ਪਿਛਲੀਆਂ ਵਾਰੀਆਂ ਦੇ ਤਜਰਬੇ ਦੇ ਆਧਾਰ ’ਤੇ ਇਸ ਵਾਰ ਅੰਮ੍ਰਿਤਸਰ ਤੋਂ ਇੰਡੀਗੋ ਏਅਰਲਾਈਨ ਦੇ ਜਹਾਜ਼ ’ਤੇ ਦਿੱਲੀ ਪਹੁੰਚਣਾ ਸੀ ਜਿੱਥੋਂ ਸਾਡੀ ਪੋਲਿਸ਼ ਏਅਰਲਾਈਨ ਦੀ ਫਲਾਈਟ ਦਿੱਲੀ ਤੋਂ ਵਾਇਆ ਵਾਰਸਾ ਟੋਰਾਂਟੋ ਲਈ ਟਿਕਟ ਬੁੱਕ ਸੀ। ਇਹ ਇਸ ਗੇੜੀ ਦਾ ਅਗਲਾ ਤਜਰਬਾ ਸੀ ਪਰ ਅੰਮ੍ਰਿਤਸਰ ਤੋਂ ਉਡਾਨ ਭਰਨ ਤੋਂ ਪਹਿਲਾਂ ਹੀ ਸਾਨੂੰ ਦੱਸ ਦਿੱਤਾ ਗਿਆ ਕਿ ਦਿੱਲੀ ਦਾ ਮੌਸਮ ਬਹੁਤ ਖ਼ਰਾਬ ਹੈ। ਦਿੱਲੀ ਦਾ ਮੌਸਮ ਸੱਚਮੁੱਚ ਖ਼ਰਾਬ ਸੀ।

ਤਿੰਨ ਮਈ ਦਾ ਦਿਨ ਸੀ। ਸਾਲ 2026 ਤੇ ਦਿਨ ਐਤਵਾਰ। ਬਹੁਤ ਸਾਰਾ ਸਾਮਾਨ ਲੈ ਕੇ ਸੱਤ ਸਮੁੰਦਰ ਪਾਰ ਜਾਣਾ ਤੁਹਾਨੂੰ ਬਹੁਤ ਸਾਰੇ ਡਰਾਂ ਅਤੇ ਖਿਝ ਨਾਲ ਭਰ ਦਿੰਦਾ ਹੈ। ਖਿਝ ਨਾਲ ਭਰਿਆ ਦਿਨ ਕਵਿਤਾ ਦਾ ਨਹੀਂ ਹੁੰਦਾ। ਕਵਿਤਾ ਤਾਂ ਖਿਝ ਦਾ ਸਹਿਜ ਵਿਚ ਰੂਪਾਂਤਰਣ ਹੁੰਦੀ ਹੈ। ਬੇਤਰਤੀਬੀਆਂ ਦਾ ਤਰਤੀਬ ਵਿਚ ਉਲੱਥਾ। ਮੇਰੀ ਸਮੱਸਿਆ ਹੋਰ ਸੀ। ਮੈਂ ਚਾਹੁੰਦਾ ਸਾਂ ਇਸ ਵਰ੍ਹੇ ਛਪੀਆਂ ਆਪਣੀਆਂ ਨਵੀਆਂ ਕਿਤਾਬਾਂ ਦੀਆਂ ਕੁਝ ਕਾਪੀਆਂ ਨਾਲ ਲੈ ਕੇ ਜਾਵਾਂ ਪਰ ਇਹ ਤਮੰਨਾ ਵੀ ਨਿਸ਼ਚਿਤ ਭਾਰ ਤੋਂ ਬਾਹਰ ਰਹਿ ਜਾਣ ਦੇ ਡਰ ਕਾਰਨ ਪੂਰੀ ਹੁੰਦੀ ਨਹੀਂ ਸੀ ਲੱਗ ਰਹੀ। ਖ਼ੈਰ! ਕੁਝ ਕਾਪੀਆਂ ਨੂੰ ਥਾਂ ਤੇ ਆਗਿਆ ਮਿਲ ਹੀ ਗਈ। ਏਅਰਪੋਰਟ ਘਰੋਂ ਬਹੁਤੀ ਦੂਰ ਨਹੀਂ ਹੈ। ਸਾਮਾਨ ਜਮ੍ਹਾ ਕਰਵਾਉਂਦਿਆਂ ਤੇ ਬੋਰਡਿੰਗ ਕਾਰਡ ਹਾਸਲ ਕਰਨ ਨੂੰ ਵੀ ਕੋਈ ਬਹੁਤਾ ਸਮਾਂ ਨਾ ਲੱਗਾ। ਏਅਰਪੋਰਟ ਦੇ ਅੰਦਰ ਫੋਟੋ ਲੁਹਾ ਕੇ ਪੋਸਟ ਕਰ ਦਿੱਤੀ ਤਾਂ ਜੋ ਦੋਸਤਾਂ ਨੂੰ ਸੂਚਨਾ ਮਿਲ ਸਕੇ ਕਿ ਮੈਂ ਪਰਵਾਸ ਦੀ ਅਗਲੀ ਗੇੜੀ ਲਈ ਨਿਕਲ ਪਿਆ ਹਾਂ। ਇਹ ਪੰਜਵੀਂ ਵਾਰ ਹੈ।
ਪਿਛਲੀਆਂ ਵਾਰੀਆਂ ਦੇ ਤਜਰਬੇ ਦੇ ਆਧਾਰ ’ਤੇ ਇਸ ਵਾਰ ਅੰਮ੍ਰਿਤਸਰ ਤੋਂ ਇੰਡੀਗੋ ਏਅਰਲਾਈਨ ਦੇ ਜਹਾਜ਼ ’ਤੇ ਦਿੱਲੀ ਪਹੁੰਚਣਾ ਸੀ ਜਿੱਥੋਂ ਸਾਡੀ ਪੋਲਿਸ਼ ਏਅਰਲਾਈਨ ਦੀ ਫਲਾਈਟ ਦਿੱਲੀ ਤੋਂ ਵਾਇਆ ਵਾਰਸਾ ਟੋਰਾਂਟੋ ਲਈ ਟਿਕਟ ਬੁੱਕ ਸੀ। ਇਹ ਇਸ ਗੇੜੀ ਦਾ ਅਗਲਾ ਤਜਰਬਾ ਸੀ ਪਰ ਅੰਮ੍ਰਿਤਸਰ ਤੋਂ ਉਡਾਨ ਭਰਨ ਤੋਂ ਪਹਿਲਾਂ ਹੀ ਸਾਨੂੰ ਦੱਸ ਦਿੱਤਾ ਗਿਆ ਕਿ ਦਿੱਲੀ ਦਾ ਮੌਸਮ ਬਹੁਤ ਖ਼ਰਾਬ ਹੈ। ਦਿੱਲੀ ਦਾ ਮੌਸਮ ਸੱਚਮੁੱਚ ਖ਼ਰਾਬ ਸੀ। ਬੱਦਲਾਂ ਦੀ ਗਰਜ ਤੇ ਬਿਜਲੀ ਦੀ ਡਰਾਉਣੀ ਲਿਸ਼ਕੋਰ ਖ਼ਰਾਬ ਮੌਸਮ ਦੀ ਗਵਾਹੀ ਭਰ ਰਹੇ ਸਨ। ਜਹਾਜ਼ ਨੂੰ ਜੈਪੁਰ ਵੱਲ ਮੋੜਨਾ ਪਿਆ। ਹਾਲਾਤ ਉੱਥੇ ਵੀ ਸਾਜ਼ਗਾਰ ਨਹੀਂ ਸਨ। ਅੱਧਾ ਘੰਟਾ ਜੈਪੁਰ ਦੀ ਪਰਿਕਰਮਾ ਕਰਨ ਉਪਰੰਤ ਵਰ੍ਹਦੇ ਮੀਂਹ ਵਿਚ ਜਹਾਜ਼ ਲੈਂਡ ਕੀਤਾ। ਇਸ ਠਹਿਰਾਅ ਦੌਰਾਨ ਨਵਾਂ ਭਾਣਾ ਵਾਪਰਿਆ। ਕੁਝ ਸਵਾਰ ਲੋਕਾਂ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਇੱਥੇ ਲਾਹ ਦਿੱਤਾ ਜਾਵੇ। ਅਸੀਂ ਦਿਲ ਦੇ ਮਰੀਜ਼ ਹਾਂ, ਸਾਡਾ ਸਾਹ ਘੁਟ ਰਿਹਾ ਹੈ, ਘਬਰਾਹਟ ਹੋ ਰਹੀ ਹੈ। ਅਸਲ ਵਿਚ ਇਹ ਉਹ ਲੋਕ ਸਨ ਜਿਨ੍ਹਾਂ ਨੇ ਦਿੱਲੀ ਤੋਂ ਨਵੀਂ ਫਲਾਈਟ ਜਾਂ ਕਿਸੇ ਹੋਰ ਸਾਧਨ ਰਾਹੀਂ ਜੈਪੁਰ ਪਹੁੰਚਣਾ ਸੀ। ਹੁਣ ਉਨ੍ਹਾਂ ਦੇ ਹੱਥ ਬਟੇਰਾ ਲੱਗ ਗਿਆ ਸੀ। ਉਨ੍ਹਾਂ ਦੀ ਜ਼ਿੱਦ ਅਤੇ ਸਟਾਫ ਦੀ ਮਜਬੂਰੀ ਦੌਰਾਨ ਕੋਈ ਫੌਰੀ ਹੱਲ ਨਜ਼ਰ ਨਹੀਂ ਸੀ ਆਉਂਦਾ। ਇਸ ਦੌਰਾਨ ਸਾਡੇ ਵਰਗਿਆਂ ਨੇ, ਜਿਨ੍ਹਾਂ ਦਿੱਲੀਓਂ ਜਹਾਜ਼ ਫੜ ਕੇ ਕੈਨੇਡਾ, ਅਮਰੀਕਾ ਜਾਂ ਹੋਰ ਦੇਸ਼ਾਂ ਵਿਚ ਜਾਣਾ ਸੀ, ਬੇਨਤੀ ਕੀਤੀ ਕਿ ਇਨ੍ਹਾਂ ਲੋਕਾਂ ਦਾ ਫ਼ੈਸਲਾ ਕਰ ਕੇ ਜਹਾਜ਼ ਨੂੰ ਤੋਰਿਆ ਜਾਵੇ ਤਾਂ ਜੋ ਅਸੀਂ ਸਮੇਂ ਸਿਰ ਦਿੱਲੀ ਪਹੁੰਚ ਸਕੀਏ ਪਰ ਅਜਿਹਾ ਫ਼ੈਸਲਾ ਲੈਣਾ ਪਾਇਲਟ ਜਾਂ ਜਹਾਜ਼ ਵਿਚ ਮੌਜੂਦ ਹੋਰ ਸਟਾਫ ਦੇ ਵੱਸ ਦੀ ਗੱਲ ਤਾਂ ਨਹੀਂ ਸੀ। ਇਸ ਲਈ ਫ਼ੈਸਲਾ ਲੈਂਦਿਆਂ ਕੁਝ ਹੋਰ ਘੰਟੇ ਬੀਤ ਗਏ। ਫਿਰ ਜੈਪੁਰ ਉਤਰਨ ਵਾਲਿਆਂ ਦੇ ਜਮ੍ਹਾ ਹੋਏ ਸਾਮਾਨ ਦੀ ਭਾਲ਼ ਕਰ ਕੇ ਉਨ੍ਹਾਂ ਦੇ ਹਵਾਲੇ ਕਰਦਿਆਂ ਵੀ ਸਮਾਂ ਤਾਂ ਲੱਗਣਾ ਸੀ। ਕੁੱਲ ਮਿਲਾ ਕੇ ਜਦੋਂ ਜਹਾਜ਼ ਦੇ ਉੱਡਣ ਦੀ ਸੰਭਾਵਨਾ ਬਣੀ, ਤਾਂ ਅਸੀਂ ਸਮਝ ਚੁੱਕੇ ਸਾਂ ਕਿ ਸਾਥੋਂ ਦਿੱਲੀ ਤੋਂ ਟੋਰਾਂਟੋ ਵਾਇਆ ਵਾਰਸਾ ਵਾਲੀ ਫਲਾਈਟ ਫੜ ਨਹੀਂ ਹੋਣੀ। ਸਵਾ ਲੱਖ ਰੁਪਇਆ ਟਿਕਟਾਂ ਦਾ ਬਰਬਾਦ ਹੋ ਜਾਣਾ ਹੈ। ਅਸੀਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਬੈਠੇ ਬੇਟੇ ਵਿਕਰਾਂਤ ਨੂੰ ਇਹ ਟਿਕਟਾਂ ਕੈਂਸਲ ਕਰਵਾਉਣ ਲਈ ਕਹਿ ਦਿੱਤਾ।
ਕੁਝ ਕਟੌਤੀ ਨਾਲ ਇਹ ਰਕਮ ਵਾਪਸ ਮਿਲ ਜਾਣੀ ਸੀ। ਹੁਣ ਸਮੱਸਿਆ ਸੀ ਦਿੱਲੀ ਤੋਂ ਟੋਰਾਂਟੋ ਜਾਣ ਲਈ ਕਿਸੇ ਨਵੇਂ ਜਹਾਜ਼ ਦਾ ਪ੍ਰਬੰਧ ਕਰਨਾ। ਅਸੀਂ ਦੋਵੇਂ ਜੀਅ ਦਿੱਲੀ ਏਅਰਪੋਰਟ ’ਤੇ ਬੈਠੇ ਬੇਟੇ ਦੇ ਸੰਪਰਕ ਵਿਚ ਸਾਂ। ਉਹ ਸਾਡੇ ਦਿੱਲੀ ਤੋਂ ਟੋਰਾਂਟੋ ਪਹੁੰਚਣ ਲਈ ਜੁਗਾੜ ਲਗਾ ਰਿਹਾ ਸੀ। ਅਖ਼ੀਰ ਬ੍ਰਿਟਿਸ਼ ਏਅਰਵੇਜ਼ ਦੀ ਵਰਜਿਨ ਐਟਲਾਂਟਿਕ ਜਹਾਜ਼ ਦੀ ਕੋਈ ਦੋ ਲੱਖ ਦੀ ਟਿਕਟ ਬੁੱਕ ਹੋਈ। ਇਹ ਫਲਾਈਟ ਰਾਤ ਸਾਢੇ ਗਿਆਰਾਂ ਵਜੇ ਉੱਡਣੀ ਸੀ ਜਿਸ ਨੇ ਨੌਂ ਘੰਟਿਆਂ ਵਿਚ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਨੀ ਸੀ ਜਿੱਥੇ ਡੇਢ ਘੰਟੇ ਦਾ ਸਟੇਅ ਸੀ। ਉੱਥੋਂ ਅਗਾਂਹ ਬਦਲਵੇਂ ਜਹਾਜ਼ ਵਿਚ ਟੋਰਾਂਟੋ ਜਾਣਾ ਸੀ। ਵਧੀਆ ਸਾਫ਼-ਸੁਥਰਾ ਜਹਾਜ਼ ਤੇ ਸਟਾਫ ਦੇ ਵਤੀਰੇ ਨੇ ਸਾਡੀਆਂ ਹੁਣ ਤੱਕ ਆਈਆਂ ਦੁਸ਼ਵਾਰੀਆਂ ਦੀ ਚੀਸ ਨੂੰ ਥੋੜ੍ਹਾ ਘਟਾ ਦਿੱਤਾ। ਸਾਡੇ ਇਕ ਦੋਸਤ ਸਰਬਜੀਤ ਸਿੰਘ ਸੰਧੂ ਦੀ ਨਵੀਂ ਕਾਵਿ-ਪੁਸਤਕ ਦਾ ਨਾਂ ਹੈ ‘ਲੰਮੇ ਪੰਧ ਵਫ਼ਾ ਦੇ’। ਸਾਡਾ ਇਹ ਪੰਧ ਵਫ਼ਾ ਦਾ ਤਾਂ ਨਹੀਂ ਪਰ ਲੰਮਾ ਸੀ। ਹੀਥਰੋ ਏਅਰਪੋਰਟ ’ਤੇ ਸਾਡਾ ਜਹਾਜ਼ ਕੁਝ ਮਿੰਟ ਤਾਂ ਵੈਸੇ ਲੇਟ ਪਹੁੰਚਿਆ। ਫਿਰ ਸਕਿਉਰਿਟੀ ਚੈੱਕਅੱਪ ਵਾਲਿਆਂ ਵੀ ਵੱਧ ਸਮਾਂ ਲਿਆ। ਸਾਡੀ ਚਿੰਤਾ ਵਧ ਗਈ ਕਿ ਅਗਲਾ ਜਹਾਜ਼ ਨਿਕਲ ਨਾ ਜਾਵੇ। ਸਕਿਉਰਿਟੀ ਵਾਲਿਆਂ ਨੇ ਕਿਹਾ ਕਿ ਜੋ ਕੁਝ ਵੀ ਜੇਬਾਂ ਵਿਚ ਹੈ, ਬਾਹਰ ਕੱਢ ਕੇ ਟਰੇਅ ਵਿਚ ਰੱਖ ਦਿਉ। ਮੈਂ ਜੇਬ ਵਿਚ ਪਏ ਹਜ਼ਾਰ ਕੈਨੇਡੀਅਨ ਡਾਲਰ ਵੀ ਟਰੇਅ ਵਿਚ ਰੱਖ ਦਿੱਤੇ। ਉੱਥੋਂ ਵਿਹਲੇ ਹੋ ਕੇ ਅਗਾਂਹ ਤੁਰੇ ਤਾਂ ਹੋਰ ਚੈਕਿੰਗ ਵਾਲੇ ਮਿਲ ਗਏ। ਉਨ੍ਹਾਂ ਨੂੰ ਬੇਨਤੀ ਕੀਤੀ ਕਿ ਸਾਡਾ ਜਹਾਜ਼ ਨਿਕਲ ਸਕਦਾ ਹੈ। ਲੰਮਾ ਪੈਂਡਾ ਸੀ। ਅਸੀਂ ਲਗਪਗ ਦੌੜਦਿਆਂ ਸਬੰਧਤ ਟਰਮੀਨਲ ’ਤੇ ਪਹੁੰਚੇ। ਜਹਾਜ਼ ਅੰਦਰ ਦਾਖ਼ਲ ਹੋਣ ਵਾਲੇ ਅਸੀਂ ਆਖ਼ਰੀ ਸਵਾਰੀਆਂ ਵਿੱਚੋਂ ਸਾਂ। ਖ਼ੈਰ! ਅੰਦਰ ਗਏ ਤਾਂ ਸੀਟਾਂ ਵੀ ਚੰਗੀਆਂ ਮਿਲ ਗਈਆਂ। ਆਪਣੇ ਸਾਮਾਨ ਦੀ ਫੋਲਾ-ਫਾਲੀ ਕੀਤੀ ਤਾਂ ਮੈਨੂੰ ਲੱਗਿਆ ਕਿ ਮੇਰੇ ਕੈਨੇਡੀਅਨ ਡਾਲਰ ਤਾਂ ਉੱਥੇ ਟਰੇਅ ਵਿਚ ਹੀ ਰਹਿ ਗਏ। ਮੈਂ ਸਟਾਫ ਨਾਲ ਗੱਲ ਕੀਤੀ। ਸਟਾਫ ਵਿਚ ਸ਼ਾਮਲ ਇਕ ਪੰਜਾਬੀ ਕੁੜੀ ਨੂੰ ਬੁਲਾ ਲਿਆ ਗਿਆ। ਅਸੀਂ ਪੰਜਾਬੀ ਵਿਚ ਗੱਲਾਂ ਕੀਤੀਆਂ ਤੇ ਮੈਂ ਉਸ ਨੂੰ ਆਪਣੀ ਸਮੱਸਿਆ ਦੱਸੀ। ਉਸ ਨੇ ਕਿਹਾ, ‘‘ਚਲੋ ਅੰਕਲ, ਤੁਹਾਡੇ ਬੈਗ ਦੁਬਾਰਾ ਚੈੱਕ ਕਰਦੇ ਹਾਂ। ਅਸੀਂ ਵਾਪਸ ਗਏ ਤਾਂ ਸ਼੍ਰੀਮਤੀ ਵੀ ਮੇਰਾ ਬੈਗ ਚੈੱਕ ਕਰ ਰਹੀ ਸੀ।’’
ਉਸ ਨੂੰ ਪਿਆਰੀ ਪੰਜਾਬਣ ਧੀ ਦੀ ਹਾਜ਼ਰੀ ਵਿਚ ਮੇਰੇ ਕੈਨੇਡੀਅਨ ਡਾਲਰ ਮਿਲ ਗਏ। ਹੁਣ ਜਹਾਜ਼ ਆਪਣੀ ਮੰਜ਼ਿਲ ਵੱਲ ਉੱਡ ਰਿਹਾ ਸੀ ਤੇ ਅਸੀਂ ਆਪਣੀ ਮਰਜ਼ੀ ਨਾਲ ਸੌਂ-ਜਾਗ ਰਹੇ ਸਾਂ। ਦਿੱਲੀ ਤੋਂ ਚੱਲ ਕੇ ਅਠਾਰਾਂ ਘੰਟਿਆਂ ਬਾਅਦ ਟੋਰਾਂਟੋ ਏਅਰਪੋਰਟ ’ਤੇ ਉਤਰੇ ਤਾਂ ਸੁੱਖ ਦਾ ਸਾਹ ਲਿਆ। ਇਮੀਗ੍ਰੇਸ਼ਨ ਤੋਂ ਵਿਹਲੇ ਹੋ ਕੇ ਸਬੰਧਤ ਬੈਲਟ ਕੋਲ ਖਲੋ ਗਏ ਜਿੱਥੋਂ ਅੱਗੜ-ਪਿੱਛੜ ਭੱਜੇ ਆ ਰਹੇ ਅਟੈਚੀਆਂ, ਬੈਗਾਂ ਵਿੱਚੋਂ ਆਪਣਾ ਸਾਮਾਨ ਪਛਾਣ ਕੇ ਲਾਹੁਣਾ ਸੀ। ਏਅਰਪੋਰਟ ਤੋਂ ਬਾਹਰ ਨਿਕਲੇ ਤਾਂ ਬੇਟੇ ਦੇ ਨਾਲ ਪੋਤੀ ਬਹਿਰ ਵੀ ਲੈਣ ਆਈ ਸੀ। ਕੋਈ ਰਾਤ ਦੇ ਗਿਆਰਾਂ ਵਜੇ ਬਰੈਂਪਟਨ ਵਾਲੇ ਘਰ ਪਹੁੰਚੇ ਤਾਂ ਲੱਗਾ ਜਿਵੇਂ ਬਹੁਤ ਵੱਡੀ ਜੰਗ ਜਿੱਤ ਕੇ ਆਏ ਹਾਂ। ਨਵੇਂ ਤਜਰਬੇ ਇਹ ਹੋਏ ਕਿ ਕੋਈ ਵੀ ਜਹਾਜ਼ ਵਕਤ ਸਿਰ ਨਹੀਂ ਤੁਰਦਾ। ਕੁਝ ਸਟਾਫ ਦਾ ਵਤੀਰਾ ਵੀ ਸਹੀ ਨਹੀਂ ਸੀ। ਸਕਿਉਰਿਟੀ ਚੈੱਕ ਕਰਨ ਵਾਲੇ ਬਿਨਾਂ ਕਾਰਨ ਲੇਟ ਵੀ ਕਰਦੇ ਹਨ ਅਤੇ ਪਰੇਸ਼ਾਨ ਵੀ। ਚਲੋ! ਇਹ ਇਕ ਨਵਾਂ ਤਜਰਬਾ ਸੀ। ਇੱਥੋਂ ਹੀ ਬੜਾ ਕੁਝ ਸਮਝਣ, ਜਾਣਨ ਨੂੰ ਮਿਲਦਾ ਹੈ।
-ਮਲਵਿੰਦਰ
-ਮੋਬਾਈਲ : 97795-91344