ਹਰ ਕੋਈ ਆਪਣੀ ਆਵਾਜ਼ ਉੱਚੀ ਕਰਨ ਵਿਚ ਲੱਗਾ ਹੁੰਦਾ ਹੈ ਅਤੇ ਇਸ ਸ਼ੋਰ ਵਿਚ ਮਨੁੱਖ ਆਪਣੇ ਅੰਦਰ ਦੀ ਗੂੰਜ ਸੁਣਨੀ ਭੁੱਲ ਜਾਂਦਾ ਹੈ। ਭੀੜ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਹ ਮਨੁੱਖ ਨੂੰ ਉਸ ਤੋਂ ਹੀ ਦੂਰ ਕਰ ਦਿੰਦੀ ਹੈ। ਮਨੁੱਖ ਉਹੀ ਕਰਨ ਲੱਗਦਾ ਹੈ ਜੋ ਹੋਰ ਉਸ ਤੋਂ ਚਾਹੁੰਦੇ ਹਨ।
ਭੀੜ ਮਨੁੱਖੀ ਸਮਾਜ ਦਾ ਇਕ ਅਟੱਲ ਸੱਚ ਹੈ। ਮਨੁੱਖ ਇਕ ਸਮਾਜਿਕ ਜੀਵ ਹੈ ਅਤੇ ਉਹ ਆਪਣੇ ਵਰਗਿਆਂ ਵਿਚ ਰਹਿਣਾ ਚਾਹੁੰਦਾ ਹੈ। ਉਸ ਨੂੰ ਲੱਗਦਾ ਹੈ ਕਿ ਭੀੜ ਵਿਚ ਰਹਿਣਾ ਉਸ ਨੂੰ ਸੁਰੱਖਿਆ, ਸਵੀਕਾਰਤਾ ਅਤੇ ਤਾਕਤ ਦਿੰਦਾ ਹੈ ਪਰ ਅਕਸਰ ਇਹੀ ਭੀੜ ਮਨੁੱਖ ਦੀ ਆਪਣੀ ਅਸਲੀ ਪਛਾਣ ਨੂੰ ਹੌਲੀ-ਹੌਲੀ ਨਿਗਲਣ ਲੱਗ ਪੈਂਦੀ ਹੈ। ਕਿਸੇ ਵੀ ਭੀੜ ਦਾ ਹਿੱਸਾ ਬਣਨਾ ਕਈ ਵਾਰੀ ਆਪਣੀ ਅਸਲੀ ਆਵਾਜ਼ ਨੂੰ ਗੁਆਉਣਾ ਹੁੰਦਾ ਹੈ ਕਿਉਂਕਿ ਭੀੜ ਵਿਚ ਵਿਅਕਤੀ ਦੀ ਵੱਖਰੀ ਸੋਚ ਨਾਲੋਂ ਇਕੱਠੇ ਵਹਿਣ ਦੀ ਪ੍ਰਵਿਰਤੀ ਵੱਧ ਮਜ਼ਬੂਤ ਹੋ ਜਾਂਦੀ ਹੈ।
ਉੱਥੇ ਵਿਚਾਰਾਂ ਦੀ ਗਹਿਰਾਈ ਨਹੀਂ ਰਹਿੰਦੀ, ਸਿਰਫ਼ ਰੌਲ਼ਾ ਰਹਿ ਜਾਂਦਾ ਹੈ। ਹਰ ਕੋਈ ਆਪਣੀ ਆਵਾਜ਼ ਉੱਚੀ ਕਰਨ ਵਿਚ ਲੱਗਾ ਹੁੰਦਾ ਹੈ ਅਤੇ ਇਸ ਸ਼ੋਰ ਵਿਚ ਮਨੁੱਖ ਆਪਣੇ ਅੰਦਰ ਦੀ ਗੂੰਜ ਸੁਣਨੀ ਭੁੱਲ ਜਾਂਦਾ ਹੈ। ਭੀੜ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਹ ਮਨੁੱਖ ਨੂੰ ਉਸ ਤੋਂ ਹੀ ਦੂਰ ਕਰ ਦਿੰਦੀ ਹੈ। ਮਨੁੱਖ ਉਹੀ ਕਰਨ ਲੱਗਦਾ ਹੈ ਜੋ ਹੋਰ ਉਸ ਤੋਂ ਚਾਹੁੰਦੇ ਹਨ। ਉਸ ਦੇ ਵਿਚਾਰ, ਉਸ ਦੇ ਫ਼ੈਸਲੇ ਅਤੇ ਉਸਦੀ ਪਛਾਣ ਵੀ ਹੌਲੀ-ਹੌਲੀ ਉਧਾਰ ਦੀ ਹੋ ਜਾਂਦੀ ਹੈ। ਉਹ ਆਪਣੇ ਅੰਦਰਲੇ ਸੱਚ ਦੀ ਥਾਂ ਲੋਕਾਂ ਦੀ ਮਨਜ਼ੂਰੀ ਨੂੰ ਵੱਧ ਅਹਿਮੀਅਤ ਦੇਣ ਲੱਗਦਾ ਹੈ।
ਇਸੇ ਕਰਕੇ ਬਹੁਤ ਸਾਰੇ ਲੋਕ ਸਾਰੀ ਉਮਰ ਭੀੜ ਵਿਚ ਰਹਿੰਦੇ ਹੋਏ ਵੀ ਆਪਣੇ-ਆਪ ਨਾਲ ਕਦੇ ਨਹੀਂ ਮਿਲ ਸਕਦੇ। ਉਹ ਇਕ ਅਜਿਹੀ ਜ਼ਿੰਦਗੀ ਜਿਉਂਦੇ ਹਨ ਜੋ ਬਾਹਰੋਂ ਭਾਵੇਂ ਬਹੁਤ ਚੰਗੀ ਲੱਗੇ ਪਰ ਅੰਦਰੋਂ ਖ਼ਾਲੀ ਹੁੰਦੀ ਹੈ। ਆਪਣੇ-ਆਪ ਨੂੰ ਮਿਲਣ ਲਈ ਇਕਲਾਪਾ ਚਾਹੀਦਾ ਹੈ। ਇਕੱਲਾਪਣ ਹਰ ਕਿਸੇ ਲਈ ਸੌਖਾ ਨਹੀਂ ਹੁੰਦਾ, ਕਿਉਂਕਿ ਮਨੁੱਖ ਨੂੰ ਹਮੇਸ਼ਾ ਇਹ ਡਰ ਰਹਿੰਦਾ ਹੈ ਕਿ ਕਿਤੇ ਉਹ ਲੋਕਾਂ ਨਾਲੋਂ ਟੁੱਟ ਨਾ ਜਾਵੇ। ਭੀੜ ਮਨੁੱਖ ਨੂੰ ਇਕ ਭਰਮ ਦਿੰਦੀ ਹੈ ਕਿ ਉਹ ਇਕੱਲਾ ਨਹੀਂ ਹੈ ਪਰ ਇਹ ਸੱਚੀ ਤਾਕਤ ਨਹੀਂ ਹੁੰਦੀ।
ਅਸਲ ਤਾਕਤ ਉਸ ਮਨੁੱਖ ਵਿਚ ਹੁੰਦੀ ਹੈ ਜੋ ਇਕੱਲਾ ਖੜ੍ਹ ਕੇ ਵੀ ਆਪਣੇ ਸੱਚ ਨਾਲ ਸਮਝੌਤਾ ਨਹੀਂ ਕਰਦਾ। ਜਦੋਂ ਮਨੁੱਖ ਆਪਣੇ ਅੰਦਰ ਦੀ ਆਵਾਜ਼ ਸੁਣਦਾ ਹੈ, ਉਦੋਂ ਹੀ ਉਹ ਆਪਣੀ ਅਸਲੀ ਪਛਾਣ ਬਣਾਉਂਦਾ ਹੈ। ਉਹ ਫਿਰ ਭੀੜ ਦੇ ਪਿੱਛੇ ਨਹੀਂ ਤੁਰਦਾ, ਸਗੋਂ ਆਪਣਾ ਰਸਤਾ ਆਪ ਬਣਾਉਂਦਾ ਹੈ। ਇਤਿਹਾਸ ਵੀ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਯਾਦ ਰੱਖਦਾ ਹੈ ਜਿਨ੍ਹਾਂ ਨੇ ਭੀੜ ਤੋਂ ਨਿੱਖੜ ਕੇ ਸੋਚਿਆ ਅਤੇ ਇਕੱਲੇ ਤੁਰਨ ਦੀ ਹਿੰਮਤ ਕੀਤੀ।
ਜੇ ਸਾਰੇ ਲੋਕ ਭੀੜ ਦੇ ਪਿੱਛੇ ਹੀ ਤੁਰਦੇ ਰਹਿੰਦੇ ਤਾਂ ਕੋਈ ਨਵਾਂ ਵਿਚਾਰ ਜਨਮ ਨਾ ਲੈਂਦਾ, ਕੋਈ ਕ੍ਰਾਂਤੀ ਨਾ ਹੁੰਦੀ ਅਤੇ ਨਾ ਹੀ ਮਨੁੱਖਤਾ ਅੱਗੇ ਵਧਦੀ। ਹਰ ਵੱਡਾ ਬਦਲਾਅ ਕਿਸੇ ਇਕ ਮਨੁੱਖ ਦੀ ਇਕੱਲੀ ਸੋਚ ਤੋਂ ਹੀ ਸ਼ੁਰੂ ਹੋਇਆ ਹੈ। ਉਹ ਲੋਕ ਜਿਨ੍ਹਾਂ ਨੇ ਅਣਜਾਣ ਅਤੇ ਅਣਗੌਲੇ ਰਾਹ ਚੁਣੇ, ਉਨ੍ਹਾਂ ਨੇ ਸਿਰਫ਼ ਆਪਣੀ ਮੰਜ਼ਿਲ ਹੀ ਨਹੀਂ ਬਣਾਈ, ਸਗੋਂ ਆਉਣ ਵਾਲਿਆਂ ਲਈ ਪੈੜਾਂ ਵੀ ਛੱਡੀਆਂ। ਭੀੜ ਤੋਂ ਪਾਰ ਹੋਣਾ ਦਰਅਸਲ ਇਕੱਲੇ ਹੋਣਾ ਨਹੀਂ ਹੁੰਦਾ। ਇਹ ਆਪਣੀ ਅਸਲ ਹੋਂਦ ਤੱਕ ਪਹੁੰਚਣ ਦੀ ਯਾਤਰਾ ਹੁੰਦੀ ਹੈ।
ਇਹ ਆਪਣੇ-ਆਪ ਨੂੰ ਸਮਝਣ, ਆਪਣੇ ਅੰਦਰਲੇ ਸੱਚ ਨੂੰ ਸੁਣਨ ਤੇ ਉਸ ਨੂੰ ਨਿਡਰ ਹੋ ਕੇ ਜਿਉਣ ਦਾ ਹੌਸਲਾ ਹੈ। ਜੇ ਜ਼ਿੰਦਗੀ ਵਿਚ ਕਦੇ ਅਜਿਹਾ ਸਮਾਂ ਆਵੇ ਜਦੋਂ ਤੁਹਾਡਾ ਮਨ ਭੀੜ ਦਾ ਹਿੱਸਾ ਬਣਨ ਤੋਂ ਇਨਕਾਰ ਕਰੇ, ਤਾਂ ਬਿਨਾਂ ਝਿਜਕ ਆਪਣਾ ਰਾਹ ਚੁਣ ਲੈਣਾ। ਹੋ ਸਕਦਾ ਹੈ ਕਿ ਉਹ ਰਾਹ ਮੁਸ਼ਕਲ ਹੋਵੇ ਪਰ ਉਹ ਤੁਹਾਨੂੰ ਤੁਹਾਡੇ ਅਸਲੀ ਰੂਪ ਤੱਕ ਲੈ ਜਾਵੇਗਾ। ਜਦੋਂ ਮਨੁੱਖ ਆਪਣੇ ਸੱਚ ਨਾਲ ਤੁਰਨਾ ਸਿੱਖ ਲੈਂਦਾ ਹੈ, ਉਸ ਵਕਤ ਉਸ ਦੇ ਅੰਦਰ ਇਕ ਨਵੀਂ ਊਰਜਾ, ਨਵਾਂ ਵਿਸ਼ਵਾਸ ਅਤੇ ਨਵੀਂ ਰੋਸ਼ਨੀ ਜਨਮ ਲੈਂਦੀ ਹੈ।
-ਕੁਲਵਿੰਦਰ ਚਾਵਲਾ
-ਸੰਪਰਕ : 92563-85888