ਅਸੀਂ ਗੱਲ ਕਰ ਰਹੇ ਹਾਂ ਯਹੂਦੀ ਸੁਭਾਅ ਦੀ। ਯਹੂਦੀ ਲੋਕਾਂ ਲਈ ਪੈਸਾ ਕੋਈ ਖ਼ਰਚਣ ਲਈ ਨਹੀਂ ਬਲਕਿ ਵਰਤਣ ਲਈ, ਕਿਸੇ ਕੰਮ ਆਉਣ ਲਈ, ਕਿਤੇ ਸਿਆਣਪ ਨਾਲ ਨਿਵੇਸ਼ ਕਰਨ ਲਈ ਹੁੰਦਾ ਹੈ। ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਕੋਈ ਵੀ ਚੀਜ਼ ਫ਼ਤੂਰ ’ਚ ਆ ਕੇ ਨਾ ਖ਼ਰੀਦੋ।

ਅੰਮ੍ਰਿਤਸਰ ਇਕ ਧਾਰਮਿਕ ਸ਼ਹਿਰ ਹੈ ਪਰ ਮੈਂ ਵੇਖਿਆ ਹੈ ਕਿ ਇੱਥੇ ਕੋਈ ਕੱਟੜਤਾ ਨਹੀਂ। ਹਿੰਦੂ-ਸਿੱਖ ਆਪਸ ਵਿਚ ਖਾਣ-ਪੀਣ ਰੱਖਦੇ ਹਨ, ਵਿਆਹ-ਸ਼ਾਦੀਆਂ ’ਚ ਆਉਂਦ-ਜਾਂਦੇ ਹਨ। ਕਈ ਥਾਈਂ ਰਿਸ਼ਤੇ ਵੀ ਬੱਝੇ ਹੋਏ ਹਨ। ਮੇਰੇ ਗੁਆਂਢ ’ਚ ਮੁਹੰਮਦ ਵਾਹਦ ਰਹਿੰਦਾ ਹੈ। ਉਹ ਤੇ ਉਸ ਦਾ ਪਰਿਵਾਰ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ’ਚ ਵਰਤਣ ਵਾਲੀਆਂ ਪਾਲਕੀਆਂ ਬਣਾਉਂਦੇ ਹਨ ਜੋ ਬੜੀ ਕਾਰੀਗਰੀ ਦਾ ਕੰਮ ਹੈ। ਮੇਰੇ ਇਕ ਸਹਿਕਰਮੀ ਪ੍ਰੋਫੈਸਰ ਅਰਸ਼ਦ ਖ਼ਾਲਸਾ ਕਾਲਜ ਅੰਮ੍ਰਿਤਸਰੋਂ ਰਿਟਾਇਰ ਹੋਏ ਹਨ ਪਰ ਮੈਂ ਵੇਖਿਆ ਕਿ ਕੋਈ ਯਹੂਦੀ ਦੂਰ-ਦੂਰ ਤੱਕ ਨਹੀਂ ਦਿਸਦਾ। ਸਾਰੇ ਸ਼ਹਿਰ ’ਚ ਸ਼ਾਇਦ ਇਕ-ਦੋ ਹੋਣ। ਹਿੰਦੂਆਂ ਦੇ ਮੰਦਰ ਹੁੰਦੇ ਹਨ ਤੇ ਉੱਥੋਂ ਦਾ ਕੰਮ-ਕਾਜ ਚਲਾਉਂਦੇ ਹਨ ਪੰਡਿਤ। ਈਸਾਈਆਂ ਵਿਚ ਪਾਦਰੀ ਹੁੰਦੇ ਹਨ। ਯਹੂਦੀਆਂ ਦੇ ਧਾਰਮਿਕ ਅਸਥਾਨ ਨੂੰ ਸਿਨਾਗੋਗ ਕਹਿੰਦੇ ਹਨ ਅਤੇ ਉੱਥੇ ਰੱਬੀ ਜਾਂ ਰੱਬਾਈ ਹੁੰਦੇ ਹਨ ਜੋ ਉੱਚਿਤ ਪੜ੍ਹਾਈ ਅਤੇ ਸਿਖਲਾਈ ਉਪਰੰਤ ਨਿਯੁਕਤ ਕੀਤੇ ਹੁੰਦੇ ਹਨ। ਮੈਂ ਇਕ ਵਾਰ ਅਮਰੀਕਾ ਦੇ ਫਿਲਾਡੈਲਫੀਆ ਵਿਚ ਇਕ ਸਿਨਾਗੋਗ ਵੇਖਣ ਲਈ ਗਿਆ। ਅਸੀਂ ਤਿੰਨ ਜਣੇ ਸਾਂ। ਦਰਵਾਜ਼ਾ ਸ਼ੀਸ਼ੇ ਦਾ ਸੀ। ਬੜੀ ਦੇਰ ਬਾਅਦ ਖੁੱਲਿ੍ਹਆ। ਅੰਦਰ ਇਕੱਲੇ ਰੱਬਾਈ ਸਾਬ੍ਹ ਹੀ ਸਨ। ਸਾਨੂੰ ਵੇਖ ਕੇ ਹੈਰਾਨ ਹੋਏ। ਉਸ ਦੇ ਦੱਸਣ ਮੁਤਾਬਕ ਕਦੇ ਕੋਈ ਸਾਡੇ ਵਰਗਾ (ਸਿੱਖ) ਸਿਨਾਗੋਗ ’ਚ ਨਹੀਂ ਵੇਖਿਆ। ਉਸ ਨੂੰ ਸਿੱਖ ਧਰਮ ਬਾਰੇ ਵੀ ਕੁਝ ਨਹੀਂ ਸੀ ਪਤਾ। ਯਹੂਦੀਆਂ ਦੇ ਧਰਮ ਦਾ ਰਸਮੀ ਨਾਂ ਜੂਡਾਇਜ਼ਮ ਹੈ। ਅਸੀਂ ਤਾਂ ਜਦੋਂ ਸ਼ੈਕਸਪੀਅਰ ਦਾ ਨਾਟਕ ‘ਮਰਚੈਂਟ ਆਫ ਵੈਨਿਸ’ ਪੜ੍ਹਦੇ ਸਾਂ ਤਾਂ ਉਸ ਵਿਚ ਆਉਂਦੇ ਇਕ ਯਹੂਦੀ ਪਾਤਰ ‘ਸ਼ਾਈਲੌਕ’ ਨੂੰ ਹੀ ਜਾਣਦੇ ਸਾਂ ਕਿ ਉਹ ਬੜਾ ਬੇਰਹਿਮ ਹੈ, ਬੜੇ ਮਹਿੰਗੇ ਵਿਆਜ ’ਤੇ ਪੈਸੇ ਉਧਾਰ ਦਿੰਦਾ ਹੈ ਅਤੇ ਵਸੂਲੀ ਵੇਲੇ ਕੋਈ ਲਿਹਾਜ਼, ਕੋਈ ਤਰਸ ਉਸ ਦੇ ਸੁਭਾਅ ਵਿਚ ਨਹੀਂ। ਮੈਨੂੰ ਯਾਦ ਹੈ ਕਿ ਉਸ ਨਾਟਕ ਵਿਚ ਬੇਇਨਸਾਫ਼ੀ ਦਾ ਵਧੇਰੇ ਸ਼ਿਕਾਰ ਉਹ ਖ਼ੁਦ ਹੁੰਦਾ ਹੈ। ਯਹੂਦੀਆਂ ਦੀ ਧਾਰਮਿਕ ਪੁਸਤਕ ‘ਤੋਰਾ’ ਅਸਲ ’ਚ ਪੂਰੀ ਬਾਈਬਲ ਦੇ ਪਹਿਲੇ ਪੰਜ ਚੈਪਟਰ ਹੀ ਹਨ, ਹਾਲਾਂਕਿ ਉਹ ਇਸ ਨੂੰ ‘ਓਲਡ ਟੈੱਸਟਾਮੈਂਟ’ ਕਦੇ ਨਹੀਂ ਕਹਿੰਦੇ। ਈਸਾ ਮਸੀਹ ਵੀ ਯਹੂਦੀ ਮਾਂ ਦੀ ਕੁੱਖੋਂ ਪੈਦਾ ਹੋਏ ਸਨ। ਉਹ ਜੂਡਾ ਕਬੀਲੇ ’ਚ ਪੈਦਾ ਹੋਏ ਸਨ ਤੇ ਯਹੂਦੀ ਆਪਣੇ ਧਰਮ ਨੂੰ ਜੂਡਾਇਜ਼ਮ ਕਹਿੰਦੇ ਹਨ। ਈਸਾਈ, ਇਸਲਾਮ ਅਤੇ ਹਿੰਦੂ ਧਰਮ ਤੋਂ ਬਾਅਦ ਗਿਣਤੀ ਦੇ ਹਿਸਾਬ ਨਾਲ ਸਿੱਖ ਧਰਮ ਆਉਂਦਾ ਹੈ ਅਤੇ ਇਸ ਤੋਂ ਬਾਅਦ ਯਹੂਦੀ ਧਰਮ ਪਰ ਯਹੂਦੀਆਂ ਦੀ ਗਿਣਤੀ ਸਿੱਖਾਂ ਦੀ ਗਿਣਤੀ ਨਾਲੋਂ ਬਹੁਤ ਘੱਟ ਹੈ। ਸ਼ਾਇਦ ਦੋ ਕਰੋੜ ਵੀ ਨਾ ਹੋਣ। ਜ਼ਿਆਦਾਤਰ ਯਹੂਦੀ ਅਮਰੀਕਾ ਖ਼ਾਸ ਕਰਕੇ ਨਿਊਯਾਰਕ ਵਿਚ ਹਨ ਜਾਂ ਆਪਣੇ ਇਜ਼ਰਾਈਲ ਵਿਚ। ਸਿੱਖਾਂ ਦੇ ਸੁਭਾਅ ਦੇ ਉਲਟ ਉਹ ਸਥਾਨਕ ਭਾਈਚਾਰੇ ਵਿਚ ਘੁਲਦੇ-ਮਿਲਦੇ ਘੱਟ ਹੀ ਹਨ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਵਿਸ਼ਵ ਵਸੋਂ ਦੀ ਮਸਾਂ 0.2% ਹੋਣ ਦੇ ਬਾਵਜੂਦ 20% ਤੋਂ ਵੀ ਵੱਧ ਨੋਬਲ ਪ੍ਰਾਈਜ਼ ਯਹੂਦੀਆਂ ਦੇ ਹਿੱਸੇ ਆਏ ਹਨ ਹਾਲਾਂਕਿ ਇਸ ਇਨਾਮ ਦਾ ਫ਼ੈਸਲਾ ਕਰਨ ਵੇਲੇ ਧਰਮ ਨੂੰ ਨਹੀਂ ਵਿਚਾਰਿਆ ਜਾਂਦਾ। ਯਾਦ ਰਹੇ ਕਿ ਆਇਨਸਟਾਈਨ, ਸਿਗਮੰਡ ਫਰਾਇਡ, ਕਾਰਲ ਮਾਰਕਸ, ਰਾਬਰਟ ਓਪਨ ਹੀਮਰ ਵਰਗੇ ਵਿਗਿਆਨੀ ਅਤੇ ਭਾਰਤ ਦੇ ਅੱਜ ਤੱਕ ਦੇ ਇੱਕੋ- ਇੱਕ ਫੀਲਡ ਮਾਰਸ਼ਲ ਸੈਮ ਮਾਨਕਸ਼ਾਅ ਅਤੇ ਹੋਰ ਕਈ ਯਹੂਦੀ ਪਰਿਵਾਰਾਂ ਨਾਲ ਸਬੰਧਤ ਸਨ। ਹਾਲਾਂਕਿ ਇਹ ਵਿਚਾਰ ਗ਼ਲਤ ਹੈ ਕਿ ਕੋਈ ਧਰਮ ਜ਼ਿਆਦਾ ਵਿਗਿਆਨੀ ਪੈਦਾ ਕਰਦਾ ਹੋਵੇ। ਵਿਗਿਆਨ ਵਿਚ ਪ੍ਰਸਿੱਧੀ ਖੱਟਣ ਲਈ ਉੱਚਿਤ ਮਾਹੌਲ, ਉੱਚਿਤ ਸੁਵਿਧਾਵਾਂ, ਲੈਬੋਰੇਟਰੀਆਂ ਅਤੇ ਖੁੱਲ੍ਹੀ ਸੋਚ ਆਦਿ ਦਾ ਹੋਣਾ ਜ਼ਰੂਰੀ ਹੈ। ਇਕ ਸਰਸਰੀ ਝਾਤ ਮਾਰੀਏ ਤਾਂ ਪੰਜਾਬ ਵਿਚ ਕੋਈ ਰਾਸ਼ਟਰੀ ਪੱਧਰ ਦਾ ਖੋਜ ਕੇਂਦਰ ਜਾਂ ਪ੍ਰਯੋਗਸ਼ਾਲਾ ਨਜ਼ਰ ਨਹੀਂ ਆਉਂਦੀ। ਢੋਲ-ਢਮੱਕੇ ਦਾ ਬੋਲਬਾਲਾ ਹੈ। ਬਟਵਾਰੇ ਤੋਂ ਪਹਿਲਾਂ ਹੀ ਪੰਜਾਬ ਯੂਨੀਵਰਸਿਟੀ ਦੀ ਉਪਜ ਡਾ. ਹਰਗੋਬਿੰਦ ਖੁਰਾਣਾ ਪੰਜਾਬੀ ਸੀ ਹਾਲਾਂਕਿ ਨੋਬਲ ਪ੍ਰਾਈਜ਼ ਮਿਲਣ ਵੇਲੇ ਉਹ ਭਾਰਤ ਦਾ ਨਾ ਰਹਿ ਕੇ ਅਮਰੀਕਾ ਦਾ ਨਾਗਰਿਕ ਬਣ ਚੁੱਕਾ ਸੀ। ਖ਼ੈਰ, …ਯਹੂਦੀਆਂ ਦੀ ਸ਼ੋਹਰਤ ਦਾ ਇਕ ਹੋਰ ਪੱਖ ਵੀ ਹੈ। ਦੁਨੀਆ ਦੇ ਵੱਡੇ ਵਪਾਰ ਕੇਂਦਰ ਚਾਹੇ ਨਿਊਯਾਰਕ ਦੀ ਵਾਲ ਸਟਰੀਟ ਹੋਵੇ ਜਾਂ ਲੰਡਨ ਦੀ ਸਟਾਕ ਐਕਸਚੇਂਜ, ਸਰਮਾਏ ਦੇ ਮਾਮਲੇ ਵਿਚ ਵੀ ਯਹੂਦੀ ਮੋਹਰੀ ਹਨ। ਜਿੱਥੇ ਕਿਤੇ ਵੀ ਪੈਸਾ ਹੈ, ਯਹੂਦੀ ਉੱਪਰਲਿਆਂ ਵਿਚ ਹਨ। ਇਜ਼ਰਾਈਲ ਵੱਲੋਂ ਗਾਜ਼ਾ ਵਿਚ ਫ਼ਲਸਤੀਨੀਆਂ ’ਤੇ ਢਾਹੇ ਜਾ ਰਹੇ ਕਹਿਰ, ਪਿਛਲੇ ਤਿੰਨ ਸਾਲ ਤੋਂ ਨਿੱਤ ਹੋ ਰਹੀ ਬੰਬਾਰੀ ਅਤੇ ਜੰਗੀ-ਅਪਰਾਧ ਕਦੇ ਬਖ਼ਸ਼ੇ ਨਹੀਂ ਜਾ ਸਕਦੇ। ਇਸ ਸਭ ਲਈ ਜ਼ਿੰਮੇਵਾਰ ਉੱਥੋਂ ਦੀ ਸਰਕਾਰ ਹੈ। ਇਹ ਬਿਲਕੁਲ ਓਸੇ ਤਰ੍ਹਾਂ ਹੈ ਜਿਸ ਤਰ੍ਹਾਂ ਅਮਰੀਕਨ ਲੋਕਾਂ ਦੇ ਪੱਲੇ ਟਰੰਪ ਪੈ ਗਿਆ ਹੈ।
ਅਸੀਂ ਗੱਲ ਕਰ ਰਹੇ ਹਾਂ ਯਹੂਦੀ ਸੁਭਾਅ ਦੀ। ਯਹੂਦੀ ਲੋਕਾਂ ਲਈ ਪੈਸਾ ਕੋਈ ਖ਼ਰਚਣ ਲਈ ਨਹੀਂ ਬਲਕਿ ਵਰਤਣ ਲਈ, ਕਿਸੇ ਕੰਮ ਆਉਣ ਲਈ, ਕਿਤੇ ਸਿਆਣਪ ਨਾਲ ਨਿਵੇਸ਼ ਕਰਨ ਲਈ ਹੁੰਦਾ ਹੈ। ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਕੋਈ ਵੀ ਚੀਜ਼ ਫ਼ਤੂਰ ’ਚ ਆ ਕੇ ਨਾ ਖ਼ਰੀਦੋ। ਜਦੋਂ ਫ਼ਤੂਰ ਲੱਥ ਜਾਵੇ ਤਾਂ ਵਿਚਾਰੋ। ਕੀ ਸੱਚਮੁੱਚ ਇਹ ਮੇਰੀ ਲੋੜ ਹੈ? ਕੀ ਮੇਰਾ ਇਸ ਤੋਂ ਬਗ਼ੈਰ ਝੱਟ ਨਹੀਂ ਲੰਘਦਾ? ਉਨ੍ਹਾਂ ਦੇ ਸੁਭਾਅ ਵਿਚ ਹੈ ਕਿ ਕਾਰ ਚੰਗੀ ਰੱਖੋ, ਚੱਲਦੀ ਰੱਖੋ ਪਰ ਖ਼ਰੀਦਣ ਵੇਲੇ ਸ਼ੋਰੂਮ ’ਚੋਂ ਨਾ ਲਈ ਜਾਵੇ। ਕੁਝ ਦੇਰ ਚੱਲ-ਚੁੱਕੀ ਕਾਰ ਦਾ ਵਿਗੜਿਆ ਕੁਝ ਨਹੀਂ ਹੁੰਦਾ ਪਰ ਕੀਮਤ ਕਾਫ਼ੀ ਘੱਟ ਹੋ ਚੁੱਕੀ ਹੁੰਦੀ ਹੈ। ਉਹ ਡਾਕਟਰ, ਇੰਜੀਨੀਅਰ ਜਾਂ ਵਕੀਲ ਬਣਨ ’ਤੇ ਵਕਤ ਅਤੇ ਪੈਸਾ ਨਹੀਂ ਖ਼ਰਚਦੇ। ਉਨ੍ਹਾਂ ਦੀ ਸਾਰੀ ਸਿਆਣਪ ਇਸ ’ਤੇ ਲੱਗਦੀ ਹੈ ਕਿ ਕਿਵੇਂ ਖ਼ਰਚੀਏ? ਉਹ ਬ੍ਰਾਂਡਡ ਕੱਪੜੇ ਨਹੀਂ ਖ਼ਰੀਦਦੇ ਪਰ ਰਹਿੰਦੇ ਸਾਫ਼-ਸੁਥਰੇ ਹਨ। ਉਨ੍ਹਾਂ ਦੇ ਸਿਰ ’ਤੇ ਨਿੱਕੀ ਜਿਹੀ ਸਕੱਲ-ਕੈਪ ਹੁੰਦੀ ਹੈ, ਕਈ ਨਹੀਂ ਵੀ ਪਾਉਂਦੇ ਪਰ ਜਦੋਂ ਸਿਨਾਗੋਗ ਵਿਚ ਹੋਣ, ਉਦੋਂ ਜ਼ਰੂਰ ਪਾਉਂਦੇ ਹਨ। ਉਹ ਖ਼ਰਚੀਲੇ ਵਿਆਹ, ਢੋਲ-ਢਮੱਕੇ, ਵਿਖਾਵੇ ਅਤੇ ਇਕ-ਦੂਜੇ ਨਾਲ ਮੁਕਾਬਲੇਬਾਜ਼ੀ ’ਚ ਕਦੇ ਨਹੀਂ ਪੈਂਦੇ। ਯਹੂਦੀ ਬਹੁਤੀਆਂ ਛੁੱਟੀਆਂ ਵੀ ਨਹੀਂ ਮਨਾਉਂਦੇ। ਉਨ੍ਹਾਂ ਦੇ ਧਾਰਮਿਕ ਪਰਵ ਵੀ ਪੰਜ-ਸੱਤ ਹੀ ਹਨ। ਉਨ੍ਹਾਂ ਦੇ ਧਰਮ ਨੂੰ ਕਿਸੇ ਤੋਂ ਖ਼ਤਰਾ ਨਹੀਂ ਤੇ ਨਾ ਹੀ ਉਹ ਕਿਸੇ ਨੂੰ ਯਹੂਦੀ ਬਣਨ ਵਾਸਤੇ ਕਹਿੰਦੇ ਹਨ। ਇਜ਼ਰਾਈਲ ਦਾ ਈਰਾਨ ਨਾਲ ਪੰਗਾ ਵੀ ਈਰਾਨੀ ਵਸੀਲਿਆਂ ਖ਼ਾਤਰ ਹੈ, ਉਹ ਵੱਖਰੀ ਗੱਲ ਹੈ ਕਿ ਮੂੰਹ ਦੀ ਖਾਣੀ ਪੈ ਰਹੀ ਹੈ। ਇਹ ‘ਉਹ’ ਈਰਾਨ ਨਹੀਂ ਨਿਕਲਿਆ, ਇਹ ਇਕ ਅਣਕਿਆਸੀ ਸ਼ਕਤੀ ਹੈ। ਉਂਜ ਉਨ੍ਹਾਂ ਦਾ ਹਫ਼ਤਾਵਾਰੀ ਛੁੱਟੀ ਦਾ ਦਿਨ ਸ਼ਨਿੱਚਰਵਾਰ ਹੁੰਦਾ ਹੈ ਜਿਸ ਦਿਨ ਉਹ ਕੰਮ-ਕਾਜ ਤੋਂ ਬਿਲਕੁਲ ਵਿਹਲੇ ਰਹਿੰਦੇ ਹਨ। ਅਪ੍ਰੈਲ ਵਿਚ ਈਸਾਈਆਂ ਦੇ ਈਸਟਰ ਦੇ ਮੁਕਾਬਲੇ ਉਨ੍ਹਾਂ ਦਾ ਤਿਉਹਾਰ ਪਾਸੋਵਰ ਹੁੰਦਾ ਹੈ। ਹਰ ਤਿਉਹਾਰ ਮਿੱਥੀ ਤਰੀਕ ਤੋਂ ਪਹਿਲੀ ਸ਼ਾਮ ਨੂੰ ਸ਼ੁਰੂ ਹੁੰਦਾ ਹੈ, ਸਵੇਰ ਤੋਂ ਨਹੀਂ। ਦੂਜੇ ਪਾਸੇ, ਇਹ ਇਕ ਕਹਾਵਤ ਵਾਂਗ ਹੈ ਕਿ ਯਹੂਦੀ ਗ਼ਰੀਬ ਹੋ ਹੀ ਨਹੀਂ ਸਕਦਾ। ਜੇ ਕਿਸੇ ਨੂੰ ਪਤਾ ਲੱਗੇ, ਉਹ ਫੱਟ ਉਸ ਨੂੰ ਉਤਾਂਹ ਚੁੱਕਦੇ ਹਨ। ਕਮਾਈ ਦੇ ਢੰਗ ਸਿਖਾਉਂਦੇ ਹਨ, ਕਮਾਈ ਦੇ ਰਾਹ ਤੋਰਦੇ ਹਨ। ਉਹ ਖਾਹ-ਮਖਾਹ ਸਿਆਸਤ ’ਚ ਨਹੀਂ ਪੈਂਦੇ। ਉਹ ਬੈਂਕ ’ਚ ਪੈਸੇ ਨਹੀਂ ਬਚਾਉਂਦੇ ਕਿਉਂਕਿ ਬੈਂਕ ਲੋਕਾਂ ਦੇ ਪੈਸਿਆਂ ਨੂੰ ਵੱਧ ਰੇਟ ’ਤੇ ਵੇਚ ਕੇ ਖ਼ੁਦ ਕਮਾਈ ਕਰਦੇ ਹਨ। ਯਹੂਦੀ ਆਪਣਾ ਬੈਂਕ ਖੋਲ੍ਹਣ ’ਚ ਦਿਮਾਗ ਲਾਉਂਦੇ ਹਨ। ਕੁਝ ਵੀ ਹੋਵੇ, ਉਹ ਪੈਸੇ ਦਾ ਸਤਿਕਾਰ ਕਰਦੇ ਹਨ, ਉਸ ਨੂੰ ਐਵੇਂ ਫੂਕਦੇ ਨਹੀਂ। ਮੈਂ ਜਦੋਂ ਕਿਤੇ ਮਹਿੰਗੇ-ਮਹਿੰਗੇ ‘ਬੰਬਾਂ’ ਦੀ ਲੜੀ ਚੱਲਦੀ ਸੁਣਦਾ ਹਾਂ ਤਾਂ ਪੈਸਾ ਫੂਕੇ ਜਾਣ ਦਾ ਖ਼ਿਆਲ ਆਉਂਦਾ ਹੈ। ਪੈਸਾ ਕਮਾਉਣਾ ਕਿੰਨਾ ਔਖਾ ਹੈ, ਕਿਸੇ ਮਜ਼ਦੂਰ ਤੋਂ ਪੁੱਛੋ ਜਿਹੜਾ ਤੀਹ-ਤੀਹ ਇੱਟਾਂ ਪਿੱਠ ਜਾਂ ਸਿਰ ’ਤੇ ਚੁੱਕ ਕੇ ਛੱਤ ’ਤੇ ਚੜ੍ਹਾਉਂਦਾ ਹੈ ਅਤੇ ਸ਼ਾਮੀਂ ਉਸ ਨੂੰ ਮਜ਼ਦੂਰੀ ਮਿਲਦੀ ਹੈ ਸ਼ਾਇਦ ਪੰਜ ਸੌ ਰੁਪਈਏ।
-ਪ੍ਰੋ. ਮੋਹਣ ਸਿੰਘ
-ਮੋਬਾਈਲ : 80545-97595