ਸੁਤੰਤਰਤਾ ਦਿਵਸ ’ਤੇ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮਹੱਤਵਪੂਰਨ ਐਲਾਨ ਕੀਤੇ। ਇਨ੍ਹਾਂ ਵਿੱਚੋਂ ਇਕ ਐਲਾਨ ਰਾਸ਼ਟਰੀ ਸੁਰੱਖਿਆ ਦੇ ਮੋਰਚੇ ’ਤੇ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਨਾਗਰਿਕ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ।

-ਜਗਤਬੀਰ ਸਿੰਘ
ਸੁਤੰਤਰਤਾ ਦਿਵਸ ’ਤੇ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮਹੱਤਵਪੂਰਨ ਐਲਾਨ ਕੀਤੇ। ਇਨ੍ਹਾਂ ਵਿੱਚੋਂ ਇਕ ਐਲਾਨ ਰਾਸ਼ਟਰੀ ਸੁਰੱਖਿਆ ਦੇ ਮੋਰਚੇ ’ਤੇ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਨਾਗਰਿਕ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ। ਇਸ ਨੂੰ ਯਕੀਨੀ ਬਣਾਉਣ ਲਈ ਮਿਸ਼ਨ ਸੁਦਰਸ਼ਨ ਚੱਕਰ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਸ ਤਹਿਤ ਅਗਲੇ ਦਸ ਸਾਲਾਂ ਦੌਰਾਨ ਸਵਦੇਸ਼ੀ ਤਕਨੀਕੀ ਵਿਕਾਸ ਰਾਹੀਂ ਭਾਰਤ ਦੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਢਾਲ ਨੂੰ ਮਜ਼ਬੂਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਸ੍ਰੀਕ੍ਰਿਸ਼ਨ ਤੋਂ ਪ੍ਰੇਰਨਾ ਲੈਂਦੇ ਹੋਏ ਅਸੀਂ ਸੁਦਰਸ਼ਨ ਚੱਕਰ ਦੀ ਰਾਹ ਚੁਣੀ ਹੈ। ਇਸ ਤੰਤਰ ਨਾਲ ਸਬੰਧਤ ਸਾਰੀਆਂ ਖੋਜਾਂ, ਵਿਕਾਸ ਅਤੇ ਉਤਪਾਦਨ ਭਾਰਤ ਵਿਚ ਹੀ ਕੀਤੇ ਜਾਣਗੇ। ਇਹ ਵੀ ਇਕ ਸੰਯੋਗ ਹੀ ਹੈ ਕਿ ਭਾਰਤ ਦੀ ਪ੍ਰਮੁੱਖ ਸਟ੍ਰਾਈਕ ਕੋਰ ਵਿੱਚੋਂ ਇਕ 21 ਕੋਰ ਨੂੰ ਵੀ ਸੁਦਰਸ਼ਨ ਚੱਕਰ ਹੀ ਕਿਹਾ ਜਾਂਦਾ ਹੈ। ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਇਹ ਆਕਰਸ਼ਕ ਇਕਾਈ ਦੁਸ਼ਮਣ ਨੂੰ ਉਸ ਦੇ ਖੇਤਰ ਵਿਚ ਭਾਰੀ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ।
ਪਿਛਲੇ ਕੁਝ ਸਮੇਂ ਵਿਚ ਵਿਸ਼ਵ ਸੁਰੱਖਿਆ-ਰੱਖਿਆ ਮੁਹਾਂਦਰਾ ਬਹੁਤ ਤੇਜ਼ੀ ਨਾਲ ਬਦਲਿਆ ਹੈ ਅਤੇ ਲਗਾਤਾਰ ਤਬਦੀਲੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮੁਹਾਂਦਰੇ ਵਿਚ ਮਿਜ਼ਾਈਲ ਡਿਫੈਂਸ ਪ੍ਰਣਾਲੀ ਰਾਸ਼ਟਰੀ ਸੁਰੱਖਿਆ ਰਣਨੀਤੀਆਂ ਦਾ ਬੁਨਿਆਦੀ ਥੰਮ੍ਹ ਬਣ ਗਈ ਹੈ। ਇਸ ਲੜੀ ਵਿਚ ਉੱਨਤ ਤਕਨੀਕਾਂ ਮਿਜ਼ਾਈਲ ਖ਼ਤਰਿਆਂ ਦਾ ਪਤਾ ਲਗਾਉਣ, ਉਨ੍ਹਾਂ ਨੂੰ ਟਰੈਕ ਕਰਨ, ਇੰਟਰਸੈਪਟ ਕਰਨ ਅਤੇ ਨਕਾਰਾ ਬਣਾਉਣ ਲਈ ਡਿਜ਼ਾਈਨ ਕੀਤੀਆਂ ਗਈਆਂ ਹਨ। ਇਨ੍ਹਾਂ ਦੇ ਕੰਮ ਦਾ ਦਾਇਰਾ ਛੋਟੀ ਰੇਂਜ ਦੀ ਬੈਲਿਸਟਿਕ ਮਿਜ਼ਾਈਲਾਂ ਤੋਂ ਲੈ ਕੇ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲਾਂ ਯਾਨੀ ਆਈਸੀਬੀਐੱਮ ਤੱਕ ਫੈਲਿਆ ਹੋਇਆ ਹੈ। ਭੂ-ਰਾਜਨੀਤਕ (ਜੀਓ-ਪੋਲੀਟੀਕਲ) ਤਣਾਅ ਵਧਣ ਦੀ ਸਥਿਤੀ ਵਿਚ ਜਦੋਂ ਮਿਜ਼ਾਈਲਾਂ ਦਾ ਚਲਨ ਵਧਦਾ ਹੈ, ਤਦ ਮਜ਼ਬੂਤ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦਾ ਮਹੱਤਵ ਬਹੁਤ ਵਧ ਜਾਂਦਾ ਹੈ। ਇਸ ਸਬੰਧ ਵਿਚ ਇਜ਼ਰਾਈਲ ਦੀ ਆਇਰਨ ਡੋਮ ਪ੍ਰਣਾਲੀ ਦੀ ਅਕਸਰ ਉਦਾਹਰਨ ਦਿੱਤੀ ਜਾਂਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਸਾਲ ਐਲਾਨ ਕੀਤਾ ਕਿ ਉਹ 175 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਗੋਲਡਨ ਡੋਮ ਪ੍ਰਣਾਲੀ ਨਾਲ ਅਮਰੀਕਾ ਦੇ ਰੱਖਿਆ ਕਵਚ ਨੂੰ ਹੋਰ ਅਭੇਦ ਬਣਾਉਣਗੇ। ਗੋਲਡਨ ਡੋਮ ਦੀ ਧਾਰਨਾ ਧਰਤੀ, ਸਮੁੰਦਰ ਅਤੇ ਪੁਲਾੜ ਆਧਾਰਤ ਮਿਜ਼ਾਈਲਾਂ ਨੂੰ ਨਕਾਰਾ ਬਣਾਉਣ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਰੂਸ ਏ-135 ਐਂਟੀ-ਬੈਲਿਸਟਿਕ ਪ੍ਰਣਾਲੀ ਜ਼ਰੀਏ ਮਾਸਕੋ ਅਤੇ ਹੋਰ ਮਹੱਤਵਪੂਰਨ ਸ਼ਹਿਰਾਂ ਦੀ ਰੱਖਿਆ ਕਰਦਾ ਹੈ। ਉਸ ਕੋਲ ਐੱਸ-400 ਵਰਗੀ ਕਾਰਗਰ ਪ੍ਰਣਾਲੀ ਵੀ ਹੈ ਜੋ ਸਾਰੀਆਂ ਮਿਜ਼ਾਈਲਾਂ ਨੂੰ ਨਸ਼ਟ ਕਰਨ ਵਿਚ ਸਮਰੱਥ ਹੈ। ਭਾਰਤ ਕੋਲ ਵੀ ਐੱਸ-400 ਦੀਆਂ ਤਿੰਨ ਸਕਵਾਰਡਨ ਹਨ ਜਿਸ ਵਿਚ ਦੋ ਸਕਵਾਰਡਨ ਹੋਰ ਜੁੜਨੀਆਂ ਹਨ। ਚੀਨ ਕੋਲ ਐੱਚਕਿਊ-9 ਵਰਗੀ ਪ੍ਰਣਾਲੀ ਹੈ। ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਲੰਬੀ ਦੂਰੀ ਦੀ ਇਹ ਐਂਟੀ-ਬੈਲਿਸਟਿਕ ਸਮਰੱਥਾ ਪ੍ਰਣਾਲੀ ਇਕ ਤਰ੍ਹਾਂ ਨਾਲ ਰੂਸੀ ਐੱਸ-300 ਦਾ ਹੀ ਚੀਨੀ ਐਡੀਸ਼ਨ ਹੈ। ਜਹਾਜ਼, ਕਰੂਜ਼ ਮਿਜ਼ਾਈਲ ਅਤੇ ਟੈਕਟੀਕਲ ਬੈਲਿਸਟਿਕ ਵਰਗੇ ਹਵਾਈ ਖ਼ਤਰਿਆਂ ਨੂੰ ਇੰਟਰਸੈਪਟ ਕਰਨ ਵਿਚ ਸਮਰੱਥ ਇਸ ਪ੍ਰਣਾਲੀ ਨੂੰ ਚੀਨ ਨੇ ਪਾਕਿਸਤਾਨ, ਮੋਰੱਕੋ, ਮਿਸਰ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਵਰਗੇ ਦੇਸ਼ਾਂ ਨੂੰ ਵੇਚਿਆ ਵੀ ਹੈ। ਤਾਇਵਾਨ ਅਤੇ ਜਾਪਾਨ ਕੋਲ ਵੀ ਅਜਿਹੀਆਂ ਹੀ ਪ੍ਰਣਾਲੀਆਂ ਹਨ। ਤਾਇਵਾਨ ਕੋਲ ਜਿੱਥੇ ਸਕਾਈ ਬੋ ਸ਼੍ਰੇਣੀ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ, ਐਂਟੀ ਬੈਲਿਸਟਿਕ ਮਿਜ਼ਾਈਲ ਅਤੇ ਐਂਟੀ-ਏਅਰਕ੍ਰਾਫਟ ਰੱਖਿਆ ਪ੍ਰਣਾਲੀ ਹੈ, ਓਥੇ ਹੀ ਜਾਪਾਨ ਦੀ ਯੋਜਨਾ ਅਮਰੀਕਾ ਦੇ ਪੀਏਸੀ-3 ਵਾਲੇ ਜ਼ਮੀਨ ਤੋਂ ਹਵਾ ਵਿਚ ਸਰਗਰਮ ਹੋਣ ਵਾਲੇ ਇੰਟਰਸੈਪਟਰਜ਼ ਨੂੰ ਅਪਣਾਉਣ ਦੀ ਹੈ।
ਭਾਰਤ ਵੀ ਹੋਰ ਪ੍ਰਮੁੱਖ ਦੇਸ਼ਾਂ ਦੀ ਤਰ੍ਹਾਂ ਮਿਜ਼ਾਈਲ ਸਬੰਧੀ ਖ਼ਤਰਿਆਂ ਅਤੇ ਸਾਈਬਰ ਹਮਲਿਆਂ ਖ਼ਿਲਾਫ਼ ਆਪਣੇ ਰੱਖਿਆ ਕਵਚ ਨੂੰ ਮਜ਼ਬੂਤ ਕਰਨ ਵਿਚ ਲੱਗਾ ਹੋਇਆ ਹੈ। ਆਪ੍ਰੇਸ਼ਨ ਸਿੰਧੂਰ ਵਿਚ ਇਸ ਰੱਖਿਆ ਢਾਲ ਦਾ ਪ੍ਰਭਾਵਸ਼ਾਲੀ ਅਸਰ ਵੀ ਦੇਖਣ ਨੂੰ ਮਿਲਿਆ।
ਇੰਟੀਗ੍ਰੇਟਿਡ ਏਅਰ ਕਮਾਂਡ ਅਤੇ ਕੰਟਰੋਲ ਸਿਸਟਮ (ਆਈਏਸੀਸੀਐੱਸ) ਜ਼ਰੀਏ ਭਾਰਤ ਨੇ ਪਾਕਿਸਤਾਨ ਦੇ ਮਿਜ਼ਾਈਲ ਹਮਲਿਆਂ ਨੂੰ ਸਫਲਤਾਪੂਰਵਕ ਨਾਕਾਮ ਕੀਤਾ। ਅਨੁਮਾਨ ਹੈ ਕਿ ਪ੍ਰਸਤਾਵਿਤ ਸੁਦਰਸ਼ਨ ਚੱਕਰ ਨੂੰ ਭਾਰਤ ਦੇ ਮੌਜੂਦਾ ਹਵਾਈ ਸੁਰੱਖਿਆ ਢਾਂਚੇ ਨਾਲ ਵੀ ਜੋੜਿਆ ਜਾਵੇਗਾ। ਇਸ ਨੂੰ ਮੂਲ ਰੂਪ ਵਿਚ ਆਈਏਸੀਸੀਐੱਸ ਦੇ ਆਧਾਰ ’ਤੇ ਵਿਕਸਤ ਕੀਤਾ ਜਾਵੇਗਾ ਜਿਸ ਵਿਚ ਫ਼ੌਜ ਦੇ ਸਵਦੇਸ਼ੀ ਆਕਾਸ਼ਤੀਰ ਨੈੱਟਵਰਕ ਨੂੰ ਵੀ ਸ਼ਾਮਲ ਕਰਨਾ ਹੈ। ਸੁਦਰਸ਼ਨ ਚੱਕਰ ਵਿਚ ਅਤਿ-ਆਧੁਨਿਕ ਨਿਗਰਾਨੀ, ਇੰਟਰਸੈਪਸ਼ਨ ਅਤੇ ਜਵਾਬੀ ਵਾਰ ਕਰਨ ਦੀ ਸਮਰੱਥਾ ਹੋਵੇਗੀ। ਇਹ ਹਵਾ ਵਿਚ, ਜ਼ਮੀਨ ’ਤੇ ਜਾਂ ਸਮੁੰਦਰ ਦੇ ਨਾਲ-ਨਾਲ ਸਾਈਬਰਸਪੇਸ ਤੋਂ ਦਸਤਕ ਦੇਣ ਵਾਲੇ ਕਿਸੇ ਵੀ ਖ਼ਤਰੇ ਨੂੰ ਤੁਰੰਤ ਨਕਾਰਾ ਕਰਨ ਵਿਚ ਸਮਰੱਥ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਸੁਦਰਸ਼ਨ ਚੱਕਰ ਦੀਆਂ ਸਮਰੱਥਾਵਾਂ ਪਰੰਪਰਾਗਤ ਮਿਜ਼ਾਈਲ ਡਿਫੈਂਸ ਤੋਂ ਵੀ ਕਿਤੇ ਵੱਧ ਹੋਣਗੀਆਂ।
ਵਰਤਮਾਨ ਵਿਚ ਜਿਸ ਤਰ੍ਹਾਂ ਦੇ ਨਵੇਂ-ਨਵੇਂ ਖ਼ਤਰਿਆਂ ਦਾ ਵਾਧਾ ਹੋਇਆ ਹੈ, ਉਸ ਨੂੰ ਦੇਖਦੇ ਹੋਏ ਫ਼ੌਜੀ ਅਤੇ ਤਕਨੀਕੀ ਰੱਖਿਆ ਢਾਲ ਨੂੰ ਹੋਰ ਮਜ਼ਬੂਤ ਬਣਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਯਾਦ ਰਹੇ ਕਿ ਆਧੁਨਿਕ ਸਮਰ ਨੀਤੀ ਵਿਚ ਸਿਰਫ਼ ਫ਼ੌਜੀ ਅਦਾਰੇ ਹੀ ਨਹੀਂ ਸਗੋਂ ਬਿਜਲੀ ਗ੍ਰਿੱਡ, ਸੰਚਾਰ ਨੈੱਟਵਰਕ, ਖੁਰਾਕ ਅਤੇ ਪਾਣੀ ਦੀ ਸਪਲਾਈ, ਸਿਹਤ ਸਹੂਲਤਾਂ ਅਤੇ ਰੱਖਿਆ ਪ੍ਰਣਾਲੀਆਂ ਵੀ ਨਿਸ਼ਾਨੇ ’ਤੇ ਹੁੰਦੀਆਂ ਹਨ। ਇਸ ਲਈ ਸੁਦਰਸ਼ਨ ਚੱਕਰ ਵਰਗੇ ਢਾਂਚੇ ਦੀ ਮਹੱਤਤਾ ਬਹੁਤ ਵਧ ਜਾਂਦੀ ਹੈ। ਇਸ ਵਿਚ ਫ਼ੌਜੀ ਤਕਨੀਕਾਂ ਦੇ ਨਾਲ-ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਉੱਭਰਦੀਆਂ ਤਕਨੀਕਾਂ ਦੀ ਵੀ ਅਹਿਮ ਭੂਮਿਕਾ ਹੋਵੇਗੀ। ਉਂਜ ਤਾਂ ਮਿਸ਼ਨ ਸੁਦਰਸ਼ਨ ਚੱਕਰ ਦੀ ਰੂਪਰੇਖਾ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈ ਪਰ ਇਸ ਵਿਚ ਭਾਰਤ ਦੀਆਂ ਉੱਘੀਆਂ ਖੋਜ ਇਕਾਈਆਂ, ਰੱਖਿਆ ਅਦਾਰਿਆਂ ਅਤੇ ਨਿੱਜੀ ਖੇਤਰ ਦੀ ਭਾਈਵਾਲੀ-ਸਰਗਰਮੀ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਇਹ ਆਕਾਸ਼, ਐੱਸ-400 ਅਤੇ ਕਿਊਆਰ-ਸੈਮ ਵਰਗੀਆਂ ਮੌਜੂਦਾ ਪ੍ਰਣਾਲੀਆਂ ਦੇ ਨਾਲ-ਨਾਲ ਲੇਜ਼ਰ-ਆਧਾਰਤ ਇੰਟਰਸੈਪਟਰ ਵਰਗੀ ਭਵਿੱਖ ਦੀ ਤਾਕਤ ਨਾਲ ਸੰਚਾਲਿਤ ਹੋ ਕੇ ਇਕ ਸੰਯੁਕਤ ਰੱਖਿਆ ਪ੍ਰਣਾਲੀ ਦੀ ਭੂਮਿਕਾ ਨਿਭਾਏਗਾ। ਇਸ ਨੂੰ ਪ੍ਰਭਾਵਸ਼ਾਲੀ ਜਵਾਬੀ ਹਮਲਿਆਂ ਦੀਆਂ ਸਮਰੱਥਾਵਾਂ ਦੇ ਨਾਲ-ਨਾਲ ਹੈਕਿੰਗ ਅਤੇ ਫਿਸ਼ਿੰਗ ਵਰਗੇ ਸਾਈਬਰ ਖ਼ਤਰਿਆਂ ਨਾਲ ਨਿਪਟਣ ਦੇ ਮਕਸਦ ਨਾਲ ਵੀ ਤਿਆਰ ਕੀਤਾ ਜਾਵੇਗਾ। ਆਤਮ-ਨਿਰਭਰਤਾ ਦਾ ਭਾਵ ਵਧਾਉਣ ਦੇ ਨਾਲ-ਨਾਲ ਇਹ ਜ਼ਮੀਨ, ਹਵਾ ਅਤੇ ਸਮੁੰਦਰ ਤੋਂ ਵੀ ਸੰਚਾਲਨ-ਦਾਗ਼ਣ ਵਿਚ ਸਮਰੱਥ ਹੋਵੇਗਾ। ਇਸ ਦਾ ਦੁਬਾਰਾ ਇਸਤੇਮਾਲ ਵੀ ਕੀਤਾ ਜਾ ਸਕੇਗਾ। ਇਸ ਦਾ ਨਿਯੰਤਰਣ ਵੀ ਚੀਫ ਆਫ ਡਿਫੈਂਸ ਸਟਾਫ-ਸੀਡੀਐੱਸ ਜ਼ਰੀਏ ਹੋਵੇਗਾ।
ਇਸ ਵਿਚ ਕੋਈ ਸੰਦੇਹ ਨਹੀਂ ਹੈ ਕਿ ਜਦੋਂ ਸੁਦਰਸ਼ਨ ਚੱਕਰ ਨਾਂ ਵਾਲੀ ਰੱਖਿਆ ਪ੍ਰਣਾਲੀ ਪ੍ਰਭਾਵੀ ਹੋਵੇਗੀ ਤਾਂ ਇਹ ਸਾਡੇ ਰੱਖਿਆ ਢਾਂਚੇ ਦਾ ਪ੍ਰਮੁੱਖ ਥੰਮ੍ਹ ਬਣੇਗੀ। ਇਕ ਲਗਾਤਾਰ ਜਟਿਲ ਹੁੰਦੇ ਸੁਰੱਖਿਆ ਮੁਹਾਂਦਰੇ ਵਿਚ ਅਤਿ-ਆਧੁਨਿਕ ਤਕਨੀਕਾਂ ਦੇ ਜੁੜਨ ਨਾਲ ਉੱਭਰਦੇ ਹੋਏ ਖ਼ਤਰਿਆਂ ਤੋਂ ਨਿਜਾਤ ਦਿਵਾਉਣ ਵਿਚ ਇਹ ਪ੍ਰਣਾਲੀ ਅਹਿਮ ਭੂਮਿਕਾ ਨਿਭਾ ਕੇ ਵੀ ਆਪਣੇ ਕਾਰਗਰ ਹੋਣ ਨੂੰ ਸਾਬਿਤ ਕਰੇਗੀ।
-(ਲੇਖਕ ਸੇਵਾ ਮੁਕਤ ਮੇਜਰ ਜਨਰਲ ਤੇ ਯੂਨਾਈਟਿਡ ਸਰਵਿਸ ਇੰਸਟੀਚਿਊਟ ਆਫ ਇੰਡੀਆ ਵਿਚ ਉੱਘਾ ਫੈਲੋ ਹੈ)। -response@jagran.com