ਸੇਵਾਮੁਕਤੀ ਤੋਂ ਬਾਅਦ ਰਿਸ਼ਤੇਦਾਰਾਂ, ਸਮਾਜਿਕ, ਸਾਹਿਤਕ, ਧਾਰਮਿਕ ਤੇ ਦੋਸਤਾਂ ਮਿੱਤਰਾਂ ਦੇ ਸੱਦੇ ’ਤੇ ਸਮਾਗਮਾਂ ਵਿਚ ਜਾਣਾ ਆਮ ਰੁਝੇਵਾਂ ਬਣਿਆ ਰਹਿੰਦਾ ਹੈ। ਇਨ੍ਹਾਂ ’ਚੋਂ ਕਈ ਸਮਾਗਮ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਪੂਰੇ ਦਿਲ ਦੇ ਚਾਅ ਨਾਲ ਨਹੀਂ ਵੀ ਜਾਈ’ਦਾ ਪਰ ਫਿਰ ਵੀ ਇਸ ਰਾਜ਼ ਨੂੰ ਦਿਲ ’ਚ ਲੁਕੋ ਕੇ ਸਮਾਜਿਕ ਰਿਸ਼ਤਿਆਂ ਨੂੰ ਨਿਭਾਉਣ ਲਈ ਹਾਜ਼ਰੀ ਭਰਨੀ ਪੈਂਦੀ ਹੈ।

ਸੇਵਾਮੁਕਤੀ ਤੋਂ ਬਾਅਦ ਰਿਸ਼ਤੇਦਾਰਾਂ, ਸਮਾਜਿਕ, ਸਾਹਿਤਕ, ਧਾਰਮਿਕ ਤੇ ਦੋਸਤਾਂ ਮਿੱਤਰਾਂ ਦੇ ਸੱਦੇ ’ਤੇ ਸਮਾਗਮਾਂ ਵਿਚ ਜਾਣਾ ਆਮ ਰੁਝੇਵਾਂ ਬਣਿਆ ਰਹਿੰਦਾ ਹੈ। ਇਨ੍ਹਾਂ ’ਚੋਂ ਕਈ ਸਮਾਗਮ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਪੂਰੇ ਦਿਲ ਦੇ ਚਾਅ ਨਾਲ ਨਹੀਂ ਵੀ ਜਾਈ’ਦਾ ਪਰ ਫਿਰ ਵੀ ਇਸ ਰਾਜ਼ ਨੂੰ ਦਿਲ ’ਚ ਲੁਕੋ ਕੇ ਸਮਾਜਿਕ ਰਿਸ਼ਤਿਆਂ ਨੂੰ ਨਿਭਾਉਣ ਲਈ ਹਾਜ਼ਰੀ ਭਰਨੀ ਪੈਂਦੀ ਹੈ। ਇਹ ਵੀ ਸੱਚ ਹੈ ਕਿ ਕੁਝ ਸਮਾਗਮ ਐਸੇ ਹੁੰਦੇ ਹਨ, ਜਿਨ੍ਹਾਂ ’ਚ ਸ਼ਮੂਲੀਅਤ ਕਰਨ ਨਾਲ ਰੂਹ ਨੂੰ ਸਕੂਨ ਮਿਲਦਾ ਹੈ। ਅਜਿਹਾ ਹੀ ਮੇਰੇ ਨਾਲ ਬੀਤੇ ਦਿਨੀਂ ਹੋਇਆ। ਇਕ ਦਿਨ ਸ਼ਾਮ ਨੂੰ ਸਮਾਜਸੇਵੀ ਗੁਰਪ੍ਰੀਤ ਸਿੰਘ ਦਸੂਹੇ ਵਾਲੇ ਦਾ ਫੋਨ ਆਇਆ ਕਿ ਕੱਲ੍ਹ 29 ਜਨਵਰੀ ਨੂੰ ਸਰਤਾਜ-ਇ-ਔਲੀਆ ਸੁਲਤਾਨ-ਉਲ-ਆਰਫੀਨ ਹਜ਼ਰਤ ਮੌਲਵੀ ਗ਼ੁਲਾਮ ਰਸੂਲ ਆਲਮਪੁਰੀ (1849-1892) ਦਾ ਸਾਲਾਨਾ ਉਰਸ ਹੈ ਤੇ ਮੇਰੀ ਇੱਛਾ ਹੈ ਕਿ ਤੁਸੀਂ ਉੱਥੇ ਜੁੜੇ ਲੋਕਾਂ ਨੂੰ ਹਜ਼ਰਤ ਮੌਲਵੀ ਗ਼ੁਲਾਮ ਰਸੂਲ ਦੀਆਂ ਪੰਜਾਬ ਸਰਕਾਰ (ਭਾਸ਼ਾ ਵਿਭਾਗ), ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹੋਰ ਅਦਾਰਿਆਂ ਵੱਲੋਂ ਛਾਪੀਆਂ ਹੋਈਆਂ ਪੁਸਤਕਾਂ ਬਾਰੇ ਜਾਣਕਾਰੀ ਦਿਉ। ਮੈਂ ਮੌਲਵੀ ਗ਼ੁਲਾਮ ਰਸੂਲ ਦੀ ‘ਅਹਿਸੁਨੱਲ ਕਸਿੱਸ’ ਦਾ 1971 ਤੋਂ ਪਾਠਕ ਸੀ ਪਰ ਮੇਰਾ ਗਿਆਨ ਵਿਦਵਾਨਾਂ ਵਾਂਗ ਡੂੰਘੇਰਾ ਨਹੀਂ ਸੀ, ਤਾਂ ਵੀ ਮੈਂ ਫ਼ੈਸਲਾ ਕੀਤਾ ਕਿ ਅਜਿਹੇ ਨਿਸ਼ਕਾਮ ਸੇਵਕ ਦੇ ਸੱਦੇ ਉਤੇ ਵੀ ਜਾਣਾ ਚਾਹੀਦਾ ਹੈ। ਅਗਲੇ ਦਿਨ ਮੈਂ ਪਿੰਡ ਆਲਮਪੁਰ ਦੇ ਇਕ ਸੱਜਣ ਜੋਗਿੰਦਰ ਸਿੰਘ ਨਾਲ ਰਾਬਤਾ ਕਾਇਮ ਰੱਖਦਿਆਂ ਆਪਣੇ ਮਿੱਤਰ ਸੁਰਿੰਦਰ ਸਿੰਘ ਸਿੱਧੂ (ਫੋਟੋਗ੍ਰਾਫਰ) ਨਾਲ ਪਿੰਡ ਆਲਮਪੁਰ ਲਈ ਚੱਲ ਪਿਆ।
ਜਿਉਂ ਹੀ ਅਸੀਂ ਆਲਮਪੁਰ ਦੀ ਜੂਹ ਵਿਚ ਦਾਖ਼ਲ ਹੋਏ ਤਾਂ ਸਫ਼ਰ ਦੇ ਬਹੁਤੇ ਹਿੱਸੇ ਵਿਚ ਪਸਰੀ ਸਿਆਲਾਂ ਦੀ ਧੁੰਦ ਅਚਾਨਕ ਖ਼ਤਮ ਹੋ ਗਈ ਅਤੇ ਸਭ ਪਾਸੇ ਸਪਸ਼ਟ ਨਜ਼ਰ ਆਉਣ ਲੱਗ ਪਿਆ। ਮੈਨੂੰ ਕੁਦਰਤ ਦਾ ਇਹ ਜਲੌਅ ਕੋਈ ਰਹੱਸਮਈ ਸੰਦੇਸ਼ ਦੇ ਰਿਹਾ ਪ੍ਰਤੀਤ ਹੋਇਆ ਕਿ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਨਿਕਲ ਕੇ ਜ਼ਾਹਰਾ ਨਜ਼ਰ ਆਉਂਦੀਆਂ ਵਸਤੂਆਂ, ਸ਼ਖ਼ਸੀਅਤਾਂ ਤੇ ਧਾਰਮਿਕ ਸਥਾਨਾਂ ਦੀ ਪਛਾਣ ਕਰਨੀ ਚਾਹੀਦੀ ਹੈ। ਜਦੋਂ ਅਸੀਂ ਮਜ਼ਾਰ ’ਤੇ ਪਹੁੰਚੇ ਤਾਂ ਉੱਥੇ ਸ਼ਰਧਾਲੂ ਸੱਜਣ ਜੁੜੇ ਬੈਠੇ ਸਨ। ਇਹ ਸੱਜਣ ਮੌਲਵੀ ਗ਼ੁਲਾਮ ਰਸੂਲ ਬਾਰੇ ਜਾਂ ਉਨ੍ਹਾਂ ਦੇ ਸਥਾਨ ਬਾਰੇ ਸ਼ਰਧਾ ਭਾਵਨਾ ਤਾਂ ਰੱਖਦੇ ਸਨ ਪਰ ਉਨ੍ਹਾਂ ਨੂੰ ਮੌਲਵੀ ਸਾਹਿਬ ਦੀਆਂ ਸਾਹਿਤਕ ਸਿਰਜਨਾਵਾਂ ਬਾਰੇ ਬਹੁਤ ਘੱਟ ਗਿਆਨ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੌਲਵੀ ਸਾਹਿਬ ਬਹੁਤ ਵੱਡੇ ਹਕੀਮ, ਵੱਡੇ ਮੁਰਸ਼ਦ ਤੇ ਅਨੇਕਾਂ ਪੁਸਤਕਾਂ ਦੇ ਸਿਰਜਣਹਾਰ ਹਨ। ਸਰੋਤਿਆਂ ਨੂੰ ਮੌਲਵੀ ਸਾਹਿਬ ਦੀਆਂ ਪੁਸਤਕਾਂ ਅਹਿਸੁਨੱਲ ਕਸਿੱਸ, ਦਰਦ ਕੁਸੈਲੇ, ਚਿੱਠੀਆਂ, ਪੰਧਨਾਮਾ, ਚੌਪਟਨਾਮਾ, ਹੁਲੀਆ ਸ਼ਰੀਫ਼ , ਸੀਹਰਫੀ, ਯੂਸਫ਼ ਜ਼ੁਲੈਖਾਂ, ਦਾਸਤਾਨ ਅਮੀਰ ਹਮਜ਼ਾ, ਰੁਹ-ਉਲ-ਤਰਤੀਲ ਆਦਿ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਸੁਣ ਕੇ ਬਹੁਤ ਹੈਰਾਨ ਹੋਏ। ਮੈਂ ਉਨਾਂ ਨੂੰ ਡਬਲਯੂਐੱਚ ਲੈਟਨਰ ਦੀ 1883 ਵਿਚ ਛਪੀ ਪੁਸਤਕ ’ਇੰਡੀਜੀਨੀਅਸ ਐਜੂਕੇਸ਼ਨ ਇਨ ਪੰਜਾਬ’ (Indigenous Education in Panjab) ਦਾ ਪੰਨਾ 49 ਪੜ੍ਹ ਕੇ ਦੱਸਿਆ ਕਿ ਅੰਗਰੇਜ਼ ਰਾਜ ਸਮੇਂ ਮੌਲਵੀ ਸਾਹਿਬ ਆਪਣੇ ਮਕਤਬ ਵਿਚ 40 ਸ਼ਾਗਿਰਦਾਂ ਨੂੰ ਇਸ ਪਿੰਡ ’ਚ ਪੜ੍ਹਾਉਂਦੇ ਸਨ। ਮੌਲਵੀ ਸਾਹਿਬ ਹਿਕਮਤ ਦੇ ਮਾਹਿਰ ਹੋਣ ਕਾਰਨ ਦੁਖੀਆਂ ਨੂੰ ਦਵਾ-ਦਾਰੂ ਵੀ ਦਿੰਦੇ ਸਨ। ਜਦੋਂ ਸਾਹਮਣੇ ਬੈਠੇ ਸ਼ਰਧਾਲੂ ਸ਼ਾਂਤਚਿੱਤ ਹੋ ਕੇ ਮੇਰੀਆਂ ਗੱਲਾਂ ਸੁਣ ਰਹੇ ਸਨ ਤਾਂ ਉਨ੍ਹਾਂ ਵੱਲ ਵੇਖ ਕੇ ਮੈਨੂੰ ਵਰਡਜ਼ਵਰਥ ਦੀ ਲਿਖੀ ਹੋਈ ‘ਪ੍ਰਲਿਉਡ’ (A Prelude to Lyrical Ballads) ਵਾਰ-ਵਾਰ ਯਾਦ ਆ ਰਹੀ ਸੀ । ਇਸ ਵਿਚ ਉਸ ਨੇ ਲਿਖਿਆ ਹੈ ਕਿ ਪਦਾਰਥਵਾਦ ਤੋਂ ਨਿਰਲੇਪ ਕੁਦਰਤ ਦੀ ਗੋਦ ’ਚ ਰਹਿੰਦੇ ਲੋਕ ਰੱਬ ਦੇ ਵਧੇਰੇ ਨੇੜੇ ਹੁੰਦੇ ਹਨ ਤੇ ਉਹ ਸੱਚ ਨੂੰ ਛੇਤੀ ਪਛਾਣ ਜਾਂਦੇ ਹਨ।
ਸੁਣਨ ’ਚ ਆਇਆ ਕਿ ਪਵਿੱਤਰ ਮਜ਼ਾਰ ਦੇ ਨਾਂ ’ਤੇ ਕਈ ਏਕੜ ਵਿਚ ਫੈਲੀ ਔਕਾਫ ਬੋਰਡ ਅਧੀਨ ਇਸ ਜਗ੍ਹਾ ਲਈ ਔਕਾਫ ਬੋਰਡ ਆਪਣਾ ਬਣਦਾ ਫ਼ਰਜ਼ ਨਹੀਂ ਨਿਭਾ ਰਿਹਾ। ਹਾਂ ਜਿਸ ਸਕੂਲ ਵਿਚ ਮੌਲਵੀ ਸਾਹਿਬ ਪੜ੍ਹਾਉਂਦੇ ਸਨ, ਉਹ ਹੁਣ ਸਰਕਾਰੀ ਸਕੂਲ ਹੈ। ਉਸ ਸਕੂਲ ਦੀ ਲਾਇਬ੍ਰੇਰੀ ਦਾ ਨਾਂ ਮੌਲਵੀ ਗ਼ੁਲਾਮ ਰਸੂਲ ਲਾਇਬ੍ਰੇਰੀ ਹੈ। ਸਰੋਤਿਆਂ ’ਚ ਪਿੰਡ ਦਾ ਨੌਜੁਆਨ ਸਰਪੰਚ ਸੁਖਜਿੰਦਰ ਸਿੰਘ, ਸ਼ਮਸ਼ੇਰ ਸਿੰਘ, ਤਹਿਸੀਲਦਾਰ ਸਾਹਿਬ, ਗੁਰਪ੍ਰੀਤ ਸਿੰਘ, ਤਰਸੇਮ ਲਾਲ ਤੇ ਉਹਦਾ ਪੁੱਤਰ ਤੇ ਹੋਰ ਕਈ ਹਾਜ਼ਰ ਸਨ। ਬਾਅਦ ’ਚ ਨਿੱਜੀ ਮੁਲਾਕਾਤ ’ਚ ਇਕ ਸੱਜਣ ਨੇ ਦੱਸਿਆ ਕਿ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਮਹਾਨ ਦਰਵੇਸ਼ ਨੇ ਸਾਡੇ ਨਗਰ ਨੂੰ ਵਿੱਦਿਆ ਦਾ ਦਾਨ ਦੇ ਕੇ ਨਿਵਾਜਿਆ ਹੋਇਆ ਹੈ। ਅਜਿਹੀਆਂ ਗੱਲਾਂ ਕਰਦਿਆਂ ਮਿਲੇ ਸਕੂਨ ਨੂੰ ਅੱਜ ਦਾ ਹਾਸਿਲ ਸਮਝ ਕੇ ਮੈਂ ਉਥੋਂ ਆਪਣੀ ਅਗਲੀ ਮੰਜ਼ਿਲ ਵੱਲ ਤੁਰ ਪਿਆ। ਮੇਰਾ ਅਨੁਭਵ ਹੈ ਕਿ ਪੰਜਾਬ ’ਚ ਮੌਜੂਦ ਮਜ਼ਾਰਾਂ ਵਿੱਚੋਂ ਇਹ ਮਜ਼ਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਕੇਵਲ ਇਸ ਮਜ਼ਾਰ ਵਾਲੇ ਹਜ਼ਰਤ ਮੌਲਵੀ ਗ਼ੁਲਾਮ ਰਸੂਲ ਆਲਮਪੁਰੀ ਨੇ ਹੀ ਬਹੁਤ ਸਾਰੀਆਂ ਪੁਸਤਕਾਂ ਦੀ ਸਿਰਜਣਾ ਕੀਤੀ ਹੋਈ ਹੈ। ਪੰਜਾਬ ਆਰਕਾਈਵਜ਼ ਵਿਭਾਗ ਇਸ ਸਥਾਨ ਨੂੰ ਕੌਮੀ ਵਿਰਾਸਤ ਦਾ ਦਰਜਾ ਦੇ ਕੇ ਪੰਜਾਬ ਦੇ ਸਾਂਝੇ ਵਿਰਸੇ ਪ੍ਰਤੀ ਆਪਣਾ ਫ਼ਰਜ਼ ਅਦਾ ਕਰ ਸਕਦਾ ਹੈ।
ਇਹ ਮੌਕਾ ਮੇਲ (chance and coincidence) ਹੀ ਸੀ ਕਿ ਦਸੂਹੇ ਤੋਂ ਆਏ ਫੋਨ ਤੋਂ ਬਾਅਦ ਦੇਰ ਰਾਤ ਮੈਨੂੰ ਆਪਣੇ ਦਿਲ ’ਚ ਰੱਖਣ ਵਾਲੇ ਸਤਿੰਦਰ ਸਿੰਘ ਉਰਫ਼ 'ਮਿੱਠੀ' ਬੋਦਲਾਂ ਵਾਲੇ ਦਾ ਟੈਲੀਫੋਨ ਬੜੀ ਖਾੜਕੂ ਤੇ ਤੋਲਵੀਂ ਆਵਾਜ਼ ਵਿਚ ਆਇਆ ਕਿ ‘ਭਾਅ ਜੀ, ਸਮਾਂ ਬਹੁਤ ਥੋੜ੍ਹਾ ਹੈ। ਕੱਲ੍ਹ ਸਾਡੇ ਪਿੰਡ ਸਤਿੰਦਰ ਸਰਤਾਜ ਆ ਰਹੇ ਹਨ। ਉਨ੍ਹਾਂ ਨੇ ਡਾ. ਮਹਿੰਦਰ ਸਿੰਘ ਰੰਧਾਵਾ ਦੇ ਜੱਦੀ ਘਰ ਕੋਈ ਯਾਦਗਾਰ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕਰਨਾ ਹੈ। ਤੁਹਾਡਾ ਆਉਣਾ ਲਾਜ਼ਮੀ ਹੈ। ਤੁਸੀਂ ਕੱਲ੍ਹ ਇਕ ਵਜੇ ਪਿੰਡ ਪਹੁੰਚਣਾ ਹੈ, ਨਾਂਹ ਕਰਨ ਜਾਂ ਸੁਣਨ ਦੀ ਕੋਈ ਗੁੰਜਾਇਸ਼ ਨਹੀਂ ਹੈ।’ ਉਸ ਦੇ ਇਹ ਬੋਲ ਮੈਨੂੰ ਚੰਗੇ ਲੱਗੇ ਤੇ ਤੁਰੰਤ ਹਾਂ ਕਰਨ ਵਿਚ ਦੇਰ ਨਾ ਕੀਤੀ ਕਿਉਂਕਿ ਮੈਂ ਬੋਦਲਾਂ ਦੇ ਨਜ਼ਦੀਕ ਤਾਂ ਜਾਣਾ ਹੀ ਸੀ। ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਮੈਂ ਡਾ. ਮਹਿੰਦਰ ਸਿੰਘ ਰੰਧਾਵਾ (1907-1986) ਦਾ ਪਹਿਲਾਂ ਹੀ ਮਤਵਾਲਾ ਸੀ। ਮੈਂ ਆਪਣੇ ਮਨ ’ਚ ਝੂਰਿਆ ਕਰਦਾ ਸੀ ਕਿ ਸਾਰੇ ਪੰਜਾਬ ਨੂੰ ਕਲਾ ਤੇ ਸਾਹਿਤਕ ਸੁਹਜ ਨਾਲ ਸੰਵਾਰਨ ਵਾਲੇ ਦੇ ਆਪਣੇ ਪਿੰਡ ਵਿਚ ਕੋਈ ਯਾਦਗਾਰ ਨਹੀਂ ਹੈ। ਮੈਨੂੰ ਲੱਗਿਆ ਜਿਵੇਂ ਮੇਰੀ ਕਿਸੇ ਪੁਰਾਣੀ ਖ਼ਾਹਿਸ਼ ਨੂੰ ਬੂਰ ਪੈਣ ਦੀ ਕੰਨਸੋਅ ਮਿਲੀ ਹੋਵੇ।
ਆਲਮਪੁਰ ਦੀ ਧਾਰਮਿਕ ਤੇ ਸਾਹਿਤਕ ਮਹਿਫ਼ਲ ਤੋਂ ਬਾਅਦ ਮੈਂ ਸਮੇਂ ਸਿਰ ਪਿੰਡ ਬੋਦਲ ਪਹੁੰਚ ਗਿਆ। ਛੇਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਵਿਖੇ ਸੁੰਦਰ ਹਾਲ ’ਚ ਇਹ ਸਭਾ ਹੁੰਦੀ ਦੇਖ ਕੇ ਖ਼ੁਸ਼ੀ ਹੋਈ। ਇਸ ਸਭਾ ਵਿਚ ਡਾ. ਮਹਿੰਦਰ ਸਿੰਘ ਰੰਧਾਵਾ ਪਰਿਵਾਰ ਦੇ ਚੰਡੀਗੜ੍ਹ ਤੇ ਪ੍ਰਦੇਸਾਂ ਵਿਚ ਰਹਿੰਦੇ ਸਾਰੇ ਜੀਅ ਪਹੁੰਚੇ ਹੋਏ ਸੀ। ਪਿੰਡ ਬੋਦਲਾਂ ਦੇ ਪਤਵੰਤੇ ਸੱਜਣ ਅਤੇ ਡਾ. ਮਹਿੰਦਰ ਸਿੰਘ ਰੰਧਾਵਾ ਦੇ ਵੱਡੇ ਖ਼ਾਨਦਾਨ ਵਿੱਚੋਂ ਸਾਬਕਾ ਵਜ਼ੀਰ ਉਪਕਾਰ ਸਿੰਘ ਰੰਧਾਵਾ, ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ, ਐਡਵੋਕੇਟ ਭੁਪਿੰਦਰ ਸਿੰਘ ਰੰਧਾਵਾ ਆਦਿ ਮੌਜੂਦ ਸਨ। ਸਭਾ ਦੇ ਰੂਹੇ ਰਵਾਂ ਸਤਿੰਦਰ ਸਰਤਾਜ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਮਹਿੰਦਰ ਸਿੰਘ ਰੰਧਾਵਾ ਦੇ ਪੰਜਾਬ ਲਈ ਕੀਤੇ ਕੰਮ ਅਤੇ ਰੰਧਾਵਾ ਸਾਹਿਬ ਦੇ ਪਰਿਵਾਰ ਨਾਲ ਮੇਰੀ ਸਾਂਝ ਵਿੱਚੋਂ ਇਹ ਸੰਕਲਪ ਪੈਦਾ ਹੋਇਆ ਹੈ ਕਿ ਉਨ੍ਹਾਂ ਦੇ ਜੱਦੀ ਪਿੰਡ ਵਿਚ ਕੋਈ ਯਾਦਗਾਰ ਜਾਂ ਸਮਾਰਕ ਬਣਾਇਆ ਜਾਵੇ। ਉਸ ਦੀ ਡੂੰਘੀ ਸੋਚ ਵਾਲੇ ਖ਼ਿਆਲਾਂ ਨੇ ਸਰੋਤਿਆਂ ਨੂੰ ਕੀਲੀ ਰੱਖਿਆ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਮੈਂ ਸੰਖੇਪ ਸ਼ਬਦਾਂ ’ਚ ਇਕ-ਦੋ ਗੱਲਾਂ ਹੀ ਕੀਤੀਆਂ ਕਿ ‘ਡਾ. ਮਹਿੰਦਰ ਸਿੰਘ ਰੰਧਾਵਾ ਦੇ ਡਾਇਰੈਕਟਰ ਪੁਨਰ ਵਸੇਬਾ ਹੋਣ ਕਾਰਨ ਹੀ ਅੱਜ ਪੰਜਾਬੀ ਜ਼ਮੀਨਾਂ ਦੇ ਮਾਲਕ ਹਨ। ਹਰੀ ਕ੍ਰਾਂਤੀ ਲਿਆਉਣ, ਚੰਡੀਗੜ੍ਹ ਵਸਾਉਣ ਅਤੇ ਪੰਜਾਬ ਵਿਚ ਲਾਇਬ੍ਰੇਰੀਆਂ ਦਾ ਜਾਲ ਵਿਛਾਉਣ ਵਾਲੇ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਛੇਵਾਂ ਦਰਿਆ ਕਹਿਣਾ ਬਹੁਤ ਢੁੱਕਵਾਂ ਹੈ।’ ਜਦੋਂ 1980ਵਿਆਂ ਦੇ ਦੌਰ ਵਿਚ ਪੰਜਾਬ ਦੇ ਹਾਲਾਤ ਖ਼ਰਾਬ ਹੋਣੇ ਸ਼ੁਰੂ ਹੋਏ ਤਾਂ ਉਹ ਇਹੀ ਸਲਾਹ ਦਿੰਦੇ ਸਨ ਕਿ ਪੰਜਾਬ ਦੀ ਇਹ ਸਮੱਸਿਆ ਬੇਰੁਜ਼ਗਾਰ ਨੌਜਵਾਨਾਂ ਤੇ ਕਿਸਾਨਾਂ ਦੀ ਵਿਗੜੀ ਹੋਈ ਸਮੱਸਿਆ ਹੈ, ਇਸ ਨੂੰ ਇਸ ਪੱਧਰ ’ਤੇ ਹੱਲ ਕੀਤਾ ਜਾਵੇ, ਨਾ ਕਿ ਹੋਰ ਕੋਈ ਰੰਗਣ ਦੇ ਕੇ ਮਾਹੌਲ ਖ਼ਰਾਬ ਕੀਤਾ ਜਾਵੇ। ਸਭਾ ਦੀ ਸਮਾਪਤੀ ਉਪਰੰਤ ਸਾਰੇ ਹਾਜ਼ਰ ਸੱਜਣ ਪਿੰਡ ਬੋਦਲ ਦੀਆਂ ਗਲੀਆਂ ਲੰਘਦੇ ਹੋਏ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜੱਦੀ ਘਰ ਦੇਖਣ ਗਏ। ਇਸ ਉਪਰੰਤ ਸਾਰੇ ਮਹਿਮਾਨਾਂ ਨੂੰ ਭੋਜਨ ਇਸ ਤਰ੍ਹਾਂ ਸਜਾਇਆ ਤੇ ਛਕਾਇਆ ਗਿਆ, ਜਿਵੇਂ ਪੁਰਾਤਨ ਸਮਿਆਂ ਵਿਚ ਬੜੇ ਚਾਅ ਨਾਲ ਬਰਾਤਾਂ ਨੂੰ ਘਰ ’ਚ ਛਕਾਇਆ ਜਾਂਦਾ ਸੀ। ਮੈਂ ਵਾਪਸ ਘਰ ਪਹੁੰਚ ਕੇ ਪਿਛਲੇ ਚਰੰਜਾ ਸਾਲ ਤੋਂ ਰੋਜ਼ਾਨਾ ਲਿਖੀ ਜਾ ਰਹੀ ਡਾਇਰੀ ਵ’ਚ ਅੱਜ ਦੀ ਪ੍ਰਾਪਤੀ ਬਾਰੇ ਇਉਂ ਲਿਖਣਾ ਸ਼ੁਰੂ ਕੀਤਾ, ‘ਅੱਜ ਦਾ ਰੋਜ਼ ਮੁਬਾਰਕ ਚੜ੍ਹਿਆ।’
- ਚੇਤਨ ਸਿੰਘ