ਸੰਯੁਕਤ ਰਾਸ਼ਟਰ ਸੰਘ (ਯੂਐੱਨਓ) ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ ਤਾਂ ਕਿ ਅੰਤਰਰਾਸ਼ਟਰੀ ਕਾਨੂੰਨਾਂ, ਕੌਮਾਂਤਰੀ ਸੁਰੱਖਿਆ, ਆਰਥਿਕ ਵਿਕਾਸ ਅਤੇ ਸਮਾਜਿਕ ਨਿਰਪੱਖਤਾ ਵਿਚ ਸਹਿਯੋਗ ਸਰਲ ਹੋ ਸਕੇ। ਅਜੋਕੇ ਸਮੇਂ ਇਸ ਦੀ ਸਾਰਥਕਤਾ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਸੰਸਾਰ ਤੀਸਰੇ ਵਿਸ਼ਵ ਯੁੱਧ ਦੇ ਕਿਨਾਰੇ ਖੜ੍ਹਾ ਹੈ।

ਸੰਯੁਕਤ ਰਾਸ਼ਟਰ ਸੰਘ (ਯੂਐੱਨਓ) ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ ਤਾਂ ਕਿ ਅੰਤਰਰਾਸ਼ਟਰੀ ਕਾਨੂੰਨਾਂ, ਕੌਮਾਂਤਰੀ ਸੁਰੱਖਿਆ, ਆਰਥਿਕ ਵਿਕਾਸ ਅਤੇ ਸਮਾਜਿਕ ਨਿਰਪੱਖਤਾ ਵਿਚ ਸਹਿਯੋਗ ਸਰਲ ਹੋ ਸਕੇ। ਅਜੋਕੇ ਸਮੇਂ ਇਸ ਦੀ ਸਾਰਥਕਤਾ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਸੰਸਾਰ ਤੀਸਰੇ ਵਿਸ਼ਵ ਯੁੱਧ ਦੇ ਕਿਨਾਰੇ ਖੜ੍ਹਾ ਹੈ।
ਦੂਜੇ ਵਿਸ਼ਵ ਯੁੱਧ ਦੇ ਜੇਤੂ ਦੇਸ਼ਾਂ ਨੇ ਮਿਲ ਕੇ ਸੰਯੁਕਤ ਰਾਸ਼ਟਰ ਨੂੰ ਕੌਮਾਂਤਰੀ ਸੰਘਰਸ਼ ਵਿਚ ਦਖ਼ਲ ਦੇਣ ਦੇ ਉਦੇਸ਼ ਨਾਲ ਸਥਾਪਤ ਕੀਤਾ ਸੀ। ਉਹ ਚਾਹੁੰਦੇ ਸਨ ਕਿ ਭਵਿੱਖ ਵਿਚ ਫਿਰ ਕਦੇ ਵਿਸ਼ਵ ਯੁੱਧ ਨਾ ਹੋਵੇ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ’ਚ ਅਮਰੀਕਾ, ਫਰਾਂਸ, ਰੂਸ, ਚੀਨ ਅਤੇ ਇੰਗਲੈਂਡ ਸਥਾਈ ਮੈਂਬਰ ਹਨ। ਇਸ ਦਾ ਮੁੱਖ ਦਫ਼ਤਰ ਨਿਊਯਾਰਕ ਵਿਖੇ ਹੈ। ਇਸ ਦੀਆਂ ਛੇ ਅਧਿਕਾਰਤ ਭਾਸ਼ਾਵਾਂ ਹਨ : ਅਰਬੀ, ਚੀਨੀ, ਅੰਗਰੇਜ਼ੀ, ਫਰੈਂਚ, ਸਪੈਨਿਸ਼ ਅਤੇ ਰਸ਼ੀਅਨ।
ਇਹ ਵਿਸ਼ਵ ਦੀ ਬਹੁਤ ਸ਼ਕਤੀਸ਼ਾਲੀ ਸੰਸਥਾ ਹੈ। ਇਸ ਨੂੰ ਚਲਾਉਣ ਲਈ ਇਸ ਦੇ ਕਈ ਹੋਰ ਮਹੱਤਵਪੂਰਨ ਅਦਾਰੇ ਵੀ ਹਨ ਜੋ ਇਸ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਇਸ ਦੀ ਹਰ ਸੰਭਵ ਮਦਦ ਕਰਦੇ ਹਨ। ਚਾਰਟਰ ਅਤੇ ਕੌਮਾਂਤਰੀ ਸ਼ਾਂਤੀ ਨਾਲ ਸਬੰਧਤ ਸਾਰੇ ਮਾਮਲੇ ਮਹਾ ਸਭਾ ਦੇ ਅਧੀਨ ਆਉਂਦੇ ਹਨ। ਵੱਖ-ਵੱਖ ਦੇਸ਼ਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਆਰਥਿਕ ਤੇ ਸਮਾਜਿਕ ਪ੍ਰੀਸ਼ਦ ਕੰਮ ਕਰਦੀ ਹੈ। ਇਸ ਅਧੀਨ ਆਈਐੱਲਓ, ਯੂਨੈਸਕੋ, ਵਿਸ਼ਵ ਸਿਹਤ ਸੰਗਠਨ ਆਦਿ ਆਉਂਦੇ ਹਨ। ਦੇਸ਼ਾਂ ਦੇ ਆਪਸੀ ਮਸਲਿਆਂ ਨੂੰ ਹੱਲ ਕਰਨ ਲਈ ਕੌਮਾਂਤਰੀ ਅਦਾਲਤ ਦਾ ਸਹਾਰਾ ਲਿਆ ਜਾਂਦਾ ਹੈ। ਹਰ ਅਦਾਰਾ ਆਪੋ-ਆਪਣੇ ਤਰੀਕੇ ਨਾਲ ਸੰਯੁਕਤ ਰਾਸ਼ਟਰ ਸੰਘ ਦੀ ਮਦਦ ਕਰਦਾ ਹੈ।
ਯੂਐੱਨਓ ਨੇ ਹੁਣ ਤੱਕ ਕਈ ਮਹੱਤਵਪੂਰਨ ਕੰਮ ਕੀਤੇ ਹਨ ਪਰ ਫਿਰ ਵੀ ਇਸ ਦਾ ਰਾਹ ਐਨਾ ਸੌਖਾ ਨਹੀਂ ਹੈ। ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਇਸ ਦੀ ਮੁੱਖ ਸਮੱਸਿਆ ਇਸ ਦੇ ਪੰਜ ਸਥਾਈ ਮੈਂਬਰ ਦੇਸ਼ ਹੀ ਹਨ ਕਿਉਂਕਿ ਇਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਇਹ ਸਥਾਈ ਮੈਂਬਰ ਆਪਣੀ ਆਰਥਿਕਤਾ ਅਤੇ ਫ਼ੌਜੀ ਤਾਕਤ ਦੇ ਨਸ਼ੇ ਵਿਚ ਚੂਰ ਹਨ ਅਤੇ ਕਮਜ਼ੋਰ ਦੇਸ਼ਾਂ ਨੂੰ ਲੰਬੇ ਸਮੇਂ ਤੋਂ ਦਬਾਉਂਦੇ ਆ ਰਹੇ ਹਨ। ਅਜੋਕੇ ਸਮੇਂ ਭਾਰਤ ਵਿਚ ਅੱਤਵਾਦ ਇਕ ਭਖਵਾਂ ਮੁੱਦਾ ਹੈ।
ਕੋਈ ਵੀ ਦੇਸ਼ ਇਸ ਤੋਂ ਅਣਭਿੱਜ ਨਹੀਂ ਰਿਹਾ ਹੈ। ਹਰ ਰੋਜ਼ ਕਿਸੇ ਨਾ ਕਿਸੇ ਦੇਸ਼ ਵਿਚ ਅੱਤਵਾਦੀ ਹਮਲਾ ਸੁਰਖ਼ੀਆਂ ਬਣਦਾ ਹੈ। ਕਈ ਦੇਸ਼ਾਂ ਨੂੰ ‘ਅੱਤਵਾਦੀ ਮੁਲਕ’ ਕਰਾਰ ਦਿੱਤਾ ਜਾ ਚੁੱਕਾ ਹੈ ਪਰ ਫਿਰ ਵੀ ਯੂਐੱਨਓ ਉਨ੍ਹਾਂ ਵਿਰੁੱਧ ਕੋਈ ਪ੍ਰਭਾਵਸ਼ਾਲੀ ਕਦਮ ਚੁੱਕਣ ਵਿਚ ਨਾਕਾਮ ਰਿਹਾ ਹੈ।
ਇਸ ਦੇ ਜ਼ਿਆਦਾਤਰ ਮੈਂਬਰ ਦੇਸ਼ ਆਰਥਿਕ ਪੱਖੋਂ ਕਮਜ਼ੋਰ ਹਨ। ਭਾਵੇਂ ਇਸ ਸੰਗਠਨ ਵਿਚ ਕਈ ਕਮੀਆਂ ਹਨ ਪਰ ਫਿਰ ਵੀ ਇਹ ਅੱਜ ਦੇ ਸਮੇਂ ਦੀ ਲੋੜ ਹੈ। ਇਹ ਵਿਸ਼ਵ ’ਚ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰਦਾ ਹੈ। ਇਸ ਦੀਆਂ ਕਮੀਆਂ ਨੂੰ ਦੂਰ ਕਰ ਕੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।
-ਅਵਨੀਸ਼ ਲੌਂਗੋਵਾਲ
ਮੋਬਾਈਲ : 78883-46465