ਉਹ ਕਾਫ਼ੀ ਸਮੇਂ ਤੋਂ ਇਹ ਮਾਹੌਲ ਬਣਾਉਂਦੇ ਆ ਰਹੇ ਹਨ ਕਿ ਰੂਸ ਯੂਕਰੇਨ ਖ਼ਿਲਾਫ਼ ਇਸ ਲਈ ਯੁੱਧ ਜਾਰੀ ਰੱਖਣ ਵਿਚ ਸਮਰੱਥ ਹੈ ਕਿਉਂਕਿ ਭਾਰਤ ਉਸ ਤੋਂ ਤੇਲ ਖ਼ਰੀਦ ਰਿਹਾ ਹੈ। ਉਨ੍ਹਾਂ ਦੇ ਕੁਝ ਬੜਬੋਲੇ ਸਾਥੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਰੂਸ-ਯੂਕਰੇਨ ਯੁੱਧ ਲਈ ਕਿਸੇ ਹੱਦ ਤੱਕ ਭਾਰਤ ਜ਼ਿੰਮੇਵਾਰ ਹੈ। ਇਹ ਬਹੁਤ ਹੀ ਹਾਸੋਹੀਣਾ ਹੈ ਕਿਉਂਕਿ ਰੂਸ ਤੋਂ ਤੇਲ ਖ਼ਰੀਦਣ ਵਿਚ ਚੀਨ ਸਭ ਤੋਂ ਅੱਗੇ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਦੋਂ ਕੀ ਕਹਿ ਦੇਣ, ਇਸ ਦਾ ਕੋਈ ਟਿਕਾਣਾ ਨਹੀਂ। ਇਹ ਇਕ ਵਾਰ ਫਿਰ ਸਾਬਿਤ ਹੋਇਆ, ਜਦੋਂ ਉਨ੍ਹਾਂ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਭਾਰਤ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦੇਵੇਗਾ। ਟਰੰਪ ਨੇ ਅਜਿਹਾ ਅਹਿਸਾਸ ਕਰਵਾaਇਆ ਜਿਵੇਂ ਉਨ੍ਹਾਂ ਅਤੇ ਭਾਰਤੀ ਪ੍ਰਧਾਨ ਮੰਤਰੀ ਵਿਚਕਾਰ ਇਸ ਸਬੰਧ ਵਿਚ ਕੋਈ ਗੱਲਬਾਤ ਹੋਈ ਹੈ।
ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਦੋਵਾਂ ਨੇਤਾਵਾਂ ਵਿਚਕਾਰ ਫ਼ਿਲਹਾਲ ਅਜਿਹੀ ਕੋਈ ਗੱਲ ਨਹੀਂ ਹੋਈ ਹੈ। ਇਸ ਦਾ ਮਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਦਾ ਦਾਅਵਾ ਮਨਘੜਤ ਹੈ। ਇਹ ਠੀਕ ਹੈ ਕਿ ਉਹ ਅਜਿਹੇ ਹੀ ਦਾਅਵੇ ਕਰਨ ਲਈ ਜਾਣੇ ਜਾਂਦੇ ਹਨ ਪਰ ਉਨ੍ਹਾਂ ਨੂੰ ਇਸ ਦਾ ਅਹਿਸਾਸ ਹੋਵੇ ਤਾਂ ਚੰਗਾ ਕਿ ਇਸ ਨਾਲ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੁੰਦਾ ਸਗੋਂ ਬਣਦੀ ਗੱਲ ਵਿਗੜ ਜਾਂਦੀ ਹੈ ਤੇ ਉਨ੍ਹਾਂ ਦੇ ਇਰਾਦਿਆਂ ’ਤੇ ਸ਼ੰਕੇ ਵਧਦੇ ਹਨ। ਉਨ੍ਹਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਇਕ ਹੀ ਗੱਲ ਨੂੰ ਵਾਰ-ਵਾਰ ਦੁਹਰਾਉਣ ਨਾਲ ਉਹ ਸੱਚ ਨਹੀਂ ਬਣ ਜਾਂਦੀ।
ਉਹ ਕਾਫ਼ੀ ਸਮੇਂ ਤੋਂ ਇਹ ਮਾਹੌਲ ਬਣਾਉਂਦੇ ਆ ਰਹੇ ਹਨ ਕਿ ਰੂਸ ਯੂਕਰੇਨ ਖ਼ਿਲਾਫ਼ ਇਸ ਲਈ ਯੁੱਧ ਜਾਰੀ ਰੱਖਣ ਵਿਚ ਸਮਰੱਥ ਹੈ ਕਿਉਂਕਿ ਭਾਰਤ ਉਸ ਤੋਂ ਤੇਲ ਖ਼ਰੀਦ ਰਿਹਾ ਹੈ। ਉਨ੍ਹਾਂ ਦੇ ਕੁਝ ਬੜਬੋਲੇ ਸਾਥੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਰੂਸ-ਯੂਕਰੇਨ ਯੁੱਧ ਲਈ ਕਿਸੇ ਹੱਦ ਤੱਕ ਭਾਰਤ ਜ਼ਿੰਮੇਵਾਰ ਹੈ। ਇਹ ਬਹੁਤ ਹੀ ਹਾਸੋਹੀਣਾ ਹੈ ਕਿਉਂਕਿ ਰੂਸ ਤੋਂ ਤੇਲ ਖ਼ਰੀਦਣ ਵਿਚ ਚੀਨ ਸਭ ਤੋਂ ਅੱਗੇ ਹੈ। ਟਰੰਪ ਇਸ ਦਾ ਜ਼ਿਕਰ ਤਾਂ ਕਰਦੇ ਹਨ ਪਰ ਉਸ ਖ਼ਿਲਾਫ਼ ਉਹੋ ਜਿਹੇ ਕੋਈ ਕਦਮ ਨਹੀਂ ਚੁੱਕਦੇ ਜਿਹੋ ਜਿਹੇ ਉਨ੍ਹਾਂ ਨੇ ਭਾਰਤ ਖ਼ਿਲਾਫ਼ ਚੁੱਕੇ ਅਤੇ ਭਾਰਤੀ ਦਰਾਮਦਾਂ ’ਤੇ ਟੈਰਿਫ ਵਧਾ ਕੇ 50 ਫ਼ੀਸਦੀ ਕਰ ਦਿੱਤਾ। ਉਂਜ ਤਾਂ ਟਰੰਪ ਨੂੰ ਇਸ ਗੱਲ ’ਤੇ ਵੀ ਇਤਰਾਜ਼ ਹੈ ਕਿ ਯੂਰਪੀ ਦੇਸ਼ ਰੂਸ ਤੋਂ ਤੇਲ ਕਿਉਂ ਖ਼ਰੀਦ ਰਹੇ ਹਨ ਪਰ ਉਹ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦੇਣ ਤੱਕ ਹੀ ਸੀਮਿਤ ਹਨ।
ਟਰੰਪ ਇਹ ਤਾਂ ਚਾਹੁੰਦੇ ਹਨ ਕਿ ਭਾਰਤ ਰੂਸ ਤੋਂ ਤੇਲ ਨਾ ਖ਼ਰੀਦੇ ਪਰ ਇਹ ਨਹੀਂ ਦੇਖਦੇ ਕਿ ਇਸ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਧ ਜਾਣਗੀਆਂ ਅਤੇ ਭਾਰਤ ਲਈ ਆਪਣੀ ਊਰਜਾ ਸੁਰੱਖਿਆ ਯਕੀਨੀ ਬਣਾਉਣਾ ਮੁਸ਼ਕਲ ਹੋ ਜਾਵੇਗਾ। ਇਸ ਦਾ ਕੋਈ ਮਤਲਬ ਨਹੀਂ ਹੈ ਕਿ ਭਾਰਤ ਇਸ ਲਈ ਰੂਸ ਤੋਂ ਤੇਲ ਨਾ ਖ਼ਰੀਦੇ ਕਿ ਇਸ ਨਾਲ ਟਰੰਪ ਦੇ ਹੰਕਾਰ ਦੀ ਤ੍ਰਿਪਤੀ ਹੋ ਜਾਵੇਗੀ।
ਇਹ ਸਾਫ਼ ਹੈ ਕਿ ਰੂਸ ਤੋਂ ਤੇਲ ਖ਼ਰੀਦਣ ’ਤੇ ਉਹ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਭਾਰਤ ਉਨ੍ਹਾਂ ਦੇ ਇਸ ਮਨਘੜਤ ਦਾਅਵੇ ’ਤੇ ਮੋਹਰ ਲਗਾਉਣ ਲਈ ਤਿਆਰ ਨਹੀਂ ਹੈ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵਿਚਕਾਰ ਯੁੱਧ ਰੋਕਿਆ ਅਤੇ ਦੋਵਾਂ ਦੇਸ਼ਾਂ ਨੂੰ ਕਥਿਤ ਪਰਮਾਣੂ ਯੁੱਧ ਤੋਂ ਬਚਾਇਆ। ਭਾਰਤੀ ਪ੍ਰਧਾਨ ਮੰਤਰੀ ਉਨ੍ਹਾਂ ਦੇ ਇਸ ਦਾਅਵੇ ਨੂੰ ਸਾਫ਼ ਨਕਾਰ ਚੁੱਕੇ ਹਨ ਪਰ ਉਹ ਇਸ ਨੂੰ ਵਾਰ-ਵਾਰ ਦੁਹਰਾਉਣ ਤੋਂ ਬਾਜ਼ ਨਹੀਂ ਆ ਰਹੇ।
ਹਾਲਾਂਕਿ ਕੁਝ ਸਮਾਂ ਪਹਿਲਾਂ ਟਰੰਪ ਨੇ ਅਜਿਹੇ ਸੰਕੇਤ ਦਿੱਤੇ ਸਨ ਕਿ ਉਹ ਭਾਰਤ ਨਾਲ ਵਪਾਰ ਸਮਝੌਤਾ ਕਰਨ ਲਈ ਸੰਜੀਦਾ ਹਨ ਪਰ ਜਦ ਤੱਕ ਇਹ ਸਮਝੌਤਾ ਨਹੀਂ ਹੋ ਜਾਂਦਾ ਤਦ ਤੱਕ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਭਾਰਤ ਲਈ ਇਹ ਸਹੀ ਹੈ ਕਿ ਉਹ ਅਮਰੀਕੀ ਟੈਰਿਫ ਦਾ ਸਾਹਮਣਾ ਕਰਨ ਦੀ ਆਪਣੀ ਰਣਨੀਤੀ ’ਤੇ ਕੰਮ ਕਰਦਾ ਰਹੇ। ਮੌਜੂਦਾ ਮਾਹੌਲ ਵਿਚ ਟਰੰਪ ’ਤੇ ਭਰੋਸਾ ਕਰਨਾ ਠੀਕ ਨਹੀਂ।