ਇਹ ਕਦੇ ਵੀ ਰੈਗੂਲਰ ਅਧਿਆਪਕ ਤੇ ਅਧਿਆਪਨ ਦਾ ਬਦਲ ਨਹੀਂ ਹੁੰਦਾ ਅਤੇ ਨਾ ਹੀ ਹੋਣਾ ਚਾਹੀਦਾ ਹੈ। ਯੂਜੀਸੀ ਦੇ ਨਿਯਮਾਂ ਅਨੁਸਾਰ ਵੀ ਨਿਗਰਾਨ ਦੀ ਸਹਿਮਤੀ ਨਾਲ ਅਤੇ ਖੋਜਾਰਥੀ ਦੇ ਖੋਜ ਕਾਰਜ ਨੂੰ ਹਰਜਾ ਪਹੁੰਚਾਏ ਬਗੈਰ ਖੋਜਾਰਥੀ ਦੀ ਸਲਾਹ ਨਾਲ ਹੀ ਕੰਮ ਦਿੱਤਾ ਜਾ ਸਕਦਾ ਹੈ।

ਜਿਹੜੇ ਰਿਸਰਚ ਸਕਾਲਰ ਕਿਸੇ ਠੇਕੇ ਜਾਂ ਗੈਸਟ ਫੈਕਲਟੀ ਵਜੋਂ ਕੰਮ ਕਰ ਰਹੇ ਅਧਿਆਪਕ ਦੀ ਥਾਂ ’ਤੇ ਕੰਮ ਕਰਨਾ ਸਵੀਕਾਰ ਕਰਨਗੇ ਉਹ ਕੇਵਲ ਉਨ੍ਹਾਂ ਅਧਿਆਪਕਾਂ ਦਾ ਹੀ ਨਹੀਂ ਸਗੋਂ ਆਪਣਾ ਵੀ ਭਵਿੱਖ ਤਬਾਹ ਕਰ ਰਹੇ ਹੋਣਗੇ। ਯੂਨੀਵਰਸਿਟੀ ਦਾ ਬੁਨਿਆਦੀ ਕਾਰਜ ਖੋਜ ਕਰਵਾਉਣਾ ਹੁੰਦਾ ਹੈ ਅਤੇ ਖੋਜਾਰਥੀਆਂ ਦਾ ਮੁੱਖ ਕੰਮ ਖੋਜ ਕਰਨਾ। ਖੋਜਾਰਥੀਆਂ ਨੂੰ ਅਧਿਆਪਨ ਸਿਰਫ਼ ਇਸ ਕਰਕੇ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਅਧਿਆਪਨ ’ਚ ਥੋੜ੍ਹੀ ਟਰੇਨਿੰਗ ਹੋ ਜਾਵੇ, ਉਹ ਆਪਣੀ ਮੁਹਾਰਤ ਨੂੰ ਪ੍ਰਗਟਾਉਣਾ ਸਿੱਖ ਲੈਣ ਤੇ ਕਦੇ ਆਪਣੇ ਅਧਿਆਪਕ ਦੀ ਮਸਰੂਫੀਅਤ ਵਿਚ ਕਲਾਸ ਲੈ ਸਕਣ। ਇਹ ਕਦੇ ਵੀ ਰੈਗੂਲਰ ਅਧਿਆਪਕ ਤੇ ਅਧਿਆਪਨ ਦਾ ਬਦਲ ਨਹੀਂ ਹੁੰਦਾ ਅਤੇ ਨਾ ਹੀ ਹੋਣਾ ਚਾਹੀਦਾ ਹੈ।
ਯੂਜੀਸੀ ਦੇ ਨਿਯਮਾਂ ਅਨੁਸਾਰ ਵੀ ਨਿਗਰਾਨ ਦੀ ਸਹਿਮਤੀ ਨਾਲ ਅਤੇ ਖੋਜਾਰਥੀ ਦੇ ਖੋਜ ਕਾਰਜ ਨੂੰ ਹਰਜਾ ਪਹੁੰਚਾਏ ਬਗੈਰ ਖੋਜਾਰਥੀ ਦੀ ਸਲਾਹ ਨਾਲ ਹੀ ਕੰਮ ਦਿੱਤਾ ਜਾ ਸਕਦਾ ਹੈ। ਯੂਨੀਵਰਸਿਟੀ ਜਿਸ ਤਰਕ ’ਤੇ ਚੱਲ ਰਹੀ ਹੈ ਉਸ ਨਾਲ ਪਹਿਲਾਂ ਸੇਵਾ ਮੁਕਤ ਅਧਿਆਪਕਾਂ ਨੂੰ ਵਾਧਾ ਦੇਣਾ ਬੰਦ ਕੀਤਾ, ਨਵੀਆਂ ਭਰਤੀਆਂ ਬੰਦ ਕੀਤੀਆਂ, ਹੁਣ ਦੀਆਂ ਖ਼ਬਰਾਂ ਅਨੁਸਾਰ ਪਹਿਲਾਂ ਗੈਸਟ ਫੈਕਲਟੀ ਅਤੇ ਫਿਰ ਠੇਕੇ ’ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਰੈਸ਼ਨਲਾਈਜੇਸ਼ਨ ਦੇ ਨਾਂ ਥੱਲੇ ਹਟਾਇਆ ਜਾਵੇਗਾ।
ਪੱਕੇ ਅਧਿਆਪਕਾਂ ਦੀਆਂ ਤਰੱਕੀਆਂ ਦੇ ਬਕਾਏ ਪਹਿਲਾਂ ਹੀ ਨਹੀਂ ਦਿੱਤੇ ਜਾ ਰਹੇ। ਹੌਲੀ-ਹੌਲੀ ਉਨ੍ਹਾਂ ਦੀਆਂ ਤਨਖ਼ਾਹਾਂ ਪਹਿਲਾਂ ਜਾਮ ਅਤੇ ਬਾਅਦ ਵਿਚ ਘਟਾਈਆਂ ਜਾਣਗੀਆਂ। ਜੇ ਇਸੇ ਤਰਕ ’ਤੇ ਹੀ ਚੱਲਣਾ ਹੈ ਤਾਂ ਕਿਉਂ ਨਾ ਸੀਨੀਅਰ ਅਧਿਆਪਕਾਂ ਨੂੰ ਸੀਨੀਆਰਤਾ ਨਾਲ ਸਭ ਤੋਂ ਪਹਿਲਾਂ ਸਵੈ-ਇੱਛੁਕ ਸੇਵਾ ਮੁਕਤੀ ਦੇ ਦਿੱਤੀ ਜਾਵੇ ਅਤੇ ਜੇ ਨਾ ਲੈਣ ਤਾਂ ਜਬਰੀ ਸੇਵਾ ਮੁਕਤ ਕੀਤਾ ਜਾਵੇ ਤੇ ਉਨ੍ਹਾਂ ਦਾ ਕੰਮ ਉਨ੍ਹਾਂ ਦੇ ਰਿਸਰਚ ਸਕਾਲਰਾਂ ਨੂੰ ਦੇ ਦਿੱਤਾ ਜਾਵੇ ਕਿਉਂਕਿ ਸੀਨੀਅਰ ਅਧਿਆਪਕਾਂ ਦੀ ਤਨਖ਼ਾਹ ਦਾ ਬੋਝ ਵੀ ਬਹੁਤ ਹੁੰਦਾ ਹੈ।
ਇਹੋ ਜਿਹੀਆਂ ਪੁੱਠੀਆਂ-ਸਿੱਧੀਆਂ ਸਕੀਮਾਂ ਉਹੀ ਬਣਾਉਂਦੇ ਤੇ ਉਸ ਲਈ ਤਰਕ ਵੀ ਦਿੰਦੇ ਰਹਿੰਦੇ ਹਨ। ਆਪਣੇ ਤੋਂ ਸੀਨੀਅਰ ਸਾਰੇ ਅਧਿਆਪਕਾਂ ਤੋਂ ਮਾਫ਼ੀ ਸਹਿਤ ਜੇ ਅਸੀਂ ਸਹੀ ਸਿੱਖਿਆ ਲਈ ਹਾਅ ਦਾ ਨਾਅਰਾ ਨਹੀਂ ਮਾਰ ਸਕਦੇ ਤਾਂ ਘੱਟੋ-ਘੱਟ ਕਤਲ ਦੇ ਭਾਗੀਦਾਰ ਤਾਂ ਨਾ ਬਣੀਏ। ਕਈ ਵਾਰ ਸਿਆਣੇ-ਬਿਆਣੇ ਅਧਿਆਪਕਾਂ ਨੂੰ ਲੱਗਦਾ ਹੈ ਕਿ ਚਲੋ, ਇਸ ਢੰਗ ਨਾਲ ਇਕ ਵਾਰ ਖ਼ਰਚੇ ਘਟਾ ਲਈਏ ਤਾਂ ਸ਼ਾਇਦ ਸੰਕਟ ਟਲ ਜਾਵੇ, ਇਹ ਖ਼ਾਮ ਖ਼ਿਆਲੀ ਹੈ।
ਜਿਹੜੀ ਸਰਕਾਰ ਦੋ ਨਵੀਆਂ ’ਵਰਸਿਟੀਆਂ ਖੋਲ੍ਹ ਸਕਦੀ ਹੈ, ਸਲਾਹਕਾਰਾਂ ਦੀ ਫ਼ੌਜ ਰੱਖ ਸਕਦੀ ਹੈ ਉਸ ਲਈ ਗਰਾਂਟ ਵਧਾਉਣੀ ਕੋਈ ਮੁਸ਼ਕਲ ਕੰਮ ਨਹੀਂ ਹੈ। ਆਪਸੀ ਦੂਸ਼ਣਬਾਜ਼ੀ ਛੱਡ ਕੇ ਕੱਚੇ/ਪੱਕੇ, ਜੂਨੀਅਰ/ ਸੀਨੀਅਰ ਅਧਿਆਪਕਾਂ, ਖੋਜਾਰਥੀਆਂ’ ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ ਤਾਂ ਹੀ ਸਾਡੀ ਸਾਰਿਆਂ ਦੀ ’ਵਰਸਿਟੀ ਬਚ ਸਕੇਗੀ।
-ਪਟਿਆਲਾ।
ਸੰਪਰਕ : 98150-50617