ਇਸ ਮੇਲੇ ’ਚ ਦੁਨੀਆ ਭਰ ਤੋਂ ਲੋਕ ਸ਼ਾਮਲ ਹੁੰਦੇ ਹਨ ਤੇ ਭਾਰਤੀ ਸੱਭਿਆਚਾਰ, ਖਾਣ-ਪੀਣ ਤੇ ਲੋਕ ਸੰਗੀਤ ਦੇ ਦਰਸ਼ਨ ਕਰਦੇ ਹਨ ਪਰ ਝੂਲਾ ਟੁੱਟਣ ਦਾ ਦ੍ਰਿਸ਼ ਜਿਸ ਨੇ ਵੀ ਦੇਖਿਆ, ਇਕ ਵਾਰ ਤਾਂ ਜ਼ਰੂਰ ਕੰਬ ਗਿਆ। ਸੋਸ਼ਲ ਮੀਡੀਆ ’ਤੇ ਇਸ ਹਾਦਸੇ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।

ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਲੱਗਣ ਵਾਲੇ ਮੇਲਿਆਂ ਨੂੰ ਲੈ ਕੇ ਲੋਕਾਂ ’ਚ ਵੱਖਰਾ ਉਤਸ਼ਾਹ ਰਹਿੰਦਾ ਹੈ। ਕਈ ਮੇਲਿਆਂ ਦੀ ਸੱਭਿਆਚਾਰਕ ਤੇ ਪੁਰਾਤਨ ਮਹੱਤਤਾ ਹੋਣ ਕਾਰਨ ਹਰੇਕ ਵਰ੍ਹੇ ਉਨ੍ਹਾਂ ਦੀ ਉਡੀਕ ਕੀਤੀ ਜਾਂਦੀ ਹੈ। ਇਸ ਵਾਰ ਫਰੀਦਾਬਾਦ ’ਚ ਸੂਰਜ ਕੁੰਡ ਮੇਲੇ ਮੌਕੇ ਲੋਕਾਂ ਦਾ ਝੂਲਾ ਤੇ ਦੂਜੀ ਥਾਂ ਗੇਟ ਟੁੱਟਣ ਦੀਆਂ ਘਟਨਾਵਾਂ ਨੇ ਮਜ਼ਾ ਕਿਰਕਿਰਾ ਕਰ ਦਿੱਤਾ ਹੈ। ਇਸ ਭਿਆਨਕ ਹਾਦਸੇ ਨੇ ਲੱਖਾਂ ਦੇ ਇਕੱਠ ਵਾਲੇ ਅਜਿਹੇ ਮੇਲਿਆਂ ਦੇ ਅੰਦਰੂਨੀ ਪ੍ਰਬੰਧਾਂ ’ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ ਇਹ ਮੇਲਾ ਆਲਮੀ ਪੱਧਰ ’ਤੇ ਕਈ ਸਾਲਾਂ ਤੋਂ ਮਸ਼ਹੂਰ ਹੈ। ਦਰਅਸਲ, ਮੇਲੇ ’ਚ ਲੱਗਾ ਇਕ ਝੂਲਾ ਟੁੱਟਣ ਕਾਰਨ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਬਚਾਉਣ ਪੁੱਜੇ ਲੋਕਾਂ ਦੇ ਵੀ ਸੱਟਾਂ ਲੱਗੀਆਂ। ਮੇਲਾ ਵਾਲੀ ਥਾਂ ’ਤੇ ਗੇਟ ਨੰਬਰ-2 ਦਾ ਸ਼ਟਰ ਡਿੱਗਣ ਕਾਰਨ ਬੱਚੇ ਸਣੇ ਇਕ ਵਿਅਕਤੀ ਜ਼ਖ਼ਮੀ ਹੋਇਆ। ਇਹ ਮੇਲਾ ਹਰੇਕ ਸਾਲ ਫਰਵਰੀ ਮਹੀਨੇ ਲੱਗਦਾ ਹੈ ਤੇ ਦੋ ਹਫ਼ਤਿਆਂ ਤੱਕ ਲੱਖਾਂ ਲੋਕਾਂ ਦਾ ਇੱਥੇ ਇਕੱਠ ਜੁੜਦਾ ਹੈ। ਇਸ ਦੀ ਵਜ੍ਹਾ ਇਸ ਮੇਲੇ ’ਚ ਲੱਗਣ ਵਾਲੇ ਵੱਖ-ਵੱਖ ਸਟਾਲ ਹਨ। ਰਵਾਇਤੀ ਤਰੀਕੇ ਨਾਲ ਬਣੀਆਂ ਚੀਜ਼ਾਂ ਅਤੇ ਸੱਭਿਆਚਾਰ ਨਾਲ ਜੁੜੇ ਸਾਮਾਨ ਦੀ ਵੱਡੇ ਪੱਧਰ ’ਤੇ ਲੋਕ ਖ਼ਰੀਦੋ-ਫਰੋਖ਼ਤ ਕਰਦੇ ਹਨ। ਇਸ ਮੇਲੇ ’ਚ ਦੁਨੀਆ ਭਰ ਤੋਂ ਲੋਕ ਸ਼ਾਮਲ ਹੁੰਦੇ ਹਨ ਤੇ ਭਾਰਤੀ ਸੱਭਿਆਚਾਰ, ਖਾਣ-ਪੀਣ ਤੇ ਲੋਕ ਸੰਗੀਤ ਦੇ ਦਰਸ਼ਨ ਕਰਦੇ ਹਨ ਪਰ ਝੂਲਾ ਟੁੱਟਣ ਦਾ ਦ੍ਰਿਸ਼ ਜਿਸ ਨੇ ਵੀ ਦੇਖਿਆ, ਇਕ ਵਾਰ ਤਾਂ ਜ਼ਰੂਰ ਕੰਬ ਗਿਆ। ਸੋਸ਼ਲ ਮੀਡੀਆ ’ਤੇ ਇਸ ਹਾਦਸੇ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਇਸ ਨੂੰ ਦੇਖ ਕੇ ਅੰਦਾਜ਼ਾ ਲੱਗਦਾ ਹੈ ਕਿ ਝੂਲੇ ਦੀ ਗਤੀ ਕਿੰਨੀ ਤੇਜ਼ ਸੀ। ਇਸ ਮੇਲੇ ’ਚ ਪਿਛਲੇ ਸਾਲਾਂ ਦੌਰਾਨ ਵੀ ਕਈ ਹਾਦਸੇ ਵਾਪਰੇ ਹਨ। ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਮਚੀ ਭਾਜੜ ਅਤੇ ਫੂਡ ਸਟਾਲ ’ਤੇ ਅੱਗ ਲੱਗਣ ਦੇ ਹਾਦਸੇ ਵਾਪਰ ਚੁੱਕੇ ਹਨ। ਉੱਥੇ ਵੱਧ ਭੀੜ ਕਾਰਨ ਲੋਕਾਂ ਦਾ ਸਾਮਾਨ ਚੋਰੀ ਹੋਣਾ ਆਮ ਵਰਤਾਰਾ ਹੈ। ਸਾਲ 2021-22 ’ਚ ਇਸ ਮੇਲੇ ’ਚ ਕੋਰੋਨਾ ਤੋਂ ਬਾਅਦ ਸਿਹਤ ਸੁਰੱਖਿਆ ਨੂੰ ਦੇਖਦੇ ਹੋਏ ਇਸ ਦੀਆਂ ਤਰੀਕਾਂ ’ਚ ਫੇਰਬਦਲ ਹੋਣ ਨਾਲ ਵੀ ਲੋਕਾਂ ਨੂੰ ਪਰੇਸ਼ਾਨੀਆਂ ਹੋਈਆਂ। ਇਹ ਇਕੱਲਾ ਮੇਲਾ ਨਹੀਂ ਹੈ ਜਿੱਥੇ ਲੋਕਾਂ ਦੇ ਵੱਡੇ ਇਕੱਠ ’ਚ ਸੁਰੱਖਿਆ ਪ੍ਰਬੰਧਾਂ ਨਾਲ ਸਮਝੌਤਾ ਹੁੰਦਾ ਦਿਸਦਾ ਹੈ। ਮਹਾਕੁੰਭ ਦੌਰਾਨ ਮੌਨੀ ਮੱਸਿਆ ਇਸ਼ਨਾਨ ਵੇਲੇ ਮਚੀ ਭਾਜੜ ਦੌਰਾਨ ਵੀ ਸੈਂਕੜੇ ਲੋਕ ਇਕ-ਦੂਜੇ ਹੇਠਾਂ ਦਰੜੇ ਗਏ ਸਨ। ਬੈਰੀਕੇਡ ਟੁੱਟ ਗਏ ਅਤੇ ਚਾਰੇ ਪਾਸੇ ਚੀਕ-ਚਿਹਾੜਾ ਮਚ ਗਿਆ ਸੀ ਤੇ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋਈ ਸੀ। ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਭੋਲੇ ਬਾਬਾ ਦੇ ਸਤਿਸੰਗ ’ਚ ਵੀ ਭੀੜ ਬੇਕਾਬੂ ਹੋ ਗਈ ਸੀ। ਵੱਡੇ ਮੇਲਿਆਂ ’ਚ ਹੋਣ ਵਾਲੀਆਂ ਖ਼ੌਫ਼ਨਾਕ ਦੁਰਘਟਨਾਵਾਂ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬਣਾਏ ਮਾਪਦੰਡਾਂ ਨੂੰ ਪੁਖਤਾ ਤਰੀਕੇ ਨਾਲ ਲਾਗੂ ਕਰਨ ’ਚ ਕਿੱਥੇ ਉੱਕ ਜਾਂਦਾ ਹੈ? ਕੀ ਝੂਲੇ ਲਗਾਉਣ ਜਾਂ ਮੇਲਿਆਂ ਦੇ ਆਲੇ-ਦੁਆਲੇ ਬੈਰੀਕੇਡਿੰਗ ਜਾਂ ਗੇਟ ਲਗਾਉਣ ਵਾਲਿਆਂ ਦਾ ਸਾਮਾਨ ਜਾਂਚ ਦੇ ਦਾਇਰੇ ’ਚ ਨਹੀਂ ਲਿਆਂਦਾ ਜਾਂਦਾ? ਇਹ ਝੂਲੇ ਕਿਤੇ ਜੰਗਾਲ ਖਾਧੇ ਜਾਂ ਲੋਕਾਂ ਦਾ ਭਾਰ ਚੁੱਕਣ ਤੋਂ ਅਸਮਰੱਥ ਤਾਂ ਨਹੀਂ, ਇਸ ਬਾਰੇ ਅਧਿਕਾਰੀਆਂ ਵੱਲੋਂ ਖੁੱਲ੍ਹੀਆਂ ਅੱਖਾਂ ਨਾਲ ਕਿਉਂ ਨਹੀਂ ਜ਼ਮੀਨੀ ਪੱਧਰ ’ਤੇ ਜਾਂਚ-ਪੜਤਾਲ ਕੀਤੀ ਜਾਂਦੀ? ਸੂਰਜਕੁੰਡ ’ਚ ਹਾਦਸੇ ਤੋਂ ਬਾਅਦ ਲੋਕਾਂ ’ਚ ਵੀ ਇਸ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਬੇਯਕੀਨੀ ਵਧੇਗੀ। ਲੋਕਾਂ ਦਾ ਆਪਣਾ ਵੀ ਫ਼ਰਜ਼ ਹੈ ਕਿ ਇਨ੍ਹਾਂ ਝੂਲਿਆਂ ਤੇ ਹੋਰ ਮਨੋਰੰਜਨ ਦੇ ਸਾਧਨਾਂ ’ਤੇ ਪੈਰ ਧਰਨ ਲੱਗੇ ਜ਼ਰੂਰ ਇਨ੍ਹਾਂ ਦੇ ਸੁਰੱਖਿਅਤ ਹੋਣ ਬਾਰੇ ਜਾਂਚ ਕਰਨ। ਸਰਕਾਰਾਂ ਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਹਾਦਸੇ ਤੋਂ ਸਬਕ ਸਿੱਖਣਾ ਚਾਹੀਦਾ ਹੈ ਤਾਂ ਜੋ ਭਵਿੱਖ ’ਚ ਅਜਿਹੀ ਕੋਈ ਘਟਨਾ ਜਾਨਲੇਵਾ ਰੂਪ ਨਾ ਧਾਰ ਸਕੇ।