ਵੇਖੋ ਕਿੰਨੇ ਵਧੀਆ ਢੰਗ ਨਾਲ ਬਜ਼ੁਰਗਾਂ ਨੇ ਪਿੰਡ ਦੀ ਨਕਸ਼ਾਬੰਦੀ ਕੀਤੀ ਸੀ। ਸਵਾਰਥੀ ਭਾਵਨਾ ਨਾਲ ਲੋਕਾਂ ਨੇ ਹੌਲੀ-ਹੌਲੀ ਛੱਪੜੀਆਂ ਦੇ ਕਿਨਾਰਿਆਂ ’ਤੇ ਮਿੱਟੀ ਪਾ ਕੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਘਰਾਂ ’ਚ ਮੱਝਾਂ ਦਾ ਘਟਣਾ ਵੀ ਸ਼ੁਰੂ ਹੋ ਗਿਆ ਪਰ ਸਾਫ਼-ਸੁਥਰੇ ਪਾਣੀ ਦੇ ਸੋਮੇ ਛੱਪੜ ਪਿੰਡ ਦੀ ਸ਼ਾਨ ਸਨ।

ਖੂਹ, ਟੋਭੇ, ਨਹਿਰਾਂ, ਬਰਸਾਤੀ ਨਾਲੇ ਸਾਡੇ ਪੰਜਾਬੀ ਪੁਰਾਤਨ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਹਨ, ਬਹੁਤ ਸਾਰਾ ਪੰਜਾਬੀ ਸਾਹਿਤ ਇਨ੍ਹਾਂ ਜਲ ਸਰੋਤ ਸੋਮਿਆਂ ’ਤੇ ਰਚਿਆ ਗਿਆ, ਪਵਿੱਤਰ ਤਿਉਹਾਰਾਂ ਦੇ ਸਮੇਂ ਲੋਕ ਪਾਣੀ ਦੀ ਪਵਿੱਤਰਤਾ ਨੂੰ ਸਮਝਦੇ ਹੋਏ ਇਨ੍ਹਾਂ ਜਲ ਸਰੋਤਾਂ ਦੇ ਕਿਨਾਰਿਆਂ ’ਤੇ ਘਿਓ ਦੇ ਦੀਵੇ ਬਾਲ ਕੇ ਆਉਂਦੇ। ਕੋਈ ਸਮਾਂ ਸੀ ਕਿ ਸਾਰਾ ਪਿੰਡ ਖੂਹਾਂ ਤੋਂ ਪਾਣੀ ਭਰਦਾ ਅਤੇ ਸਿੰਚਾਈ ਦਾ ਮੁੱਖ ਸੋਮਾ ਵੀ ਖੂਹ ਹੀ ਹੁੰਦੇ ਸਨ।
ਸਮਾਂ ਬਦਲਿਆ ਅੰਗਰੇਜ਼ ਰਾਜ ਆਉਣ ਦੇ ਨਾਲ ਨਹਿਰਾਂ ਦਾ ਜਾਲ ਵਿਛਿਆ, ਖੇਤਾਂ ਨੂੰ ਨਹਿਰੀ ਪਾਣੀ ਲੱਗਣ ਲੱਗਿਆ। ਪੁਰਾਣੇ ਬਜ਼ੁਰਗ ਗੱਲਾਂ ਕਰਦੇ ਕਹਿੰਦੇ ਕਿ ਨਹਿਰੀ ਪਾਣੀ ਤਾਂ ਫ਼ਸਲਾਂ ਨੂੰ ਦੇਸੀ ਘਿਓ ਵਾਂਗੂੰ ਲੱਗਦਾ ਹੈ। ਲੱਗਦਾ ਵੀ ਸੀ ਕਿਉਂਕਿ ਪਹਾੜਾਂ ਦੀ ਬਰਫ਼ ਪਿਘਲਣ ’ਤੇ, ਜਾਂ ਕੁਦਰਤੀ ਸੋਮਿਆਂ ਤੋਂ ਡੈਮਾਂ ਰਾਹੀਂ ਇਹ ਪਾਣੀ ਲੋਕਾਂ ਦੇ ਖੇਤਾਂ ਤੱਕ ਨਹਿਰਾਂ ਰਾਹੀਂ ਪਹੁੰਚਾਇਆ ਗਿਆ। ਪਰ ਵਿਗਿਆਨਕ ਖੋਜਾਂ ਨੇ ਅੰਗਰੇਜ਼ਾਂ ਦੀ ਦੂਰ-ਦ੍ਰਿਸ਼ਟੀ ਸੋਚ ਨਾਲ ਬਣਾਏ ਨਹਿਰੀ ਖਾਲ ਵੀ ਵਿਅਰਥ ਕਰ ਦਿੱਤੇ ਤੇ ਧਰਤੀ ਦੀ ਹਿੱਕ ’ਤੇ ਟਿਊਬਵੈੱਲਾਂ ਦੀ ਅਜਿਹੀ ਫ਼ਸਲ ਉਗਾਈ ਕਿ ਧਰਤੀ ਦੀ ਹਿੱਕ ਨੂੰ ਚੱਪੇ ਚੱਪੇ ਤੋਂ ਬਿੰਨ ਦਿੱਤਾ।
ਹਰ ਕਿਸਾਨ ਟਿਉਬਵੈੱਲ ’ਤੇ ਨਿਰਭਰ ਹੋ ਗਿਆ। ਨਿਰਭਰ ਹੋਣਾ ਉਸ ਦੀ ਮਜਬੂਰੀ ਵੀ ਬਣ ਗਈ ਕਿਉਂਕਿ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਸਿਰ ਚੌਲਾਂ ਦੀ ਫ਼ਸਲ ਥੋਪੀ ਗਈ। ਖੇਤੀਬਾੜੀ ਮਾਹਿਰਾਂ ਦੇ ਅਨੁਸਾਰ ਇਕ ਕਿੱਲੋ ਚੌਲ ਪੈਦਾ ਕਰਨ ’ਤੇ 80 ਲੀਟਰ ਪਾਣੀ ਖ਼ਰਚ ਆਉਂਦਾ ਹੈ। ਪਾਣੀ ਦੀ ਅੰਨ੍ਹੇਵਾਹ ਵਰਤੋਂ ਨਾਲ ਪੰਜਾਬ ’ਤੇ ਪਾਣੀ ਦਾ ਸੰਕਟ ਮੰਡਰਾਉਣ ਲੱਗਾ। ਬਾਕੀ ਰਹਿੰਦੀ ਕਸਰ ਫੈਕਟਰੀਆਂ ਦੇ ਪਲੀਤ ਪਾਣੀ ਨੇ ਪੂਰੀ ਕਰ ਦਿੱਤੀ, ਜੋ ਕਿ ਜ਼ਹਿਰ ਦੇ ਰੂਪ ਵਿਚ ਸਿੱਧਾ ਧਰਤੀ ਦੇ ਵਿਚ ਡੂੰਘੇ ਬੋਰ ਕਰ ਕੇ ਹੇਠਾਂ ਸੁੱਟਿਆ ਗਿਆ।
ਪੈਸੇ ਦੇ ਲਾਲਚ ਵਿਚ ਲੋਕ ਇਹ ਭੁੱਲ ਹੀ ਗਏ ਕਿ ਪੰਜਾਬ ਦੇ ਨਿਰਮਲ ਪਾਣੀ ਨੂੰ ਅਸੀਂ ਜ਼ਹਿਰੀਲਾ ਕਰ ਰਹੇ ਹਾਂ ਤੇ ਇਹ ਪਾਣੀ ਕਿਸੇ ਮਨੁੱਖ ਨੇ ਪੀਣਾ ਵੀ ਹੈ। ਜ਼ਹਿਰੀਲਾ ਪਾਣੀ ਪੀਣ ਦੇ ਨਾਲ ਅੱਜ ਮਨੁੱਖ ਬਹੁਤ ਹੀ ਭਿਆਨਕ ਬਿਮਾਰੀਆਂ ਦੇ ਜਾਲ ਵਿਚ ਜਕੜਿਆ ਜਾ ਰਿਹਾ ਹੈ। ਨਾਮੁਰਾਦ ਬਿਮਾਰੀਆਂ, ਜਿਨ੍ਹਾਂ ਦਾ ਨਾਂ ਲੈਣਾ ਵੀ ਸਾਡੇ ਬਜ਼ੁਰਗ ਮੁਨਾਸਿਬ ਨਹੀਂ ਸਮਝਦੇ ਸਨ, ਉਸ ਬਿਮਾਰੀ ਦੇ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਡੇ ਅੰਕੜੇ ਪਾਰ ਕਰ ਗਈ ਹੈ।
ਪੰਜਾਬੀ ਸਾਹਿਤ ਦੀ ਬਹੁਤ ਹੀ ਪ੍ਰਸਿੱਧ ਕਹਾਣੀ ਕਹਾਣੀਕਾਰ ਸੁਆਦਤ ਹਸਨ ਮੰਟੋ ਦੁਆਰਾ ਰਚੀ ਟੋਭਾ ਟੇਕ ਸਿੰਘ ਦੇਸ਼ ਵੰਡ ਸਬੰਧੀ ਬਹੁਤ ਹੀ ਭਾਵੁਕ ਦ੍ਰਿਸ਼ ਪਾਠਕਾਂ ਦੀਆਂ ਅੱਖਾਂ ਸਾਹਮਣੇ ਸਿਰਜਦੀ ਹੈ। ਜਦੋਂ ਕਦੇ ਮੈਂ ਇਹ ਕਹਾਣੀ ਪੜ੍ਹਦਾ ਤਾਂ ਮੈਨੂੰ ਮੇਰੇ ਪਿੰਡ ਦੇ ਦੋਵੇਂ ਛੱਪੜ ਯਾਦ ਆ ਜਾਂਦੇ। ਸਾਡੇ ਪਿੰਡ ਵਿਚ ਮੱਝਾਂ ਦੇ ਲਈ ਮੁੱਖ ਦੋ ਛੱਪੜ ਅਤੇ ਪਾਣੀ ਦੇ ਨਿਕਾਸ ਲਈ ਤਿੰਨ ਚਾਰ ਦੇ ਕਰੀਬ ਆਲੇ ਦੁਆਲੇ ਛੋਟੀਆਂ ਛੱਪੜੀਆਂ ਸਨ।
ਵੇਖੋ ਕਿੰਨੇ ਵਧੀਆ ਢੰਗ ਨਾਲ ਬਜ਼ੁਰਗਾਂ ਨੇ ਪਿੰਡ ਦੀ ਨਕਸ਼ਾਬੰਦੀ ਕੀਤੀ ਸੀ। ਸਵਾਰਥੀ ਭਾਵਨਾ ਨਾਲ ਲੋਕਾਂ ਨੇ ਹੌਲੀ-ਹੌਲੀ ਛੱਪੜੀਆਂ ਦੇ ਕਿਨਾਰਿਆਂ ’ਤੇ ਮਿੱਟੀ ਪਾ ਕੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਘਰਾਂ ’ਚ ਮੱਝਾਂ ਦਾ ਘਟਣਾ ਵੀ ਸ਼ੁਰੂ ਹੋ ਗਿਆ ਪਰ ਸਾਫ਼-ਸੁਥਰੇ ਪਾਣੀ ਦੇ ਸੋਮੇ ਛੱਪੜ ਪਿੰਡ ਦੀ ਸ਼ਾਨ ਸਨ। ਮਨੁੱਖ ਦੇ ਸਵਾਰਥੀ ਹਿਤਾਂ ਨੇ, ਪੰਚਾਇਤਾਂ ’ਤੇ ਦਬਾਓ ਬਣਾਉਂਦਿਆਂ ਪਿੰਡ ਦਾ ਗੰਦਾ ਪਾਣੀ ਇਨ੍ਹਾਂ ਟੋਭਿਆਂ ਦੇ ਵਿਚ ਪਾਉਣਾ ਸ਼ੂਰੂ ਕਰ ਦਿੱਤਾ। ਹੌਲੀ-ਹੌਲੀ ਇਹ ਸਾਫ਼ ਸੁਥਰੇ ਪਾਣੀ ਦੇ ਸੋਮੇ ਗੰਦੇ ਪਾਣੀ ਦੇ ਛੱਪੜ ਬਣ ਗਏ। ਨੇੜੇ ਵਸੋਂ ਨੂੰ ਘਰਾਂ ’ਚ ਰਹਿਣਾ ਔਖਾ ਹੋ ਗਿਆ।
ਇਕ ਤਾਂ ਮੱਛਰ-ਮੱਖੀਆਂ ਦਾ ਪ੍ਰਕੋਪ ਤੇ ਦੂਜਾ ਗੰਦੇ ਪਾਣੀ ਦੇ ਨਾਲ ਲੋਕਾਂ ਦੇ ਨਲਕਿਆਂ ਦਾ ਪਾਣੀ ਵੀ ਖ਼ਰਾਬ ਹੋਣ ਲੱਗਾ। ਫਿਰ ਪਲੈਨਿੰਗ ਤਹਿਤ ਵੱਡੀ ਸਰਕਾਰੀ ਗ੍ਰਾਂਟ ਦੇ ਨਾਲ ਇਸ ਗੰਦੇ ਪਾਣੀ ਨੂੰ ਬਰਸਾਤੀ ਨਾਲਿਆਂ ’ਚ ਸੁੱਟਿਆ ਗਿਆ। ਇਹ ਵੀ ਕੋਈ ਚੰਗਾ ਕਦਮ ਨਹੀਂ ਸੀ ਕਿਉਂਕਿ ਬਰਸਾਤੀ ਨਾਲੇ ਕੁਦਰਤੀ ਸਾਫ਼-ਸੁਥਰੇ ਪਾਣੀ ਦੇ ਸੋਮੇ ਸਨ, ਜੋ ਕਿ ਅੱਜ ਪਲੀਤ ਹੋ ਚੁੱਕੇ ਹਨ। ਬੂਟੀ ਜੰਮ ਚੁੱਕੀ ਹੈ, ਹਰ ਸਮੇਂ ਇਨ੍ਹਾਂ ’ਚ ਪਾਣੀ ਅਤੇ ਗਾਰ ਰਹਿਣ ਕਾਰਨ, ਇਨ੍ਹਾਂ ਨੂੰ ਆਧੁਨਿਕ ਮਸ਼ੀਨਾਂ ਨਾਲ ਵੀ ਸਾਫ਼ ਨਹੀਂ ਕੀਤਾ ਜਾ ਸਕਦਾ। ਇਸ ਦਾ ਸਿੱਟਾ ਇਹ ਹੋਇਆ ਕਿ ਬਰਸਾਤਾਂ ਦੇ ਪਾਣੀ ਦੀ ਨਿਕਾਸੀ ਕਰਨ ਤੋਂ ਇਹ ਬਰਸਾਤੀ ਨਾਲੇ ਬੇਵੱਸ ਹੋ ਗਏ। ਇਸ ਦੇ ਸਿੱਟੇ ਵਜੋਂ ਪਿੱਛੇ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ।
ਮੇਰੇ ਚੇਤੇ ’ਚ ਹੈ ਕਿ ਜਦੋਂ ਵੱਡੇ ਟੋਭੇ ’ਚ ਸਾਰੇ ਪਿੰਡ ਦਾ ਡੰਗਰ ਮਾਲ ਆਉਂਦਾ ਹੁੰਦਾ ਸੀ, ਲੋਕ ਸ਼ਾਮ, ਸਵੇਰੇ, ਦੁਪਹਿਰੇ ਡੰਗਰ ਪਸ਼ੂ ਲੈ ਕੇ ਆਉਂਦੇ, ਆਪਸੀ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ, ਬੱਚੇ ਆਪਣੇ ਮਨੋਰੰਜਨ ਦੇ ਲਈ ਕਾਗ਼ਜ਼ ਦੀਆਂ ਕਿਸ਼ਤੀਆਂ ਪਾਣੀ ਵਿਚ ਛੱਡਦੇ, ਖੇਤਾਂ ’ਚ ਡੰਗਰ ਚਰ ਕੇ, ਲੰਬਾ ਸਮਾਂ ਟੋਬੇ ’ਚ ਠੰਢੇ ਪਾਣੀ ’ਚ ਡੁਬਕੀਆਂ ਲਾਉਂਦੇ, ਕਿੰਨੇ ਹੀ ਜੀਵ ਛੱਪੜ ਦੇ ਵਿਚ ਜੀਵਨ ਬਸਰ ਕਰਦੇ, ਮੱਝਾਂ ’ਤੇ ਦੋ-ਦੋ ਤਿੰਨ-ਤਿੰਨ ਕੱਛੂ ਬੈਠ ਜਾਂਦੇ, ਮਘੇ, ਮਗਿਰਿਆਈਆਂ, ਬਗਲੇ ਹੋਰ ਪਤਾ ਨਹੀਂ ਕਿੰਨੇ ਪੰਛੀ ਛੱਪੜ ’ਤੇ ਆਉਂਦੇ। ਵੱਡੇ ਛੱਪੜ ਦੇ ਨੇੜੇ ਹੀ ਸਾਡੇ ਪਿੰਡ ਦਾ ਇਤਿਹਾਸਕ ਵੱਡਾ ਖੂਹ ਤੇ ਵੱਡਾ ਪਿੱਪਲ ਸੀ। ਪਿੰਡ ਦੇ ਬਜ਼ੁਰਗ, ਨੌਕਰ, ਪਾਲੀ ਸ਼ਾਮ ਨੂੰ ਪੂਰਾ ਰੰਗ ਬੰਨ੍ਹਦੇ।
ਮੇਰੇ ਚੇਤੇ ਹੈ ਕਿ ਇਕ ਵਾਰ ਸਾਡੀ ਮੱਝ ਸੂਣ ਵਾਲੀ ਸੀ, ਪ੍ਰੰਤੂ ਲੱਗ ਰਿਹਾ ਸੀ ਕਿ ਅਜੇ ਕਈ ਦਿਨ ਲੈ ਲਵੇਗੀ। ਸਾਡਾ ਪਾਲੀ, ਜਿਸ ਦਾ ਨਾਂ ਨਿੱਕਾ ਸੀ, ਉਹ ਦੁਪਹਿਰ ਸਮੇਂ ਸਾਰੇ ਹੀ ਪਸ਼ੂਆਂ ਨੂੰ ਛੱਪੜ ’ਚ ਲੈ ਗਿਆ। ਛੱਪੜ ’ਚ ਕਾਫ਼ੀ ਸਮਾਂ ਪਾਣੀ ਪਿਆਉਣ ਤੋਂ ਬਾਅਦ ਪਸ਼ੂਆਂ ਨੂੰ ਉਹ ਘਰ ਲੈ ਆਇਆ, ਪਰ ਸੂਣ ਵਾਲੀ ਮੱਝ ਘਰ ਵੱਲ ਨਹੀਂ ਆ ਰਹੀ ਸੀ, ਕਿਉਂਕਿ ਉਸ ਦੇ ਜਿਗਰ ਦਾ ਟੋਟਾ ਟੋਭੇ ਦੇ ਵਿਚ ਗਵਾਚ ਗਿਆ। ਮੱਝ ਮਮਤਾ ਦੇ ਮੋਹ ਵਿਚ ਟੋਭੇ ਵੱਲ ਹੀ ਭੱਜ ਰਹੀ ਸੀ। ਫਿਰ ਪਤਾ ਲੱਗਾ ਕਿ ਮੱਝ ਤਾਂ ਟੋਭੇ ਦੇ ਵਿਚ ਹੀ ਸੂਅ ਗਈ ਹੈ। ਮੇਰੇ ਚੇਤੇ ਹੈ ਕਿ ਮੈਂ ਦੂਜੀ-ਤੀਜੀ ਜਮਾਤ ’ਚ ਹੀ ਪੜ੍ਹਦਾ ਸੀ।
ਮੇਰੀ ਦਾਦੀ ਦੇ ਨਾਲ ਅਸੀਂ ਟੋਭੇ ’ਤੇ ਚਲੇ ਗਏ। ਮੇਰੇ ਅੱਜ ਵੀ ਉਹ ਦ੍ਰਿਸ਼ ਜ਼ਿਹਨ ’ਚ ਹੈ ਕਿ ਟੋਭੇ ਦੇ ਵਿਚ ਨਹਾ ਰਹੇ ਪਾਲੀਆਂ ਨੇ ਅਤੇ ਹੋਰ ਆਲੇ-ਦੁਆਲੇ ਬੈਠੇ ਨੌਜਵਾਨਾਂ ਨੇ ਟੋਭੇ ਦੇ ਚੱਪੇ-ਚੱਪੇ ਨੂੰ ਇਸ ਤਰ੍ਹਾਂ ਛਾਣ ਮਾਰਿਆ ਕਿ ਜਿਵੇਂ ਡਬੋਲੀਏ ਨਹਿਰ ’ਚੋਂ ਲਾਸ਼ਾ ਲੱਭਦੇ ਹਨ। ਉਹ 15 ਮਿੰਟਾਂ ’ਚ ਮੱਝ ਵੱਲੋਂ ਜੰਮੀ ਕੱਟੀ ਨੂੰ ਬਾਹਰ ਕੱਢ ਲਿਆਏ। ਪਰ ਅਫ਼ਸੋਸ ਕਿ ਉਸ ਸਮੇਂ ਤੱਕ ਉਹ ਨਵਜਾਤ ਮਰ ਚੁੱਕੀ ਸੀ। ਭਾਵੁਕ ਮਾਹੌਲ ਹੋ ਗਿਆ।
ਜਦੋਂ ਕਦੇ ਮੈਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦੀ ਕਹਾਣੀ ""ਨੀਲੀ'' ਪੜ੍ਹਦਾ ਹਾਂ ਤਾਂ ਇਹ ਸੀਨ ਮੇਰੇ ਅੱਖਾਂ ਅੱਗੇ ਘੁੰਮਣ ਲੱਗਦਾ ਹੈ, ਮੱਝ ਦੀ ਮਮਤਾ ਭਰੀ ਤਸਵੀਰ ਅੱਜ ਵੀ ਮੇਰੇ ਜ਼ਿਹਨ ’ਚ ਤਾਜ਼ੀ ਹੈ। ਉਸ ਘਟਨਾ ਦੇ ਮੱਦੇਨਜ਼ਰ ਅੱਜ ਵੇਖਦੇ ਹਾਂ ਕਿ ਲੋਕਾਂ ਦੀ ਸੰਵੇਦਨਸ਼ੀਲਤਾ ਕਿੰਨੀ ਮਰ ਚੁੱਕੀ ਹੈ। ਪਹਿਲਾਂ ਕਿੰਨਾ ਪਿਆਰ ਸੀ ਪਸ਼ੂ-ਪੰਛੀਆਂ ਦੇ ਨਾਲ। ਅੱਜ ਮਨੁੱਖ ਦੇ ਨਾਲ ਮਨੁੱਖ ਨਫ਼ਰਤ ਕਰਨ ਲੱਗਾ ਹੋਇਆ ਹੈ।
ਜਦੋਂ ਥੋੜ੍ਹੇ ਦਿਨ ਹੋਏ ਮੈਂ ਨੇੜੇ ਦੇ ਧਾਰਮਿਕ ਸਥਾਨ ’ਤੇ ਨਤਮਸਤਕ ਹੋਣ ਲਈ ਗਿਆ ਤਾਂ ਮੈਨੂੰ 30-32 ਸਾਲ ਪਹਿਲਾਂ ਦੀ ਉਹ ਘਟਨਾ ਚੇਤੇ ਆ ਗਈ। ਉਹ ਪਵਿੱਤਰ ਪਾਣੀ ਦਾ ਸੋਮਾ ਆਪਣੀ ਹੋਣੀ ’ਤੇ ਮੈਨੂੰ ਅੱਥਰੂ ਵਹਾਉਂਦਾ ਪ੍ਰਤੀਤ ਹੋਇਆ। ਪਰਮਾਤਮਾ ਕੋਈ ਅਜਿਹਾ ਸਮਾਂ ਲਿਆਵੇ ਕਿ ਉਹੀ ਕੁਦਰਤ ਦੁਬਾਰਾ ਹਰੀ-ਭਰੀ ਹੋਵੇ, ਦੁਬਾਰਾ ਪਾਣੀ ਦੇ ਪਵਿੱਤਰ ਸੋਮੇ ਛੱਪੜ ਆਬਾਦ ਹੋਣ। ਛੱਪੜਾਂ ਦੇ ਕਿਨਾਰੇ ’ਤੇ ਰੌਣਕਾਂ ਪਰਤਣ, ਲੋਕ ਦੀਵੇ ਜਗਾਉਣ ਅਤੇ ਮੱਝਾਂ ਛੱਪੜਾਂ ’ਚ ਤਾਰੀਆਂ ਲਾਉਣ।
ਹਰਸੰਤ ਸਿੰਘ ਢੀਂਡਸਾ
-ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੌਹਰੀਆਂ (ਸੰਗਰੂਰ )
9878197000, 9417924177