ ਅਤੇ ਸਥਿਰ’ ਬਣਾਉਣ ਦਾ ਸੰਦੇਸ਼ ਦਿੱਤਾ ਹੈ।
ਟਰੰਪ ਦੇ ਚੀਨ ਦੌਰੇ ਦੌਰਾਨ ਚੀਨ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਚੀਨ ਦੀ ਉੱਚ ਲੀਡਰਸ਼ਿਪ ਲਈ ਅਹਿਮ ਮੰਨੇ ਜਾਣ ਵਾਲੇ ਵਿੰਗ ਨਾਨ ਹਾਈ ਦਾ ਦੌਰਾ ਕਰਵਾਇਆ। ਬੀਜਿੰਗ ਵਿਚ ਟਰੰਪ ਦੇ ਆਖ਼ਰੀ ਦਿਨ ਦਾ ਇਹ ਸਭ ਤੋਂ ਮਹੱਤਵਪੂਰਨ ਪ੍ਰੋਗਰਾਮ ਸੀ। ਓਧਰ ਦੌਰੇ ਤੋਂ ਬਾਅਦ ਹੋਈ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸ਼ੀ ਜਿਨਪਿੰਗ ਨਾਲ ਵਪਾਰ, ਈਰਾਨ ਅਤੇ ਹੋਰ ਕਈ ਮਸਲਿਆਂ ’ਤੇ ਗੱਲਬਾਤ ਹੋਈ। ਜਦਕਿ ਈਰਾਨ ਮਾਮਲੇ ਵਿਚ ਗੱਲ ਕਰਦਿਆਂ ਟਰੰਪ ਨੇ ਕਿਹਾ, “ਅਸੀਂ ਨਹੀਂ ਚਾਹੁੰਦੇ ਕਿ ਈਰਾਨ ਕੋਲ ਪਰਮਾਣੂ ਹਥਿਆਰ ਹੋਣ ਅਤੇ ਅਸੀਂ ਚਾਹੁੰਦੇ ਹਾਂ ਕਿ ਹੋਰਮੁਜ਼ ਜਲਡਮਰੂ ਖੁੱਲ੍ਹਾ ਰਹੇ।”
ਓਧਰ ਇਸ ਮੁਲਾਕਾਤ ਨੂੰ ਲੈ ਕੇ ਸ਼ੀ ਜਿਨਪਿੰਗ ਨੇ ਕਿਹਾ ਕਿ ਦੋਵੇਂ ਨੇਤਾਵਾਂ ਵਿਚਕਾਰ ਇਕ ਨਵਾਂ ਦੋ-ਪੱਖੀ ਰਿਸ਼ਤਾ ਕਾਇਮ ਹੋਇਆ ਹੈ ਅਤੇ ਉਨ੍ਹਾਂ ਨੇ ਚੀਨੀ ਗੁਲਾਬਾਂ ਦੇ ਬੀਜ ਟਰੰਪ ਨੂੰ ਤੋਹਫ਼ੇ ਵਜੋਂ ਭੇਜਣ ਦਾ ਐਲਾਨ ਵੀ ਕੀਤਾ। ਉਨ੍ਹਾਂ ਦੀ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਫਾਕਸ ਨਿਊਜ਼ ਨੇ ਟਰੰਪ ਦਾ ਇਕ ਇੰਟਰਵਿਊ ਪ੍ਰਸਾਰਿਤ ਕੀਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸ਼ੀ ਜਿਨਪਿੰਗ ਨੇ ਵਾਅਦਾ ਕੀਤਾ ਹੈ ਕਿ ਚੀਨ ਈਰਾਨ ਨੂੰ ਫ਼ੌਜੀ ਸਾਜ਼ੋ-ਸਾਮਾਨ ਮੁਹੱਈਆ ਨਹੀਂ ਕਰੇਗਾ। ਟਰੰਪ ਦੇ ਮੁਤਾਬਕ, ਇਸੇ ਸਮੇਂ ਰਾਸ਼ਟਰਪਤੀ ਸ਼ੀ ਨੇ ਕਿਹਾ ਕਿ ਉਹ ਈਰਾਨ ਤੋਂ ਬਹੁਤ ਸਾਰਾ ਤੇਲ ਖ਼ਰੀਦਦੇ ਹਨ ਅਤੇ ਇਸ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਇਸੇ ਇੰਟਰਵਿਊ ਵਿਚ ਟਰੰਪ ਨੇ ਇਹ ਵੀ ਕਿਹਾ ਕਿ ਚੀਨ ਨੇ ਅਮਰੀਕਾ ਤੋਂ ਤੇਲ ਅਤੇ 200 ਜਹਾਜ਼ ਖ਼ਰੀਦਣ ’ਤੇ ਸਹਿਮਤੀ ਦਿੱਤੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਚੀਨ ਦੇ ਸਦਰ ਨਾਲ ਵਪਾਰਕ ਗੱਲਬਾਤ ਪਿਛਲੀ ਵਾਰ ਨਾਲੋਂ ਬਿਹਤਰ ਰਹੀ। ਆਉਣ ਵਾਲਾ ਸਮਾਂ ਇਹ ਤੈਅ ਕਰੇਗਾ ਕਿ ਇਹ ਨੇੜਤਾ ਸਿਰਫ਼ ਕੂਟਨੀਤਕ ਦਿਖਾਵਾ ਹੈ ਜਾਂ ਅਸਲ ਵਿਚ ਨਵੇਂ ਵਿਸ਼ਵ ਕ੍ਰਮ ਦੀ ਸ਼ੁਰੂਆਤ।
-ਮੁਹੰਮਦ ਅੱਬਾਸ ਧਾਲੀਵਾਲ, ਮਲੇਰਕੋਟਲਾ।
-ਸੰਪਰਕ : 98552-59650