ਜਦੋਂ ਮੈਂ ਚੌਥੀ ਜਮਾਤ ਵਿਚ ਚੜ੍ਹਿਆ ਤਾਂ ਸਾਡੇ ਸਕੂਲ ਵਿਚ ਇਕ ਨਵੇਂ ਅਧਿਆਪਕ ਆਏ। ਬਿਲਕੁਲ ਕੋਈ ਸੰਤ ਲੱਗ ਰਹੇ ਸਨ। ਚਿੱਟਾ ਕੁੜਤਾ-ਪਜਾਮਾ, ਚਿੱਟੀ ਪਗੜੀ ਤੇ ਚਿੱਟੀ ਹੀ ਖੁੱਲ੍ਹੀ ਦਾਹੜੀ। ਉਹ ਬੋਲਦੇ ਵੀ ਬਹੁਤ ਮਿੱਠਾ ਸਨ। ਗੁੱਸਾ ਤਾਂ ਕਦੇ ਉਨ੍ਹਾਂ ਦੇ ਚਿਹਰੇ ’ਤੇ ਦੇਖਿਆ ਹੀ ਨਹੀਂ ਸੀ।

ਸਾਡੇ ਪਿੰਡ ਕੋਈ ਸਕੂਲ ਨਹੀਂ ਸੀ। ਪੜ੍ਹਨ ਲਈ ਲਾਗਲੇ ਪਿੰਡ ਜਾਣਾ ਪੈਂਦਾ ਸੀ। ਕੱਚੇ ਰਾਹਾਂ ਵਿਚ ਤੁਰਦਿਆਂ ਸਰਦੀਆਂ ਵਿਚ ਸਵੇਰੇ ਠੰਢ ਦਾ ਮੁਕਾਬਲਾ ਕਰਨਾ ਪੈਂਦਾ ਸੀ ਅਤੇ ਗਰਮੀਆਂ ਵਿਚ ਮੁੜਦਿਆਂ ਤਪਦੀ ਦੁਪਹਿਰ ਦਾ ਸੇਕ ਝੱਲਣਾ ਪੈਂਦਾ ਸੀ। ਫਿਰ ਵੀ ਹੱਸਦੇ-ਖੇਡਦੇ ਸਫ਼ਰ ਹੋ ਹੀ ਜਾਂਦਾ ਸੀ। ਬਰਸਾਤ ਦੇ ਦਿਨਾਂ ਵਿਚ ਹੋਰ ਵੀ ਦਿੱਕਤ ਆਉਂਦੀ ਸੀ। ਰਾਹ ਵਿਚ ਵੇਈਂ ਨਦੀ ਪੈਂਦੀ ਸੀ। ਜਦੋਂ ਝੜੀ ਲੱਗਦੀ ਤਾਂ ਉਥੇ ਹੜ੍ਹ ਆ ਜਾਣਾ ਤੇ ਵਾਪਸ ਮੁੜਨਾ ਪੈਂਦਾ ਸੀ। ਸਾਡਾ ਪ੍ਰਾਇਮਰੀ ਸਕੂਲ ਚੌਥੀ ਜਮਾਤ ਤੱਕ ਸੀ। ਮੈਂ ਸਾਲ 1947 ਦੀ ਵੱਢਟੁੱਕ ਪਿਛੋਂ ਸਕੂਲ ਵਿਚ ਦਾਖ਼ਲ ਹੋਇਆ ਸੀ।
ਆਜ਼ਾਦੀ ਦਾ ਜਦੋਂ ਸਾਰਾ ਦੇਸ਼ ਨਿੱਘ ਮਾਣ ਰਿਹਾ ਸੀ ਤਾਂ ਪੰਜਾਬ ਇਤਿਹਾਸ ਦਾ ਸਭ ਤੋਂ ਭੈੜਾ ਸੰਤਾਪ ਭੁਗਤ ਰਿਹਾ ਸੀ। ਹਰ ਪਾਸੇ ਲੁੱਟ, ਮਾਰ ਤੇ ਕਤਲ ਹੋ ਰਹੇ ਸਨ। ਔਰਤਾਂ ਦੀ ਇੱਜ਼ਤ ਲੁੱਟੀ ਜਾ ਰਹੀ ਸੀ। ਦਸ ਲੱਖ ਤੋਂ ਵੱਧ ਲੋਕ ਉੱਜੜ ਕੇ ਸਰਹੱਦੋਂ ਪਾਰੋਂ ਆਏ ਤੇ ਇਤਨੇ ਕੁ ਹੀ ਲੋਕ ਇੱਧਰੋਂ-ਓਧਰ ਗਏ। ਉਸ ਸਾਲ ਮੀਂਹ ਬਹੁਤ ਪਏ। ਸ਼ਾਇਦ ਕੁਦਰਤ ਲਹੂ ਨਾਲ ਲਿੱਬੜੀ ਧਰਤੀ ਨੂੰ ਧੋਣਾ ਚਾਹੁੰਦੀ ਸੀ ਅਤੇ ਥਾਂ-ਥਾਂ ਰੁਲਦੀਆਂ ਲਾਸ਼ਾ ਨੂੰ ਟਿਕਾਣੇ ਲਗਾਉਣਾ ਚਾਹੁੰਦੀ ਸੀ।
ਬਹੁਤੇ ਲੋਕਾਂ ਦੇ ਕੱਚੇ ਕੋਠੇ ਢਹਿ ਗਏ। ਸਾਡਾ ਸਕੂਲ ਵੀ ਬਰਸਾਤ ਦੀ ਮਾਰ ਨਾ ਝੱਲਦਾ ਹੋਇਆ ਢਹਿ ਗਿਆ। ਪਿੰਡ ਵਾਲਿਆਂ ਇਕ ਕਮਰੇ ਦੀ ਮੁੜ ਉਸਾਰੀ ਕੀਤੀ, ਜਿਸ ਨੂੰ ਸਟਾਫ ਰੂਮ ਅਤੇ ਡਾਕਘਰ ਲਈ ਵਰਤਿਆ ਜਾਣ ਲੱਗਾ। ਅਸੀਂ ਚਾਰੇ ਸਾਲ ਸਰਦੀਆਂ ਵਿਚ ਧੁੱਪੇ ਬੈਠ ਅਤੇ ਗਰਮੀਆਂ ਵਿਚ ਰੁੱਖਾਂ ਦੀ ਛਾਂਵੇ ਬੈਠ ਕਲਾਸਾਂ ਲਗਾਈਆਂ ਸਨ। ਜਦੋਂ ਕਦੇ ਮੀਂਹ ਪੈਣ ਲੱਗ ਜਾਣਾ ਤਾਂ ਸਾਰਿਆਂ ਬੱਚਿਆਂ ਨੇ ਦੌੜ ਕੇ ਪਿੰਡ ਦੇ ਦਰਵਾਜ਼ੇ ਜਾ ਕੇ ਖੜ੍ਹੇ ਹੋਣਾ। ਸਾਡੇ ਅਧਿਆਪਕ ਚਿੱਟੇ ਪਜਾਮੇ ਪਾਉਂਦੇ ਸਨ ਤੇ ਲੜ ਛੱਡ ਕੇ ਪਗੜੀ ਬੰਨ੍ਹਦੇ ਸਨ। ਅਧਿਆਪਕਾਂ ਨੂੰ ਬਹੁਤ ਹੀ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਪਿੰਡ ਵਿਚ ਵੀ ਜੇਕਰ ਕੋਈ ਪੜ੍ਹਿਆ-ਲਿਖਿਆ ਹੁੰਦਾ ਸੀ ਤਾਂ ਉਸ ਨੂੰ ਮਾਸਟਰ ਆਖ ਬੁਲਾਇਆ ਜਾਂਦਾ ਸੀ।
ਜਦੋਂ ਮੈਂ ਚੌਥੀ ਜਮਾਤ ਵਿਚ ਚੜ੍ਹਿਆ ਤਾਂ ਸਾਡੇ ਸਕੂਲ ਵਿਚ ਇਕ ਨਵੇਂ ਅਧਿਆਪਕ ਆਏ। ਬਿਲਕੁਲ ਕੋਈ ਸੰਤ ਲੱਗ ਰਹੇ ਸਨ। ਚਿੱਟਾ ਕੁੜਤਾ-ਪਜਾਮਾ, ਚਿੱਟੀ ਪਗੜੀ ਤੇ ਚਿੱਟੀ ਹੀ ਖੁੱਲ੍ਹੀ ਦਾਹੜੀ। ਉਹ ਬੋਲਦੇ ਵੀ ਬਹੁਤ ਮਿੱਠਾ ਸਨ। ਗੁੱਸਾ ਤਾਂ ਕਦੇ ਉਨ੍ਹਾਂ ਦੇ ਚਿਹਰੇ ’ਤੇ ਦੇਖਿਆ ਹੀ ਨਹੀਂ ਸੀ। ਉਹ ਜਲੰਧਰ ਤੋਂ ਬਦਲ ਕੇ ਆਏ ਸੀ। ਪਤਾ ਨਹੀਂ ਇੰਨੀ ਦੂਰ ਇਕ ਪਿੰਡ ਵਿਚ ਜਿਹੜਾ ਪੱਕੀ ਸੜਕ ਤੋਂ ਵੀ ਦੂਰ ਸੀ, ਉਨ੍ਹਾਂ ਦੀ ਬਦਲੀ ਕਿਉਂ ਹੋਈ। ਉਨ੍ਹਾਂ ਨੂੰ ਸਕੂਲ ਵਾਲੇ ਪਿੰਡ ਰਹਿਣ ਲਈ ਕੋਈ ਮਕਾਨ ਨਾ ਮਿਲਿਆ। ਅਸੀਂ ਆਪਣੇ ਨਾਲ ਉਨ੍ਹਾਂ ਨੂੰ ਆਪਣੇ ਪਿੰਡ ਲੈ ਆਏ। ਮੇਰੇ ਪਿਤਾ ਜੀ ਉਦੋਂ ਪਿੰਡ ਦੇ ਸਰਪੰਚ ਸਨ। ਪਹਿਲੀ ਵਾਰ ਪੰਚਾਇਤ ਬਣੀ ਸੀ। ਮੈਂ ਆਪਣੇ ਘਰ ਲੈ ਆਇਆ। ਉਹ ਪਿਤਾ ਜੀ ਦੇ ਜਾਣੂ ਨਿਕਲ ਆਏ। ਸਾਡੇ ਪਿੰਡ ਇਕ ਮਕਾਨ ਖਾਲੀ ਸੀ। ਉਹ ਉਨ੍ਹਾਂ ਨੂੰ ਦੇ ਦਿੱਤਾ ਗਿਆ।
ਦੋ ਕੁ ਦਿਨ ਉਨ੍ਹਾਂ ਰੋਟੀ ਸਾਡੇ ਘਰੋਂ ਖਾਧੀ ਤੇ ਮੁੜ ਉਹ ਆਖਣ ਲੱਗੇ ਮੈਂ ਆਪਣੀ ਰੋਟੀ ਆਪ ਬਣਾਂਵਾਂਗਾ। ਪਰ ਪਿੰਡ ਵਾਲਿਆਂ ਅਜਿਹਾ ਨਹੀਂ ਕਰਨ ਦਿੱਤਾ। ਮਾਸਟਰ ਜੀ ਲਈ ਰੋਟੀ ਦੀਆਂ ਵਾਰੀਆਂ ਬੰਨ੍ਹ ਲਈਆਂ ਗਈਆਂ। ਅਜਿਹਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਜਲੰਧਰ ਤੋਂ ਅਗਲੇ ਸਾਲ ਉਨ੍ਹਾਂ ਦਾ ਪਰਿਵਾਰ ਨਾ ਆ ਗਿਆ। ਪਰਿਵਾਰ ਆਏ ਤੋਂ ਵੀ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕੁਝ ਵੀ ਮੁੱਲ ਲੈਣ ਨਹੀਂ ਦਿੱਤਾ, ਸਗੋਂ ਆਟਾ, ਦਾਲਾਂ, ਗੁੜ, ਸ਼ੱਕਰ, ਦੁੱਧ, ਸਬਜ਼ੀਆਂ ਆਦਿ ਲੋਕਾਂ ਵੱਲੋਂ ਆਉਂਦੀਆਂ ਰਹੀਆਂ। ਮਾਸਟਰ ਜੀ ਨੇ ਪਹਿਲਾ ਕੰਮ ਇਹ ਕੀਤਾ ਕਿ ਆਪਣੇ ਘਰ ਰਾਤ ਨੂੰ ਕਲਾਸ ਸ਼ੁਰੂ ਕੀਤੀ। ਜਿਹੜੇ ਬੱਚੇ ਸਕੂਲ ਨਹੀਂ ਜਾਂਦੇ ਸਨ, ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਰ ਕੇ ਬੱਚਿਆਂ ਨੂੰ ਰਾਤ ਦੀ ਕਲਾਸ ਵਿਚ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਮੁੜ ਸਕੂਲ ਦਾਖ਼ਲ ਕਰਵਾਇਆ। ਉਦੋਂ ਦੇਸ਼ ਵਿਚ ਅਨਾਜ ਦੀ ਥੁੜ੍ਹ ਸੀ। ਸਰਕਾਰ ਵੱਲੋਂ ਸਾਰੇ ਦੇਸ਼ ਵਿਚ ਗ੍ਰੋ ਮੋਰ ਫੂਡ (ਹੋਰ ਅੰਨ ਉਗਾਵੋ) ਮੁਹਿੰਮ ਚਲਾਈ ਗਈ। ਇਸ ਦਾ ਮੰਤਵ ਕਿਸਾਨਾਂ ਨੂੰ ਵੱਧ ਪੈਦਾਵਾਰ ਲੈਣ ਲਈ ਉਤਸ਼ਾਹਤ ਕਰਨਾ ਸੀ। ਉਦੋਂ ਅਜੇ ਖੇਤੀ ਦੀ ਕੋਈ ਨਵੀਂ ਤਕਨਾਲੋਜੀ ਨਹੀਂ ਸੀ। ਇਸ ਮੁਹਿੰਮ ਦਾ ਪ੍ਰਚਾਰ ਕਰਨ ਲਈ ਸਕੂਲਾਂ ਨੂੰ ਆਖਿਆ ਗਿਆ। ਸਾਡੇ ਮਾਸਟਰ, ਜਿਨ੍ਹਾਂ ਨੂੰ ਸਾਰੇ ਗਿਆਨੀ ਜੀ ਆਖਦੇ ਸਨ, ਨੇ ਬੱਚਿਆਂ ਦਾ ਇਕ ਜਥਾ ਤਿਆਰ ਕੀਤਾ। ਕਿਸੇ ਨੂੰ ਕਵਿਤਾ ਯਾਦ ਕਰਵਾਈ। ਜਿਸ ਦੀ ਆਵਾਜ਼ ਚੰਗੀ ਸੀ, ਉਸ ਤੋਂ ਗੀਤ ਗਵਾਇਆ ਤੇ ਮੈਨੂੰ ਇਕ ਭਾਸ਼ਣ ਯਾਦ ਕਰਨ ਨੂੰ ਦਿੱਤਾ। ਚੌਥੀ ਜਮਾਤ ਦੇ ਸਾਰੇ ਬੱਚੇ ਹਫ਼ਤੇ ਵਿਚ ਇਕ ਦਿਨ ਕਿਸੇ ਲਾਗਲੇ ਪਿੰਡ ਜਲੂਸ ਤੇ ਜਲਸਾ ਕਰਦੇ ਸਨ। ਬਾਕੀ ਬੱਚਿਆਂ ਦੇ ਹੱਥਾਂ ਵਿਚ ਲਿਖੀਆਂ ਤਖ਼ਤੀਆਂ ਅਤੇ ਬੈਨਰ ਹੁੰਦੇ ਸਨ। ਉਨ੍ਹਾਂ ’ਤੇ ਆਮ ਤੌਰ ’ਤੇ ਸਲੋਗਨ ਲਿਖੇ ਹੁੰਦੇ ਸਨ ਰੂੜੀ ਨੂੰ ਟੋਇਆਂ ਵਿਚ ਰੱਖੋ, ਚੂਹਿਆਂ ਤੋਂ ਅੰਨ ਬਚਾਓ ਆਦਿ। ਪਿੰਡ ਵਿਚ ਚੱਕਰ ਲਗਾਉਣ ਪਿੱਛੋਂ ਇਕ ਸਾਂਝੀ ਥਾਂ ਜਲਸਾ ਕੀਤਾ ਜਾਂਦਾ ਸੀ। ਜਿੱਥੇ ਬੱਚੇ ਆਪੋ-ਆਪਣਾ ਆਈਟਮ ਪੇਸ਼ ਕਰਦੇ ਸਨ। ਪਿੰਡ ਵਾਸੀ ਬੱਚਿਆਂ ਲਈ ਖਾਣ-ਪੀਣ ਦਾ ਪ੍ਰਬੰਧ ਕਰ ਦਿੰਦੇ ਸਨ।
ਸਾਰੇ ਸਕੂਲ ਵਿਚ ਮਾਸਟਰ ਜੀ ਨੇ ਕਿਆਰੀਆਂ ਬਣਾ ਕੇ ਫੁੱਲਾਂ ਦੇ ਬੂਟੇ ਲਗਾਏ। ਸਕੂਲ ਦੇ ਬਾਹਰਵਾਰ ‘ਜੀ ਆਇਆਂ ਨੂੰ’ ਲਿਖਿਆ ਤੇ ਉੱਥੇ ਅਲਸੀ ਬੀਜੀ। ਅਲਸੀ ਦੇ ਜਦੋਂ ਫੁੱਲ ਖਿੜੇ ਤਾਂ ਜੀ ਆਇਆਂ ਬਹੁਤ ਸੁੰਦਰ ਦਿੱਖ ਦੇ ਰਿਹਾ ਸੀ। ਰਾਤ ਦੀ ਜਮਾਤ ਜਾਰੀ ਰਹੀ। ਉਹ ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਫੀਸ ਤੋਂ ਪੜ੍ਹਾਉਂਦੇ ਸਨ। ਉਦੋਂ ਪਿੰਡਾਂ ਵਿਚ ਬਿਜਲੀ ਨਹੀਂ ਸੀ। ਲੈਂਪ ਬਾਲ ਕੇ ਹੀ ਪੜ੍ਹਾਈ ਕੀਤੀ ਜਾਂਦੀ ਸੀ। ਉਹ ਤਿੰਨ ਸਾਲ ਸਾਡੇ ਪਿੰਡ ਰਹੇ ਤੇ ਮੁੜ ਉਨ੍ਹਾਂ ਆਪਣੀ ਬਦਲੀ ਜਲੰਧਰ ਕਰਵਾ ਲਈ। ਜਦੋਂ ਉਹ ਪਿੰਡੋਂ ਤੁਰੇ ਤਾਂ ਲਗਪਗ ਸਾਰਾ ਪਿੰਡ ਉਨ੍ਹਾਂ ਨੂੰ ਵਿਦਾਈ ਦੇਣ ਆਇਆ। ਬਹੁਤਿਆਂ ਦੀਆਂ ਅੱਖਾਂ ਵਿਚ ਅਥਰੂ ਸਨ। ਸਾਰੇ ਪਰਿਵਾਰ ਉਨ੍ਹਾਂ ਲਈ ਕੁਝ ਨਾ ਕੁਝ ਭੇਟ ਲੈ ਕੇ ਆਏ। ਪਿੰਡ ਦੇ ਟਾਂਗੇ ਵਿਚ ਸਵਾਰ ਕਰ ਕੇ ਉਨ੍ਹਾਂ ਨੂੰ ਭੇਜਿਆ ਗਿਆ, ਕਿਉਂਕਿ ਜਲੰਧਰ ਲਈ ਬੱਸ ਬੰਗਾ ਤੋਂ ਹੀ ਮਿਲਣੀ ਸੀ। ਗਿਆਨੀ ਜੀ ਸਹੀ ਅਰਥਾਂ ਵਿਚ ਅਧਿਆਪਕ ਸਨ, ਜਿਨ੍ਹਾਂ ਨੇ ਸਾਡੇ ਪਿੰਡ ਦੇ ਲਗਪਗ ਸਾਰੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਆ।
-ਡਾ. ਰਣਜੀਤ ਸਿੰਘ
-ਮੋਬਾਈਲ : 94170-87328