ਭੈਣ-ਭਰਾ ਦੇ ਪ੍ਰੇਮ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਇਸ ਸਾਲ 11 ਅਗਸਤ ਨੂੰ ਮਨਾਇਆ ਜਾਵੇਗਾ। ਰੱਖੜੀ ਦਾ ਤਿਉਹਾਰ ਸਾਉਣ ਮਹੀਨੇ ਦੀ ਪੁੰਨਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਜਾਂ ਰੱਖਿਆ ਸੂਤਰ ਬੰਨ੍ਹ ਕੇ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਅਤੇ ਭਰਾ ਭੈਣਾਂ ਦੀ ਰੱਖਿਆ ਤੇ ਸਹਿਯੋਗ ਕਰਨ ਦਾ ਵਚਨ ਦਿੰਦੇ ਹਨ।

ਭੈਣ-ਭਰਾ ਦੇ ਪ੍ਰੇਮ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਇਸ ਸਾਲ 11 ਅਗਸਤ ਨੂੰ ਮਨਾਇਆ ਜਾਵੇਗਾ। ਰੱਖੜੀ ਦਾ ਤਿਉਹਾਰ ਸਾਉਣ ਮਹੀਨੇ ਦੀ ਪੁੰਨਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਜਾਂ ਰੱਖਿਆ ਸੂਤਰ ਬੰਨ੍ਹ ਕੇ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਅਤੇ ਭਰਾ ਭੈਣਾਂ ਦੀ ਰੱਖਿਆ ਤੇ ਸਹਿਯੋਗ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਜਾਂ ਰਾਖੀ ਦਾ ਭਾਵ ਹੈ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾਂ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾਂ ਕੰਮ ਆਉਣ ਲਈ ਵਚਨਬੱਧ ਹੋ ਜਾਂਦੇ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾਂ ਦੀ ਸੁੱਖ ਮੰਗਦੀਆਂ, ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਭੈਣ-ਭਰਾਵਾਂ ਦਾ ਇਕ-ਦੂਜੇ ਨੂੰ ਮਿਲਣ ਦਾ ਸਬੱਬ ਬਣ ਜਾਂਦਾ ਹੈ ਇਹ ਰੱਖੜੀ ਦਾ ਤਿਉਹਾਰ। ਰੱਖੜੀ ਬੰਨ੍ਹਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਭੈਣਾਂ ਅਤੇ ਭਰਾ ਇਕ-ਦੂਜੇ ਨੂੰ ਪਿਆਰ ਅਤੇ ਸਤਿਕਾਰ ਦੇਣ। ਪਿਛਲੇ ਸਮੇਂ ਰੱਖੜੀ ਦਾ ਮੁੱਲ ਮੋਹ-ਪਿਆਰ ਨਾਲ ਪੈਂਦਾ ਸੀ, ਦਿਖਾਵੇ ਤੇ ਕੱਪੜੇ-ਗਹਿਣੇ ਨਾਲ ਨਹੀਂ। ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦੇਂਦੇ ਤੇ ਉਨ੍ਹਾਂ ਦੇ ਸਾਰੀ ਉਮਰ ਦੇ ਮਾਪੇ ਬਣ ਕੇ ਰਹਿੰਦੇ ਹਨ। ਕਈ ਭੈਣਾਂ ਸੋਨੇ ਜਾਂ ਚਾਂਦੀ ਦੀਆਂ ਰੱਖੜੀਆਂ ਵੀ ਭਰਾ ਦੇ ਬੰਨ੍ਹਦੀਆਂ ਨੇ। ਇਹ ਆਪਣੀ ਪਹੁੰਚ ਜਾਂ ਸੋਚ ’ਤੇ ਨਿਰਭਰ ਹੈ ਪਰ ਮੋਹ ਦੀ ਤੰਦ ਦਾ ਤਾਂ ਇਕ ਧਾਗਾ ਹੀ ਬਥੇਰਾ ਹੁੰਦਾ ਹੈ ਜੋ ਸਾਰੀ ਉਮਰ ਰੂਹ ਨਾਲ ਨਿਭ ਜਾਵੇ। ਰੱਖੜੀ ਦੀ ਕਦਰ-ਕੀਮਤ ਉਨ੍ਹਾਂ ਭੈਣਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਰੱਬ ਨੇ ਵੀਰ ਦਿੱਤਾ ਹੀ ਨਾ ਹੋਵੇ ਤੇ ਉਹ ਰੱਬ ਨੂੰ ਵਾਰ-ਵਾਰ ਬੇਨਤੀਆਂ ਕਰਦੀਆਂ ਰਹੀਆਂ ‘ਇਕ ਵੀਰ ਦੇਈਂ ਵੇ ਰੱਬਾ ਸੋਂਹ ਖਾਣ ਨੂੰ ਬੜਾ ਚਿੱਤ ਕਰਦਾ।’ ਰੱਬ ਦੀ ਮਾਰ ਅੱਗੇ ਕੀ ਜ਼ੋਰ। ਉਹ ਭੈਣਾਂ ਕਿਸੇ ਮੂੰਹ ਬੋਲੇ ਭਰਾ ਜਾਂ ਤਾਏ-ਚਾਚੇ, ਮਾਮੇ-ਭੂਆ ਦੇ ਪੁੱਤ ਨੂੰ ਭਰਾ ਦੇ ਤੌਰ ’ਤੇ ਰੱਖੜੀ ਬੰਨ੍ਹਦੀਆਂ ਨੇ। ਕਈ ਵਾਰ ਨੇਕਦਿਲ ਭਰਾ ਨਾਲ ਜੰਮਿਆਂ ਵਾਂਗ ਨਿਭ ਵੀ ਜਾਂਦੇ ਨੇ। ਕਈ ਵਾਰ ਕੋਈ ਭਰਾ ਵੀ ਭੈਣ ਦੇ ਪਿਆਰ ਨੂੰ ਤਰਸਦਾ ਹੈ। ਕਿਸੇ ਨੂੰ ਮੂੰਹ ਬੋਲੀ ਭੈਣ ਬਣਾ ਲਵੇ ਤਾਂ ਸਾਡਾ ਸਮਾਜ ਉਸ ਨੂੰ ਛੇਤੀ-ਛੇਤੀ ਸਵੀਕਾਰ ਨਹੀਂ ਕਰਦਾ। ਮੂੰਹ ਬੋਲੇ ਰਿਸ਼ਤੇ ਦੀ ਤਸਵੀਰ ਦੇ ਇਹ ਦੋ ਪਾਸੇ ਨੇ, ਅਜਿਹੇ ਰਿਸ਼ਤੇ ਵੀ ਬਹੁਤ ਸੋਚ-ਸਮਝ ਕੇ ਬਣਾਉਣੇ ਚਾਹੀਦੇ ਨੇ ਤਾਂ ਜੋ ਰੱਖੜੀ ਦੀ ਮੋਹ ਭਰੀ ਸੁੱਚੀ ਡੋਰ ਮੈਲੀ ਨਾ ਹੋਵੇ। ਸਮਾਂ ਬੀਤਣ ਨਾਲ ਇਸ ਉਤਸਵ ਨਾਲ ਸਬੰਧਤ ਭਾਵ ਉੱਕਾ ਹੀ ਬਦਲ ਗਏ ਹਨ। ਪੰਜਾਬ ਵਿਚ ਉੱਤਰ ਵੱਲੋਂ ਹਮੇਸ਼ਾ ਹਮਲਾਵਰ ਆਉਂਦੇ ਰਹੇ ਤੇ ਹਰ ਵੈਰੀ ਹਮਲਾਵਰ ਜਾਂਦੀ ਵਾਰੀ ਧੀਆਂ-ਭੈਣਾਂ ਨੂੰ ਫੜ ਕੇ ਲੈ ਜਾਂਦਾ ਰਿਹਾ ਤੇ ਗ਼ੁਲਾਮ ਬਣਾ ਲੈਂਦਾ ਰਿਹਾ। ਅਜਿਹੇ ਭੈੜੇ ਵਕਤਾਂ ਵਿਚ ਭੈਣਾਂ ਨੇ ਵੀਰਾਂ ਦੇ ਮਾਣ ਨੂੰ ਵੰਗਾਰਨ ਵਾਸਤੇ ਇਹ ਰਸਮ ਨੂੰ ਅਪਣਾਇਆ ਸੀ। ਭੈਣਾਂ ਹਰ ਸਾਲ ਦੇ ਸਾਲ ਵੀਰਾਂ ਨੂੰ ਰਕਸ਼ਾ ਬੰਧਨ ਬੰਨ੍ਹ ਕੇ ਉਨ੍ਹਾਂ ਦਾ ਧਰਮ ਯਾਦ ਕਰਾਂਦੀਆਂ ਹਨ। ਉਦੋਂ ਤੋਂ ਹੁਣ ਤਕ ਇਹ ਰਸਮ ਪ੍ਰਚਲਿਤ ਹੈ। ਬੇਸ਼ੱਕ, ਅੱਜ ਰਿਸ਼ਤਿਆਂ ਵਿਚ ਪਹਿਲਾਂ ਵਾਲਾ ਨਿੱਘ ਤੇ ਨੇੜਤਾ ਨਹੀਂ ਰਹੀ ਪਰ ਅਜੇ ਵੀ ਕੁਝ ਲੋਕ ਮੋਹ ਭਰੇ ਦਿਲ ਰੱਖਦੇ ਹਨ।
-ਜਸਵਿੰਦਰ ਕੌਰ ਜੱਸੀ।
ਮੋਬਾਈਲ : 98770-69801