ਆਰਥਿਕ ਵਿਕਾਸ ਦੇ ਹਰ ਕੰਮ ਵਿਚ ਕਿਰਤੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਖੇਤੀ ਆਧਾਰਤ ਹਰਾ ਇਨਕਲਾਬ ਜਾਂ ਸਨਅਤੀ ਤਰੱਕੀ, ਕਿਸੇ ਵੀ ਰੂਪ ਵਿਚ ਕਿਰਤੀਆਂ ਦੀ ਹੱਡ-ਭੰਨਵੀਂ ਮਿਹਨਤ ਤੋਂ ਬਿਨਾਂ ਸੰਭਵ ਨਹੀਂ ਸੀ। ਜਦੋਂ ਵਿਕਾਸ ਦੀ ਉੱਚੀ ਦਰ ਕਾਰਨ ਕੁੱਲ ਘਰੇਲੂ ਉਤਪਾਦਨ ਦੇ ਆਕਾਰ ਨੂੰ ਪ੍ਰਚਾਰਿਆ ਜਾਂਦਾ ਹੈ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਵਿਕਾਸ ਨਾਲ ਆਮਦਨ ਦੀ ਨਾਬਰਾਬਰੀ ਵਧੀ ਹੈ।

ਰੋਸ਼ਨੀ ਨੂੰ ਖ਼ੁਸ਼ੀ ਅਤੇ ਖ਼ੁਸ਼ਹਾਲੀ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਰੋਸ਼ਨ ਵਿਹੜਿਆਂ ਵਿਚ ਹੀ ਖ਼ੁਸ਼ੀਆਂ ਮਨਾਉਣ ਲਈ ਲੋਕ ਇਕੱਠੇ ਹੋ ਕੇ ਨੱਚਦੇ, ਗਾਉਂਦੇ ਅਤੇ ਝੂਮਦੇ ਹਨ। ਮਾਤਮ ਹਨੇਰੇ ਨਾਲ ਜੁੜਿਆ ਹੋਇਆ ਹੈ। ਗਮੀ, ਉਦਾਸੀ ਅਤੇ ਬਿਪਤਾ ਵੇਲੇ ਅਸੀਂ ਦੀਪ ਬੁਝਾ ਦਿੰਦੇ ਹਾਂ। ਇਸੇ ਕਰਕੇ ਰੋਸ਼ਨੀ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਲੰਮੇ ਸੰਘਰਸ਼ਾਂ ਅਤੇ ਕੁਰਬਾਨੀਆਂ ਉਪਰੰਤ ਹੀ ਸਾਡੇ ਪੈਗੰਬਰਾਂ ਅਤੇ ਆਗੂਆਂ ਇਹ ਸੰਦੇਸ਼ ਦਿੱਤਾ ਕਿ ਸਾਰੇ ਮਨੁੱਖ ਜਨਮ ਤੋਂ ਹੀ ਬਰਾਬਰ ਹਨ ਅਤੇ ਉਨ੍ਹਾਂ ਦੇ ਹੱਕ ਵੀ ਇੱਕੋ ਜਿਹੇ ਹਨ। ਇਸ ਵਿਚਾਰਧਾਰਾ ਅਧੀਨ ਹੀ ਬਸਤੀਵਾਦ ਵਿਰੁੱਧ ਘੋਲ਼ ਕਰਦਿਆਂ ਰਾਸ਼ਟਰੀ ਤਾਕਤਾਂ ਵੱਲੋਂ ਇਹ ਐਲਾਨੀਆ ਵਾਅਦਾ ਕੀਤਾ ਗਿਆ ਕਿ ਲੁੱਟ-ਖਸੁੱਟ ਅਤੇ ਅਸਮਾਨਤਾ ’ਤੇ ਆਧਾਰਤ ਰਾਜਨੀਤਕ ਢਾਂਚਾ ਢਹਿ-ਢੇਰੀ ਕਰਨ ਉਪਰੰਤ ਸਾਰੇ ਲੋਕਾਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਣਗੇ। ਇਨ੍ਹਾਂ ਨਵ-ਆਜ਼ਾਦ ਦੇਸ਼ਾਂ ਨੇ ਉੱਭਰਦੀਆਂ ਕੌਮੀ ਤਾਕਤਾਂ ਨੂੰ ਉਦੈ ਹੁੰਦੇ ਸੂਰਜ ਨਾਲ ਤਸਬੀਹ ਦੇ ਕੇ ਲੰਬਾ ਸਮਾਂ ਜਨਤਾ ਵਿਚ ਭਰਮਜਾਲ ਬਣਾਈ ਰੱਖਿਆ ਕਿ ਕਿਰਤੀਆਂ ਅਤੇ ਕਿਸਾਨਾਂ ਦਾ ਸਮਾਂ ਆਉਣ ਵਾਲਾ ਹੈ। ਹਰ ਮਜ਼ਦੂਰ ਕਾਰਖਾਨੇ ਦੀ ਮਾਲਕੀ ਵਿਚ ਹਿੱਸੇਦਾਰ ਹੋਵੇਗਾ ਅਤੇ ਹਰ ਕਿਰਤੀ ਕਿਸਾਨ ਖੇਤਾਂ ਦਾ ਰਾਜਾ ਹੋਵੇਗਾ ਪਰ ਅਜਿਹਾ ਕੁਝ ਵੀ ਨਹੀਂ ਵਾਪਰਿਆ। ਪੂਰੇ ਵਿਸ਼ਵ ਵਿਚ ਕਿਰਤੀਆਂ ਅਤੇ ਕਿਸਾਨਾਂ ਦੀ ਹਾਲਤ ਪਤਲੀ ਹੈ। ਸਾਡੇ ਦੇਸ਼ ਵਿਚ ਅਕਸਰ ਮਜ਼ਦੂਰ ਹੇਠਲੀਆਂ ਸਮਾਜਿਕ ਸ਼੍ਰੇਣੀਆਂ ਨਾਲ ਸਬੰਧਤ ਹੋਣ ਕਾਰਨ ਹੋਰ ਵੀ ਤਰਸ ਦੇ ਪਾਤਰ ਹਨ।
ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹੈ। ਜੇਕਰ ਪਿਛਾਂਹ ਮੁੜ ਕੇ ਵੇਖਿਆ ਜਾਵੇ ਤਾਂ ਅਠਾਰਵੀਂ ਸਦੀ ਦੀਆਂ ਅਮਰੀਕਾ ਅਤੇ ਫਰਾਂਸ ਦੀਆਂ ਕ੍ਰਾਂਤੀਕਾਰੀ ਤਬਦੀਲੀਆਂ ਦੇ ਬਾਵਜੂਦ ਮਜ਼ਦੂਰਾਂ ਦੀ ਲੁੱਟ-ਖਸੁੱਟ ਉਵੇਂ ਹੀ ਚੱਲਦੀ ਰਹੀ। ਹਾਲਾਂਕਿ ਇਨ੍ਹਾਂ ਰਾਜਨੀਤਕ ਘੋਲ਼ਾਂ ਨੇ ਮਨੁੱਖਤਾ ਦੇ ਸਮਾਨਤਾ ਦੇ ਅਧਿਕਾਰ ਦਾ ਪ੍ਰਚਾਰ ਕੀਤਾ ਸੀ ਪਰ ਉਸ ਸਮੇਂ ਵਿਕਸਤ ਪੂੰਜੀਵਾਦੀ ਢਾਂਚਾ ਆਪਣੇ ਮੁਨਾਫ਼ੇ ਹੋਰ ਵਧਾਉਂਦਾ ਹੋਇਆ ਮਜ਼ਦੂਰਾਂ ਦਾ ਸ਼ੋਸ਼ਣ ਕਰਦਾ ਰਿਹਾ। ਕਾਰਖਾਨਿਆਂ ਵਿਚ ਕੰਮ ਕਰਨ ਦਾ ਸਮਾਂ ਨਿਸ਼ਚਿਤ ਨਾ ਹੋਣ ਕਾਰਨ ਸਰਮਾਏਦਾਰਾਂ ਨੂੰ ਵੱਧ ਉਤਪਾਦਨ ਦਾ ਲਾਲਚ ਮਜ਼ਦੂਰਾਂ ਤੋਂ ਹੋਰ ਵੱਧ ਘੰਟੇ ਕੰਮ ਕਰਵਾਉਣ ਲਈ ਉਕਸਾਉਂਦਾ ਸੀ। ਇਸ ਸਥਿਤੀ ਤੋਂ ਤੰਗ ਆ ਕੇ ਅਮਰੀਕਾ ਦੇ ਮਜ਼ਦੂਰ ਸੰਗਠਨਾਂ ਨੇ ਇਹ ਫ਼ੈਸਲਾ ਕੀਤਾ ਕਿ 1 ਮਈ 1886 ਨੂੰ ਸ਼ਿਕਾਗੋ ਦੇ ਹੇਅ ਮਾਰਕੀਟ ਸਕੁਏਅਰ ਵਿਚ ਮਜ਼ਦੂਰਾਂ ਲਈ ਅੱਠ ਘੰਟੇ ਕੰਮ ਕਰਨ ਦੀ ਵਿਵਸਥਾ ਲਈ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਸ਼ਿਕਾਗੋ ਦੀ ਸੈਂਟਰਲ ਲੇਬਰ ਯੂਨੀਅਨ ਨੇ ਦੇਸ਼ ਭਰ ਵਿਚ ਮਜ਼ਦੂਰ ਸੰਗਠਨਾਂ ਨਾਲ ਤਾਲਮੇਲ ਕਰ ਕੇ ਇਕ ਵੱਡੇ ਰੋਸ ਮੁਜ਼ਾਹਰੇ ਦਾ ਇੰਤਜ਼ਾਮ ਕੀਤਾ। ਓਧਰ, ਸਰਕਾਰ ਅਤੇ ਪੂੰਜੀਪਤੀਆਂ ਵੱਲੋਂ ਰਾਜ ਸ਼ਕਤੀ ਦੇ ਸਹਾਰੇ ਇਸ ਵਿਦਰੋਹ ਭਰੇ ਪ੍ਰਦਰਸ਼ਨ ਨੂੰ ਕੁਚਲਣ ਦੇ ਪੁਖ਼ਤਾ ਇੰਤਜ਼ਾਮ ਕਰ ਲਏ ਗਏ। ਇਹ ਉਹ ਸਮਾਂ ਸੀ ਜਦ ਪੂੰਜੀਵਾਦੀ ਨਿਜ਼ਾਮ ਆਪਣੇ ਸਿਖਰ ਵੱਲ ਵਧ ਰਿਹਾ ਸੀ। ਇਸੇ ਕਰਕੇ ਵਿਵਸਥਾ ਮਜ਼ਦੂਰਾਂ ਦੇ ਹੱਕਾਂ ਦੇ ਪੱਖ ਵਿਚ ਨਹੀਂ ਸੀ।
‘ਹੇਅ ਮਾਰਕੀਟ ਸਕੁਏਅਰ’ ਵਿਚ ਮਜ਼ਦੂਰ ਨੇਤਾਵਾਂ ਦੇ ਆਖ਼ਰੀ ਭਾਸ਼ਣ ਦੌਰਾਨ ਪੁਲਿਸ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਇਕ ਬੰਬ ਧਮਾਕਾ ਹੋਣ ਨਾਲ ਸਾਰੇ ਪਾਸੇ ਹਫੜਾ-ਦਫੜੀ ਮਚ ਗਈ। ਮੂਜ਼ਦੂਰ ਨੇਤਾਵਾਂ ਨੂੰ ਪਿੱਛੇ ਭੱਜ ਕੇ ਗ੍ਰਿਫ਼ਤਾਰ ਕੀਤਾ ਗਿਆ। ਸਰਕਾਰ ਵੱਲੋਂ ਬਹਾਨਾ ਇਹ ਬਣਾਇਆ ਗਿਆ ਕਿ ਗੋਲ਼ੀਆਂ ਅਤੇ ਬੰਬ ਮਜ਼ਦੂਰਾਂ ਵੱਲੋਂ ਚਲਾਏ ਗਏ ਹਨ। ਅੱਠ ਮਜ਼ਦੂਰ ਨੇਤਾਵਾਂ ’ਤੇ ਸਾਜਿਸ਼ ਕਤਲ ਧਾਰਾ ਅਧੀਨ ਮੁਕੱਦਮਾ ਚਲਾ ਕੇ ਮੌਤ ਦੀ ਸਜ਼ਾ ਸੁਣਾਈ ਗਈ। ਚਾਰ ਮਜ਼ਦੂਰ ਨੇਤਾਵਾਂ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਦਿੱਤੀ ਗਈ। ਇਨ੍ਹਾਂ ਮਜ਼ਦੂਰ ਸ਼ਹੀਦਾਂ ਦੇ ਸਸਕਾਰ ਵਿਚ ਕੋਈ ਪੰਜ ਲੱਖ ਲੋਕਾਂ ਨੇ ਮਾਤਮੀ ਜਲੂਸ ਕੱਢਿਆ ਜਿਸ ਨੂੰ ਅਮਰੀਕਾ ਦੇ ਅਖ਼ਬਾਰਾਂ ਨੇ ਉਸ ਵਕਤ ਦਾ ਸਭ ਤੋਂ ਵਿਸ਼ਾਲ ਜਲੂਸ ਐਲਾਨਿਆ। ਸਰਕਾਰ ਨੇ ਸਮੇਂ ਦੀ ਨਬਜ਼ ਪਛਾਣਦਿਆਂ ਹੋਇਆਂ ਬਾਕੀ ਮਜ਼ਦੂਰ ਨੇਤਾਵਾਂ ਦੀ ਸਜ਼ਾ ਨੂੰ 1893 ਵਿਚ ਮਾਫ਼ ਕਰ ਦਿੱਤਾ। ਪੂਰੇ ਅਮਰੀਕਾ ਵਿਚ ਮਜ਼ਦੂਰਾਂ ਦਾ ਕੰਮ ਦਾ ਸਮਾਂ ਵੱਧ ਤੋਂ ਵੱਧ ਅੱਠ ਘੰਟੇ ਨਿਸ਼ਚਿਤ ਕਰ ਦਿੱਤਾ ਗਿਆ। ਮਜ਼ਦੂਰਾਂ ਦੇ ਕੰਮ ਦਾ ਸਮਾਂ ਨਿਸ਼ਚਿਤ ਕਰਵਾਉਣ ਪਿੱਛੇ ਵੀ ਵੱਡਾ ਤਰਕ ਸੀ ਕਿ ਚੌਵੀ ਘੰਟਿਆਂ ਵਿੱਚੋਂ ਅੱਠ ਘੰਟੇ ਹਰ ਮਨੁੱਖ ਲਈ ਸੌਣ ਵਾਸਤੇ ਚਾਹੀਦੇ ਹਨ। ਅੱਠ ਘੰਟੇ ਕੰਮ ਕਰਨ ਉਪਰੰਤ ਰਹਿੰਦੇ ਅੱਠ ਘੰਟੇ ਉਸ ਨੂੰ ਆਪਣੇ ਪਰਿਵਾਰ ਲਈ ਅਵੱਸ਼ ਲੋੜੀਂਦੇ ਹਨ। ਹੇਅ ਮਾਰਕੀਟ ਸਕੁਏਅਰ ਦਾ 1 ਮਈ 1886 ਦਾ ਜਲੂਸ ਮਜ਼ਦੂਰਾਂ ਦੇ ਮੁੱਢਲੇ ਅਧਿਕਾਰਾਂ ਦੀ ਕਿਤਾਬ ਦਾ ਸਰਵਰਕ ਹੈ। ਸਾਰੇ ਦੇਸ਼ਾਂ ਦੇ ਮਜ਼ਦੂਰ ਇਸੇ ਦਿਨ ਸ਼ਿਕਾਗੋ ਦੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਨ।
ਧਰਤੀ ’ਤੇ ਜੋ ਕੁਝ ਚੰਗਾ ਉਸਾਰਿਆ ਨਜ਼ਰ ਆ ਰਿਹਾ ਹੈ, ਉਹ ਕਿਰਤੀਆਂ ਦੀ ਮਿਹਨਤ ਦੀ ਉਪਜ ਹੈ। ਨਿਜ਼ਾਮਾਂ ਦੇ ਸੁਭਾਅ ਭਾਵੇਂ ਕਿਹੋ ਜਿਹੇ ਵੀ ਰਹੇ ਹੋਣ ਪਰ ਸ਼ੁਰੂ ਤੋਂ ਹੀ ਦੁਨੀਆ ਨੂੰ ਸੰਵਾਰਨ ਅਤੇ ਮਨੁੱਖੀ ਜੀਵਨ ਲਈ ਚੰਗੇ ਸਾਧਨ ਪੈਦਾ ਕਰਨ ਵਿਚ ਮਜ਼ਦੂਰਾਂ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਪਹਾੜਾਂ ਦੀਆਂ ਟੀਸੀਆਂ ਤੋਂ ਲੰਘਦੀਆਂ ਸੜਕਾਂ ਅਤੇ ਪਹਾੜ ਚੀਰਦੀਆਂ ਰੇਲਵੇ ਲਾਈਨਾਂ ਨੂੰ ਕਿਰਤੀਆਂ ਨੇ ਸਾਡੇ ਲਈ ਉਸਾਰਿਆ ਹੈ। ਜੰਗਲਾਂ ਨੂੰ ਖੇਤੀਯੋਗ ਬਣਾ ਕੇ ਮਨੁੱਖ ਦਾ ਪੇਟ ਭਰਨ ਦਾ ਕਾਰਜ ਕਿਰਤੀਆਂ ਨੇ ਆਪਣੇ ਹੱਥੀਂ ਕੀਤਾ। ਦੁਨੀਆ ਨੂੰ ਖ਼ੁਸ਼ਹਾਲ ਬਣਾਉਣ ਦੇ ਕਾਰਜ ਵਿਚ ਮਜ਼ਦੂਰਾਂ ਦੇ ਡੁੱਲ੍ਹੇ ਖ਼ੂਨ-ਪਸੀਨੇ ਨੂੰ ਮਾਪਿਆ ਨਹੀਂ ਜਾ ਸਕਦਾ। ਇਸੇ ਕਰਕੇ ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਨੇ ਆਪਣੀ ਬਾਣੀ ਵਿਚ ਕਿਰਤ ਨੂੰ ਉੱਤਮ ਅਤੇ ਆਦਰਯੋਗ ਸਥਾਨ ਦਿੱਤਾ ਹੈ। ਇਸ ਦੇ ਬਾਵਜੂਦ ਅਸੀਂ ਕਿਉਂ ਉਨ੍ਹਾਂ ਹੱਥਾਂ ਦਾ ਸਤਿਕਾਰ ਨਹੀਂ ਕਰਦੇ ਜਿਨ੍ਹਾਂ ਨੇ ਖੇਤਾਂ ਤੋਂ ਕਾਰਖਾਨਿਆਂ ਤੱਕ ਆਪਣੀ ਪਸੀਨੇ ਭਰੀ ਮੁਸ਼ੱਕਤ ਨਾਲ ਸਾਡੀ ਸਭ ਦੀ ਜ਼ਿੰਦਗੀ ਸੌਖੀ ਕੀਤੀ। ਮਜ਼ਦੂਰ-ਪੱਖੀ ਕਹਾਉਣ ਵਾਲੇ ਉਹ ਨਿਜ਼ਾਮ, ਜਿਨ੍ਹਾਂ ਨੇ ਮਜ਼ਦੂਰ ਸ਼ਕਤੀਆਂ ਨੂੰ ਇਕੱਠਾ ਕਰ ਕੇ ਸੱਤਾ ਹਥਿਆਈ, ਉਹ ਵੀ ਮਜ਼ਦੂਰਾਂ ਨੂੰ ਲੁੱਟ-ਖਸੁੱਟ ਦੇ ਢਾਂਚੇ ’ਚੋਂ ਮੁਕਤ ਕਰਾਉਣ ਵਿਚ ਅਸਫਲ ਰਹੇ। ਲੋਕਾਂ ਦੇ ਨਾਂ ’ਤੇ ਚੱਲ ਰਹੇ ਆਧੁਨਿਕ ਰਾਜਨੀਤਕ ਪ੍ਰਬੰਧਾਂ ਵਿਚ ਵੀ ਲੁੱਟ-ਖਸੁੱਟ ਅਤੇ ਮੁਨਾਫ਼ੇ ਦਾ ਉਹੀ ਬੀਜ ਫਲ ਰਿਹਾ ਹੈ ਜੋ ਸਦੀਆਂ ਪਹਿਲਾਂ ਉੱਗਿਆ ਸੀ।
ਜੇਕਰ ਕਿਰਤੀ ਨੂੰ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਜਰਤ ਨਹੀਂ ਮਿਲਦੀ ਤਾਂ ਸਮਝੋ ਕਿ ਉਸ ਨਾਲ ਨਿਆਂ ਨਹੀਂ ਹੋ ਰਿਹਾ। ਸਾਰੇ ਦੇਸ਼ਾਂ ਵਿਚ ਹੀ ਕਿਰਤੀ ਤੇ ਕਿਸਾਨ ਔਖੇ ਹਨ। ਵਿਕਸਤ ਦੇਸ਼ਾਂ ਵਿਚ ਵੀ ਤੁਹਾਨੂੰ ਇਹ ਔਖਿਆਈ ਸਪਸ਼ਟ ਵਿਖਾਈ ਦਿੰਦੀ ਹੈ ਪਰ ਇਨ੍ਹਾਂ ਦੇਸ਼ਾਂ ਵਿਚ ਕਾਮਿਆਂ ਨੂੰ ਸੰਗਠਿਤ ਖੇਤਰ ਕਾਰਨ ਬਹੁਤ ਸਾਰੇ ਉਹ ਲਾਭ ਮਿਲ ਜਾਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਸੌਖੇ ਬੀਤ ਜਾਂਦੇ ਹਨ। ਸਾਡੇ ਦੇਸ਼ ਵਿਚ ਖੇਤੀ ਮਜ਼ਦੂਰਾਂ /ਕਿਸਾਨਾਂ ਅਤੇ ਛੋਟੇ-ਵੱਡੇ ਕਸਬਿਆਂ ਵਿਚ ਕੰਮ ਕਰਦੇ ਕਿਰਤੀਆਂ ਲਈ ਜੀਵਨ ਨਿਰਬਾਹ ਦੇ ਉਹ ਸਾਧਨ ਉਪਲਬਧ ਨਹੀਂ ਹਨ। ਬਹੁਤੀ ਵਸੋਂ ਖੇਤੀ ਵਿਚ ਕੰਮ ਕਰਦੀ ਹੋਣ ਕਰਕੇ ਮਜ਼ਦੂਰਾਂ ਲਈ ਜੀਵਨ ਬੀਮਾ ਅਤੇ ਸਿਹਤ ਸਹੂਲਤਾਂ ਨਾਮਾਤਰ ਹਨ। ਕੰਮ ਕਰਨ ਦੇ ਘੰਟੇ ਅਜੇ ਵੀ ਨਿਸ਼ਚਿਤ ਨਹੀਂ ਹਨ। ਖੇਤ ਮਜ਼ਦੂਰਾਂ ਦੀ ਦਿਹਾੜੀ ਦਿਨ ਚੜ੍ਹਦੇ ਨਾਲ ਸ਼ੁਰੂ ਹੋ ਜਾਂਦੀ ਹੈ ਅਤੇ ਦਿਨ ਛਿਪਣ ਨਾਲ ਹੀ ਖ਼ਤਮ ਹੁੰਦੀ ਹੈ। ਸਨਅਤਾਂ ਵਿਚ ਕਾਮਿਆਂ ਦੀ ਸੁਰੱਖਿਆ ਅਕਸਰ ਅਣਗੌਲੀ ਰਹਿੰਦੀ ਹੈ। ਕਈ ਸਾਲ ਪਹਿਲਾਂ ਇਕ ਦੁਰਘਟਨਾ ਵਿਚ ਜਲੰਧਰ ਸ਼ਹਿਰ ਦੇ ਇਕ ਸਨਅਤੀ ਯੂਨਿਟ ਦੀ ਚਾਰ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਨਾਲ ਦਰਜਨਾਂ ਮਜ਼ਦੂਰ ਮਲਬੇ ਥੱਲੇ ਦੱਬ ਕੇ ਮਾਰੇ ਗਏ। ਮਲਬੇ ਵਿੱਚੋਂ ਮਜ਼ਦੂਰਾਂ ਦੀਆਂ ਲਾਸ਼ਾਂ ਕੱਢਣ ਨੂੰ ਪੂਰਾ ਹਫ਼ਤਾ ਲੱਗ ਗਿਆ ਸੀ। ਇਵੇਂ ਹੀ ਸੈਂਕੜੇ ਖੇਤ ਮਜ਼ਦੂਰ ਹਰ ਸਾਲ ਟਿਊਬਵੈੱਲਾਂ ਦੀਆਂ ਖੂਹੀਆਂ ਡੂੰਘੀਆਂ ਕਰਦੇ ਜਾਂ ਖੇਤੀ ਦੇ ਹੋਰ ਕੰਮ ਕਰਦੇ ਹੋਏ ਸੁਰੱਖਿਆ ਸਾਧਨਾਂ ਦੀ ਅਣਹੋਂਦ ਕਾਰਨ ਮਾਰੇ ਜਾਂਦੇ ਹਨ। ਬਾਵਜੂਦ ਸਰਕਾਰੀ ਹਦਾਇਤਾਂ ਦੇ, ਕਾਮਿਆਂ ਨੂੰ ਬੈਠਣ, ਆਰਾਮ ਕਰਨ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਾਉਣ ਵਿਚ ਵੀ ਵੱਡੀਆਂ ਉਲੰਘਣਾਵਾਂ ਹੁੰਦੀਆਂ ਹਨ।
ਆਰਥਿਕ ਵਿਕਾਸ ਦੇ ਹਰ ਕੰਮ ਵਿਚ ਕਿਰਤੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਖੇਤੀ ਆਧਾਰਤ ਹਰਾ ਇਨਕਲਾਬ ਜਾਂ ਸਨਅਤੀ ਤਰੱਕੀ, ਕਿਸੇ ਵੀ ਰੂਪ ਵਿਚ ਕਿਰਤੀਆਂ ਦੀ ਹੱਡ-ਭੰਨਵੀਂ ਮਿਹਨਤ ਤੋਂ ਬਿਨਾਂ ਸੰਭਵ ਨਹੀਂ ਸੀ। ਜਦੋਂ ਵਿਕਾਸ ਦੀ ਉੱਚੀ ਦਰ ਕਾਰਨ ਕੁੱਲ ਘਰੇਲੂ ਉਤਪਾਦਨ ਦੇ ਆਕਾਰ ਨੂੰ ਪ੍ਰਚਾਰਿਆ ਜਾਂਦਾ ਹੈ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਵਿਕਾਸ ਨਾਲ ਆਮਦਨ ਦੀ ਨਾਬਰਾਬਰੀ ਵਧੀ ਹੈ। ਜੇਕਰ ਇਸ ਵਿਕਾਸ ਦਾ ਉਦੇਸ਼ ਸਮੂਹਿਕ ਹੁੰਦਾ ਤਾਂ ਖੇਤੀ ਅਤੇ ਸਨਅਤ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਸੀ। ਸਾਡੇ ਦੇਸ਼ ਦੇ 52 ਉਦਯੋਗਿਕ ਘਰਾਣਿਆ ਦਾ ਦੇਸ਼ ਦੀ ਇਕ-ਤਿਹਾਈ ਦੌਲਤ ’ਤੇ ਕਬਜ਼ਾ ਹੈ। ਇਕ-ਤਿਹਾਈ ਆਬਾਦੀ ਜਿਹੜੀ ਗ਼ਰੀਬੀ ਦੀ ਰੇਖਾ ਤੋਂ ਥੱਲੇ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ, ਉਹ ਸਾਰੀ ਕਿਰਤੀਆਂ ਅਤੇ ਕਿਸਾਨਾਂ ਦੀ ਹੈ। ਆਕਸਫੋਰਡ ਯੂਨੀਵਰਸਿਟੀ ਵੱਲੋਂ 22 ਦੇਸ਼ਾਂ ਦੇ ਗ਼ਰੀਬ ਕਾਮਿਆਂ ਦੇ ਜੀਵਨ ਪੱਧਰ ਦਾ ਸਰਵੇ ਕੀਤਾ ਗਿਆ ਅਤੇ ਸਿੱਟਾ ਕੱਢਿਆ ਕਿ ਭਾਰਤ ਆਪਣੇ ਕਿਰਤੀਆਂ ਦੀ ਗ਼ਰੀਬੀ ਘਟਾਉਣ ਵਿਚ ਨੇਪਾਲ, ਬੰਗਲਾਦੇਸ਼ ਅਤੇ ਰਵਾਂਡਾ ਵਰਗੇ ਮੁਲਕਾਂ ਤੋਂ ਵੀ ਪਿੱਛੇ ਹੈ। ਗ਼ਰੀਬੀ ਰੇਖਾ ਨੂੰ ਮਿਟਾਉਣ ਲਈ ਅਜੇ ਪੰਜਾਹ ਸਾਲ ਹੋਰ ਲੱਗ ਸਕਦੇ ਹਨ। ਮਜ਼ਦੂਰਾਂ ਅਤੇ ਕਾਮਿਆਂ ਦੇ ਵਿਹੜੇ ਸਦਾ ਚਾਨਣ ਰਹੇ ਅਤੇ ਸਵੈਮਾਣ ਨਾਲ ਭਰਪੂਰ ਜ਼ਿੰਦਗੀ ਜਿਉਣ ਦਾ ਸਭ ਨੂੰ ਹੱਕ ਹੋਵੇ। ਜੇਕਰ ਮਜ਼ਦੂਰਾਂ ਤੇ ਕਿਸਾਨਾਂ ਦੀ ਜ਼ਿੰਦਗੀ ਬਿਹਤਰ ਨਹੀਂ ਹੋਵੇਗੀ ਤਾਂ ਇਹ ਵਿਵਸਥਾ ਵੀ ਲੰਬਾ ਸਮਾਂ ਨਹੀਂ ਚੱਲ ਸਕੇਗੀ।
-ਜੀ.ਕੇ. ਸਿੰਘ
-ਮੋਬਾਈਲ : 98140-67632