ਇਜ਼ਰਾਈਲ-ਅਮਰੀਕਾ ਇਹ ਮੰਨ ਕੇ ਚੱਲ ਰਹੇ ਸਨ ਕਿ ਈਰਾਨ ਦੇ ਸਰਬਉੱਚ ਨੇਤਾ ਅਯਾਤੁੱਲਾ ਖਾਮਨੇਈ ਦੇ ਮਾਰੇ ਜਾਂਦਿਆਂ ਹੀ ਉੱਥੇ ਆਸਾਨੀ ਨਾਲ ਸੱਤਾ ਪਰਿਵਰਤਨ ਹੋ ਜਾਵੇਗਾ ਅਤੇ ਈਰਾਨੀ ਫ਼ੌਜ ਇਕ ਹੱਦ ਤੋਂ ਵੱਧ ਵਿਰੋਧ ਨਹੀਂ ਕਰ ਸਕੇਗੀ ਪਰ ਫ਼ਿਲਹਾਲ ਅਜਿਹਾ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ।

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਖ਼ਿਲਾਫ਼ ਛੇੜੇ ਗਏ ਯੁੱਧ ਦੇ ਤੇਜ਼ ਹੋਣ ਦੇ ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ ਜਿਸ ਤਰ੍ਹਾਂ ਸੌ ਡਾਲਰ ਤੋਂ ਪਾਰ ਚਲੀਆਂ ਗਈਆਂ, ਉਸ ਨਾਲ ਆਲਮੀ ਅਰਥਚਾਰੇ ਅੱਗੇ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਈਰਾਨ ਕਿਉਂਕਿ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਦਾ ਜਵਾਬ ਦੇਣ ਦੌਰਾਨ ਖਾੜੀ ਦੇਸ਼ਾਂ ’ਤੇ ਵੀ ਹਮਲੇ ਕਰ ਰਿਹਾ ਹੈ, ਇਸ ਲਈ ਪੱਛਮੀ ਏਸ਼ੀਆ ਤੋਂ ਤੇਲ ਅਤੇ ਗੈਸ ਦੀ ਸਪਲਾਈ ਵਿਚ ਰੁਕਾਵਟ ਪੈਣ ਦੀ ਸ਼ੰਕਾ ਹੈ। ਇਸ ਖੇਤਰ ਤੋਂ ਤੇਲ ਅਤੇ ਗੈਸ ਦੀ ਸਪਲਾਈ ਜਿਸ ਹੋਰਮੁਜ਼ ਸਮੁੰਦਰੀ ਮਾਰਗ ਰਾਹੀਂ ਹੁੰਦੀ ਹੈ, ਉਹ ਬੰਦ ਹੈ।
ਫ਼ਿਲਹਾਲ, ਇਸ ਦੇ ਸੰਕੇਤ ਨਹੀਂ ਹਨ ਕਿ ਇਸ ਜਲ ਮਾਰਗ ਤੋਂ ਤੇਲ ਅਤੇ ਗੈਸ ਦੇ ਟੈਂਕਰ ਗੁਜ਼ਰ ਸਕਦੇ ਹਨ। ਜੇਕਰ ਪੱਛਮੀ ਏਸ਼ੀਆ ਯੁੱਧ-ਗ੍ਰਸਤ ਬਣਿਆ ਰਹਿੰਦਾ ਹੈ ਤਾਂ ਤੇਲ ਅਤੇ ਗੈਸ ਦੇ ਨਾਲ-ਨਾਲ ਖਾਦਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਇਜ਼ਰਾਈਲ ਅਤੇ ਖ਼ਾਸ ਤੌਰ ’ਤੇ ਅਮਰੀਕਾ ਨੂੰ ਇਸ ਦਾ ਅਹਿਸਾਸ ਹੋਣਾ ਚਾਹੀਦਾ ਸੀ ਕਿ ਈਰਾਨ ਨੂੰ ਨਿਸ਼ਾਨਾ ਬਣਾਉਣ ਦੀ ਸਥਿਤੀ ਵਿਚ ਉਹ ਹੋਰਮੁਜ਼ ਜਲ ਮਾਰਗ ਨੂੰ ਬੰਦ ਕਰ ਸਕਦਾ ਹੈ ਜਿਸ ਨਾਲ ਪੱਛਮੀ ਏਸ਼ੀਆ ਤੋਂ ਤੇਲ ਅਤੇ ਗੈਸ ਦੀ ਸਪਲਾਈ ਰੁਕ ਜਾਵੇਗੀ ਜਿਸ ਦੇ ਨਤੀਜੇ ਵਜੋਂ ਸਾਰੇ ਦੇਸ਼ਾਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਜਾਵੇਗਾ। ਇਹ ਸਮਝਣਾ ਕਠਿਨ ਹੈ ਕਿ ਅਮਰੀਕਾ ਅਜਿਹੇ ਉਪਾਅ ਕਿਉਂ ਨਹੀਂ ਕਰ ਸਕਿਆ ਜਿਨ੍ਹਾਂ ਨਾਲ ਪੱਛਮੀ ਏਸ਼ੀਆ ਤੋਂ ਤੇਲ ਅਤੇ ਗੈਸ ਦੀ ਸਪਲਾਈ ਨਾ ਰੁਕਦੀ। ਉਹ ਅਜੇ ਵੀ ਅਜਿਹੇ ਉਪਾਵਾਂ ਬਾਰੇ ਨਹੀਂ ਸੋਚ ਰਿਹਾ ਹੈ ਅਤੇ ਉਲਟਾ, ਅਮਰੀਕੀ ਰਾਸ਼ਟਰਪਤੀ ੇਡੋਨਾਲਡ ਟਰੰਪ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਬੇਫ਼ਿਕਰ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇਹ ਕਹਿਣਾ ਘੋਰ ਗ਼ੈਰ-ਜ਼ਿੰਮੇਵਾਰਾਨਾ ਹੈ ਕਿ ਈਰਾਨ ਨੂੰ ਪਰਮਾਣੂ ਮੁਕਤ ਕਰਨ ਲਈ ਉਹ ਇਹ ‘ਛੋਟੀ ਕੀਮਤ’ ਤਾਰਨ ਲਈ ਤਿਆਰ ਹਨ।
ਟਰੰਪ ਇਕ ਪਾਸੇ ਆਪਣੇ-ਆਪ ਨੂੰ ਵਿਸ਼ਵ ਵਿਵਸਥਾ ਦੀ ਦਸ਼ਾ-ਦਿਸ਼ਾ ਨਿਰਧਾਰਤ ਕਰਨ ਵਾਲੇ ਆਗੂ ਵਜੋਂ ਦਰਸਾਉਂਦੇ ਹਨ ਅਤੇ ਦੂਜੇ ਪਾਸੇ ਉਸ ਨੂੰ ਖ਼ਤਰੇ ਵਿਚ ਪਾ ਕੇ ਵੀ ਬੇਪਰਵਾਹੀ ਦਿਖਾ ਰਹੇ ਹਨ। ਹੁਣ ਤਾਂ ਅਜਿਹਾ ਵੀ ਲੱਗਦਾ ਹੈ ਕਿ ਉਨ੍ਹਾਂ ਨੇ ਈਰਾਨ ਦੀ ਫ਼ੌਜੀ ਸਮਰੱਥਾ ਅਤੇ ਉੱਥੇ ਦੇ ਅੰਦਰੂਨੀ ਹਾਲਾਤ ਦਾ ਸਹੀ ਤਰੀਕੇ ਨਾਲ ਮੁਲਾਂਕਣ ਕੀਤੇ ਬਿਨਾਂ ਹੀ ਉਸ ਉੱਤੇ ਹਮਲਾ ਕਰ ਦਿੱਤਾ। ਇਜ਼ਰਾਈਲ-ਅਮਰੀਕਾ ਇਹ ਮੰਨ ਕੇ ਚੱਲ ਰਹੇ ਸਨ ਕਿ ਈਰਾਨ ਦੇ ਸਰਬਉੱਚ ਨੇਤਾ ਅਯਾਤੁੱਲਾ ਖਾਮਨੇਈ ਦੇ ਮਾਰੇ ਜਾਂਦਿਆਂ ਹੀ ਉੱਥੇ ਆਸਾਨੀ ਨਾਲ ਸੱਤਾ ਪਰਿਵਰਤਨ ਹੋ ਜਾਵੇਗਾ ਅਤੇ ਈਰਾਨੀ ਫ਼ੌਜ ਇਕ ਹੱਦ ਤੋਂ ਵੱਧ ਵਿਰੋਧ ਨਹੀਂ ਕਰ ਸਕੇਗੀ ਪਰ ਫ਼ਿਲਹਾਲ ਅਜਿਹਾ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ।
ਈਰਾਨ ਨੇ ਖਾਮਨੇਈ ਤੋਂ ਕਾਫ਼ੀ ਵੱਧ ਕੱਟੜ ਮੰਨੇ ਜਾਣ ਵਾਲੇ ਉਨ੍ਹਾਂ ਦੇ ਪੁੱਤਰ ਮੋਜਤਬਾ ਨੂੰ ਆਪਣਾ ਨਵਾਂ ਸਰਬਉੱਚ ਨੇਤਾ ਚੁਣ ਕੇ ਇਹੀ ਸੰਕੇਤ ਦਿੱਤਾ ਹੈ ਕਿ ਉੱਥੇ ਸੱਤਾ ਪਰਿਵਰਤਨ ਨਹੀਂ ਹੋਣ ਜਾ ਰਿਹਾ ਹੈ। ਈਰਾਨੀ ਫ਼ੌਜ ਵੀ ਕਿਤੇ ਵੱਧ ਹਮਲਾਵਰ ਸਮਰੱਥਾ ਦਿਖਾ ਰਹੀ ਹੈ। ਉਹ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਪੱਛਮੀ ਏਸ਼ੀਆ ਵਿਚ ਅਮਰੀਕੀ ਫ਼ੌਜੀ ਅੱਡਿਆਂ ਤੋਂ ਇਲਾਵਾ ਉੱਥੋਂ ਦੇ ਤੇਲ ਅਤੇ ਨਾਗਰਿਕ ਖੇਤਰਾਂ ’ਤੇ ਵੀ ਹਮਲੇ ਕਰਨ ਵਿਚ ਸਮਰੱਥ ਹੈ। ਉਸ ਦੀ ਇਹ ਮਾਰੂ ਸਮਰੱਥਾ ਇਹ ਦੱਸ ਰਹੀ ਹੈ ਕਿ ਉਹ ਹਾਰ ਮੰਨਣ ਦੀ ਬਜਾਏ ਪੱਛਮੀ ਏਸ਼ੀਆ ਨੂੰ ਵੀ ਇਸ ਯੁੱਧ ਵਿਚ ਘੜੀਸਣਾ ਚਾਹੁੰਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੁਨੀਆ ਦਾ ਸੰਕਟ ਹੋਰ ਵਧੇਗਾ ਅਤੇ ਇਸ ਦੀ ਲਪੇਟ ਵਿਚ ਅਮਰੀਕਾ ਵੀ ਆਵੇਗਾ।