ਦੇਸ਼ ਅੰਦਰ ਸੰਕਟਕਾਲ ਵਿਚ ਸਭ ਸਿਆਸੀ, ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਰਾਸ਼ਟਰੀ ਇਕਜੁੱਟਤਾ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ, ਨਾ ਕਿ ਸੱਤਾਧਾਰੀ ਧਿਰ ਅਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਹਿੰਦ-ਚੀਨ ਯੁੱਧ ਵੇਲੇ ਪੰਡਿਤ ਜਵਾਹਰਲਾਲ ਨਹਿਰੂ ਨੇ ਰਾਸ਼ਟਰ ਨੂੰ ਸੋਨਾ ਦਾਨ ਕਰਨ ਦੀ ਅਪੀਲ ਕੀਤੀ ਸੀ।

ਰੂਸ-ਯੂਕਰੇਨ ਜੰਗ, ਗਾਜ਼ਾ ਦੀ ਬਰਬਾਦੀ, ਟਰੰਪ ਟੈਰਰ ਟੈਰਿਫ ਤੋਂ ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਤੱਕ ਪਹੁੰਚਦੇ-ਪਹੁੰਚਦੇ ਵਿਸ਼ਵ ਭਰ ’ਤੇ ਆਰਥਿਕ ਤੇ ਵਿੱਤੀ ਸੰਕਟ ਬੁਰੀ ਤਰ੍ਹਾਂ ਮੰਡਰਾਉਂਦਾ ਦਿਖਾਈ ਦੇਣ ਲੱਗਾ। ਇਸ ਦਾ ਬੁਰਾ ਪ੍ਰਭਾਵ ਅਮਰੀਕਾ, ਚੀਨ ਤੇ ਰੂਸ ਵਰਗੀਆਂ ਮਹਾਸ਼ਕਤੀਆਂ ’ਤੇ ਹੀ ਨਹੀਂ ਬਲਕਿ ਵਿਸ਼ਵ ਦੇ ਹਰ ਛੋਟੇ-ਵੱਡੇ ਦੇਸ਼ ਦੀ ਆਰਥਿਕਤਾ ’ਤੇ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਵੀ ਇਸ ਤੋਂ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ।
ਪਿਛਲੇ ਦਿਨੀਂ ਜਦੋਂ ਵਿਸ਼ਵ ਮੁਦਰਾ ਕੋਸ਼ (ਆਈਐੱਮਐੱਫ) ਦੀ 2025-26 ਦੀ ਵਿਸ਼ਲੇਸ਼ਣ (ਅਨੁਮਾਨ )ਰਿਪੋਰਟ ਸਾਹਮਣੇ ਆਈ ਤਾਂ ਇਸ ਅਨੁਸਾਰ ਭਾਰਤ ਦੀ ਆਲਮੀ ਪੱਧਰ ’ਤੇ ਜੀਡੀਪੀ ਛੇਵੇਂ ਨੰਬਰ ’ਤੇ ਡਿੱਗੀ ਦਰਸਾਈ ਗਈ। ਭਾਵੇਂ ਭਾਰਤ ਦੀ ਵਿਕਾਸ ਦਰ ਸਥਿਰ ਦਰਸਾਈ ਗਈ ਪਰ ਜਿਸ ਤੇਜ਼ੀ ਨਾਲ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ ਤਾਸ਼ ਤੇ ਪੱਤਿਆਂ ਵਾਂਗ ਡਿੱਗਦਾ ਨਜ਼ਰ ਆਇਆ, ਉਸ ਦਾ ਇਸ ਦੀ ਆਲਮੀ ਵਿੱਤੀ ਰੈਂਕਿੰਗ ’ਤੇ ਅਸਰ ਵਿਖਾਈ ਦੇਣ ਲੱਗਾ। ਭਾਰਤ ਦੀ ਕੁੱਲ ਆਰਥਿਕਤਾ 23 ਅਪ੍ਰੈਲ 2026 ਨੂੰ ਵਿਸ਼ਵ ਮੁਦਰਾ ਕੋਸ਼ ਅਨੁਸਾਰ ਸੰਨ 2025 ਵਿਚ 3.92 ਟ੍ਰਿਲੀਅਨ ਡਾਲਰ ਦਰਸਾਈ ਗਈ ਜਦਕਿ ਬ੍ਰਿਟੇਨ ਦੀ 4 ਟ੍ਰਿਲੀਅਨ ਡਾਲਰ, ਜਪਾਨ ਦੀ 4.44 ਦਰਸਾਈ ਗਈ। ਸੰਨ 2024 ਵਿਚ ਭਾਰਤ ਦੀ ਜੀਡੀਪੀ 3.5 ਟ੍ਰਿਲੀਅਨ ਡਾਲਰ ਦਰਸਾਈ ਗਈ ਸੀ ਜਦਕਿ ਬ੍ਰਿਟੇਨ ਦੀ 3.4 ਟ੍ਰਿਲੀਅਨ ਡਾਲਰ।
ਉਸ ਸਮੇਂ ਲੱਗ ਰਿਹਾ ਸੀ ਕਿ ਭਾਰਤ ਆਰਥਿਕ ਪੱਖੋਂ ਰਸਾਤਲ ਵਿਚ ਧਸ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ਰੂਰ ਇਸ ਸਬੰਧੀ ਆਪਣੇ ਆਰਥਿਕ ਅਤੇ ਵਿੱਤੀ ਮਾਹਿਰਾਂ ਨਾਲ ਡੂੰਘਾ ਸਲਾਹ-ਮਸ਼ਵਰਾ ਕੀਤਾ ਹੋਵੇਗਾ। ਨਤੀਜੇ ਵਜੋਂ ਉਨ੍ਹਾਂ ਨੇ ਦੇਸ਼ ਨੂੰ ਆਰਥਿਕ ਰਸਾਤਲ ਵੱਲ ਵਧਣ ਤੋਂ ਬਚਾਉਣ ਲਈ ਸੱਤ ਨੁਕਾਤੀ ਅਪੀਲ ਭਵਿੱਖੀ ਆਰਥਿਕ ਸੰਕਟ ਤੋਂ ਬਚਣ ਲਈ ਕੀਤੀ ਹੈ।
ਤੇਲੰਗਾਨਾ ਦੇ ਸਿਕੰਦਰਾਬਾਦ (ਵਾਰੰਗਲ) ਵਿਖੇ 4900 ਕਰੋੜ ਪ੍ਰਧਾਨ ਮੰਤਰੀ ਮਿੱਤਰ ਪਾਰਕ ਪ੍ਰਾਜੈਕਟਾਂ ਦਾ ਉਦਘਾਟਨ ਕਰਦੇ ਸਮੇਂ ਇਕ ਵਿਸ਼ਾਲ ਜਨਤਕ ਰੈਲੀ ’ਚ ਉਨ੍ਹਾਂ ਨੇ ਸੱਤ ਨੁਕਾਤੀ ਕੁੰਜੀਵਤ ਅਪੀਲ ਕੋਵਿਡ-19 ਦੇ ਸੰਕਟਕਾਲੀ ਸਮੇਂ ਵਾਂਗ ਦੇਸ਼ ਵਾਸੀਆਂ ਨੂੰ ਅਤੀ ਭਾਵਪੂਰਕ ਢੰਗ ਨਾਲ ਕੀਤੀ। ਮੋਦੀ ਨੇ ਇਸ ਦਾ ਮੁੱਖ ਕਾਰਨ ਅਮਰੀਕਾ-ਈਰਾਨ ਜੰਗ ਅਤੇ ਇਕ ਮੰਤਰੀ ਪੱਧਰ ’ਤੇ ਉਤਪੰਨ ਆਰਥਿਕ ਅਸਥਿਰਤਾ ਨੂੰ ਦਰਸਾਇਆ।
ਵਿਸ਼ਵ ਦੇ 20 ਪ੍ਰਤੀਸ਼ਤ ਤੇਲ ਗੈਸ ਦਾ ਵਪਾਰ ਹੋਰਮੁਜ਼ ਜਲਡਮਰੂ ਰਸਤੇ ਰਾਹੀਂ ਹੁੰਦਾ ਹੈ ਜੋ ਅੱਜ ਅਮਰੀਕਾ ਤੇ ਈਰਾਨ, ਦੋਵਾਂ ਦੀ ਨਾਕੇਬੰਦੀ ਕਰਕੇ ਬੰਦ ਪਿਆ ਹੈ। ਨਤੀਜੇ ਵਜੋਂ ਵਿਸ਼ਵ ਬਾਜ਼ਾਰ ’ਚ ਤੇਲ ਦੀਆਂ ਕੀਮਤਾਂ 105 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਈਆਂ ਹਨ ਜੋ ਪਹਿਲਾਂ ਮਸਾਂ 70-75 ਡਾਲਰ ਪ੍ਰਤੀ ਬੈਰਲ ਹੁੰਦੀਆਂ ਸਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦਾ ਸ਼ਾਂਤੀ ਪ੍ਰਸਤਾਵ ਠਕਰਾਉਣ ਕਰਕੇ ਇਸ ਖੇਤਰ ਵਿਚ ਜੰਗ ਤੇ ਬਰਬਾਦੀ ਦੇ ਬੱਦਲ ਹੋਰ ਘਣੇ ਹੋਣ ਕਰਕੇ ਪੂਰੇ ਵਿਸ਼ਵ ਦੀਆਂ ਸਟਾਕ ਮਾਰਕੀਟਾਂ ਉਥਲ-ਪੁਥਲ ਦੀਆਂ ਸ਼ਿਕਾਰ ਬਣ ਰਹੀਆਂ ਹਨ। ਜ਼ਾਹਰ ਹੈ ਕਿ ਅਜੇ ਤੇਲ ਤੇ ਗੈਸ ਸੰਕਟ ਕਾਇਮ ਹੈ ਤੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਯਕੀਨਨ ਹੋਵੇਗਾ। ਅਜਿਹੀ ਸਥਿਤੀ ਵਿਚ ਭਾਰਤੀ ਪ੍ਰਧਾਨ ਮੰਤਰੀ ਨੇ 140 ਕਰੋੜ ਭਾਰਤ ਵਾਸੀਆਂ ਨੂੰ ਭਾਰਤੀ ਆਰਥਿਕਤਾ ਤੇ ਵਿੱਤੀ ਪੁਜ਼ੀਸ਼ਨ ਨੂੰ ਕੰਟਰੋਲ ਹੇਠ ਰੱਖਣ ਲਈ ‘ਆਰਥਿਕ ਦੇਸ਼ ਭਗਤੀ’ ਦਾ ਮਾਰਗਦਰਸ਼ਨ ਕਰਦਿਆਂ ਕਿਫ਼ਾਇਤ, ਬੱਚਤ ਅਤੇ ਦਰਾਮਦ ਘਟਾਉਣ ਦੀ ਸੱਤ ਨੁਕਾਤੀ ਅਪੀਲ ਕੀਤੀ।
ਇਸ ਸੱਤ ਨੁਕਾਤੀ ਪ੍ਰੋਗਰਾਮ ਤਹਿਤ ਇਹ ਨੁਕਤੇ ਹਨ-(1). ਘਰ ਤੋਂ ਹੀ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਆਵਾਜਾਈ ’ਤੇ ਖ਼ਰਚਾ ਕਰਨ ਤੋਂ ਛੁਟਕਾਰਾ ਮਿਲ ਸਕੇ। ਕੋਵਿਡ-19 ਤੋਂ ਘਰ ਤੋਂ ਕੰਮ ਕਾਰਨ ਦਾ ਜੋ ਕਿਰਤ ਸੱਭਿਆਚਾਰ ਪੈਦਾ ਹੋਇਆ ਸੀ, ਉਹ ਅੱਜ ਵੀ ਅਮਰੀਕਾ, ਕੈਨੇਡਾ, ਯੂਰਪੀ ਯੂਨੀਅਨ ਤੇ ਚੀਨ ਵਰਗੇ ਦੇਸ਼ਾਂ ਦੀ ਕਿਰਤ ਦਾ ਅਨਿੱਖੜਵਾਂ ਹਿੱਸਾ ਬਣਿਆ ਪਿਆ ਹੈ। ਇਸ ਨੂੰ ਭਾਰਤ ’ਚ ਵੀ ਸਫਲਤਾਪੂਰਵਕ ਲਾਗੂ ਕਰਨ ਦੀ ਲੋੜ ਹੈ। (2). ਪ੍ਰਧਾਨ ਮੰਤਰੀ ਨੇ ਇਕ ਸਾਲ ਲਈ ਭਾਰਤ ਵਾਸੀਆਂ ਨੂੰ ਸੋਨਾ ਨਾ ਖ਼ਰੀਦਣ ਦੀ ਅਪੀਲ ਕੀਤੀ ਹੈ। ਭਾਰਤ ਵਿਦੇਸ਼ਾਂ ਤੋਂ ਇਸ ਸਮੇਂ ਲਗਪਗ 72 ਬਿਲੀਅਨ ਡਾਲਰ ਦਾ ਸੋਨਾ ਸਾਲਾਨਾ ਖ਼ਰੀਦ ਰਿਹਾ ਹੈ। ਸੰਨ 2024 ਵਿਚ ਇਸ ਨੇ 83 ਟਨ ਸੋਨਾ ਦਰਾਮਦ ਕੀਤਾ ਸੀ ਜਦਕਿ ਘਰੇਲੂ ਪੱਧਰ ’ਤੇ ਉਤਪਾਦਨ ਸਿਰਫ਼ 1.6 ਟਨ ਸੀ। ਇਸ ਦਾ ਸਿੱਧਾ ਮਤਲਬ ਹੈ ਕਿ ਭਾਰਤ ਨੂੰ ਵਿਦੇਸ਼ੀ ਮੁਦਰਾ ਭੰਡਾਰ ਬਚਾਉਣ ਦੀ ਲੋੜ ਹੈ ਜੋ ਇਸ ਸਮੇਂ 690 ਬਿਲੀਅਨ ਡਾਲਰ ਹੈ। ਭਾਰਤੀਆਂ ਨੂੰ ਵਿਆਹਾਂ-ਸ਼ਾਦੀਆਂ ਅਤੇ ਹੋਰ ਸਮਾਰੋਹਾਂ ਲਈ ਇਸ ਦੀ ਖ਼ਰੀਦ ਤੋਂ ਤੌਬਾ ਕਰਨੀ ਚਾਹੀਦੀ ਹੈ। (3). ਡੀਜ਼ਲ ਤੇ ਪੈਟਰੋਲ ਦੀ ਉਪਭੋਗਤਾ ਵਿਚ ਕਮੀ ਲਿਆਉਣੀ ਚਾਹੀਦੀ ਹੈ ਤਾਂ ਕਿ ਬਾਜ਼ਾਰ ’ਚ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਾਬੂ ਕੀਤਾ ਜਾ ਸਕੇ। ਜਦੋਂ ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ’ਚ ਵਾਧਾ ਹੁੰਦਾ ਹੈ ਤਾਂ ਕਿਰਾਏ-ਭਾੜੇ ਵਿਚ ਵਾਧਾ ਹੋਣ ਕਰਕੇ ਉਪਭੋਗਤਾ ਰਸੋਈ ਲਈ ਕਰਿਆਨਾ, ਸਬਜ਼ੀਆਂ ,ਫਲਾਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਨਿਸ਼ਚਿਤ ਹੁੰਦਾ ਹੈ (4). ਸੁਆਣੀਆਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਨੂੰ ਘਰੇਲੂ ਰਸੋਈਆਂ ਵਿਚ ਵਰਤੇ ਜਾਣ ਵਾਲੇ ਤੇਲ ਵਿਚ ਕਟੌਤੀ ਲਈ ਕਿਹਾ ਹੈ। ਅਸੀਂ 55 ਕੁਕਿੰਗ ਤੇਲ ਬਾਹਰੋਂ ਮੰਗਵਾਉਂਦੇ ਹਾਂ। (5). ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਥਾਂ ਦੇਸੀ ਰੂੜੀ ਜੋ ਸਾਡੇ ਪੁਰਾਣੇ ਭਾਰਤੀ ਖੇਤੀ ਸੱਭਿਆਚਾਰ ਦਾ ਅਮੀਰ ਵਿਰਸਾ ਸਮਝਿਆ ਜਾਂਦਾ ਹੈ, ਦੀ ਵਰਤੋਂ ’ਤੇ ਜ਼ੋਰ ਦਿੱਤਾ। ਜੈਵਿਕ ਤੇ ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨ ਦੀ ਅਪੀਲ ਕੀਤੀ ਹੈ ਜੋ ਕਿ ਲੋਕਾਂ ਦੀ ਸਿਹਤ ਲਈ ਵੀ ਲਾਹੇਵੰਦ ਹੈ। ਸਾਡੀ ਧਰਤੀ ਰਸਾਇਣਕ ਖਾਦਾਂ ਤੇ ਦਵਾਈਆਂ ਕਰਕੇ ਜ਼ਹਿਰੀਲੀ ਹੋ ਚੁੱਕੀ ਹੈ। ਪੰਜਾਬ ਦੇ 153 ਬਲਾਕਾਂ ’ਚੋਂ ਪਹਿਲਾਂ ਹੀ 117 ਡਾਰਕ ਜ਼ੋਨ ਵਿਚ ਪਹੁੰਚ ਚੁੱਕੇ ਹਨ। (6). ਪ੍ਰਧਾਨ ਮੰਤਰੀ ਨੇ ਵਿਦੇਸ਼ੀ ਮੁਦਰਾ ਦੀ ਰਾਖੀ ਲਈ ਦੇਸ਼ ਵਾਸੀਆਂ ਨੂੰ ਵਧੇ ਹੋਏ ਹਵਾਈ ਜਹਾਜ਼ ਭਾੜੇ ਦੇ ਸਨਮੁੱਖ ਵਿਦੇਸ਼ਾਂ ਵਿਚ ਵਿਆਹ-ਸ਼ਾਦੀਆਂ ਵਿਚ ਜਾਣ ਤੋਂ ਗੁਰੇਜ਼ ਕਰਨ ਤੇ ਵਿਦੇਸ਼ੀ ਸੈਰ-ਸਪਾਟੇ ਦੀ ਥਾਂ ਭਾਰਤ ਅੰਦਰ ਸੈਰ-ਸਪਾਟੇ ਨੂੰ ਤਰਜੀਹ ਦੇਣ ’ਤੇ ਜ਼ੋਰ ਦਿੱਤਾ ਹੈ। ਇਸ ਨਾਲ ਭਾਰਤੀ ਰੁਪਏ ਨੂੰ ਮਜ਼ਬੂਤੀ ਨਾਲ ਖੜ੍ਹਾ ਕਰਨ ਵਿਚ ਮਦਦ ਮਿਲ ਸਕੇਗੀ (7). ਉਨ੍ਹਾਂ ਨੇ ਆਤਮ-ਨਿਰਭਰ ਭਾਰਤ ਲਈ ਸਵਦੇਸ਼ੀ ਵਸਤਾਂ ਖ਼ਰੀਦਣ ਅਤੇ ਸਵਦੇਸ਼ੀ ਬਾਜ਼ਾਰ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ।
ਦੇਸ਼ ਅੰਦਰ ਸੰਕਟਕਾਲ ਵਿਚ ਸਭ ਸਿਆਸੀ, ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਰਾਸ਼ਟਰੀ ਇਕਜੁੱਟਤਾ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ, ਨਾ ਕਿ ਸੱਤਾਧਾਰੀ ਧਿਰ ਅਤੇ ਖ਼ਾਸ ਕਰਕੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਹਿੰਦ-ਚੀਨ ਯੁੱਧ ਵੇਲੇ ਪੰਡਿਤ ਜਵਾਹਰਲਾਲ ਨਹਿਰੂ ਨੇ ਰਾਸ਼ਟਰ ਨੂੰ ਸੋਨਾ ਦਾਨ ਕਰਨ ਦੀ ਅਪੀਲ ਕੀਤੀ ਸੀ। ਉਦੋਂ ਹੋਰਨਾਂ ਤੋਂ ਇਲਾਵਾ ਪੰਜਾਬੀਆਂ ਨੇ ਸਭ ਤੋਂ ਵੱਧ ਸੋਨੇ ਦਾ ਯੋਗਦਾਨ ਪਾਇਆ ਸੀ। ‘ਐ ਮੇਰੇ ਵਤਨ ਕੇ ਲੋਗੋ...’ ਲਤਾ ਮੰਗੇਸ਼ਕਰ ਨੇ ਗਾ ਕੇ ਨਹਿਰੂ ਦੀਆਂ ਅੱਖਾਂ ਨਮ ਕਰ ਦਿੱਤੀਆਂ ਸਨ। ਥੀਏਟਰਾਂ ’ਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ‘ਆਵਾਜ਼ ਦੋ ਹਮ ਏਕ ਹੈਂ’ ਗੀਤ ਚੱਲਦਾ ਸੀ। ਸੰਨ 1965 ਦੀ ਭਾਰਤ-ਪਾਕਿ ਜੰਗ ਵੇਲੇ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਨਾਲ ਦੇਸ਼ ਵਾਸੀਆਂ ਨੂੰ ਹਫ਼ਤੇ ਵਿਚ ਇਕ ਦਿਨ ਉਪਵਾਸ ਰੱਖਣ ਦੀ ਅਪੀਲ ਕੀਤੀ ਸੀ ਜਿਸ ਦਾ ਸਭ ਸਿਆਸੀ ਆਗੂਆਂ ਤੇ ਦੇਸ਼ ਵਾਸੀਆਂ ਨੇ ਸਵਾਗਤ ਕੀਤਾ ਸੀ।
ਹੁਣ ਵਿਰੋਧੀ ਧਿਰ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਅਪੀਲ ਨੂੰ ਮੋਦੀ ਸਰਕਾਰ ਦੀ ਅਸਫਲਤਾ ਅਤੇ ਗਲੋਬਲ ਆਰਥਿਕ ਅਸਥਿਰਤਾ ਵੇਲੇ ਲੋਕਾਂ ’ਤੇ ਜ਼ਿੰਮੇਵਾਰੀ ਸੁੱਟਣ ਦਾ ਦੋਸ਼ ਲਗਾਇਆ ਹੈ। ਵਿਰੋਧੀ ਆਗੂ ਕਹਿ ਰਹੇ ਹਨ ਕਿ ਚੋਣਾਂ ਵੇਲੇ ਅਜਿਹਾ ਸਭ ਕੁਝ ਯਾਦ ਕਿਉਂ ਨਹੀਂ ਆਇਆ?
ਦਰਅਸਲ, ਇਸ ਆਰਥਿਕ ਸੰਕਟਕਾਲ ਸਮੇਂ ਰਾਜ ਸਰਕਾਰਾਂ ਨੂੰ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਆਪਣੇ ਖ਼ਰਚੇ ਘਟਾਉਣੇ ਚਾਹੀਦੇ ਹਨ। ਕਾਫ਼ਲਿਆਂ ਤੇ ਪਬਲਿਕ ਰੈਲੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਮੂਹ ਦੇਸ਼ ਵਾਸੀ ਤੇ ਸਿਆਸੀ ਨੇਤਾ ਇਸ ਆਰਥਿਕ ਸੰਕਟ ਦੀ ਘੜੀ ’ਚ ਪ੍ਰਧਾਨ ਮੰਤਰੀ ਦੀ ਅਪੀਲ ’ਤੇ ਜ਼ਰੂਰ ਅਮਲ ਕਰਨ।
-ਦਰਬਾਰਾ ਸਿੰਘ ਕਾਹਲੋਂ
-(ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)।
-ਸੰਪਰਕ : +12898292929