ਕ੍ਰਾਂਤੀਕਾਰੀ ਦਲ ਦੀ ਰੂਹ ਭਗਵਤੀ ਚਰਨ ਵੋਹਰਾ
ਉਨ੍ਹਾਂ ਦੀਆਂ ਇਤਿਹਾਸਕ ਲਿਖਤਾਂ ਸਾਬਤ ਕਰਦੀਆਂ ਹਨ ਕਿ ਉਹ ਇਕ ਉੱਚ ਪਾਏ ਦੇ ਸਾਹਿਤਕ ਅਤੇ ਸਮਾਜਵਾਦੀ ਚਿੰਤਕ ਸਨ।
Publish Date: Mon, 27 May 2019 09:17 PM (IST)
Updated Date: Tue, 28 May 2019 03:29 AM (IST)

ਭਗਵਤੀ ਚਰਨ ਵੋਹਰਾ ਮਹਾਨ ਕ੍ਰਾਂਤੀਕਾਰੀ ਅਤੇ ਸਮਾਜਵਾਦੀ ਚਿੰਤਕ ਸਨ। ਉਨ੍ਹਾਂ ਦਾ ਜਨਮ 1904 ਵਿਚ ਆਗਰਾ ਵਿਖੇ ਇਕ ਬ੍ਰਾਹਮਣ ਪਰਿਵਾਰ 'ਚ ਹੋਇਆ ਸੀ। ਖ਼ੁਸ਼ਹਾਲ ਅਤੇ ਅਮੀਰ ਪਰਿਵਾਰ ਦੇ ਉਹ ਇਕਲੌਤੇ ਪੁੱਤਰ ਸਨ। ਮੁੱਢਲੀ ਪੜ੍ਹਾਈ ਤੋਂ ਬਾਅਦ ਛੋਟੀ ਉਮਰੇ ਹੀ ਭਗਵਤੀ ਚਰਨ ਵੋਹਰਾ ਦੀ ਸ਼ਾਦੀ ਦੁਰਗਾਵਤੀ ਨਾਲ ਹੋ ਗਈ ਸੀ ਜੋ ਕ੍ਰਾਂਤੀਕਾਰੀਆਂ ਦੇ ਦਲ ਵਿਚ 'ਦੁਰਗਾ ਭਾਬੀ' ਦੇ ਨਾਂ ਨਾਲ ਪ੍ਰਸਿੱਧ ਹੋਈ। ਭਗਵਤੀ ਚਰਨ ਵੋਹਰਾ ਨੇ ਵਿਆਹ ਤੋਂ ਬਾਅਦ ਉਚੇਰੀ ਵਿੱਦਿਆ ਨੈਸ਼ਨਲ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਕਾਲਜ ਦੀ ਵਿੱਦਿਆ ਲੈਣ ਦੇ ਨਾਲ-ਨਾਲ ਸਮਾਜਵਾਦੀ ਸਾਹਿਤ ਦਾ ਵੀ ਡੂੰਘਾਈ ਨਾਲ ਅਧਿਐਨ ਕੀਤਾ। ਉਨ੍ਹਾਂ ਦੀਆਂ ਇਤਿਹਾਸਕ ਲਿਖਤਾਂ ਸਾਬਤ ਕਰਦੀਆਂ ਹਨ ਕਿ ਉਹ ਇਕ ਉੱਚ ਪਾਏ ਦੇ ਸਾਹਿਤਕ ਅਤੇ ਸਮਾਜਵਾਦੀ ਚਿੰਤਕ ਸਨ। ਕਾਲਜ ਤੋਂ ਬਾਹਰ ਨੌਜਵਾਨਾਂ ਨੂੰ ਆਜ਼ਾਦੀ ਦੇ ਅੰਦੋਲਨ ਨਾਲ ਜੋੜਨ ਵਾਸਤੇ ਸ਼ਹੀਦ ਭਗਤ ਸਿੰਘ, ਭਗਵਤੀ ਚਰਨ ਵੋਹਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ 'ਨੌਜਵਾਨ ਭਾਰਤ ਸਭਾ' ਸਥਾਪਤ ਕੀਤੀ ਸੀ। ਵੋਹਰਾ ਜੱਥੇਬੰਦੀ ਦੇ ਪ੍ਰਚਾਰ ਸਕੱਤਰ ਸਨ। ਭਗਵਤੀ ਚਰਨ ਵੋਹਰਾ 'ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ' ਦਾ ਦਿਲ ਅਤੇ ਰੂਹ ਸਨ। ਭਗਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਵਿਚਾਰਧਾਰਕ ਵਿੰਗ ਦੇ ਮੁਖੀ ਬਣ ਗਏ ਸਨ। ਵੋਹਰਾ ਅਤੇ ਉਸ ਦੇ ਸਾਥੀਆਂ ਨੇ ਦਸੰਬਰ 1929 ਵਿਚ ਅੰਗਰੇਜ਼ ਹਾਕਮ ਵਾਇਸਰਾਏ ਲਾਰਡ ਇਰਵਨ ਨੂੰ ਮਾਰਨ ਵਾਸਤੇ ਰੇਲਗੱਡੀ 'ਤੇ ਬੰਬ ਧਮਾਕਾ ਕੀਤਾ ਪਰ ਵਾਇਸਰਾਏ ਬਚ ਗਿਆ। ਚੰਦਰ ਸ਼ੇਖਰ ਆਜ਼ਾਦ, ਭਗਵਤੀ ਚਰਨ ਵੋਹਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਗਤ ਸਿੰਘ ਅਤੇ ਬੀਕੇ ਦੱਤ ਨੂੰ ਅੰਗਰੇਜ਼ੀ ਹਕੂਮਤ ਦੀ ਕੈਦ 'ਚੋਂ ਛੁਡਾਉਣ ਲਈ ਐਕਸ਼ਨ ਦੀ ਤਰੀਕ ਮਿੱਥ ਲਈ। ਇਸ ਐਕਸ਼ਨ ਵਿਚ ਬੰਬ ਵਰਤਣੇ ਪੈਣੇ ਸਨ। ਭਗਵਤੀ ਚਰਨ ਵੋਹਰਾ ਨੇ ਬੰਬ ਤਿਆਰ ਕੀਤੇ। ਇਕ ਬੰਬ ਦਾ ਤਜਰਬਾ ਕਰਨ ਵਾਸਤੇ ਭਗਵਤੀ ਚਰਨ ਵੋਹਰਾ ਅਤੇ ਉਸ ਦੇ ਸਾਥੀ ਰਾਵੀ ਦਰਿਆ ਦੇ ਕੰਢੇ ਜੰਗਲ ਵਿਚ ਪਹੁੰਚ ਗਏ। ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਬੰਬ ਵਿਚ ਨੁਕਸ ਹੈ ਅਤੇ ਬੰਬ ਸੁੱਟਣ ਤੋਂ ਪਹਿਲਾਂ ਹੀ ਹੱਥ 'ਚ ਚੱਲ ਸਕਦਾ ਹੈ। ਭਗਵਤੀ ਚਰਨ ਵੋਹਰਾ ਨੇ ਇਸ ਮੌਕੇ ਆਪਣੇ ਸਾਥੀਆਂ ਨੂੰ ਕਿਹਾ ਕਿ ਬੰਬ ਦਾ ਤਜਰਬਾ ਹੁਣੇ ਹੀ ਕਰਨਾ ਹੋਵੇਗਾ। ਮੈਂ ਮਾਹਰ ਹਾਂ ਅਤੇ ਬੰਬ ਦਾ ਪ੍ਰੀਖਣ ਮੈਂ ਹੀ ਕਰਾਂਗਾ। ਜੇ ਮੈਂ ਮਰ ਗਿਆ ਤਾਂ ਐਕਸ਼ਨ ਵਿਚ ਮੇਰੀ ਜਗ੍ਹਾ ਕੋਈ ਹੋਰ ਸਾਥੀ ਚਲਿਆ ਜਾਵੇਗਾ ਪਰ ਭਗਤ ਸਿੰਘ ਅਤੇ ਬੀਕੇ ਦੱਤ ਨੂੰ ਛੁਡਾਉਣ ਵਾਲਾ ਐਕਸ਼ਨ ਹਰ ਹਾਲਤ ਵਿਚ ਮਿੱਥੀ ਹੋਈ ਤਰੀਕ 'ਤੇ ਹੀ ਹੋਣਾ ਚਾਹੀਦਾ ਹੈ। ਇਸ ਗੰਭੀਰ ਵਿਚਾਰ-ਚਰਚਾ ਤੋਂ ਬਾਅਦ ਭਗਵਤੀ ਚਰਨ ਵੋਹਰਾ ਨੇ ਬੰਬ ਫੜਿਆ ਤੇ ਨਾਲਦਿਆਂ ਨੂੰ ਦੂਰ ਲੁਕ ਜਾਣ ਦੀ ਹਦਾਇਤ ਦਿੱਤੀ। ਜਦੋਂ ਹੀ ਬੰਬ ਦੀ ਪਿੰਨ ਕੱਢੀ ਤੇ ਉਹ ਫਟ ਗਿਆ। ਸਖ਼ਤ ਜ਼ਖ਼ਮੀ ਹੋਣ ਤੋਂ ਬਾਅਦ ਭਗਵਤੀ ਚਰਨ ਵੋਹਰਾ 28 ਮਈ 1930 ਨੂੰ ਸ਼ਹੀਦ ਹੋ ਗਏ।
-ਪਿਰਥੀਪਾਲ ਸਿੰਘ ਮਾੜੀ ਮੇਘਾ, ਅੰਮ੍ਰਿਤਸਰ। ਸੰਪਰਕ (98760-78731)