ਭਾਰਤ ਦੁਨੀਆ ਵਿਚ ਸਭ ਤੋਂ ਵੱਧ ਵਿਦੇਸ਼ੀ ਪੈਸਾ ਮੰਗਾਉਣ ਵਾਲਾ ਦੇਸ਼ ਹੈ। ਹਰ ਸਾਲ ਕਰੀਬ 11 ਲੱਖ ਕਰੋੜ ਰੁਪਏ ਭਾਰਤੀ ਵਿਦੇਸ਼ ਤੋਂ ਆਪਣੇ ਘਰ ਧਨਰਾਸ਼ੀ ਭੇਜਦੇ ਹਨ। ਲੰਡਨ ਵਿਚ ਬੈਠੀ ਨਰਸ, ਹਿਊਸਟਨ ਦਾ ਇੰਜੀਨੀਅਰ, ਦੁਬਈ ਦਾ ਦੁਕਾਨਦਾਰ ਸਭ ਆਪਣੇ ਪਰਿਵਾਰ ਨੂੰ ਪੈਸੇ ਭੇਜਦੇ ਹਨ। ਪੁਰਾਣੇ ਤਰੀਕਿਆਂ ਨਾਲ ਪੈਸੇ ਭੇਜਣ ਵਿਚ 6-7 ਫ਼ੀਸਦੀ ਤੱਕ ਰਕਮ ਕੱਟ ਜਾਂਦੀ ਹੈ। ਯੂਪੀਆਈ ਦੇ ਜ਼ਰੀਏ ਇਹ ਖ਼ਰਚ ਲਗਪਗ ਖ਼ਤਮ ਹੋ ਸਕਦਾ ਹੈ।

ਇਸ ਫਰਵਰੀ ਵਿਚ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕੀਤਾ, ਤਾਂ ਪੱਛਮੀ ਏਸ਼ੀਆ ਵਿਚ ਤਰਥੱਲੀ ਮਚ ਗਿਆ। ਈਰਾਨ ਨੇ ਜਵਾਬੀ ਕਾਰਵਾਈ ਵਿਚ ਇਜ਼ਰਾਈਲ, ਬਹਿਰੀਨ, ਕੁਵੈਤ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ 'ਤੇ ਸੈਂਕੜੇ ਮਿਜ਼ਾਈਲਾਂ ਅਤੇ ਡ੍ਰੋਨ ਦਾਗੇ ਅਤੇ ਹੋਰਮੁਜ਼ ਦਾ ਸਮੁੰਦਰ ਬੰਦ ਕਰ ਦਿੱਤਾ। ਇਹ ਉਹ ਸਮੁੰਦਰੀ ਰਸਤਾ ਹੈ, ਜਿਸ ਰਾਹੀਂ ਦੁਨੀਆ ਦੇ 20 ਫ਼ੀਸਦੀ ਤੇਲ ਅਤੇ ਅਰਬਾਂ ਡਾਲਰ ਦਾ ਵਪਾਰ ਹੁੰਦਾ ਹੈ। ਬੈਂਕਿੰਗ ਦੇ ਰਾਹ ਹੌਲੀ ਹੋ ਗਏ, ਪੈਸੇ ਭੇਜਣਾ ਮੁਸ਼ਕਲ ਹੋ ਗਿਆ। 40 ਦਿਨਾਂ ਦੀ ਭਿਆਨਕ ਲੜਾਈ ਤੋਂ ਬਾਅਦ ਦੋ ਹਫ਼ਤਿਆਂ ਦੀ ਜੰਗਬੰਦੀ ਹੋਈ, ਪਰ ਇਸ ਦੇ ਵਿਸਥਾਰ ਦੇ ਬਾਅਦ ਵੀ ਸਥਿਤੀ ਨਾਜ਼ੁਕ ਰਹੀ। ਇਸ ਜੰਗ ਨੇ ਦੁਨੀਆ ਦੀ ਆਰਥਿਕ ਵਿਵਸਥਾ ਨੂੰ ਤਬਾਹ ਕਰ ਦਿੱਤਾ। ਹੋਰਮੁਜ਼ ਬੰਦ ਹੋਣ ਨਾਲ ਤੇਲ ਦੀਆਂ ਕੀਮਤਾਂ ਆਸਮਾਨ ਨੂੰ ਛੂਹਣ ਲੱਗੀਆਂ। ਸ਼ਿਪਿੰਗ ਕੰਪਨੀਆਂ ਰਸਤਾ ਬਦਲਣ 'ਤੇ ਮਜਬੂਰ ਹੋ ਗਈਆਂ ਅਤੇ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਭਾਰਤ ਦੇ ਲੱਖਾਂ ਮਜ਼ਦੂਰ ਜੋ ਯੂਏਈ, ਕੁਵੈਤ, ਬਹਿਰੀਨ ਅਤੇ ਸਾਊਦੀ ਅਰਬ ਵਿਚ ਕੰਮ ਕਰਦੇ ਹਨ, ਆਪਣੇ ਪਰਿਵਾਰਾਂ ਤੱਕ ਪੈਸੇ ਭੇਜਣ ਵਿਚ ਮੁਸ਼ਕਲ ਮਹਿਸੂਸ ਕਰਨ ਲੱਗੇ। ਪਰੰਪਰਾਗਤ ਬੈਂਕਿੰਗ ਵਿਵਸਥਾ ਸੰਕਟ ਵਿਚ ਆ ਗਈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੁਨੀਆ ਨੇ ਦੇਖਿਆ ਕਿ ਵਿੱਤੀ ਵਿਵਸਥਾ ਨੂੰ ਹਥਿਆਰ ਬਣਾਇਆ ਜਾ ਸਕਦਾ ਹੈ। ਰੂਸ-ਯੂਕਰੇਨ ਜੰਗ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ ਨੂੰ ਸਵਿਫਟ ਤੋਂ ਬਾਹਰ ਕਰ ਦਿੱਤਾ ਸੀ। ਇਸ ਵਿਵਸਥਾ ਦੇ ਜ਼ਰੀਏ ਦੁਨੀਆ ਦੇ ਬੈਂਕ ਆਪਸ ਵਿਚ ਪੈਸੇ ਭੇਜਦੇ ਹਨ। ਸਿੱਧੇ ਸ਼ਬਦਾਂ ਵਿਚ, ਇਹ ਬੈਂਕਾਂ ਦਾ ਵ੍ਹਟਸਐਪ ਹੈ। ਰੂਸ ਦੇ ਸਵਿਫਟ ਤੋਂ ਬਾਹਰ ਹੋਣ ਤੋਂ ਬਾਅਦ ਰੂਸੀ ਲੋਕ ਦੁਨੀਆ ਤੋਂ ਕੱਟੇ ਗਏ। ਹੁਣ ਈਰਾਨ 'ਤੇ ਵੀ ਸਖ਼ਤ ਪਾਬੰਦੀ ਹੈ।
ਭਾਰਤ ਨੇ ਯੂਪੀਆਈ, ਯੂਨੀਫਾਈਡ ਪੇਮੈਂਟਸ ਇੰਟਰਫੇਸ, ਨੂੰ 2016 ਵਿਚ ਸ਼ੁਰੂ ਕੀਤਾ ਸੀ, ਜਦੋਂ ਦੁਨੀਆ ਵਿਚ ਇਸ ਤਰ੍ਹਾਂ ਦੇ ਸੰਕਟਾਂ ਦੀ ਕਲਪਨਾ ਵੀ ਮੁਸ਼ਕਲ ਸੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨਪੀਸੀਆਈ) ਨੇ ਇਹ ਵਿਵਸਥਾ ਇਸ ਲਈ ਬਣਾਈ ਸੀ, ਤਾਂ ਜੋ ਹਰ ਭਾਰਤੀ ਨੂੰ ਸਸਤਾ, ਤੇਜ਼ ਅਤੇ ਆਸਾਨ ਡਿਜੀਟਲ ਭੁਗਤਾਨ ਮਿਲ ਸਕੇ। ਉਸ ਸਮੇਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਯੂਪੀਆਈ ਇਕ ਦਿਨ ਦੁਨੀਆ ਲਈ ਸਵਿਫਟ ਦਾ ਸਭ ਤੋਂ ਵੱਡਾ ਨਿਰਪੱਖ ਬਦਲ ਬਣ ਸਕਦਾ ਹੈ। ਰੂਸ-ਯੂਕਰੇਨ ਜੰਗ ਅਤੇ ਹੁਣ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਨੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਨੇ ਜੋ ਵਿਵਸਥਾ ਆਪਣੇ ਨਾਗਰਿਕਾਂ ਲਈ ਬਣਾਈ ਸੀ, ਉਹ ਅੱਜ ਪੂਰੀ ਦੁਨੀਆ ਦੀ ਲੋੜ ਹੈ। ਸਵਿਫਟ ਨੇ ਵਾਅਦਾ ਕੀਤਾ ਸੀ ਕਿ ਉਹ ਨਿਰਪੱਖ ਰਹੇਗਾ, ਪਰ ਜਦੋਂ ਰਾਜਨੀਤੀ ਆਈ, ਤਾਂ ਉਸ ਨੇ ਪੱਖ ਲਿਆ। ਯੂਪੀਆਈ ਕਿਸੇ ਦੇ ਹੱਥ ਦਾ ਹਥਿਆਰ ਨਹੀਂ ਹੈ ਅਤੇ ਇਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਯੂਪੀਆਈ, ਜਿਸ ਨੂੰ ਤੁਸੀਂ ਫੋਨ ਪੇ, ਗੂਗਲ ਪੇ ਜਾਂ ਪੇਟੀਐੱਮ ਦੇ ਜ਼ਰੀਏ ਰੋਜ਼ ਵਰਤਦੇ ਹੋ, ਦੁਨੀਆ ਦੀ ਸਭ ਤੋਂ ਤੇਜ਼ ਅਤੇ ਸਭ ਤੋਂ ਸਸਤੀ ਭੁਗਤਾਨ ਵਿਵਸਥਾ ਹੈ। ਹੁਣ ਇਹ ਦੇਸ਼ ਦੀਆਂ ਸੀਮਾਵਾਂ ਨੂੰ ਪਾਰ ਕਰ ਰਹੀ ਹੈ। ਸਿੰਗਾਪੁਰ, ਯੂਏਈ, ਫਰਾਂਸ ਅਤੇ ਮਾਰੀਸ਼ਸ ਜਿਹੇ ਕਈ ਦੇਸ਼ਾਂ ਨਾਲ ਯੂਪੀਆਈ ਦਾ ਜੁੜਾਅ ਹੋ ਚੁੱਕਾ ਹੈ।
ਭਾਰਤ ਦੁਨੀਆ ਵਿਚ ਸਭ ਤੋਂ ਵੱਧ ਵਿਦੇਸ਼ੀ ਪੈਸਾ ਮੰਗਾਉਣ ਵਾਲਾ ਦੇਸ਼ ਹੈ। ਹਰ ਸਾਲ ਕਰੀਬ 11 ਲੱਖ ਕਰੋੜ ਰੁਪਏ ਭਾਰਤੀ ਵਿਦੇਸ਼ ਤੋਂ ਆਪਣੇ ਘਰ ਧਨਰਾਸ਼ੀ ਭੇਜਦੇ ਹਨ। ਲੰਡਨ ਵਿਚ ਬੈਠੀ ਨਰਸ, ਹਿਊਸਟਨ ਦਾ ਇੰਜੀਨੀਅਰ, ਦੁਬਈ ਦਾ ਦੁਕਾਨਦਾਰ ਸਭ ਆਪਣੇ ਪਰਿਵਾਰ ਨੂੰ ਪੈਸੇ ਭੇਜਦੇ ਹਨ। ਪੁਰਾਣੇ ਤਰੀਕਿਆਂ ਨਾਲ ਪੈਸੇ ਭੇਜਣ ਵਿਚ 6-7 ਫ਼ੀਸਦੀ ਤੱਕ ਰਕਮ ਕੱਟ ਜਾਂਦੀ ਹੈ। ਯੂਪੀਆਈ ਦੇ ਜ਼ਰੀਏ ਇਹ ਖ਼ਰਚ ਲਗਪਗ ਖ਼ਤਮ ਹੋ ਸਕਦਾ ਹੈ।
ਜਦੋਂ ਦੁਨੀਆ ਵਿਚ ਜੰਗ ਹੋਵੇ, ਤਾਂ ਪੈਸਾ ਰੁਕਣਾ ਨਹੀਂ ਚਾਹੀਦਾ। ਯੂਪੀਆਈ ਇਹੀ ਯਕੀਨੀ ਬਣਾਉਣ ਦਾ ਕੰਮ ਕਰ ਰਿਹਾ ਹੈ। ਹੁਣ ਸਵਾਲ ਉੱਠਦਾ ਹੈ ਕਿ ਕੀ ਰੂਸ ਜਾਂ ਚੀਨ ਨੇ ਵੀ ਅਜਿਹਾ ਕੁਝ ਨਹੀਂ ਬਣਾਇਆ? ਬਣਾਇਆ ਤਾਂ, ਪਰ ਦੁਨੀਆ ਨੇ ਉਨ੍ਹਾਂ ਨੂੰ ਨਹੀਂ ਅਪਣਾਇਆ, ਕਿਉਂਕਿ ਭਰੋਸਾ ਨਹੀਂ ਸੀ। ਈਰਾਨ ਦੇ ਖ਼ਿਲਾਫ਼ ਜੰਗ ਵਿਚ ਇਹ ਦੇਖਿਆ ਗਿਆ ਕਿ ਜੋ ਦੇਸ਼ ਅਮਰੀਕਾ ਦੇ ਨਿਸ਼ਾਨੇ 'ਤੇ ਹਨ, ਉਨ੍ਹਾਂ ਦੀ ਭੁਗਤਾਨ ਵਿਵਸਥਾ ਦੁਨੀਆ ਸਵੀਕਾਰ ਨਹੀਂ ਕਰਦੀ। ਭਾਰਤ 'ਤੇ ਭਰੋਸੇ ਦੇ ਕਾਰਨ ਕਈ ਦੇਸ਼ ਯੂਪੀਆਈ ਨਾਲ ਜੁੜਨ ਲਈ ਤਿਆਰ ਹਨ। ਇਸ ਜੰਗ ਨੇ ਇਹ ਵੀ ਸਾਫ਼ ਕੀਤਾ ਕਿ ਦੁਨੀਆ ਡਾਲਰ 'ਤੇ ਨਿਰਭਰਤਾ ਘਟਾਉਣਾ ਚਾਹੁੰਦੀ ਹੈ। ਭਾਰਤ ਦੀ ਯੂਪੀਆਈ ਸੈਟਲਮੈਂਟ ਵਿਵਸਥਾ ਇਸ ਦਾ ਇਕ ਵਿਵਹਾਰਕ ਜਵਾਬ ਹੈ।
ਕੁਝ ਲੋਕ ਸੋਚਦੇ ਹਨ ਕਿ ਜੇ ਭਾਰਤ ਆਪਣੀ ਯੂਪੀਆਈ ਤਕਨੀਕ ਦੂਜੇ ਦੇਸ਼ਾਂ ਨੂੰ ਦੇ ਰਿਹਾ ਹੈ, ਤਾਂ ਉਹ ਇਸ ਨੂੰ ਕਾਪੀ ਕਰ ਲੈਣਗੇ। ਇਹ ਸੋਚ ਸਹੀ ਨਹੀਂ। ਤਕਨੀਕ ਕਾਪੀ ਹੋ ਸਕਦੀ ਹੈ, ਪਰ ਨੈੱਟਵਰਕ ਨਹੀਂ। ਜਿਵੇਂ ਵ੍ਹਟਸਐਪ ਦੀ ਤਕਨੀਕ ਕੋਈ ਵੀ ਬਣਾ ਸਕਦਾ ਹੈ ਪਰ ਉਸ ਦੇ ਕਰੋੜਾਂ ਉਪਭੋਗਤਾ ਕੋਈ ਨਹੀਂ ਖੋਹ ਸਕਦਾ। ਯੂਪੀਆਈ ਦਾ ਨੈੱਟਵਰਕ, ਉਸ ਦੇ ਕਰੋੜਾਂ ਉਪਭੋਗਤਾ ਅਤੇ ਉਸ ਦੀ ਸਾਖ ਹੈ, ਇਹੀ ਭਾਰਤ ਦੀ ਅਸਲੀ ਪੂੰਜੀ ਹੈ। ਅੱਜ ਭਾਰਤ ਪ੍ਰੋਜੈਕਟ ਨੈਕਸਸ ਜਿਹੀਆਂ ਆਲਮੀ ਤਰਜੀਹਾਂ ਵਿਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਪ੍ਰੋਜੈਕਟ ਨੈਕਸਸ ਦਾ ਮਤਲਬ ਹੈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਫਾਸਟ ਪੇਮੈਂਟ ਵਿਵਸਥਾਵਾਂ ਨੂੰ ਇਕੱਠੇ ਜੋੜਨਾ। ਇਹ ਸਵਿਫਟ ਦਾ ਇਕ ਖੁੱਲ੍ਹਾ ਅਤੇ ਨਿਰਪੱਖ ਬਦਲ ਬਣ ਸਕਦਾ ਹੈ, ਜਿਸ ਨੂੰ ਕੋਈ ਇਕ ਦੇਸ਼ ਬੰਦ ਨਹੀਂ ਕਰ ਸਕਦਾ। ਅਜੇ ਯੂਪੀਆਈ ਵਿਸ਼ਵ ਪੱਧਰ 'ਤੇ ਪੂਰੀ ਤਰ੍ਹਾਂ ਸੌਖਾ ਨਹੀਂ ਬਣਿਆ ਹੈ। ਵਿਦੇਸ਼ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਅਜੇ ਵੀ ਭਾਰਤੀ ਸਿਮ ਕਾਰਡ ਦੀ ਲੋੜ ਪੈਂਦੀ ਹੈ। ਸਾਰੇ ਦੇਸ਼ਾਂ ਵਿਚ ਸਾਰੀਆਂ ਦੁਕਾਨਾਂ 'ਤੇ ਯੂਪੀਆਈ ਨਹੀਂ ਚੱਲਦਾ, ਪਰ ਰਿਜ਼ਰਵ ਬੈਂਕ ਅਤੇ ਐੱਨਪੀਸੀਆਈ ਇਸ 'ਤੇ ਕੰਮ ਕਰ ਰਹੇ ਹਨ। ਜਲਦੀ ਹੀ ਇਹ ਰੁਕਾਵਟਾਂ ਵੀ ਦੂਰ ਹੋਣਗੀਆਂ। ਅੱਜ ਦੁਨੀਆ ਜਿਸ ਤਰ੍ਹਾਂ ਬੇਯਕੀਨੀ ਨਾਲ ਭਰੀ ਹੋਈ ਹੈ, ਉਸ ਵਿਚ ਯੂਪੀਆਈ ਦੀ ਲੋੜ ਹੋਰ ਵੀ ਵੱਧ ਗਈ ਹੈ। ਜੰਗ ਦਾ ਮੈਦਾਨ ਹੁਣ ਸਿਰਫ਼ ਜ਼ਮੀਨ 'ਤੇ ਨਹੀਂ, ਉਹ ਬੈਂਕਾਂ ਵਿਚ, ਭੁਗਤਾਨ ਸਿਸਟਮ ਵਿਚ ਅਤੇ ਡਿਜੀਟਲ ਨੈੱਟਵਰਕ ਵਿਚ ਵੀ ਹੈ। ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਨੇ ਫਿਰ ਸਾਬਤ ਕੀਤਾ ਕਿ ਜਦੋਂ ਦੁਨੀਆ ਵੰਡ ਜਾਂਦੀ ਹੈ, ਤਾਂ ਪੈਸੇ ਦੀ ਨਿਰਪੱਖ ਵਿਵਸਥਾ ਸਭ ਤੋਂ ਵੱਡੀ ਲੋੜ ਬਣ ਜਾਂਦੀ ਹੈ। ਭਾਰਤ ਦਾ ਯੂਪੀਆਈ ਉਹੀ ਨਿਰਪੱਖ ਵਿਵਸਥਾ ਹੈ।
ਦੂਜੇ ਪਾਸੇ ਯੂਪੀਆਈ ਨੇ ਛੋਟੇ ਕਾਰੋਬਾਰਾਂ, ਰੇਹੜੀ-ਪਟਰੀ ਵਾਲਿਆਂ ਅਤੇ ਪਰਵਾਸੀ ਮਜ਼ਦੂਰਾਂ ’ਤੇ ਗਹਿਰਾ ਪ੍ਰਭਾਵ ਪਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਪੈਸੇ ਟਰਾਂਸਫਰ ਕਰਨ ਅਤੇ ਭੁਗਤਾਨ ਪ੍ਰਾਪਤ ਕਰਨ ਦਾ ਇਕ ਅਸਾਨ ਅਤੇ ਕੁਸ਼ਲ ਤਰੀਕਾ ਮਿਲ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਦੌਰਾਨ ਇਸ ਦੀ ਵਰਤੋਂ ਵਿਸ਼ੇਸ਼ ਰੂਪ ਨਾਲ ਤੇਜ਼ ਹੋਈ, ਕਿਉਂਕਿ ਲੋਕਾਂ ਨੇ ਨਕਦ ਲੈਣ-ਦੇਣ ਦੇ ਲਈ ਸੁਰੱਖਿਅਤ, ਸੰਪਰਕ ਰਹਿਤ ਬਦਲ ਲੱਭੇ। ਯੂਪੀਆਈ ਦੀ ਇਕ ਹੋਰ ਮਹੱਤਵਪੂਰਨ ਡਿਜ਼ਾਇਨ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਉਪਯੋਗਕਰਤਾਵਾਂ ਨੂੰ ਆਪਣੇ ਪਸੰਦੀਦਾ ਭੁਗਤਾਨ ਐਪ ਚੁਣਨ ਦੀ ਸਹੂਲਤ ਦਿੱਤੀ ਗਈ ਹੈ, ਭਾਵੇਂ ਕਿ ਉਨ੍ਹਾਂ ਦਾ ਖਾਤਾ ਕਿਸੇ ਵੀ ਬੈਂਕ ਵਿਚ ਹੋਵੇ। ਇਸ ਆਸਾਨੀ ਨੇ ਖਪਤਕਾਰਾਂ ਨੂੰ ਬਦਲ ਚੁਣਨ ਦੀ ਤਾਕਤ ਪ੍ਰਦਾਨ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਲਈ ਯੂਪੀਆਈ ਨੂੰ ਆਪਣੀ ਭੁਗਤਾਨ ਤਕਤੀਕ ਦੇ ਰੂਪ ਵਿਚ ਅਪਣਾਉਣਾ ਅਸਾਨ ਹੋ ਗਿਆ ਹੈ।
ਰੋਹਿਤ ਯਾਦਵ
(ਲੇਖਕ ਨਰਸੀ ਮੋਂਜੀ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼, ਮੁੰਬਈ ਦੇ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਵਿਚ ਅਸਿਸਟੈਂਟ ਪ੍ਰੋਫੈਸਰ ਹੈ)
response@jagran.com।