ਮੈਂ ਅਕਬਰਪੁਰ ਪਿੰਡ ਪਹੁੰਚ ਗਿਆ। ਪਿੰਡ ਲੰਘ ਕੇ ਅੱਗੇ ਨਹਿਰ ਸੀ। ਅਸੀਂ ਇਸ ਨੂੰ ਨਦਾਮਪੁਰ ਵਾਲੀ ਨਹਿਰ ਕਹਿੰਦੇ ਸਾਂ। ਇਹ ਅੱਗੇ ਸੂਲਰ ਘਰਾਟ ਹੋ ਕੇ ਲਹਿਰੇਗਾਗੇ ਵੱਲ ਨਿਕਲ ਜਾਂਦੀ ਸੀ। ਪੁਲ ਪਾਰ ਕਰਦਿਆਂ ਇਸ ਨਹਿਰ ’ਚੋਂ ਇਕ ਨਹਿਰ ਨੁਮਾਂ ਰਜਵਾਹਾ ਖਨਾਲ ਕਲਾਂ ਵੱਲ ਜਾਂਦਾ ਸੀ।

ਰਿਸ਼ਤਿਆਂ ਵਿਚ ਮਿਠਾਸ ਭਰੀ ਹੋਵੇ ਤਾਂ ਮਨ ਨੂੰ ਅੰਦਰੋਂ ਸਕੂਨ ਦਾ ਅਹਿਸਾਸ ਹੁੰਦਾ ਹੈ। ਇਹ ਜੋ ਮਨੁੱਖੀ ਜੀਵਨ ਹੈ, ਇਹ ਰਿਸ਼ਤਿਆਂ ਦੇ ਲਗਾਅ ’ਤੇ ਹੀ ਆਧਾਰਤ ਹੈ। ਜੇ ਰਿਸ਼ਤਿਆਂ ਵਿਚ ਮਿਠਾਸ ਨਹੀਂ ਤਾਂ ਜੀਵਨ ਵਿਅਰਥ ਲੱਗਦਾ ਹੈ। ਰਿਸ਼ਤਾ ਭਾਵੇਂ ਪਤੀ-ਪਤਨੀ ਦਾ ਹੋਵੇ, ਮਾਂ-ਬਾਪ ਦਾ, ਘਰ-ਪਰਿਵਾਰ ਦੇ ਹੋਰ ਜੀਆਂ ਨਾਲ ਹੋਵੇ, ਉਸ ’ਚ ਮਿਠਾਸ ਹੋਣੀ ਬਹੁਤ ਮਾਅਨੇ ਰੱਖਦੀ ਹੈ। ਇਸ ਤੋਂ ਵੀ ਅੱਗੇ ਹੋਰ ਨੇੜੇ ਦੇ ਰਿਸ਼ਤੇ ਜਿਵੇਂ ਮਾਸੀ, ਭੂਆ, ਦਾਦਾ-ਦਾਦੀ, ਨਾਨਾ-ਨਾਨੀ , ਮਾਮਾ-ਮਾਮੀ ਤੇ ਆਪਣੀ ਭੈਣ ਨਾਲ ਰਿਸ਼ਤਾ, ਇਹ ਸਾਰੇ ਮਿਠਾਸ ਦੀ ਤਬੱਕੋ ਰੱਖਦੇ ਹਨ।
ਜੇ ਇਨ੍ਹਾਂ ਰਿਸ਼ਤਿਆਂ ’ਚ ਮਿਠਾਸ ਦਾ ਅਹਿਸਾਸ ਨਹੀਂ ਤਾਂ ਜੀਵਨ ਫਿੱਕਾ ਜਿਹਾ ਲੱਗਦਾ ਹੈ। ਛੇਵੇਂ-ਸੱਤਵੇਂ ਦਹਾਕਿਆਂ ਤੱਕ ਇਨ੍ਹਾਂ ਰਿਸ਼ਤਿਆਂ ਵਿਚ ਬਹੁਤ ਅਪਣੱਤ ਸੀ। ਇਹ ਅਪਣੱਤ ਬਿਨਾਂ ਕਿਸੇ ਲੋੜ ਤੋਂ ਬਿਨਾਂ ਕਿਸੇ ਗਰਜ ਤੋਂ ਹੁੰਦੀ ਸੀ। ਇਹ ਸਿਰਫ਼ ਤੇ ਸਿਰਫ਼ ਰਿਸ਼ਤਿਆਂ ’ਤੇ ਆਧਾਰਤ ਸੀ। ਅੱਠਵੇਂ ਦਹਾਕੇ ਤੋਂ ਬਾਅਦ ਜਦੋਂ ਖੇਤੀਬਾੜੀ ਦਾ ਵਪਾਰੀਕਰਨ ਹੋਇਆ, ਆਧੁਨਿਕਤਾ ਦਾ ਪਸਾਰ ਹੋਇਆ ਤਾਂ ਇਨ੍ਹਾਂ ਰਿਸ਼ਤਿਆਂ ਵਿਚ ਮਤਲਬਪ੍ਰਸਤੀ ਆ ਗਈ। ਰਿਸ਼ਤੇ ਪੈਸੇ ਉੱਤੇ ਆ ਕੇ ਖੜ੍ਹ ਗਏ। ਮਿਠਾਸ ਦੀ ਜਗ੍ਹਾ ਫਿੱਕੇਪਣ ਤੇ ਕੁੜੱਤਣ ਨੇ ਲੈ ਲਈ। ਇਸ ਕਰਕੇ ਹਰ ਵਿਅਕਤੀ ਚਿੰਤਾਤੁਰ ਹੈ, ਪਰੇਸ਼ਾਨ ਹੈ। ਮੈਂ ਛੇਵੀ ਜਮਾਤ ਤੱਕ ਆਪਣੇ ਪਿੰਡ ਦਾਦਾ-ਦਾਦੀ ਕੋਲ ਰਹਿ ਕੇ ਪੜ੍ਹਿਆ।
ਪਿਤਾ ਜੀ ਦੀ ਨੌਕਰੀ ਹੋਣ ਕਾਰਨ ਮਾਤਾ ਜੀ ਨਾਲ ਹੀ ਸੁਨਾਮ ਰਹਿੰਦੇ ਸਨ। ਮੇਰੇ ਪਿੰਡ ਤੋਂ 6-7 ਕਿੱਲੋਮੀਟਰ ਦੂਰ ਮੇਰੀ ਮਾਸੀ ਦਾ ਸਹੁਰਾ ਪਿੰਡ ਸੀ। ਮਾਸੀ ਮੇਰੀ ਮਾਤਾ ਤੋਂ ਅੱਠ ਕੁ ਸਾਲ ਵੱਡੀ ਸੀ। ਇਕ ਮਾਸੀ ਜੋ ਮੇਰੇ ਮਾਤਾ ਤੋਂ ਛੋਟੀ ਸੀ, ਉਹ ਸੁਨਾਮ ਤੋਂ ਪਰੇ ਵਿਆਹੀ ਹੋਈ ਸੀ। ਮੈਨੂੰ ਦੋਵੇਂ ਬਹੁਤ ਪਿਆਰ ਕਰਦੀਆਂ ਸਨ ਪਰ ਨੇੜੇ ਵਾਲੀ ਵੱਡੀ ਮਾਸੀ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਗਰਮੀਆਂ ਦੀਆਂ ਛੁੱਟੀਆਂ ਹੋਣ, ਭਾਵੇਂ ਸਰਦੀਆਂ ਦੀਆਂ ਜਾਂ ਤਿੰਨ-ਚਾਰ ਛੁੱਟੀਆਂ ਇਕੱਠੀਆਂ ਆ ਜਾਣ , ਮੈ ਪਿੰਡੋਂ ਪੈਦਲ ਹੀ ਮਾਸੀ ਕੋਲ ਚਲਾ ਜਾਂਦਾ। ਭਲੇ ਜ਼ਮਾਨੇ ਸਨ।
ਰਸਤਿਆਂ ’ਚ ਕੋਈ ਡਰ-ਭੈਅ ਨਹੀਂ ਹੁੰਦਾ ਸੀ। ਕੱਚੇ ਪਹੇ ਸਨ, ਟਿੱਬਿਆਂ ਦਾ ਰਾਹ ਹੁੰਦਾ ਸੀ, ਹੱਥ ਵਿਚ ਡੰਡਾ ਫੜ ਕੇ ਖੇਡਦੇ-ਕੁੱਦਦੇ ਮਾਸੀ ਦੇ ਪਿੰਡ ਪਹੁੰਚ ਜਾਂਦਾ। ਇਕ ਵਾਰ ਤਿੰਨ-ਚਾਰ ਛੁੱਟੀਆਂ ਇਕੱਠੀਆਂ ਆ ਗਈਆਂ। ਮੈਂ ਦਾਦੀ ਤੋਂ ਮਾਸੀ ਕੋਲ ਜਾਣ ਦੀ ਆਗਿਆ ਲੈ ਲਈ। ਉਹ ਕਹਿਣ ਲੱਗੀ, ਵਗ ਤਾਂ ਜਾ ਪਰ ਸਕੂਲ ਖੁੱਲ੍ਹਦਿਆਂ ਨੂੰ ਮੁੜ ਆਈਂ। ਮੈਂ ਤੜਕੇ ਦੀ ਹਾਜ਼ਰੀ ਰੋਟੀ ਖਾ ਕੇ ਤੇ ਹੱਥ ਵਿਚ ਅਣਘੜਿਆ ਜਿਹਾ ਡੰਡਾ ਲੈ ਕੇ ਮਾਸੀ ਦੇ ਪਿੰਡ ਖਨਾਲ ਕਲਾਂ ਵੱਲ ਤੁਰ ਪਿਆ। ਪਹਿਲਾ ਪਿੰਡ ਅਕਬਰਪੁਰ ਆਉਂਦਾ ਸੀ। ਇਹ ਤਿੰਨ ਕੁ ਕਿੱਲੋਮੀਟਰ ਦੂਰ ਸੀ।
ਟਿੱਬਿਆਂ ਵਿੱਚੋਂ ਦੀ ਕੱਚਾ ਰਸਤਾ ਸੀ। ਆਲ਼ੇ-ਦੁਆਲ਼ੇ ਬਾਜਰੇ-ਕਪਾਹਾਂ ਤੇ ਹੋਰ ਸਾਉਣੀ ਦੀਆਂ ਫ਼ਸਲਾਂ ਜਿਵੇਂ ਮੂੰਗੀ, ਗੁਆਰਾ, ਸਣ ਅਤੇ ਕਿਤੇ ਕਣਕ ਬੀਜਣ ਲਈ ਜ਼ਮੀਨਾਂ ਖ਼ਾਲੀ ਪਈਆਂ ਸਨ। ਮੈਂ ਤੁਰਦਾ ਗਿਆ। ਰਸਤੇ ’ਚ ਕਦੇ ਕੋਈ ਗੱਡੇ ਵਾਲਾ ਮਿਲ ਜਾਂਦਾ, ਕੋਈ ਹਲ਼-ਪੰਜਾਲੀ ਲਿਜਾਂਦਾ ਮਿਲ ਜਾਂਦਾ। ਕਿਤੇ ਕੋਈ ਮਲ਼ਿਆਂ ਤੇ ਝਾੜੀਆਂ ’ਚ ਬੱਕਰੀਆਂ ਚਾਰਦਾ ਮਿਲ ਜਾਂਦਾ। ਜੇ ਜਾਣ-ਪਛਾਣ ਵਾਲਾ ਮਿਲ ਜਾਂਦਾ ਤਾਂ ਪੁੱਛਦਾ, ‘‘ਕਿੱਥੇ ਚਲਿਐਂ?’’ ਤਾਂ ਮੈਂ ਹੁੱਬ ਕੇ ਦੱਸਦਾ ਕਿ ਬੜੀ ਖਨਾਲ ਮਾਸੀ ਨੂੰ ਮਿਲਣ ਚੱਲਿਆਂ। ਨਦਾਮਪੁਰ ਨਹਿਰ ’ਚੋਂ ਨਿਕਲੇ ਸੂਏ (ਰਜਵਾਹੇ) ਨੂੰ ਪਾਰ ਕਰਦਿਆਂ ਅਕਬਰਪੁਰ ਥੋੜ੍ਹੀ ਦੂਰ ਰਹਿ ਗਿਆ ਸੀ। ਮੈਂ ਚੱਕਵੇਂ ਪੈਰੀਂ ਹੋ ਗਿਆ ਕਿਉਂਕਿ ਆਵਾਜਾਈ ਹੁਣ ਘੱਟ ਸੀ।
ਮੈਂ ਅਕਬਰਪੁਰ ਪਿੰਡ ਪਹੁੰਚ ਗਿਆ। ਪਿੰਡ ਲੰਘ ਕੇ ਅੱਗੇ ਨਹਿਰ ਸੀ। ਅਸੀਂ ਇਸ ਨੂੰ ਨਦਾਮਪੁਰ ਵਾਲੀ ਨਹਿਰ ਕਹਿੰਦੇ ਸਾਂ। ਇਹ ਅੱਗੇ ਸੂਲਰ ਘਰਾਟ ਹੋ ਕੇ ਲਹਿਰੇਗਾਗੇ ਵੱਲ ਨਿਕਲ ਜਾਂਦੀ ਸੀ। ਪੁਲ ਪਾਰ ਕਰਦਿਆਂ ਇਸ ਨਹਿਰ ’ਚੋਂ ਇਕ ਨਹਿਰ ਨੁਮਾਂ ਰਜਵਾਹਾ ਖਨਾਲ ਕਲਾਂ ਵੱਲ ਜਾਂਦਾ ਸੀ। ਉਸ ਦੇ ਨਾਲ-ਨਾਲ ਕੱਚਾ ਰਸਤਾ ਸੀ। ਮੈਂ ਉਸ ’ਤੇ ਚੱਲ ਪਿਆ। ਇਨ੍ਹਾਂ ਰਸਤਿਆਂ ਤੇ ਮਾਸੀ ਦੇ ਘਰ ਦਾ ਮੈਨੂੰ ਪਤਾ ਸੀ ਕਿਉਂਕਿ ਮੈਂ ਮੇਰੀ ਮਾਤਾ ਨਾਲ ਪਹਿਲਾਂ ਵੀ ਇਕ-ਦੋ ਵਾਰ ਆਇਆ ਸੀ। ਮਾਸੀ ਦੇ ਘਰ ਦਾ ਵੱਡਾ ਸਾਰਾ ਲੱਕੜ ਦੇ ਤਖ਼ਤਿਆਂ ਦਾ ਬੂਹਾ ਸੀ।
ਬੂਹੇ ਦੇ ਸੱਜੇ ਪਾਸੇ ਪੱਕੀਆਂ ਇੱਟਾਂ ਦੀ ਬੈਠਕ ਸੀ ਪਰ ਸੀਮੈਂਟ ਨਾਲ ਲਿੱਪੀ ਨਹੀਂ ਸੀ। ਮਕਾਨ ਭਾਵੇਂ ਸਾਰਾ ਕੱਚਾ ਸੀ ਪਰ ਲਿੱਪਿਆ-ਪੋਚਿਆ ਸਾਫ਼-ਸੁਥਰਾ ਸੀ। ਕੜੀਆਂ-ਬਾਲਿਆਂ ਦੀ ਛੱਤ ਸ਼ਤੀਰਾਂ ਉੱਪਰ ਬਣੀ ਹੋਈ ਸੀ। ਇਕ ਲੰਬਾ ਜਿਹਾ ਕਮਰਾ ਰਸੋਈ ਦੇ ਖੱਬੇ ਪਾਸੇ ਬਣਿਆ ਹੋਇਆ ਸੀ ਜਿਸ ’ਚ ਮਾਸੀ ਦੇ ਵੱਡੇ ਮੁੰਡੇ ਦਾ ਟਿਕਾਣਾ ਸੀ। ਸਾਹਮਣੇ ਮਾਸੀ ਸ਼ਾਇਦ ਰੋਟੀ-ਟੁੱਕ ਦਾ ਮੁਕਾ ਕੇ ਕਣਕ ਦਾ ਪੀਹਣਾ ਛੰਡ ਰਹੀ ਸੀ।
ਮੈਂ ਕਿਹਾ, ‘‘ਮਾਸੀ, ਮੱਥਾ ਟੇਕਦਾਂ।’’ ਮੈਨੂੰ ਦੇਖ ਕੇ ਉਹ ਹੈਰਾਨ ਰਹਿ ਗਈ। ਉੱਠ ਕੇ ਹੱਥ ਝਾੜ ਕੇ ਮੈਨੂੰ ਜੱਫੀ ਵਿਚ ਘੁੱਟ ਲਿਆ ਤੇ ਮੇਰਾ ਮੂੰਹ ਚੁੰਮਦੀ ਹੋਈ ਕਹਿਣ ਲੱਗੀ, ‘‘ਮੇਰਾ ਲਾਡਲਾ ਚੌਥਾ ਪੁੱਤ ਅੱਜ ਕਿਵੇਂ ਆ ਬਹੁੜਿਆ?’’ ਮੇਰੀ ਭੈਣ ਪਰਗਾਸੋ ਦੀ ਇੱਕੋ-ਇੱਕ ਨਿਸ਼ਾਨੀ, ਅੱਜ ਕਿਵੇਂ ਮਿਲਣ ਨੂੰ ਦਿਲ ਕਰ ਆਇਆ?’’ ਮੈਂ ਕਿਹਾ,‘‘ਮਾਸੀ! ਕਈ ਦਿਨਾਂ ਦੀਆਂ ਛੁੱਟੀਆਂ ਸਨ, ਮੈਂ ਸੋਚਿਆ ਕਿ ਮਾਸੀ ਨੂੰ ਮਿਲ ਆਵਾਂ।’’ ਮਾਸੀ ਦਾ ਚਾਅ ਨਾ ਚੱਕਿਆ ਜਾਵੇ। ਮੈਂ ਉਸ ਕੋਲ ਪੀੜ੍ਹੀ ’ਤੇ ਬੈਠ ਗਿਆ। ਉਸ ਨੇ ਆਪਣੀ ਨੂੰਹ ਨੂੰ ਆਵਾਜ਼ ਮਾਰੀ, ‘‘ਨੀਂ ਰਾਣੀ! ਤੌੜੀ ’ਚੋਂ ਦੁੱਧ ਲੈ ਕੇ ਸ਼ੱਕਰ ਮਿਲਾ ਕੇ ਲਿਆ।
ਮੇਰਾ ਭਾਣਜਾ ਆਇਆ ਹੈ।’’ ਉਹ ਦੁੱਧ ਲੈ ਆਈ। ਮੈਂ ਉਸ ਨੂੰ ਭਾਬੀ ਕਹਿ ਕੇ ਮੱਥਾ ਟੇਕਿਆ ਤੇ ਉਸ ਨੇ ਮੇਰਾ ਸਿਰ ਪਲੋਸ ਦਿੱਤਾ। ਦੁੱਧ ਨਾਲ ਕਿਸੇ ਵਿਆਹ ਵਾਲੇ ਘਰੋਂ ਆਏ ਲੱਡੂਆਂ-ਸ਼ਕਰਪਾਰਿਆਂ ਵਾਲੀ ਭਾਜੀ ਮੇਰੇ ਅੱਗੇ ਰੱਖ ਦਿੱਤੀ। ਲੱਡੂ ਤਾਜ਼ੇ ਹੋਣ ਕਰਕੇ ਸੁਆਦ ਬਹੁਤ ਸਨ। ਇਸ ਤਰ੍ਹਾਂ ਗੱਲਾਂਬਾਤਾਂ ਕਰਦਿਆਂ ਦੁਪਹਿਰ ਨਿਕਲ ਗਈ ਤੇ ਤਿੰਨ ਵਜੇ ਦੀ ਚਾਹ ਦਾ ਸਮਾਂ ਹੋ ਗਿਆ। ਦਿੜਬੇ ਤੋਂ ਮੇਰ ਮਾਸੜ ਵੀ ਆ ਗਿਆ।
ਮਾਸੀ ਦਾ ਮੁੰਡਾ ਫ਼ੌਜੀ ਸੀ ਤੇ ਛੁੱਟੀ ਆਇਆ ਹੋਇਆ ਸੀ। ਉਹ ਵੀ ਸੁਨਾਮੋਂ ਮੁੜ ਆਇਆ। ਸਭ ਨੇ ਰਲ ਕੇ ਚਾਹ ਪੀਤੀ। ਮੇਰੀ ਮਾਸੀ ਦੇ ਤਿੰਨ ਲੜਕੇ ਸਨ। ਸਭ ਤੋਂ ਵੱਡਾ ਖੇਤੀ ਕਰਦਾ ਸੀ, ਉਸ ਤੋਂ ਛੋਟਾ ਫ਼ੌਜ ਵਿਚ ਸੀ ਤੇ ਤੀਸਰਾ ਡੰਗਰਾਂ ਦਾ ਪਾਲ਼ੀ ਸੀ ਤੇ ਖੇਤੀ ’ਚ ਹੱਥ ਵਟਾਉਂਦਾ ਸੀ। ਰਾਤ ਨੂੰ ਬੱਦਲਵਾਈ ਹੋ ਗਈ ਤੇ ਸਵੇਰੇ ਮੀਂਹ ਪੈਣ ਲੱਗ ਪਿਆ। ਸਭ ਤੋਂ ਛੋਟਾ ਮੀਂਹ ਪੈਂਦੇ ’ਚ ਵੀ ਕੋਠੇ ’ਤੇ ਪਿਆ ਰਿਹਾ। ਮਸਾਂ ਮਾਸੀ ਨੇ ਤਾੜ ਕੇ ਹੇਠਾਂ ਲਾਹਿਆ। ਮਾਸੀ ਨੇ ਸਾਡੇ ਲਈ ਖੀਰ ਬਣਾਈ ਤੇ ਪੂੜੇ ਲਾਹੁਣ ਲੱਗੀ। ਸਾਰੇ ਖਾਣ ਬੈਠ ਗਏ। ਪੂੜੇ ਹੌਲ਼ੀ-ਹੌਲ਼ੀ ਬਣਨ ਕਰਕੇ ਸਭ ਨੂੰ ਅੱਧਾ-ਅੱਧਾ ਹੀ ਆਵੇ।
ਸਾਰਿਆਂ ਨੇ ਰੱਜ ਕੇ ਪੂੜੇ ਖਾਧੇ। ਅਗਲੇ ਦਿਨ ਮੀਂਹ ਹਟ ਗਿਆ। ਸਾਰੇ ਜਣੇ ਕਪਾਹ ਚੁਗਣ ਲਈ ਸੂਏ ਪਾਰ ਰੋੜੀ ਵਾਲੇ ਖੇਤ ਚਲੇ ਗਏ। ਮੈਂ ਵੀ ਸਿਰ ਨਾਲ ਪੱਲੀ ਬੰਨ੍ਹ ਕੇ ਮਾਸੀ ਹੁਰਾਂ ਨਾਲ ਕਪਾਹ ਚੁਗਣ ਲੱਗ ਪਿਆ। ਉਦੋਂ ਕਪਾਹਾਂ ਘਰ ਦੇ ਮੈਂਬਰ ਹੀ ਚੁਗਦੇ ਹੁੰਦੇ ਸਨ ਜਾਂ ਇਕ-ਦੋ ਔਰਤਾਂ ਦਿਹਾੜੀ ’ਤੇ ਲੈ ਕੇ ਜਾਂਦੇ। ਦੁਪਹਿਰ ਤੱਕ ਅੱਧਾ ਕਿੱਲਾ ਚੁਗ ਲਿਆ। ਫਿਰ ਟਾਹਲੀ ਦੀ ਛਾਵੇਂ ਬੈਠ ਕੇ ਦਮ ਲਿਆ ਤੇ ਕੱਦੂ ਦੀ ਸਬਜ਼ੀ ਨਾਲ ਰੋਟੀ ਖਾਧੀ।
ਰੋਟੀ ਖਾ ਕੇ ਉੱਥੇ ਹੀ ਡਲ਼ਿਆਂ ’ਤੇ ਲੰਮੇ ਪੈ ਗਏ। ਉੱਥੇ ਬਹੁਤ ਗੂੜ੍ਹੀ ਨੀਂਦ ਆਈ। ਮਾਸੜ ਕੋਲ ਪੰਦਰਾਂ ਕਿੱਲੇ ਜ਼ਮੀਨ ਸੀ। ਅੱਠ ਕਿੱਲੇ ਰੋੜੀ ਵਾਲ਼ੇ ਖੇਤ ਤੇ ਸੱਤ ਕਿੱਲੇ ਛੋਟੀ ਖਨਾਲ ਦੇ ਰਸਤੇ ਉੱਤੇ ਸਨ। ਇਕ ਦਿਨ ਮੈਂ ਤੇ ਫ਼ੌਜੀ ਦੂਸਰੇ ਖੇਤ ਗੇੜਾ ਮਾਰਨ ਚਲੇ ਗਏ। ਪਿਆਰ ਤਾਂ ਭਾਵੇਂ ਮੈਨੂੰ ਸਾਰੇ ਕਰਦੇ ਸਨ ਪਰ ਫ਼ੌਜੀ ਨਾਲ ਯਾਰਾਨਾ ਜ਼ਿਆਦਾ ਸੀ। ਸ਼ਾਮ ਨੂੰ ਮਾਸੀ ਨੇ ਕੜਾਹ-ਪ੍ਰਸ਼ਾਦ ਬਣਾ ਲਿਆ।
ਮਾਸੀ ਨੇ ਸਾਰੇ ਦਿਨੀਂ ਕੁਝ ਨਾ ਕੁਝ ਬਣਾ ਕੇ ਮੇਰੀ ਬਹੁਤ ਸੇਵਾ ਕੀਤੀ। ਅਗਲੇ ਦਿਨ ਮੈਂ ਵਾਪਸ ਜਾਣਾ ਸੀ। ਮਾਸੀ ਦਾ ਤੋਰਨ ਨੂੰ ਦਿਲ ਨਾ ਕਰੇ। ਮੈਨੂੰ ਆਖੇ, ‘‘ਹੋਰ ਦੋ ਦਿਨ ਰਹਿ ਜਾ।’’ ਪਰ ਮੇਰਾ ਸਕੂਲ ਖੁੱਲ੍ਹਣਾ ਸੀ। ਤੁਰਨ ਵੇਲੇ ਇਕ ਵਾਰ ਫਿਰ ਮੈਨੂੰ ਗਲਵੱਕੜੀ ’ਚ ਲੈ ਲਿਆ। ਸ਼ਗਨ ਵੱਜੋਂ ਪੰਜ ਰੁਪਈਏ ਤੇ ਇਕ ਘਰ ਦਾ ਬੁਣਿਆ ਵਧੀਆ ਖੇਸ ਮੈਨੂੰ ਦਿੱਤਾ। ਮੈਨੂੰ ਉਹ ਸੂਏ ਦੇ ਪੁਲ ਤੱਕ ਛੱਡਣ ਲਈ ਅਕਬਰਪੁਰ ਦੇ ਰਾਹ ਤੱਕ ਆਈ। ਦੂਰ ਤੱਕ ਮੁੜ-ਮੁੜ ਕੇ ਮੈਂ ਉਸ ਦੀਆਂ ਅੱਖਾਂ ’ਚੋਂ ਵਗਦੇ ਹੰਝੂ ਦੇਖਦਾ ਰਿਹਾ। ਪੁਲ ਉੱਪਰ ਉਦੋਂ ਤੱਕ ਖੜ੍ਹੀ ਰਹੀ ਜਦੋਂ ਤੱਕ ਮੈਂ ਉਸ ਦੀਆਂ ਅੱਖਾਂ ਤੋਂ ਓਝਲ ਨਾ ਹੋਇਆ।
-ਸੁਰਿੰਦਰ ਸ਼ਰਮਾ ਨਾਗਰਾ
-ਮੋਬਾਈਲ : 98786-46595