ਜਹਾਂਗੀਰ ਮੰਨ ਗਿਆ ਪਰ ਉਸ ਨੇ ਕਿਹਾ ਕਿ ਓਨੇ ਹੀ ਰਾਜੇ ਰਿਹਾਅ ਹੋਣਗੇ ਜਿੰਨੀਆਂ ਤੁਹਾਡੇ ਚੋਗੇ ਦੀਆਂ ਕਲੀਆਂ ਹੋਣਗੀਆਂ। ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਗਾ ਬਣਵਾਇਆ ਤੇ ਉਹ 52 ਰਾਜੇ ਇਕ-ਇਕ ਕਲੀ ਨੂੰ ਫੜ ਕੇ ਰਿਹਾਅ ਹੋ ਗਏ।
ਇਹ ਪਾਵਨ ਤੁਕ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੁੜਦੀ ਹੈ । ਇਸ ਨੂੰ ਭਾਈ ਗੁਰਦਾਸ ਜੀ ਨੇ ਰਚਿਆ ਹੈ ਜਿਨ੍ਹਾਂ ਨੂੰ ਕਿ ਸਿੱਖ ਧਰਮ ਦੇ ਵੇਦ ਵਿਆਸ ਵਜੋਂ ਜਾਣਿਆ ਜਾਂਦਾ ਹੈ। ਹਿੰਦੂ ਧਰਮ ਵਿਚ ਦੀਵਾਲੀ ਮਨਾਈ ਜਾਂਦੀ ਹੈ ਜਿਹੜੀ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਸਮੇਤ ਭਰਾਤਾ ਲਕਸ਼ਮਣ ਅਤੇ ਧਰਮ ਪਤਨੀ ਮਾਤਾ ਸੀਤਾ ਜੀ ਦੇ ਅਯੁੱਧਿਆ ਪਧਾਰਨ ਦੀ ਖ਼ੁਸ਼ੀ ਵਿਚ ਮਨਾਈ ਜਾਂਦੀ ਹੈ। ਆਖਦੇ ਹਨ ਕਿ ਉਸ ਦਿਨ ਅਯੁੱਧਿਆ ਨਗਰੀ ਵਿਚ ਲੋਕਾਂ ਨੇ ਦੀਵੇ ਬਾਲ਼ ਕੇ ਰੌਸ਼ਨੀ ਕੀਤੀ ਸੀ। ਸਿੱਖ ਧਰਮ ਨਾਲ ਇਸ ਤਿਉਹਾਰ ਦਾ ਡੂੰਘਾ ਸਬੰਧ ਹੈ। ਇਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਰਤ ਦੀਆਂ ਛੋਟੀਆਂ -ਛੋਟੀਆਂ ਰਿਆਸਤਾਂ ਦੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਆਜ਼ਾਦ ਕਰਵਾ ਕੇ ਇਕ ਮਹਾਨ ਪਰਉਪਕਾਰੀ ਕਾਰਜ ਕੀਤਾ।ਇਤਿਹਾਸ ਨੂੰ ਵਾਚਿਆਂ ਪਤਾ ਲੱਗਦਾ ਹੈ ਕਿ ਬਾਦਸ਼ਾਹ ਜਹਾਂਗੀਰ ਜਿਸ ਦੇ ਹੁਕਮ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਣ-ਮਨੁੱਖੀ ਤਸੀਹੇ ਦੇ ਕੇ ਲਾਹੌਰ ’ਚ ਸ਼ਹੀਦ ਕੀਤਾ ਗਿਆ ਸੀ, ਉਹ ਕੱਟੜ ਕਿਸਮ ਦੇ ਵਿਚਾਰਾਂ ਦਾ ਧਾਰਨੀ ਸੀ।
ਉੱਪਰੋਂ ਗੁਰੂਘਰ ਦੇ ਦੋਖੀ ਸ਼ੇਖ ਸਰਹੰਦੀ ਅਤੇ ਦੀਵਾਨ ਚੰਦੂ ਨੇ ਉਸ ਨੂੰ ਇਹ ਕਹਿ ਕੇ ਭੜਕਾਇਆ ਕਿ ਗੁਰੂ ਸਾਹਿਬ ਦੀ ਪ੍ਰਤਿਭਾ ਬਹੁਤ ਵਧ ਰਹੀ ਹੈ, ਉਹ ਤਖ਼ਤ ਉੱਤੇ ਬੈਠਦੇ ਹਨ ਜਿਸ ਨੂੰ ਕਿ ਅਕਾਲ ਤਖ਼ਤ ਕਿਹਾ ਜਾਂਦਾ ਹੈ । ਇੱਥੇ ਹੀ ਬਸ ਨਹੀਂ, ਗੁਰੂ ਸਾਹਿਬ ਨੇ ਆਪਣੀ ਹਥਿਆਰਬੰਦ ਫ਼ੌਜ ਤਿਆਰ ਕੀਤੀ ਹੈ ਅਤੇ ਘੋੜੇ , ਸ਼ਸਤਰ ਆਦਿ ਰੱਖੇ ਹਨ। ਮੁਗ਼ਲੀਆ ਸਲਤਨਤ ਨੂੰ ਇਹ ਠੀਕ ਨਹੀਂ ਲੱਗਾ। ਉਨ੍ਹਾਂ ਨੂੰ ਇਹ ਵੱਡਾ ਖ਼ਤਰਾ ਲੱਗਾ । ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਮਾਰਸ਼ਲ ਢਾਡੀ ਸੰਗੀਤ ਦੀ ਪਰੰਪਰਾ ਤੋਰੀ ਤਾਂ ਕਿ ਸਿੱਖਾਂ ਵਿਚ ਬੀਰਤਾ ਦੀ ਭਾਵਨਾ ਪੈਦਾ ਹੋ ਸਕੇ।
ਜਹਾਂਗੀਰ ਨੇ ਗੁਰੂ ਸਾਹਿਬ ਨੂੰ ਚਲਾਕੀ ਨਾਲ ਇਹ ਬੇਨਤੀ ਕਰ ਕੇ ਦਿੱਲੀ ਸੱਦਿਆ ਕਿ ਉਹ ਦਰਸ਼ਨ ਕਰਨਾ ਚਾਹੁੰਦਾ ਹੈ। ਗੁਰੂ ਸਾਹਿਬ ਜਦੋਂ ਗਏ ਤਾਂ ਉਸ ਨੇ ਆਖਿਆ ਕਿ ਉਹ ਬਿਮਾਰ ਰਹਿੰਦਾ ਹੈ, ਇਸ ਲਈ ਗੁਰੂ ਸਾਹਿਬ ਗਵਾਲੀਅਰਦੇ ਕਿਲ੍ਹੇ ਵਿਚ ਕੁਝ ਸਮਾਂ ਰਹਿਣ ਅਤੇ ਉੱਥੇ ਰਹਿ ਕੇ ਬੰਦਗੀ ਕਰ ਕੇ ਉਸ ਨੂੰ ਰੋਗ ਮੁਕਤ ਕਰਨ। ਗੁਰੂ ਸਾਹਿਬ ਉਸ ਦੀ ਚਲਾਕੀ ਨੂੰ ਸਮਝਦੇ ਸਨ ਪਰ ਇਕ ਪਰਉਪਕਾਰੀ ਕਾਰਜ ਕਰਨ ਲਈ ਜਾਣ ਲਈ ਤਿਆਰ ਹੋ ਗਏ। ਇੱਥੋਂ ਆਪਣੇ ਅਹਿਲਕਾਰਾਂ ਨਾਲ ਜਹਾਂਗੀਰ ਉਨ੍ਹਾਂ ਨੂੰ ਗਵਾਲੀਅਰ ਲੈ ਗਿਆ ਜਿੱਥੋਂ ਦਾ ਕਿਲ੍ਹਾ ਬਹੁਤ ਭਿਆਨਕ ਤੇ ਖ਼ਤਰਨਾਕ ਸੀ। ਉਨ੍ਹਾਂ ਨੂੰ ਕੈਦ ਕਰ ਲਿਆ ਗਿਆ। ਉੱਥੇ ਵੱਖ -ਵੱਖ ਰਿਆਸਤਾਂ ਦੇ 52 ਹਿੰਦੂ ਰਾਜੇ ਪਹਿਲਾਂ ਹੀ ਕੈਦ ਕੀਤੇ ਹੋਏ ਸਨ ਜਿਨ੍ਹਾਂ ਦੀ ਦਸ਼ਾ ਬਹੁਤ ਮਾੜੀ ਸੀ। ਸਾਈਂ ਮੀਆਂ ਮੀਰ ਜੀ ਨੂੰ ਪਤਾ ਲੱਗਣ ’ਤੇ ਜਦੋਂ ਉਨ੍ਹਾਂ ਨੇ ਜਹਾਂਗੀਰ ਨੂੰ ਲਾਹਨਤਾਂ ਪਾਈਆਂ ਤਾਂ ਉਹ ਡਾਹਢਾ ਸ਼ਰਮਿੰਦਾ ਹੋਇਆ । ਉਸ ਨੇ ਗੁਰੂ ਸਾਹਿਬ ਦੇ ਚਰਨਾਂ ’ਤੇ ਮੱਥਾ ਟੇਕ ਕੇ ਮਾਫ਼ੀ ਮੰਗੀ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਗੁਰੂ ਸਾਹਿਬ ਜਿਸ ਪਰਉਪਕਾਰੀ ਕਾਰਜ ਲਈ ਕੈਦ ਹੋਏ ਸਨ, ਉਨ੍ਹਾਂ ਨੇ ਉਹੀ ਗੱਲ ਕੀਤੀ ਕਿ ਮੈਂ ਇਸ ਜੇਲ੍ਹ ਵਿੱਚੋਂ ਤਾਂ ਹੀ ਬਾਹਰ ਨਿਕਲਾਂਗਾ ਜੇ ਬਾਕੀ ਦੇ ਰਾਜਿਆਂ ਨੂੰ ਵੀ ਰਿਹਾਅ ਕੀਤਾ ਜਾਵੇ।
ਜਹਾਂਗੀਰ ਮੰਨ ਗਿਆ ਪਰ ਉਸ ਨੇ ਕਿਹਾ ਕਿ ਓਨੇ ਹੀ ਰਾਜੇ ਰਿਹਾਅ ਹੋਣਗੇ ਜਿੰਨੀਆਂ ਤੁਹਾਡੇ ਚੋਗੇ ਦੀਆਂ ਕਲੀਆਂ ਹੋਣਗੀਆਂ। ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਗਾ ਬਣਵਾਇਆ ਤੇ ਉਹ 52 ਰਾਜੇ ਇਕ-ਇਕ ਕਲੀ ਨੂੰ ਫੜ ਕੇ ਰਿਹਾਅ ਹੋ ਗਏ। ਇਹ ਸੀ ਗੁਰੂ ਸਾਹਿਬ ਦਾ ਮਹਾਨ ਪਰਉਪਕਾਰੀ ਕਾਰਜ । ਉਸ ਦਿਨ ਗੁਰੂ ਸਾਹਿਬ ਉਸ ਕਿਲ੍ਹੇ ਦੀ ਜੇਲ੍ਹ ਦੇ ਦਰੋਗੇ, ਹਰੀ ਰਾਮ ਦੇ ਘਰ ਰਹੇ ਜਿਹੜਾ ਗੁਰੂਘਰ ਦਾ ਬੜਾ ਸ਼ਰਧਾਲੂ ਸੀ। ਉਸ ਨੇ ਆਪਣੇ ਘਰ ਉੱਤੇ ਦੀਵੇ ਬਾਲ ਕੇ ਰੋਸ਼ਨੀ ਕੀਤੀ ਅਤੇ ਸਾਰੇ ਮੁਹੱਲੇ ਵਿਚ ਹੀ ਹੋਰ ਲੋਕਾਂ ਨੇ ਵੀ ਗੁਰੂ ਸਾਹਿਬ ਦੀ ਰਿਹਾਈ ਦੀ ਖ਼ੁਸ਼ੀ ਵਿਚ ਦੀਵੇ ਬਾਲੇ ।
ਇਕ ਰਾਤ ਉੱਥੇ ਰਹਿਣ ਤੋਂ ਬਾਅਦ ਗੁਰੂ ਸਾਹਿਬ ਪੜਾਅ-ਦਰ-ਪੜਾਅ ਮੰਜ਼ਿਲ ਤਹਿ ਕਰਦੇ ਹੋਏ ਪਹਿਲਾਂ ਬਾਸਰਕੇ ਪਹੁੰਚੇ ਅਤੇ ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ । ਉਨ੍ਹਾਂ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਦੀ ਖ਼ਬਰ ਜਦੋਂ ਸੰਗਤਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਵਾਹੋ-ਦਾਹੀ ਸ੍ਰੀ ਦਰਬਾਰ ਸਾਹਿਬ ਚਾਲੇ ਪਾ ਦਿੱਤੇ। ਦਰਸ਼ਨ ਕੀਤੇ ਤੇ ਘਿਓ ਦੇ ਦੀਵੇ ਬਾਲ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਨ੍ਹਾਂ 52 ਰਾਜਿਆਂ ਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਕੇ ਆਜ਼ਾਦ ਕਰਵਾਇਆ ਸੀ , ਉਨ੍ਹਾਂ ਨੇ ਵੀ ਆਪੋ-ਆਪਣੀਆਂ ਰਿਆਸਤਾਂ ਵਿਚ ਦੀਪਮਾਲਾ ਕੀਤੀ। ਇਸ ਤਰ੍ਹਾਂ ਸਮੂਹਿਕ ਤੌਰ ’ਤੇ ਦੀਪਮਾਲਾ ਕਰਨ ਦੀ ਪ੍ਰਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰਿਹਾਈ ਸਦਕਾ ਸ਼ੁਰੂ ਹੋਈ। ਸਿੱਖ ਪੰਥ ਵਿਚ ਇਸ ਦਿਹਾੜੇ ਨੂੰ ਬੰਦੀ ਛੋੜ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਸਿੱਖ ਧਰਮ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਇਸ ਸਬੰਧੀ ਆਪਣੀ ਇਕ ਵਾਰ ਵਿਚ ਲਿਖਦੇ ਹਨ,‘ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।। ਅਰਥਾਤ ਗੁਰੂ ਆਪਣੇ ਸਿੱਖਾਂ ਸੇਵਕਾਂ ਨੂੰ ਦੁਨਿਆਵੀ ਬੰਧਨਾਂ ਤੋਂ ਮੁਕਤ ਕਰ ਕੇ ਨਵ ਜੀਵਨ ਪ੍ਰਦਾਨ ਕਰਨ ਦੇ ਸਮਰੱਥ ਹੈ। ਭਾਈ ਗੁਰਦਾਸ ਨੇ ਇਹ ਵੀ ਲਿਖਿਆ ਹੈ,‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ’ । ਇਸ ਸ਼ਬਦ ਦੇ ਅਰਥ ਰੂਹਾਨੀ ਹਨ ਜਿਸ ਦੀ ਕਦੇ ਫਿਰ ਗੱਲ ਕਰਾਂਗਾ।
ਇਸ ਤਿਉਹਾਰ ਨੂੰ ਸਿੱਖ ਪਰੰਪਰਾ ਵਿਚ ਇਸ ਕਰਕੇ ਮਨਾਇਆ ਜਾਂਦਾ ਹੈ ਤਾਂ ਕਿ ਗੁਰਬਾਣੀ ਤੋਂ ਸੇਧ ਲੈ ਕੇ ਗੁਰਸਿੱਖ ਆਪਣੇ ਜੀਵਨ ਨੂੰ ਸਫਲਾ ਕਰ ਸਕਣ ਅਤੇ ਉਨ੍ਹਾਂ ਬੰਧਨਾਂ ਤੋਂ ਆਜ਼ਾਦ ਹੋ ਸਕਣ ਜਿਹੜੇ ਪਰਮਾਰਥ ਦੇ ਰਾਹ ਵਿਚ ਰੁਕਾਵਟ ਬਣਦੇ ਹਨ। ਗੁਰਬਾਣੀ ਵਿਚ ਅਜਿਹੇ ਬਹੁਤ ਸਾਰੇ ਪ੍ਰਮਾਣ ਆਉਂਦੇ ਹਨ ਜਿਨ੍ਹਾਂ ਤੋਂ ਸੇਧ ਪ੍ਰਾਪਤ ਕੀਤੀ ਜਾ ਸਕਦੀ ਜਿਵੇਂ ‘ਦੀਵਾ ਬਲੈ ਅੰਧੇਰਾ ਜਾਇ।। ’ ਅਤੇ ‘ਗੁਰਸਾਖੀ ਜੋਤ ਪ੍ਰਗਟ ਹੋਇ ’ ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਸੰਗਤਾਂ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੀਆਂ ਆ ਰਹੀਆਂ ਹਨ।
ਰਾਤ ਨੂੰ ਆਤਿਸ਼ਬਾਜ਼ੀ ਤੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਇਕ ਗੱਲ ਸਪਸ਼ਟ ਹੈ ਕਿ ਬੰਦੀ ਛੋੜ ਦਿਵਸ ਦਾ ਕਿਸੇ ਪ੍ਰਕਾਰ ਦੇ ਕਰਮ-ਕਾਂਡ ਨਾਲ ਕੋਈ ਸਬੰਧ ਨਹੀਂ । ਇਸ ਪਾਵਨ ਦਿਵਸ ’ਤੇ ਜਗਿਆਸੂ ਨੇ ਗੁਰ ਉਪਦੇਸ਼ਾਂ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਰੁਸ਼ਨਾਉਣਾ ਹੈ। ਇਸ ਨੂੰ ਆਪਣੀ ਅੰਤਰ-ਆਤਮਾ ਵਿਚ ਗੁਰਬਾਣੀ ਰੂਪੀ ਤੇਲ ਪਾ ਕੇ ਜੀਵਨ ਮੁਕਤ ਹੋਣ ਦੇ ਰਾਹ ਦਾ ਪਾਂਧੀ ਬਣਾਉਣਾ ਹੈ।
ਗੁਰਬਾਣੀ ਦਾ ਫੁਰਮਾਨ ਹੈ, ‘ਬਿਨੁ ਤੇਲ ਦੀਵਾ ਕਿਉ ਜਲੈ’।
ਸੋ ਆਓ! ਆਪਾਂ ਸਾਰੇ ਇਸ ਤਿਉਹਾਰ ਨੂੰ ਮਨਾਉਂਦੇ ਹੋਏ ਗੁਰੂ ਸਾਹਿਬ ਵੱਲੋਂ ਦਿੱਤੇ ਉਪਦੇਸ਼ਾਂ ’ਤੇ ਚੱਲੀਏ ਅਤੇ ਆਪਣੇ ਜੀਵਨ ਵਿੱਚੋਂ ਅਗਿਆਨ ਰੂਪੀ ਅੰਧੇਰਾ ਦੂਰ ਕਰ ਕੇ ਗਿਆਨ ਰੂਪੀ ਚਾਨਣ ਨਾਲ ਗੁਰੂ ਮਾਰਗ ’ਤੇ ਅੱਗੇ ਵਧੀਏ । ਇਹੋ ਹੀ ਇਸ ਪਾਵਨ ਦਿਹਾੜੇ ਦਾ ਸੰਦੇਸ਼ ਹੈ। ਇਸ ਤੋਂ ਬਾਅਦ ਜਹਾਂਗੀਰ ਦੇ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧ ਮਿੱਤਰਤਾਪੂਰਨ ਹੀ ਰਹੇ। ਉਹਨੇ ਗੁਰੂ ਸਾਹਿਬ ਨੂੰ ਬੇਨਤੀ ਕਰ ਕੇ ਆਗਰੇ ਵੀ ਸੱਦਿਆ ਅਤੇ ਮੇਜ਼ਬਾਨੀ ਕੀਤੀ । ਆਗਰੇ ਵਿਚ ਗੁਰੂ ਸਾਹਿਬ ਦੀ ਯਾਦ ਵਿਚ ਇਕ ਸ਼ਾਨਦਾਰ ਗੁਰਦੁਆਰਾ ਹੈ। ਇਸੇ ਤਰ੍ਹਾਂ ਗਵਾਲੀਅਰ ’ਚ ਇਸ ਤੋਂ ਵੀ ਸ਼ਾਨਦਾਰ ਗੁਰਦੁਆਰਾ ਹੈ, ਗੁਰਦੁਆਰਾ ਬੰਦੀ ਛੋੜ ਦੇ ਨਾਂ ’ਤੇ ।
-ਤੀਰਥ ਸਿੰਘ ਢਿੱਲੋਂ