- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਅੱਜ ਭਾਵੇਂ ਸਮਾਜ ਨੇ ਬਹੁਤ ਤਰੱਕੀ ਕਰ ਲਈ ਹੈ। ਜਾਤ-ਪਾਤ ਦੇ ਭੇਦ ਵੀ ਕਾਫ਼ੀ ਘੱਟ ਹੋਏ ਹਨ। ਸਹੂਲਤਾਂ ਵਧ ਗਈਆਂ ਹਨ ਪਰ ਜੋ ਪਿਆਰ, ਲਾਜ, ਸਤਿਕਾਰ ਅਤੇ ਇਕੱਠ ਉਸ ਸਮੇਂ ਦੇ ਲੋਕਾਂ ’ਚ ਸੀ, ਉਹ ਅੱਜ ਕਿਤੇ ਗੁੰਮ ਹੋ ਗਿਆ ਲੱਗਦਾ ਹੈ।

ਅੰਗਰੇਜ ਸਿੰਘ ਕਕਰਾਲਾ
ਕੁਝ ਦਿਨ ਪਹਿਲਾਂ ਸਾਡੇ ਪਿੰਡ ’ਚ ਨਸ਼ਿਆਂ ਖ਼ਿਲਾਫ਼ ਇਕ ਵੱਡੀ ਰੈਲੀ ਕੱਢੀ ਗਈ ਸੀ। ਪਿੰਡ ਦੇ ਪੜ੍ਹੇ-ਲਿਖੇ ਨੌਜਵਾਨਾਂ ਨੇ ਮਿਲ ਕੇ ਇਕ ਕਮੇਟੀ ਬਣਾਈ ਹੈ, ਜਿਸਦਾ ਮਕਸਦ ਪਿੰਡ ’ਚ ਫੈਲ ਰਹੇ ਨਸ਼ੇ ਨੂੰ ਰੋਕਣਾ, ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਖੜ੍ਹੇ ਹੋਣਾ ਹੈ ਅਤੇ ਜੋ ਨੌਜਵਾਨ ਨਸ਼ੇ ਦੀ ਲਤ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ, ਉਨ੍ਹਾਂ ਦਾ ਇਲਾਜ ਕਰਵਾਉਣਾ ਸੀ। ਨਾਲ ਹੀ ਪਿੰਡ ਦੇ ਮੁੰਡੇ-ਕੁੜੀਆਂ ਵੱਲੋਂ ਪਿੰਡ ’ਚ ਹੀ ਵਿਆਹ ਕਰਵਾਏ ਜਾਣ ਵਾਲੇ ਮਾਮਲਿਆਂ ਬਾਰੇ ਵੀ ਲੋਕ ਆਪਸ ’ਚ ਗੱਲਾਂ ਕਰ ਰਹੇ ਸਨ। ਹਰ ਪਾਸੇ ਇਹੀ ਚਰਚਾ ਸੀ ਕਿ ਸਮਾਜ ਕਿੱਧਰ ਨੂੰ ਤੁਰ ਪਿਆ ਹੈ। ਇਹਨਾਂ ਹੀ ਸੋਚਾਂ ’ਚ ਡੁੱਬਿਆ ਮੈਂ ਸਵੇਰੇ ਘਰੋਂ ਮੱਝਾਂ ਦੇ ਬਾੜੇ ਵੱਲ ਜਾ ਰਿਹਾ ਸੀ। ਓਦੋਂ ਹੀ ਮੈਨੂੰ ਰਸਤੇ ’ਚ ਜੀਤ ਤਾਇਆ ਜੀ ਮਿਲ ਗਏ। ਉਮਰ ਲਗਭਗ ਸੌ ਸਾਲ ਦੇ ਨੇੜੇ, ਚਿਹਰੇ ਉੱਤੇ ਡੂੰਘੀਆਂ ਝੁਰੜੀਆਂ ਪਰ ਅੱਖਾਂ ’ਚ ਅਜੇ ਵੀ ਪੁਰਾਣੇ ਪੰਜਾਬ ਦੀ ਰੌਣਕ ਜਿਉਂਦੀ ਸੀ। ਹੱਥ ’ਚ ਪੁਰਾਣੀ ਸੋਟੀ ਫੜੀ ਹੋਈ ਸੀ ਅਤੇ ਤੁਰਨ ਦਾ ਢੰਗ ਅਜਿਹਾ ਜਿਵੇਂ ਸਮਾਂ ਆਪ ਉਨ੍ਹਾਂ ਦੇ ਨਾਲ ਹੌਲੀ ਹੌਲੀ ਤੁਰਦਾ ਹੋਵੇ। ਮੈਂ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਹਾਲ-ਚਾਲ ਪੁੱਛਿਆ।
ਤਾਇਆ ਜੀ ਮੁਸਕਰਾਏ। ਗੱਲਾਂ ਕਰਦਿਆਂ ਮੈਂ ਕਿਹਾ, ‘ਤਾਇਆ ਜੀ, ਜਿਹੜਾ ਸਮਾਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਉਹ ਹੁਣ ਕਿਸੇ ਨੇ ਨਹੀਂ ਵੇਖਣਾ। ਤੁਸੀਂ ਤਾਂ ਆਜ਼ਾਦੀ ਤੋਂ ਪਹਿਲਾਂ ਦਾ ਵੀ ਸਮਾਂ ਵੇਖਿਆ ਤੇ ਅੱਜ ਦਾ ਵੀ।’ ਮੈਂ ਰੈਲੀ ਬਾਰੇ ਸਾਰੀ ਗੱਲ ਦੱਸੀ। ਮੇਰੀ ਗੱਲ ਸੁਣ ਕੇ ਉਹ ਕੁਝ ਪਲ ਚੁੱਪ ਰਹੇ, ਜਿਵੇਂ ਯਾਦਾਂ ਦੇ ਕਿਸੇ ਬਹੁਤ ਪੁਰਾਣੇ ਦਰਵਾਜ਼ੇ ਨੂੰ ਖੋਲ੍ਹ ਰਹੇ ਹੋਣ। ਫਿਰ ਹੌਲੀ ਜਿਹੀ ਆਵਾਜ਼ ’ਚ ਕਹਿਣ ਲੱਗੇ, ਉਹ ਵੀ ਇਕ ਵੇਲਾ ਸੀ। ‘ਪੁੱਤ, ਅਸੀਂ ਉਹ ਵੇਲੇ ਵੀ ਵੇਖੇ ਨੇ ਜਦੋਂ ਅੰਗਰੇਜ਼ ਘੋੜਿਆਂ ਉੱਤੇ ਪਿੰਡਾਂ ’ਚ ਆਉਂਦੇ ਹੁੰਦੇ ਸਨ। ਲੋਕਾਂ ਦੇ ਦਿਲਾਂ ’ਚ ਡਰ ਵੀ ਸੀ ਪਰ ਲੋਕਾਂ ਦੇ ਦਿਲ ਅੱਜ ਵਾਂਗ ਪੱਥਰ ਨਹੀਂ ਹੋਏ ਸਨ। ਆਪਸ ’ਚ ਬਹੁਤ ਪਿਆਰ ਸੀ।’ ਉਨ੍ਹਾਂ ਦੀ ਆਵਾਜ਼ ’ਚ ਇਕ ਅਜਿਹਾ ਦਰਦ ਸੀ ਜੋ ਸਿਰਫ਼ ਸਮਾਂ ਹੀ ਮਨੁੱਖ ਦੇ ਅੰਦਰ ਉਤਾਰ ਸਕਦਾ ਹੈ। ਫਿਰ ਉਹ ਹੌਲੀ ਹੌਲੀ ਆਪਣੀ ਜਵਾਨੀ ਦੇ ਦਿਨਾਂ ’ਚ ਗਵਾਚ ਗਏ। ‘ਸਾਡੇ ਵੇਲੇ ਵਿਆਹਾਂ ’ਚ ਬਰਾਤਾਂ ਪੈਦਲ ਜਾਂਦੀਆਂ ਸਨ। ਮੇਰੀ ਆਪਣੀ ਬਰਾਤ ’ਚ ਨੱਬੇ ਬੰਦੇ ਪੈਦਲ ਤੁਰ ਕੇ ਗਏ ਸੀ। ਨਾ ਕੋਈ ਗੱਡੀਆਂ ਦਾ ਸ਼ੌਕ, ਨਾ ਦਿਖਾਵੇ ਦੀ ਭੁੱਖ। ਬਰਾਤ ਪੰਜ ਪੰਜ ਦਿਨ ਕੁੜੀ ਵਾਲਿਆਂ ਦੇ ਘਰ ਰਹਿੰਦੀ ਸੀ। ਲੋਕ ਦਿਲੋਂ ਸੇਵਾ ਕਰਦੇ ਸੀ ਤੇ ਬਰਾਤੀ ਵੀ ਆਪਣੇ ਬਣ ਕੇ ਰਹਿੰਦੇ ਸੀ।’ ਉਨ੍ਹਾਂ ਦੀਆਂ ਗੱਲਾਂ ਸੁਣਦਿਆਂ ਮੈਨੂੰ ਲੱਗ ਰਿਹਾ ਸੀ, ਜਿਵੇਂ ਮੇਰੇ ਸਾਹਮਣੇ ਪੁਰਾਣਾ ਪੰਜਾਬ ਜਿਉਂਦਾ ਹੋ ਗਿਆ ਹੋਵੇ, ਇਕ ਅਜਿਹਾ ਪੰਜਾਬ ਜਿੱਥੇ ਰਿਸ਼ਤੇ ਪੈਸਿਆਂ ਨਾਲ ਨਹੀਂ, ਸੱਚੇ ਦਿਲਾਂ ਨਾਲ ਨਿਭਾਏ ਜਾਂਦੇ ਸਨ। ਤਾਇਆ ਜੀ ਅੱਗੇ ਕਹਿਣ ਲੱਗੇ,‘ਜਦੋਂ ਬਰਾਤ ਆਉਂਦੀ ਸੀ ਤਾਂ ਸਵਾਗਤ ਲਈ ਸ਼ੱਕਰ ਦਾ ਮਿੱਠਾ ਪਾਣੀ ਪਿਲਾਇਆ ਜਾਂਦਾ ਸੀ। ਉਹ ਮਿੱਠਾਸ ਸਿਰਫ਼ ਪਾਣੀ ’ਚ ਨਹੀਂ, ਲੋਕਾਂ ਦੇ ਸੁਭਾਵ ’ਚ ਵੀ ਹੁੰਦੀ ਸੀ। ਹੁਣ ਉਸ ਦੀ ਥਾਂ ਕੋਲਡ ਡਰਿੰਕਾਂ ਨੇ ਲੈ ਲਈ ਹੈ। ਚਮਕ ਤਾਂ ਵਧ ਗਈ ਪਰ ਦਿਲਾਂ ਦਾ ਸੁਆਦ ਖ਼ਤਮ ਹੋ ਗਿਆ।’ ਉਨ੍ਹਾਂ ਦੀ ਇਹ ਗੱਲ ਦਿਲ ਨੂੰ ਲੱਗੀ, ਸੱਚਮੁੱਚ ਅੱਜ ਸਹੂਲਤਾਂ ਤਾਂ ਵਧ ਗਈਆਂ ਹਨ ਪਰ ਦਿਲ ਛੋਟੇ ਹੋ ਗਏ ਹਨ।
ਫਿਰ ਉਨ੍ਹਾਂ ਨੇ ਨਸ਼ਿਆਂ ਦੀ ਗੱਲ ਛੇੜੀ। ਸ਼ਾਇਦ ਪਿੰਡ ’ਚ ਬਣੀ ਕਮੇਟੀ ਅਤੇ ਰੈਲੀ ਦੀ ਗੱਲ ਉਨ੍ਹਾਂ ਦੇ ਮਨ ’ਚ ਵੀ ਸੀ। ਉਹ ਕਹਿਣ ਲੱਗੇ,‘ਉਸ ਵੇਲੇ ਨਸ਼ੇ ਐਨੇ ਨਹੀਂ ਹੁੰਦੇ ਸੀ ਪੁੱਤ। ਲੋਕ ਖੇਤਾਂ ’ਚ ਮਿਹਨਤ ਕਰਦੇ ਸੀ। ਸਰੀਰਾਂ ’ਚ ਤਾਕਤ ਹੁੰਦੀ ਸੀ। ਥੋੜ੍ਹੇ ਬਹੁਤੇ ਲੋਕ ਸ਼ਰਾਬ ਪੀ ਲੈਂਦੇ ਸੀ ਪਰ ਅੱਜ ਵਾਲੇ ਮੈਡੀਕਲ ਨਸ਼ਿਆਂ ਨੇ ਤਾਂ ਨੌਜਵਾਨਾਂ ਦੀ ਰੂਹ ਤੱਕ ਖਾਲੀ ਕਰ ਦਿੱਤੀ ਹੈ। ਅੱਜ ਦੇ ਮੁੰਡੇ ਸਰੀਰ ਤੋਂ ਪਹਿਲਾਂ ਮਨ ਤੋਂ ਥੱਕੇ ਹੋਏ ਲੱਗਦੇ ਨੇ।’ ਉਨ੍ਹਾਂ ਦੀ ਇਹ ਗੱਲ ਸੁਣ ਕੇ ਮੈਨੂੰ ਉਹ ਨੌਜਵਾਨ ਯਾਦ ਆ ਗਏ, ਜਿਨ੍ਹਾਂ ਨੂੰ ਮੈਂ ਪਿੰਡ ਦੀਆਂ ਗਲੀਆਂ ’ਚ ਗਵਾਚਿਆ ਦੇਖਦਾ ਹਾਂ। ਕਈ ਘਰਾਂ ਦੇ ਚਿਰਾਗ ਨਸ਼ਿਆਂ ਨੇ ਬੁਝਾ ਦਿੱਤੇ ਹਨ। ਇਹੀ ਸੋਚ ਕੇ ਸ਼ਾਇਦ ਪਿੰਡ ਦੇ ਨੌਜਵਾਨ ਇਕੱਠੇ ਹੋਏ ਸਨ ਕਿ ਜੇ ਹੁਣ ਵੀ ਨਾ ਜਾਗੇ ਤਾਂ ਬਹੁਤ ਕੁਝ ਹੱਥੋਂ ਨਿਕਲ ਜਾਵੇਗਾ। ਗੱਲਾਂ ਕਰਦਿਆਂ ਤਾਇਆ ਜੀ ਨੇ ਪਿੰਡ ਦੇ ਪੁਰਾਣੇ ਖੂਹਾਂ ਦਾ ਜ਼ਿਕਰ ਕੀਤਾ। ‘ਮੈਂ ਆਪਣੇ ਹੱਥੀਂ ਕਈ ਖੂਹ ਲੱਗਦੇ ਵੇਖੇ ਨੇ। ਜਦੋਂ ਖੂਹ ਪੱਟਿਆ ਜਾਂਦਾ ਸੀ ਤਾਂ ਲੋਕ ਜਿੱਦੋ-ਜਿੱਦ ’ਚ ਜ਼ੋਰ ਲਾਉਂਦੇ। ਤੇ ਜਦੋਂ ਖੂਹ ਪੂਰਾ ਹੋ ਜਾਂਦਾ ਸੀ ਤਾਂ ਉੱਪਰ ਦੀਵੇ ਜਲਾਏ ਜਾਂਦੇ, ਗੁੜ ਵੰਡਿਆ ਜਾਂਦਾ, ਢੋਲ ਵੱਜਦੇ ਤੇ ਸਾਰਾ ਮੁਹੱਲਾ ਜਸ਼ਨ ਮਨਾਉਂਦਾ ਸੀ। ਖੂਹ ਸਿਰਫ਼ ਪਾਣੀ ਦਾ ਸਾਧਨ ਨਹੀਂ ਹੁੰਦਾ ਸੀ, ਉਹ ਪਿੰਡ ਦੀ ਜਿੰਦ ਹੁੰਦਾ ਸੀ।’ ਮੈਂ ਤਾਇਆ ਜੀ ਤੋਂ ਇਜਾਜ਼ਤ ਲਈ ਤੇ ਬਾੜੇ ਵੱਲ ਨੂੰ ਚੱਲ ਪਿਆ। ਉਨ੍ਹਾਂ ਦੀ ਹਰ ਗੱਲ ’ਚ ਮਿੱਟੀ ਦੀ ਖੁਸ਼ਬੂ ਸੀ, ਸਾਦਗੀ ਦੀ, ਮਿਹਨਤ ਦੀ ਅਤੇ ਇਨਸਾਨੀਅਤ ਦੀ। ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਅੱਜ ਭਾਵੇਂ ਸਮਾਜ ਨੇ ਬਹੁਤ ਤਰੱਕੀ ਕਰ ਲਈ ਹੈ। ਜਾਤ-ਪਾਤ ਦੇ ਭੇਦ ਵੀ ਕਾਫ਼ੀ ਘੱਟ ਹੋਏ ਹਨ। ਸਹੂਲਤਾਂ ਵਧ ਗਈਆਂ ਹਨ ਪਰ ਜੋ ਪਿਆਰ, ਲਾਜ, ਸਤਿਕਾਰ ਅਤੇ ਇਕੱਠ ਉਸ ਸਮੇਂ ਦੇ ਲੋਕਾਂ ’ਚ ਸੀ, ਉਹ ਅੱਜ ਕਿਤੇ ਗੁੰਮ ਹੋ ਗਿਆ ਲੱਗਦਾ ਹੈ। ਹੁਣ ਤਾਂ ਕਿਸੇ ਨੂੰ ਗ਼ਲਤ ਕੰਮ ਤੋਂ ਰੋਕਣ ਲੱਗਿਆਂ ਵੀ ਡਰ ਲੱਗਦਾ ਹੈ, ਜਦਕਿ ਪੁਰਾਣੇ ਵੇਲੇ ਸਿਆਣੇ ਬੰਦੇ ਦੀ ਇਕ ਘੂਰ ਹੀ ਬਹੁਤ ਹੁੰਦੀ ਸੀ। ਤਾਇਆ ਜੀ ਨਾਲ ਗੱਲਾਂ ਕਰਦਿਆਂ ਮੈਨੂੰ ਇਕ ਗੱਲ ਡੂੰਘੀ ਤਰ੍ਹਾਂ ਮਹਿਸੂਸ ਹੋਈ। ਪੁਰਾਣੇ ਬਜ਼ੁਰਗ ਵੀ ਪੁਰਾਣੀਆਂ ਇਮਾਰਤਾਂ ਵਰਗੇ ਹੁੰਦੇ ਹਨ। ਜਿਵੇਂ ਕੋਈ ਪੁਰਾਣੀ ਹਵੇਲੀ ਢਹਿ ਜਾਣ ਤੋਂ ਬਾਅਦ ਉਸਦਾ ਵਜੂਦ ਸਿਰਫ਼ ਕਹਾਣੀਆਂ ’ਚ ਰਹਿ ਜਾਂਦਾ ਹੈ, ਓਸੇ ਤਰ੍ਹਾਂ ਜਦੋਂ ਇਹ ਬਜ਼ੁਰਗ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਇਕ ਪੂਰਾ ਯੁੱਗ, ਇਕ ਪੂਰਾ ਇਤਿਹਾਸ ਅਤੇ ਅਣਗਿਣਤ ਯਾਦਾਂ ਵੀ ਚਲੀਆਂ ਜਾਂਦੀਆਂ ਹਨ। ਸ਼ਾਇਦ ਇਸੇ ਲਈ ਲੇਖਕ ਅਤੇ ਇਤਿਹਾਸਕਾਰ ਅਜਿਹੇ ਲੋਕਾਂ ਦੀਆਂ ਗੱਲਾਂ ਨੂੰ ਸੰਭਾਲ ਲੈਂਦੇ ਹਨ, ਕਿਉਂਕਿ ਇਹ ਲੋਕ ਸਿਰਫ਼ ਮਨੁੱਖ ਨਹੀਂ ਹੁੰਦੇ। ਇਹ ਤੁਰਦੇ ਫਿਰਦੇ ਇਤਿਹਾਸ ਹੁੰਦੇ ਹਨ। ਉਸ ਦਿਨ ਜੀਤ ਤਾਇਆ ਜੀ ਨਾਲ ਹੋਈ ਗੱਲਬਾਤ ਨੇ ਮੇਰੇ ਮਨ ਉੱਤੇ ਇੱਕ ਡੂੰਘਾ ਅਸਰ ਛੱਡਿਆ। ਘਰ ਵਾਪਸ ਮੁੜਦਿਆਂ ਮੈਨੂੰ ਐਸਾ ਲੱਗ ਰਿਹਾ ਸੀ ਜਿਵੇਂ ਮੈਂ ਕਿਸੇ ਇਨਸਾਨ ਨੂੰ ਨਹੀਂ, ਸਗੋਂ ਪੰਜਾਬ ਦੇ ਇਤਿਹਾਸ ਦੇ ਕੁਝ ਪੰਨੇ ਪੜ੍ਹ ਕੇ ਆ ਰਿਹਾ ਹਾਂ। ਸੱਚਮੁੱਚ, ਸਮਾਂ ਭਾਵੇਂ ਕਿੰਨਾ ਵੀ ਅੱਗੇ ਨਿਕਲ ਜਾਵੇ, ਪਰ ਪੁਰਾਣੇ ਲੋਕਾਂ ਦੀਆਂ ਯਾਦਾਂ ’ਚ ਵੱਸਦਾ ਪੰਜਾਬ ਕਦੇ ਪੁਰਾਣਾ ਨਹੀਂ ਹੁੰਦਾ।