ਭਾਰਤ ਸਰਕਾਰ ਵੱਲੋਂ 1972 ਵਿਚ ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਅੰਤਰਰਾਸ਼ਟਰੀ ਪੁਰਸਕਾਰ ਮਿਲੇ। ਵਰਲਡ ਪ੍ਰੈੱਸ ਫੋਟੋ ਐਵਾਰਡ, ਯੂਨੈਸਕੋ ਸਨਮਾਨ ਅਤੇ ਵਿਸ਼ਵ ਦੀਆਂ ਪ੍ਰਮੁੱਖ ਗੈਲਰੀਆਂ ਵਿਚ ਪ੍ਰਦਰਸ਼ਨ-ਇਹ ਸਭ ਉਨ੍ਹਾਂ ਦੀ ਕਲਾ ਦੀ ਵਿਸ਼ਵ ਪੱਧਰੀ ਸਵੀਕਾਰਤਾ ਦੇ ਪ੍ਰਮਾਣ ਹਨ।

ਸਾਡੇ ਸਮਿਆਂ ਦੇ ਬਿਹਤਰੀਨ ਫੋਟੋਗ੍ਰਾਫਰ ਰਘੂ ਰਾਏ ਦੇ ਚਲੇ ਜਾਣ ਨਾਲ ਅੱਜ ਇਕ ਯੁੱਗ ਦਾ ਅੰਤ ਹੋ ਗਿਆ ਹੈ। ਰਘੂ ਰਾਏ ਨੇ ਭਾਰਤ ਨੂੰ ਸਿਰਫ਼ ਦੇਖਿਆ ਨਹੀਂ, ਉਸ ਨੂੰ ਮਹਿਸੂਸ ਕੀਤਾ। ਉਨ੍ਹਾਂ ਨੇ ਕੈਮਰੇ ਨਾਲ ਉਹ ਸਭ ਕੈਦ ਕੀਤਾ ਜੋ ਸ਼ਬਦਾਂ ਵਿਚ ਅਕਸਰ ਨਹੀਂ ਆ ਸਕਦਾ-ਗ਼ਰੀਬੀ ਦੀ ਚੁੱਪ, ਆਸ ਦੀ ਚਮਕ, ਤ੍ਰਾਸਦੀ ਦਾ ਦਰਦ, ਰਾਜਨੀਤੀ ਦੀ ਥਕਾਵਟ ਅਤੇ ਆਮ ਮਨੁੱਖ ਦੀ ਜ਼ਿੰਦਗੀ ਦਾ ਸੰਘਰਸ਼।
ਉਨ੍ਹਾਂ ਦਾ ਜਨਮ 8 ਦਸੰਬਰ 1942 ਨੂੰ ਝੰਗ (ਹੁਣ ਪਾਕਿਸਤਾਨ) ਵਿਚ ਹੋਇਆ ਸੀ। ਵੰਡ ਦੇ ਦਰਦ ਨੇ ਉਨ੍ਹਾਂ ਦੇ ਬਚਪਨ ਨੂੰ ਵੀ ਛੂਹਿਆ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਵੱਸਿਆ। ਬਚਪਨ ਵਿਚ ਉਨ੍ਹਾਂ ਨੇ ਉਹ ਅਸਥਿਰਤਾ, ਉਜਾੜਾ ਅਤੇ ਸੰਘਰਸ਼ ਦੇਖਿਆ ਜੋ ਬਾਅਦ ’ਚ ਉਨ੍ਹਾਂ ਦੀ ਫੋਟੋਗ੍ਰਾਫੀ ਦੀ ਅੰਦਰਲੀ ਸੰਵੇਦਨਾ ਬਣ ਗਿਆ। ਸ਼ਾਇਦ ਇਸੇ ਕਰਕੇ ਉਨ੍ਹਾਂ ਦੀਆਂ ਤਸਵੀਰਾਂ ਵਿਚ ਮਨੁੱਖੀ ਪੀੜਾ ਦਾ ਇੰਨਾ ਡੂੰਘਾ ਅਹਿਸਾਸ ਮਿਲਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਰਘੂ ਰਾਏ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਫੋਟੋਗ੍ਰਾਫਰ ਵਜੋਂ ਨਹੀਂ ਕੀਤੀ ਸੀ। ਉਹ ਪਹਿਲਾਂ ਇੰਜੀਨੀਅਰਿੰਗ ਤੇ ਫ਼ੌਜੀ ਜੀਵਨ ਵੱਲ ਵਧੇ। ਕੁਝ ਸਮਾਂ ਉਨ੍ਹਾਂ ਨੇ ਇੰਜੀਨੀਅਰਿੰਗ ਪੜ੍ਹੀ ਅਤੇ ਫਿਰ ਫ਼ੌਜ ਵਿਚ ਵੀ ਰਹੇ ਪਰ ਕਿਸਮਤ ਨੇ ਉਨ੍ਹਾਂ ਲਈ ਕੁਝ ਹੋਰ ਹੀ ਲਿਖਿਆ ਸੀ।
ਉਨ੍ਹਾਂ ਦੇ ਵੱਡੇ ਭਰਾ ਐੱਸ. ਪਾਲ ਜੋ ਖ਼ੁਦ ਇਕ ਪ੍ਰਸਿੱਧ ਫੋਟੋਗ੍ਰਾਫਰ ਸਨ, ਨੇ ਉਨ੍ਹਾਂ ਦੇ ਅੰਦਰ ਲੁਕੇ ਕਲਾਕਾਰ ਨੂੰ ਪਛਾਣਿਆ। ਕੈਮਰਾ ਹੱਥ ਵਿਚ ਆਇਆ ਤਾਂ ਫਿਰ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਿਰਫ਼ ਦੋ ਸਾਲਾਂ ਵਿਚ ਹੀ ਉਨ੍ਹਾਂ ਦੀ ਪ੍ਰਤਿਭਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸੰਨ 1966 ਵਿਚ ਉਹ ‘ਦਿ ਸਟੇਟਸਮੈਨ’ ਅਖ਼ਬਾਰ ਨਾਲ ਜੁੜੇ ਤੇ ਉੱਥੋਂ ਉਨ੍ਹਾਂ ਦੀ ਅਸਲੀ ਪਛਾਣ ਬਣਨੀ ਸ਼ੁਰੂ ਹੋਈ। ਬਾਅਦ ’ਚ ਮਹਾਨ ਫੋਟੋਗ੍ਰਾਫਰ ਹੈਨਰੀ ਕਾਰਟੀਅਰ-ਬ੍ਰੈਸੋਂ ਨੇ ਉਨ੍ਹਾਂ ਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਮੈਗਨਮ ਫੋਟੋਜ਼ ਨਾਲ ਜੋੜਿਆ। ਇਹ ਸਨਮਾਨ ਹਰ ਕਿਸੇ ਨੂੰ ਨਹੀਂ ਮਿਲਦਾ। ਰਘੂ ਰਾਏ ਦੀ ਮਹਾਨਤਾ ਸਿਰਫ਼ ਸ਼ਕਤੀਸ਼ਾਲੀ ਲੋਕਾਂ ਦੀਆਂ ਤਸਵੀਰਾਂ ਵਿਚ ਨਹੀਂ ਸੀ।
ਉਨ੍ਹਾਂ ਦੀ ਅਸਲ ਤਾਕਤ ਸੀ-ਆਮ ਭਾਰਤ। ਬੰਬਈ ਦੀਆਂ ਫੁੱਟਪਾਥਾਂ ’ਤੇ ਸੌਣ ਵਾਲੇ ਬੱਚੇ, ਪਿੰਡਾਂ ਦੀਆਂ ਔਰਤਾਂ, ਗ਼ਰੀਬੀ ਦੀ ਮੌਨ ਚੀਕ, ਬਨਾਰਸ ਦੀ ਰੂਹਾਨੀ ਧੁੰਦ, ਕੋਲਕਾਤਾ ਦੀ ਭੀੜ, ਦਿੱਲੀ ਦੀ ਬੇਚੈਨੀ-ਉਨ੍ਹਾਂ ਨੇ ਭਾਰਤ ਨੂੰ ਜਿਵੇਂ ਦੇਖਿਆ, ਤਿਵੇਂ ਦਿਖਾਇਆ। ਭੋਪਾਲ ਗੈਸ ਤ੍ਰਾਸਦੀ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਦੁਨੀਆ ਨੂੰ ਹਿਲਾ ਦੇਣ ਵਾਲੀਆਂ ਸਾਬਿਤ ਹੋਈਆਂ। ਇਕ ਮਰੇ ਹੋਏ ਬੱਚੇ ਦੀ ਤਸਵੀਰ, ਜਿਸ ਦੀਆਂ ਅੱਖਾਂ ਅਜੇ ਵੀ ਸਵਾਲ ਪੁੱਛਦੀਆਂ ਲੱਗਦੀਆਂ ਸਨ, ਮਨੁੱਖੀ ਇਤਿਹਾਸ ਦੀਆਂ ਸਭ ਤੋਂ ਮਨ ਨੂੰ ਹਲੂਣਾ ਦੇਣ ਵਾਲੀਆਂ ਤਸਵੀਰਾਂ ’ਚ ਗਿਣੀ ਜਾਂਦੀ ਹੈ।
ਭਾਰਤ ਸਰਕਾਰ ਵੱਲੋਂ 1972 ਵਿਚ ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਅੰਤਰਰਾਸ਼ਟਰੀ ਪੁਰਸਕਾਰ ਮਿਲੇ। ਵਰਲਡ ਪ੍ਰੈੱਸ ਫੋਟੋ ਐਵਾਰਡ, ਯੂਨੈਸਕੋ ਸਨਮਾਨ ਅਤੇ ਵਿਸ਼ਵ ਦੀਆਂ ਪ੍ਰਮੁੱਖ ਗੈਲਰੀਆਂ ਵਿਚ ਪ੍ਰਦਰਸ਼ਨ-ਇਹ ਸਭ ਉਨ੍ਹਾਂ ਦੀ ਕਲਾ ਦੀ ਵਿਸ਼ਵ ਪੱਧਰੀ ਸਵੀਕਾਰਤਾ ਦੇ ਪ੍ਰਮਾਣ ਹਨ।
ਉਨ੍ਹਾਂ ਦੀਆਂ ਤਸਵੀਰਾਂ ‘ਟਾਈਮ’, ‘ਲਾਈਫ’, ‘ਨਿਊਯਾਰਕ ਟਾਈਮਜ਼’, ‘ਨੈਸ਼ਨਲ ਜਿਓਗ੍ਰਾਫਿਕ’ ਅਤੇ ਦੁਨੀਆ ਦੀਆਂ ਅਨੇਕ ਪ੍ਰਸਿੱਧ ਪ੍ਰਕਾਸ਼ਨਾਵਾਂ ਵਿਚ ਛਪੀਆਂ। ਉਨ੍ਹਾਂ ਨੇ ਮਦਰ ਟੈਰੇਸਾ ਦੀ ਕਰੁਣਾ ਨੂੰ ਵੀ ਆਪਣੇ ਕੈਮਰੇ ਰਾਹੀਂ ਅਜਿਹਾ ਦਰਸਾਇਆ ਕਿ ਉਹ ਤਸਵੀਰਾਂ ਪ੍ਰਾਰਥਨਾ ਵਰਗੀਆਂ ਲੱਗਦੀਆਂ ਹਨ। ਅੱਜ ਭਾਵੇਂ ਉਹ ਸਾਡੇ ਵਿਚ ਨਹੀਂ ਹਨ ਪਰ ਉਹ ਹਰ ਉਸ ਤਸਵੀਰ ਵਿਚ ਜਿਉਂਦੇ ਹਨ ਜਿੱਥੇ ਸੱਚ ਹੈ, ਜਿੱਥੇ ਦਰਦ ਹੈ, ਜਿੱਥੇ ਮਨੁੱਖਤਾ ਹੈ।
-ਡਾ. ਕ੍ਰਿਸ਼ਨ ਕੁਮਾਰ ਰੱਤੂ
-ਮੋਬਾਈਲ : 94787-30156