ਭਾਰਤ ਵਿਚ ਅਕਸਰ ਟਰੱਕ, ਬੱਸਾਂ ਅਤੇ ਛੋਟੇ ਵਾਹਨ ਆਪਣੀ ਸਮਰੱਥਾ ਤੋਂ ਕਈ ਗੁਣਾ ਵੱਧ ਭਰੇ ਜਾਂਦੇ ਹਨ। ਇਸ ਨਾਲ ਨਾ ਸਿਰਫ਼ ਵਾਹਨ ਅਸਥਿਰ ਹੋ ਜਾਂਦਾ ਹੈ ਸਗੋਂ ਹੋਰ ਡਰਾਈਵਰਾਂ ਲਈ ਵੀ ਖ਼ਤਰਾ ਪੈਦਾ ਹੁੰਦਾ ਹੈ। ਬੇਸਹਾਰਾ ਪਸ਼ੂ ਅਤੇ ਬੇਤਰਤੀਬਾ ਟਰੈਫਿਕ ਵੀ ਸੜਕ ਹਾਦਸਿਆਂ ਦੇ ਸਭ ਤੋਂ ਅਣਗੌਲੇ ਪਰ ਸਭ ਤੋਂ ਗੰਭੀਰ ਕਾਰਨਾਂ ਵਿੱਚੋਂ ਹਨ। ਬੁਨਿਆਦੀ ਢਾਂਚੇ ਦੀਆਂ ਖਾਮੀਆਂ ਵੀ ਜਾਨਲੇਵਾ ਬਣ ਜਾਂਦੀਆਂ ਹਨ।
ਪੰਜਾਬ, ਹਰਿਆਣਾ, ਹਿਮਾਚਲ ਤੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿਚ ਸੜਕਾਂ ’ਤੇ ਬੇਸਹਾਰਾ ਪਸ਼ੂਆਂ ਦਾ ਆਉਣਾ ਹੁਣ ਆਮ ਗੱਲ ਬਣ ਚੁੱਕੀ ਹੈ। ਰਾਤ ਦੇ ਸਮੇਂ ਬਿਨਾਂ ਰੋਸ਼ਨੀ ਵਾਲੀਆਂ ਸੜਕਾਂ ’ਤੇ ਅਚਾਨਕ ਗਊਆਂ ਜਾਂ ਬਲਦਾਂ ਦਾ ਆ ਜਾਣਾ ਅਨੇਕ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ।
ਐਡਵੋਕੇਟ ਨਵਕਿਰਨ ਸਿੰਘ ਵੱਲੋਂ ਹਿਮਾਚਲ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ਨੇ ਇਹ ਸੱਚ ਸਾਹਮਣੇ ਰੱਖਿਆ ਕਿ ਸੂਬਾ ਸਰਕਾਰਾਂ ਕਊ ਸੈੱਸ ਦੇ ਰੂਪ ਵਿਚ ਜਨਤਾ ਤੋਂ ਪੈਸਾ ਵਸੂਲ ਤਾਂ ਕਰ ਰਹੀਆਂ ਹਨ ਪਰ ਉਸ ਦੀ ਵਰਤੋਂ ਜਾਨਵਰਾਂ ਦੀ ਸੰਭਾਲ ਜਾਂ ਗਊਸ਼ਾਲਾਵਾਂ ਦੇ ਵਿਕਾਸ ਲਈ ਨਹੀਂ ਹੋ ਰਹੀ।
ਸਿਰਫ਼ ਹਿਮਾਚਲ ਵਿਚ ਹੀ 100 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਹੋ ਚੁੱਕੀ ਹੈ ਪਰ ਸੜਕਾਂ ’ਤੇ ਜਾਨਵਰ ਅਜੇ ਵੀ ਖੁੱਲ੍ਹੇ ਘੁੰਮ ਰਹੇ ਹਨ। ਭਾਰਤ ਵਿਚ ਸੜਕ ਹਾਦਸਿਆਂ ਨਾਲ ਜੁੜੇ ਅੰਕੜੇ ਡਰਾਉਣੇ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਅਨੁਸਾਰ, 2023 ਵਿਚ ਭਾਰਤੀ ਸੜਕਾਂ ’ਤੇ 1.72 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ। ਇਸ ਦਾ ਅਰਥ ਹੈ ਕਿ ਹਰ ਤਿੰਨ ਮਿੰਟ ਵਿਚ ਇਕ ਵਿਅਕਤੀ ਸੜਕ ਹਾਦਸੇ ਦਾ ਸ਼ਿਕਾਰ ਬਣਦਾ ਹੈ।
ਇਹ ਅੰਕੜੇ ਸਿਰਫ਼ ਗਿਣਤੀ ਨਹੀਂ ਹਨ, ਇਹ ਹਰ ਰੋਜ਼ ਤਬਾਹ ਹੋ ਰਹੀਆਂ ਜ਼ਿੰਦਗੀਆਂ, ਰੋਣ ਵਾਲੇ ਮਾਪੇ, ਅਧੂਰੇ ਸੁਪਨੇ ਅਤੇ ਬੇਪਰਵਾਹ ਪ੍ਰਬੰਧ ਦਾ ਦਰਪਣ ਹਨ। ਬੇਕਾਬੂ ਰਫ਼ਤਾਰ, ਮੋਬਾਈਲ ਫੋਨ ’ਤੇ ਗੱਲ ਕਰਦੇ ਡਰਾਈਵਿੰਗ ਅਤੇ ਬੇਲਗਾਮ ਓਵਰਟੇਕਿੰਗ-ਇਹ ਤਿੰਨੇ ਮਿਲ ਕੇ ਮੌਤ ਦਾ ਫਾਰਮੂਲਾ ਬਣ ਰਹੇ ਹਨ।
ਸਰਕਾਰੀ ਰਿਪੋਰਟਾਂ ਅਨੁਸਾਰ ਲਗਪਗ 54,000 ਲੋਕ ਹੈਲਮਟ ਨਾ ਪਹਿਨਣ ਕਾਰਨ ਮਾਰੇ ਗਏ, ਜਦਕਿ 16,000 ਲੋਕ ਸੀਟ ਬੈਲਟ ਨਾ ਲਗਾਉਣ ਕਾਰਨ ਆਪਣੀ ਜਾਨ ਗੁਆ ਬੈਠੇ। ਓਵਰਲੋਡਿੰਗ ਅਤੇ ਗ਼ਲਤ ਸਾਈਡ ਡਰਾਈਵਿੰਗ ਵੀ ਸੜਕ ਹਾਦਸਿਆਂ ਦੇ ਵੱਡੇ ਕਾਰਨ ਹਨ।
ਭਾਰਤ ਵਿਚ ਅਕਸਰ ਟਰੱਕ, ਬੱਸਾਂ ਅਤੇ ਛੋਟੇ ਵਾਹਨ ਆਪਣੀ ਸਮਰੱਥਾ ਤੋਂ ਕਈ ਗੁਣਾ ਵੱਧ ਭਰੇ ਜਾਂਦੇ ਹਨ। ਇਸ ਨਾਲ ਨਾ ਸਿਰਫ਼ ਵਾਹਨ ਅਸਥਿਰ ਹੋ ਜਾਂਦਾ ਹੈ ਸਗੋਂ ਹੋਰ ਡਰਾਈਵਰਾਂ ਲਈ ਵੀ ਖ਼ਤਰਾ ਪੈਦਾ ਹੁੰਦਾ ਹੈ। ਬੇਸਹਾਰਾ ਪਸ਼ੂ ਅਤੇ ਬੇਤਰਤੀਬਾ ਟਰੈਫਿਕ ਵੀ ਸੜਕ ਹਾਦਸਿਆਂ ਦੇ ਸਭ ਤੋਂ ਅਣਗੌਲੇ ਪਰ ਸਭ ਤੋਂ ਗੰਭੀਰ ਕਾਰਨਾਂ ਵਿੱਚੋਂ ਹਨ। ਬੁਨਿਆਦੀ ਢਾਂਚੇ ਦੀਆਂ ਖਾਮੀਆਂ ਵੀ ਜਾਨਲੇਵਾ ਬਣ ਜਾਂਦੀਆਂ ਹਨ।
ਖੱਡਿਆਂ ਵਾਲੀਆਂ ਸੜਕਾਂ, ਮਾੜਾ ਡਰੇਨੇਜ ਸਿਸਟਮ, ਰਾਤ ਵੇਲੇ ਰੋਸ਼ਨੀ ਦੀ ਘਾਟ ਅਤੇ ਟਰੈਫਿਕ ਨਿਸ਼ਾਨਾਂ ਦੀ ਕਮੀ ਵੀ ਸੜਕ ਹਾਦਸਿਆਂ ਨੂੰ ਸੱਦਾ ਦਿੰਦੀਆਂ ਹਨ। ਭਾਰਤ ਵਿਚ 13,000 ਤੋਂ ਵੱਧ ‘ਬਲੈਕ ਸਪੌਟ’ ਪਛਾਣੇ ਗਏ ਹਨ, ਜਿੱਥੇ ਹਾਦਸੇ ਮੁੜ-ਮੁੜ ਵਾਪਰਦੇ ਹਨ ਪਰ ਉਨ੍ਹਾਂ ਵਿੱਚੋਂ ਸਿਰਫ਼ 5,000 ਹੀ ਸੁਧਾਰੇ ਗਏ ਹਨ। ਇਸ ਦਾ ਮਤਲਬ ਹੈ ਕਿ ਅੱਧੀਆਂ ਤੋਂ ਵੱਧ ਸੜਕਾਂ ਅੱਜ ਵੀ ਮੌਤ ਦੇ ਫੰਦੇ ਬਣੀਆਂ ਹੋਈਆਂ ਹਨ।
ਸ਼ਿਕਾਗੋ ਯੂਨੀਵਰਸਿਟੀ ਦੇ ਸੜਕ ਸੁਰੱਖਿਆ ਮਾਹਿਰ ਕਵੀ ਭੱਲਾ ਅਨੁਸਾਰ ਭਾਰਤ ਨੇ ਸੜਕਾਂ ਦਾ ਮਾਡਲ ਪੱਛਮੀ ਦੇਸ਼ਾਂ ਤੋਂ ਨਕਲ ਕੀਤਾ ਹੈ ਪਰ ਸਾਡੇ ਸਮਾਜਿਕ ਤੇ ਆਰਥਿਕ ਹਾਲਾਤ ਪੂਰੀ ਤਰ੍ਹਾਂ ਵੱਖਰੇ ਹਨ। ਉਹ ਕਹਿੰਦੇ ਹਨ ਕਿ ਸੜਕਾਂ ਨੂੰ ਚੌੜਾ ਕਰਨਾ ਹਾਦਸੇ ਘਟਾਉਂਦਾ ਨਹੀਂ, ਸਗੋਂ ਤੇਜ਼ ਰਫ਼ਤਾਰ ਵਧਾ ਕੇ ਹਾਦਸਿਆਂ ਦਾ ਖ਼ਤਰਾ ਹੋਰ ਵਧਾ ਦਿੰਦਾ ਹੈ। ਭਾਰਤ ਵਿਚ ਜ਼ਿਆਦਾਤਰ ਲੋਕ ਪੈਦਲ ਯਾਤਰੀ, ਸਾਈਕਲ ਸਵਾਰ ਜਾਂ ਦੋਪਹੀਆ ਸਵਾਰ ਹਨ ਪਰ ਸੜਕਾਂ ਦਾ ਡਿਜ਼ਾਈਨ ਉਨ੍ਹਾਂ ਦੀ ਸੁਰੱਖਿਆ ਨੂੰ ਅਣਦੇਖਾ ਕਰਦਾ ਹੈ।
ਫੁੱਟਪਾਥਾਂ ਦੀ ਘਾਟ, ਪੈਦਲ ਪਾਰ ਕਰਨ ਲਈ ਪੁਲਾਂ ਦੀ ਕਮੀ ਤੇ ਟਰੈਫਿਕ ਸਿਗਨਲਾਂ ਦੀ ਬੇਤਰਤੀਬੀ, ਇਹ ਸਭ ਵਿਕਾਸ ਦੇ ਨਾਂ ’ਤੇ ਜਾਨਾਂ ਲੈ ਰਹੇ ਹਨ। ਸੜਕ ਹਾਦਸੇ ਸਿਰਫ਼ ਜਾਨਾਂ ਨਹੀਂ ਲੈਂਦੇ ਸਗੋਂ ਪਰਿਵਾਰਾਂ ਨੂੰ ਆਰਥਿਕ ਤਬਾਹੀ ਦੀ ਖੱਡ ਵਿਚ ਧੱਕ ਦਿੰਦੇ ਹਨ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਭਾਰਤ ਨੂੰ ਸੜਕ ਹਾਦਸਿਆਂ ਕਾਰਨ ਆਪਣੇ ਜੀਡੀਪੀ ਦਾ ਲਗਭਗ 3 ਫ਼ੀਸਦੀ ਨੁਕਸਾਨ ਸਹਿਣਾ ਪੈਂਦਾ ਹੈ।
ਇਹ ਅੰਕੜਾ ਛੋਟਾ ਨਹੀਂ। ਇਹ ਹਰੇਕ ਸਾਲ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੈ ਜੋ ਸਿਹਤ, ਸਿੱਖਿਆ ਤੇ ਵਿਕਾਸ ’ਤੇ ਖ਼ਰਚ ਹੋ ਸਕਦੇ ਸਨ। ਹਾਦਸਿਆਂ ਨਾਲ ਘਰਾਂ ਦੇ ਕਮਾਉਣ ਵਾਲੇ ਖੁੱਸ ਜਾਂ ਨਕਾਰਾ ਹੋ ਜਾਂਦੇ ਹਨ, ਬੱਚਿਆਂ ਦੀ ਪੜ੍ਹਾਈ-ਲਿਖਾਈ ਰੁਕ ਜਾਂਦੀ ਹੈ ਅਤੇ ਪਰਿਵਾਰ ਮਾਨਸਿਕ ਤੌਰ ’ਤੇ ਸਾਲਾਂ ਤਕ ਟੁੱਟੇ ਰਹਿੰਦੇ ਹਨ।
ਸੜਕ ਸੁਰੱਖਿਆ ਮਾਹਿਰ ਕੇ.ਕੇ. ਕਪਿਲਾ ਅਨੁਸਾਰ ਸਰਕਾਰ ਨੇ ਹਾਦਸੇ ਘਟਾਉਣ ਲਈ “5 ਈ ਰਣਨੀਤੀ” ਤਿਆਰ ਕੀਤੀ ਹੈ-ਸੜਕਾਂ ਦੀ ਇੰਜੀਨੀਅਰਿੰਗ, ਵਾਹਨਾਂ ਦੀ ਮਿਆਰੀ ਇੰਜੀਨੀਅਰਿੰਗ, ਜਾਗਰੂਕਤਾ ਤੇ ਸਿੱਖਿਆ, ਕਾਨੂੰਨ ਦੀ ਪਾਲਣਾ ਤੇ ਲਾਗੂ ਕਰਨ ਅਤੇ ਐਮਰਜੈਂਸੀ ਸੇਵਾਵਾਂ ਪਰ ਹਕੀਕਤ ’ਚ ਇਹ ਰਣਨੀਤੀਆਂ ਅਜੇ ਵੀ ਕਾਗਜ਼ਾਂ ਤੋਂ ਬਾਹਰ ਨਹੀਂ ਨਿਕਲੀਆਂ। ਨਾ ਸੜਕਾਂ ਦੀ ਬਣਾਵਟ ਬਿਹਤਰ ਹੋਈ, ਨਾ ਡਰਾਈਵਰ ਸਿੱਖਿਆ ਵਿਚ ਸੁਧਾਰ ਆਇਆ ਤੇ ਹਾਦਸੇ ਤੋਂ ਬਾਅਦ ਐਂਬੂਲੈਂਸ ਦਾ ਸਮੇਂ ਸਿਰ ਨਾ ਪਹੁੰਚਣਾ ਵੀ ਕਈ ਜਾਨਾਂ ਲੈ ਜਾਂਦਾ ਹੈ।
-ਰਾਜੇਸ਼ਵਰ ਪਿੰਟੂ
-ਮੋਬਾਈਲ : 98553–22886