- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਨੂੰ ਸਿਰਫ਼ ਇਕ ਸੰਗਠਨਾਤਮਕ ਤਬਦੀਲੀ ਵਜੋਂ ਨਹੀਂ ਦੇਖਿਆ ਜਾ ਰਿਹਾ, ਸਗੋਂ ਇਸ ਨੂੰ ਉਸ ਵਰਗ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ ਜੋ ਲੰਮੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਰਵਾਇਤੀ ਆਧਾਰ ਰਿਹਾ ਹੈ ਪਰ ਸਵਾਲ ਇਹ ਹੈ ਕਿ ਕੀ ਇਕ ਨਵੇਂ ਚਿਹਰੇ ਨਾਲ ਪਾਰਟੀ ਨੂੰ ਉਹ ਸਿਆਸੀ ਲਾਭ ਮਿਲ ਸਕੇਗਾ, ਜਿਸ ਦੀ ਉਸ ਨੂੰ ਉਮੀਦ ਹੈ?

19 ਜੂਨ ਤੋਂ ਸ਼ੁਰੂ ਹੋ ਰਿਹਾ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦਾ ਤਿੰਨ ਦਿਨਾਂ ਪੰਜਾਬ ਦੌਰਾ ਆਮ ਸੰਗਠਨਾਤਮਕ ਗਤੀਵਿਧੀ ਤੋਂ ਕਿਤੇ ਵੱਧ ਮਹੱਤਵ ਰੱਖਦਾ ਹੈ। ਇਹ ਦੌਰਾ ਉਸ ਸਮੇਂ ਹੋ ਰਿਹਾ ਹੈ, ਜਦੋਂ ਪੰਜਾਬ ਭਾਜਪਾ ਨੇ 2029 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ ਅਤੇ ਹਾਲ ਹੀ ’ਚ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾ ਕੇ ਇਕ ਨਵਾਂ ਰਾਜਨੀਤਿਕ ਸੰਕੇਤ ਵੀ ਦਿੱਤਾ ਹੈ। ਨਿਤਿਨ ਨਬੀਨ 19 ਜੂਨ ਨੂੰ ਅਮਿ੍ਰਤਸਰ ਪਹੁੰਚਣਗੇ, ਜਿੱਥੇ ਉਹ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਣਗੇ। ਇਸ ਤੋਂ ਬਾਅਦ ਉਹ ਪਾਰਟੀ ਆਗੂਆਂ, ਅਹੁਦੇਦਾਰਾਂ ਅਤੇ ਕਾਰਕੁਨਾਂ ਨਾਲ ਮੀਟਿੰਗਾਂ ਕਰਨਗੇ। ਭਾਵੇਂ ਦੌਰੇ ਦਾ ਅਧਿਕਾਰਕ ਏਜੰਡਾ ਸੰਗਠਨ ਨੂੰ ਮਜ਼ਬੂਤ ਕਰਨਾ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਪਿੱਛੇ ਕਈ ਵੱਡੇ ਰਾਜਨੀਤਿਕ ਸਵਾਲ ਲੁਕੇ ਹੋਏ ਹਨ। ਪੰਜਾਬ ’ਚ ਭਾਜਪਾ ਦੀ ਸਭ ਤੋਂ ਵੱਡੀ ਚੁਣੌਤੀ ਅਜੇ ਵੀ ਆਪਣਾ ਵਿਸ਼ਾਲ ਸਮਾਜਿਕ ਆਧਾਰ ਤਿਆਰ ਕਰਨਾ ਹੈ। ਕਿਸਾਨ ਅੰਦੋਲਨ ਤੋਂ ਬਾਅਦ ਬਣੀ ਸਿਆਸੀ ਸਥਿਤੀ ਨੇ ਪਾਰਟੀ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਸਨ। ਇਸ ਕਰਕੇ ਹੁਣ ਭਾਜਪਾ ਪੰਜਾਬ ਦੀ ਸਮਾਜਿਕ ਬਣਤਰ ਨੂੰ ਧਿਆਨ ’ਚ ਰੱਖਦੇ ਹੋਏ ਨਵੇਂ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਸੰਦਰਭ ’ਚ ਜੱਟ ਸਿੱਖ ਚਿਹਰੇ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਫ਼ੈਸਲਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਨੂੰ ਸਿਰਫ਼ ਇਕ ਸੰਗਠਨਾਤਮਕ ਤਬਦੀਲੀ ਵਜੋਂ ਨਹੀਂ ਦੇਖਿਆ ਜਾ ਰਿਹਾ, ਸਗੋਂ ਇਸ ਨੂੰ ਉਸ ਵਰਗ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ ਜੋ ਲੰਮੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਰਵਾਇਤੀ ਆਧਾਰ ਰਿਹਾ ਹੈ ਪਰ ਸਵਾਲ ਇਹ ਹੈ ਕਿ ਕੀ ਇਕ ਨਵੇਂ ਚਿਹਰੇ ਨਾਲ ਪਾਰਟੀ ਨੂੰ ਉਹ ਸਿਆਸੀ ਲਾਭ ਮਿਲ ਸਕੇਗਾ, ਜਿਸ ਦੀ ਉਸ ਨੂੰ ਉਮੀਦ ਹੈ? ਪੰਜਾਬ ਦੀ ਰਾਜਨੀਤੀ ’ਚ ਚਿਹਰਿਆਂ ਦੇ ਨਾਲ-ਨਾਲ ਭਰੋਸੇ ਅਤੇ ਲਗਾਤਾਰ ਜ਼ਮੀਨੀ ਪੱਧਰ ’ਤੇ ਕੰਮ ਦੀ ਵੀ ਉਤਨੀ ਹੀ ਅਹਿਮੀਅਤ ਹੁੰਦੀ ਹੈ। ਦੂਜੇ ਪਾਸੇ, ਭਾਜਪਾ ਅੰਦਰ ਇਕ ਹੋਰ ਚਰਚਾ ਲਗਾਤਾਰ ਚੱਲ ਰਹੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਪਾਰਟੀਆਂ ਤੋਂ ਆਏ ਕਈ ਨੇਤਾਵਾਂ ਨੂੰ ਭਾਜਪਾ ’ਚ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਸ ਨਾਲ ਸੰਗਠਨ ਦਾ ਘੇਰਾ ਤਾਂ ਵਧਿਆ ਹੈ ਪਰ ਪਾਰਟੀ ਦੇ ਪੁਰਾਣੇ ਕਾਰਕੁਨਾਂ ’ਚ ਅਸੰਤੋਸ਼ ਵੀ ਦਿਖਾਈ ਦਿੰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਔਖੇ ਸਮੇਂ ’ਚ ਪਾਰਟੀ ਲਈ ਕੰਮ ਕੀਤਾ, ਉਨ੍ਹਾਂ ਦੀ ਥਾਂ ਹੁਣ ਬਾਹਰੋਂ ਆਏ ਆਗੂਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹ ਅਸੰਤੋਸ਼ ਚੋਣਾਂ ਦੇ ਸਮੇਂ ਕਿਸੇ ਵੀ ਪਾਰਟੀ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ। ਸਭ ਤੋਂ ਵੱਡਾ ਅਤੇ ਸਭ ਤੋਂ ਦਿਲਚਸਪ ਸਵਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸੰਭਾਵਿਤ ਭਾਈਵਾਲੀ ਨੂੰ ਲੈ ਕੇ ਹੈ। ਰਾਜਨੀਤਿਕ ਹਲਕਿਆਂ ’ਚ ਲਗਾਤਾਰ ਚਰਚਾ ਹੈ ਕਿ ਕੀ ਦੋਵੇਂ ਪੁਰਾਣੇ ਸਾਥੀ ਮੁੜ ਇਕੱਠੇ ਹੋ ਸਕਦੇ ਹਨ। ਇਸ ਮਾਮਲੇ ’ਚ ਸਿਰਫ਼ ਗਿਣਤੀ ਦਾ ਹਿਸਾਬ ਹੀ ਨਹੀਂ, ਸਗੋਂ ਕਾਰਕੁਨਾਂ ਦੀ ਮਨੋਸਥਿਤੀ ਅਤੇ ਬਦਲੇ ਹੋਏ ਰਾਜਨੀਤਿਕ ਹਾਲਾਤ ਵੀ ਅਹਿਮ ਹਨ। ਅਜਿਹੇ ’ਚ ਸਭ ਦੀ ਨਜ਼ਰ ਇਸ ਗੱਲ ’ਤੇ ਹੋਵੇਗੀ ਕਿ ਕੀ ਰਾਸ਼ਟਰੀ ਪ੍ਰਧਾਨ ਪੰਜਾਬ ਇਕਾਈ ਤੋਂ ਇਸ ਮਸਲੇ ’ਤੇ ਸਿੱਧੀ ਰਾਏ ਲੈਣਗੇ ਜਾਂ ਨਹੀਂ। ਜੇ ਪਾਰਟੀ ਸੱਚਮੁੱਚ ਸੂਬਾਈ ਲੀਡਰਸ਼ਿਪ ਅਤੇ ਜ਼ਮੀਨੀ ਕਾਰਕੁਨਾਂ ਦੀ ਗੱਲ ਸੁਣਦੀ ਹੈ ਤਾਂ ਇਹ ਉਸ ਦੀ ਅੰਦਰੂਨੀ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਕਰੇਗਾ। ਇਹ ਦੌਰਾ ਭਾਜਪਾ ਲਈ ਸਿਰਫ਼ ਰਸਮੀ ਪ੍ਰੋਗਰਾਮ ਨਹੀਂ, ਸਗੋਂ ਇਕ ਅਹਿਮ ਮੌਕਾ ਹੈ। ਮੌਕਾ ਇਸ ਗੱਲ ਦਾ ਕਿ ਪਾਰਟੀ ਆਪਣੇ ਕਾਰਕੁਨਾਂ ਦੀਆਂ ਚਿੰਤਾਵਾਂ ਸੁਣੇ, ਪੰਜਾਬ ਲਈ ਭਵਿੱਖ ਦੀ ਰਣਨੀਤੀ ਸਪੱਸ਼ਟ ਕਰੇ ਅਤੇ ਗਠਜੋੜ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਆਪਣੀ ਸੋਚ ਨੂੰ ਦਿਸ਼ਾ ਦੇਵੇ। ਸਾਲ 2027 ਦੀਆਂ ਚੋਣਾਂ ਭਾਵੇਂ ਅਜੇ ਕੁਝ ਦੂਰ ਹਨ ਪਰ ਉਨ੍ਹਾਂ ਦੀ ਤਿਆਰੀ ਹੁਣੇ ਤੋਂ ਸ਼ੁਰੂ ਹੋ ਚੁੱਕੀ ਹੈ। ਨਿਤਿਨ ਨਬੀਨ ਦਾ ਪੰਜਾਬ ਦੌਰਾ ਇਸ ਤਿਆਰੀ ਦਾ ਪਹਿਲਾ ਵੱਡਾ ਇਮਤਿਹਾਨ ਸਾਬਤ ਹੋ ਸਕਦਾ ਹੈ।