ਬਜ਼ੁਰਗ ਸਾਡੇ ਸਮਾਜ ਦਾ ਬਹੁਮੁੱਲਾ ਅੰਗ ਹਨ। ਉਨ੍ਹਾਂ ਨੂੰ ਮਾਣ- ਸਨਮਾਨ ਦੇਣ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਉਹ ਬਜ਼ੁਰਗਾਂ ਨੂੰ ਅਣਗੌਲਿਆ ਕਰ ਦਿੰਦੇ ਹਨ। ਜਦੋਂ ਵਿਅਕਤੀ 60 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋ ਜਾਂਦਾ ਹੈ ਤਾਂ ਮਿੱਤਰ ਤੇ ਰਿਸ਼ਤੇਦਾਰ ਉਸ ਨੂੰ ਬੋਝ ਸਮਝਣਾ ਸ਼ੁਰੂ ਕਰ ਦਿੰਦੇ ਹਨ। ਇੱਥੋਂ ਤਕ ਕਿ ਕਈ ਵਾਰ ਪਰਿਵਾਰ ਦੇ ਮੈਂਬਰ ਵੀ ਉਸ ਦਾ ਮਾਣ-ਸਨਮਾਨ ਕਰਨਾ ਛੱਡ ਦਿੰਦੇ ਹਨ। ਕਈ ਵਾਰ ਇਹ ਵੀ ਵੇਖਣ ’ਚ ਆਉਂਦਾ ਹੈ ਕਿ ਪਰਿਵਾਰ ਦੇ ਮੈਂਬਰ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ ਤੇ ਕਈ ਆਪਣੇ ਬਜ਼ੁਰਗਾਂ ਤੋਂ ਘਰੇਲੂ ਨੌਕਰਾਂ ਦੀ ਤਰ੍ਹਾਂ ਕੰਮ ਲੈਂਦੇ ਹਨ।

ਬੁਢਾਪਾ ਜਵਾਨੀ ਦਾ ਭਵਿੱਖ ਨਹੀਂ ਹੈ। ਨਾ ਜਨਮ ਲੈਣਾ ਸਾਡੇ ਵੱਸ ’ਚ ਹੈ ਤੇ ਨਾ ਹੀ ਮੌਤ ਉੱਤੇ ਸਾਡਾ ਅਧਿਕਾਰ ਹੈ। ਬੁਢਾਪੇ ਵੇਲੇ ਬਜ਼ੁਰਗ ਆਪਣੇ ਆਪ ਨੂੰ ਡੁੱਬਦਾ ਸੁੂਰਜ ਮਹਿਸੂਸ ਕਰਦੇ ਹਨ। ਬੁਢਾਪੇ ਦਾ ਸਵਾਗਤ ਕੋਈ ਵੀ ਨਹੀਂ ਕਰਦਾ, ਇਹ ਅਕਸਰ ਬਿਨਾਂ ਯਤਨ ਕੀਤਿਆਂ ਹੀ ਆ ਜਾਂਦਾ ਹੈ। ਬੁਢਾਪੇ ’ਚ ਸਫਲ ਵਿਅਕਤੀ ਨੂੰ ਬਜ਼ੁਰਗ ਜਾਂ ਬਾਬਾ ਤੇ ਅਸਫਲ ਵਿਅਕਤੀ ਨੂੰ ਬੁੱਢਾ ਕਹਿ ਕੇ ਗੱਲ ਕੀਤੀ ਜਾਂਦੀ ਹੈ। ਕਈਆਂ ਦਾ ਕੇਵਲ ਸਰੀਰ ਹੀ ਬੁੱਢਾ ਹੁੰਦਾ ਹੈ ਜਦਕਿ ਉਨ੍ਹਾਂ ਦੇ ਇਰਾਦੇ ਅਤੇ ਸੋਚਾਂ ਜਵਾਨ ਹੁੰਦੀਆਂ ਹਨ। ਬਜ਼ੁਰਗਾਂ ਲਈ 80 ਤੋਂ 90 ਸਾਲ ਦੇ ਵਿਚਕਾਰ ਦੀ ਉਮਰ ਕਈ ਵਾਰ ਜ਼ਿਆਦਾ ਔਖੀ ਹੁੰਦੀ ਹੈ ਪਰ ਚੰਗੀ ਖ਼ੁਰਾਕ ਤੇ ਸਿਹਤ ਦਾ ਖ਼ਿਆਲ ਰੱਖਣ ਵਾਲੇ ਬਜ਼ੁਰਗ ਸੌ ਸਾਲ ਦੇ ਹੋ ਕੇ ਵੀ 80-85 ਸਾਲ ਦੇ ਲੱਗਦੇ ਹਨ।

ਅਜੋਕੀ ਨੌਜਵਾਨ ਪੀੜ੍ਹੀ ਆਰਾਮ ਭਰੀ ਜ਼ਿੰਦਗੀ ’ਚ ਬਜ਼ੁਰਗਾਂ ਦੇ ਯੋਗਦਾਨ ਤੋਂ ਇਨਕਾਰ ਕਰ ਕੇ ਉਨ੍ਹਾਂ ਨੂੰ ਦੁਰਕਾਰ ਰਹੀ ਹੈ। ਅੱਜ ਬਜ਼ੁਰਗਾਂ ਨੂੰ ਇਸੇ ਲਈ ਬਿਰਧ ਆਸ਼ਰਮ, ਅਨਾਥ ਆਸ਼ਰਮ ’ਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ ਜਦਕਿ ਬਜ਼ੁਰਗ ਆਪਣੀ ਔਲਾਦ ਤੋਂ ਵੱਖ ਨਹੀਂ ਹੋਣਾ ਚਾਹੁੰਦੇ। ਅੱਜਕੱਲ੍ਹ ਦੇਖਣ ’ਚ ਆਇਆ ਹੈ ਕਿ ਨੌਜਵਾਨ ਵਿਆਹ ਤੋਂ ਬਾਅਦ ਮਾਂ-ਬਾਪ ਨੂੰ ਛੱਡ ਕੇ ਅਲੱਗ ਰਹਿਣ ਲੱਗ ਪੈਂਦੇ ਹਨ ਜਾਂ ਬਜ਼ੁਰਗਾਂ ਨੂੰ ਦੋ-ਤਿੰਨ ਪੁੱਤਰਾਂ ’ਚੋਂ ਕੋਈ ਵੀ ਆਪਣੇ ਨਾਲ ਰੱਖਣ ਨੂੰ ਤਿਆਰ ਨਹੀਂ ਹੁੰਦਾ। ਬਜ਼ੁਰਗ ਜਾਣ ਤਾਂ ਕਿੱਥੇ ? ਜੇ ਬਜ਼ੁਰਗਾਂ ਪ੍ਰਤੀ ਸਤਿਕਾਰ ਦੀ ਭਾਵਨਾ ਨਹੀਂ ਤਾਂ ਲੋਕਾਂ ’ਚ ਵੀ ਇਹ ਭਾਵਨਾ ਨਹੀਂ ਬਣ ਸਕੇਗੀ। ਕਈ ਵਾਰ ਬਜ਼ੁਰਗਾਂ ਦਾ ਆਪਣੇ ਘਰ ’ਚ ਚਾਹੇ ਸਤਿਕਾਰ, ਮਾਣ ਇੱਜ਼ਤ ਨਾ ਹੋਵੇ ਪਰ ਲੋਕਾਂ ’ਚ ਉਨ੍ਹਾਂ ਦੀ ਇੱਜ਼ਤ ਕਾਇਮ ਰਹਿੰਦੀ ਹੈ। ਇਹ ਬਜ਼ੁਰਗ ਸਾਡੀ ਅਸਲੀ ਵਿਰਾਸਤ, ਸਭ ਤੋਂ ਵੱਡਾ ਧਨ ਤੇ ਸਭ ਤੋਂ ਪਵਿੱਤਰ ਤੇ ਪੂਜਣਯੋਗ ਹਨ ਪਰ ਅਸੀਂ ਇਸ ਅਸਲੀਅਤ ਨੂੰ ਭੁਲਾ ਕੇ ਝੂਠੀ ਧਨ-ਦੌਲਤ ਇਕੱਠੀ ਕਰਨ ’ਤੇ ਧਾਰਮਿਕ ਸਥਾਨਾਂ ’ਚ ਫੋਕੇ ਦਿਖਾਵੇ ਕਰਨ ਲਈ ਜਾਂਦੇ ਹਾਂ। ਧਾਰਮਿਕ ਗ੍ਰੰਥ ਵੀ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨ ਲਈ ਪੇ੍ਰਰਦੇ ਹਨ। ਬਜ਼ੁਰਗ ਮਾਂ-ਬਾਪ ਦੀ ਸੇਵਾ-ਸੰਭਾਲ ਕਰਨ ਨਾਲ ਉਨ੍ਹਾਂ ਦੀਆਂ ਅਸੀਸਾਂ ਲੈਣ ਨਾਲ ਹੀ ਜਨਮ ਸਫਲ ਹੋ ਸਕਦਾ ਹੈ ਪਰ ਅਸੀਂ ਤਾਂ ਸਿਰਫ਼ ਦਿਖਾਵੇ ਲਈ ਹੀ ਧਾਰਮਿਕ ਸਥਾਨਾਂ ’ਤੇ ਜਾਂਦੇ ਹਾਂ। ਸਾਧਾਂ ਦੇ ਡੇਰਿਆਂ ਅਤੇ ਮੜ੍ਹੀਆਂ-ਮਸਾਣਾਂ ’ਤੇ ਜਾਣ ਦਾ ਕੋਈ ਲਾਭ ਨਹੀਂ ਜੇ ਆਪਣੇ ਘਰ ਪਏ ਬਜ਼ੁਰਗ ਮਾਂ-ਬਾਪ ਦੀ ਸੇਵਾ ਨਹੀਂ ਕਰਦੇ। ਬਜ਼ੁਰਗਾਂ ਦੀ ਸੇਵਾ ਅਤੇ ਸਤਿਕਾਰ ਕਰਨਾ ਹੀ ਆਪਣਾ ਪਹਿਲਾ ਫ਼ਰਜ਼ ਹੈ।

ਬਜ਼ੁਰਗਾਂ ਲਈ ਸਰਦੀਆਂ ਦੁਖਦਾਈ ਹੁੰਦੀਆਂ ਹਨ ਤੇ ਬਜ਼ੁਰਗਾਂ ਦੀਆਂ ਬਹੁਤੀਆਂ ਮੌਤਾਂ ਸਰਦੀਆਂ ’ਚ ਹੀ ਹੁੰਦੀਆਂ ਹਨ। ਬਿਰਧ ਅਵਸਥਾ ’ਚ ਬਜ਼ੁਰਗ ਮਾਤਾਵਾਂ ਅਕਸਰ ਹੀ ਲੜਦੀਆਂ ਝਗੜਦੀਆਂ ਹਨ ਕਿ ਉਨ੍ਹਾਂ ਦੇ ਨੂੰਹ-ਪੁੱਤ ਦੀ ਗੱਲ ਸੁਣਨ ਲਈ ਧਿਆਨ ਹੀ ਨਹੀਂ ਦਿੰਦੇ। ਉਹ ਤਾਂ ਕਈ ਵਾਰ ਇਹ ਕਹਿੰਦੇ ਹਨ ਕਿ ਕਦੋਂ ਬਜ਼ੁਰਗ ਮਰੇ ਤਾਂ ਸਾਡਾ ਖਹਿੜਾ ਛੁੱਟੇ। ਅਜੋਕੀ ਨੌਜਵਾਨ ਪੀੜ੍ਹੀ ਨੂੰ ਇਹ ਵੀ ਸੋਚਣਾ ਸਮਝਣਾ ਚਾਹੀਦਾ ਹੈ ਕਿ ਮਾਂ-ਬਾਪ ਨੇ ਉਨ੍ਹਾਂ ਨੂੰ ਕਿੰਨੇ ਲਾਡਾਂ ਨਾਲ ਪਾਲਿਆ-ਪੋਸਿਆ ਹੈ। ਉਹ ਜਵਾਨੀ ’ਚ ਅਜਿਹੀ ਕੋਈ ਗੱਲ ਨਾ ਕਰਨ ਕਿ ਮਾਂ-ਬਾਪ ਦੀਆਂ ਅੱਖਾਂ ’ਚ ਰੋਣਾ ਆ ਜਾਵੇ। ਜਿਸ ਮਾਂ-ਬਾਪ ਨੇ ਬਚਪਨ ’ਚ ਤੁਹਾਡੇ ਪਾਲਣ-ਪੋਸ਼ਣ ’ਚ ਕੋਈ ਧੋਖਾ ਨਹੀਂ ਕੀਤਾ, ਅੱਜ ਬਿਰਧ ਅਵਸਥਾ ’ਚ ਤੁਸੀਂ ਵੀ ਉਨ੍ਹਾਂ ਨੂੰ ਕਦੇ ਧੋਖਾ ਨਾ ਦਿਓ। ਮਾਂ-ਬਾਪ ਦੀਆਂ ਅੱਖਾਂ ’ਚ ਦੋ ਵਾਰੀ ਹੰਝੂ ਆਉਂਦੇ ਹਨ, ਇਕ ਧੀ ਦੀ ਡੋਲੀ ਤੋਰਨ ਵੇਲੇ ਤੇ ਦੂਜਾ ਜੇ ਪੁੱਤ ਮੂੰਹ ਫੇਰ ਲਵੇ।

ਅੱਜ ਨੌਜਵਾਨ ਪੀੜ੍ਹੀ ’ਤੇ ਜੋ ਭੂਤ ਸਵਾਰ ਹੈ, ਉਸ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ। ਉਹ ਆਪਣੇ ਅੰਦਰ ਝਾਤ-ਮਾਰ ਕੇ ਦੇਖਣ ਕਿ ਕੱਲ੍ਹ ਨੂੰ ਅਸੀਂ ਵੀ ਬਜ਼ੁਰਗ ਹੋਵਾਂਗੇ ਤੇ ਸਾਡੇ ਨਾਲ ਵੀ ਸਾਡੇ ਬੱਚੇ ਇਸ ਤਰ੍ਹਾਂ ਕਰਨਗੇ। ਕਿਹਾ ਜਾਂਦਾ ਹੈ ਕਿ ਕੱਲ੍ਹ ਕੀਹਨੇ ਵੇਖਿਆ ਹੈ, ਉਸ ਸਮੇਂ ਪਤਾ ਨਹੀਂ ਕੀ ਹੋਵੇਗਾ। ਨੌਜਵਾਨਾਂ ਨੂੰ ਸੋਚ- ਵਿਚਾਰ ਕੇ ਕਦਮ ਫੂਕ-ਫੂਕ ਕੇ ਰੱਖਣੇ ਚਾਹੀਦੇ ਹਨ। ਬਜ਼ੁਰਗਾਂ ਦੇ ਸਤਿਕਾਰ ਅਤੇ ਅਸੀਸਾਂ ਨਾਲ ਹੀ ਬੱਚਿਆਂ ਦੀ ਉਮਰ ’ਚ ਵਾਧਾ ਹੁੰਦਾ ਹੈ। ਬਜ਼ੁਰਗਾਂ ਨੂੰ ਕਦੇ ਵੀ ਅਣਗੌਲਿਆ ਨਾ ਕਰੋ ਸਗੋਂ ਕਦੇ-ਕਦੇ ਆਪ ਬਜ਼ੁਰਗਾਂ ਨੂੰ ਬਾਹਰ ਘੁਮਾਉਣ-ਫਿਰਾਉਣ ਲਈ ਲੈ ਕੇ ਜਾਓ ਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਵੀ ਕਰਵਾਓ। ਬਜ਼ੁਰਗਾਂ ਨਾਲ ਹੀ ਘਰ ਦੀ ਰੌਣਕ ਹੁੰਦੀ ਹੈ। ਪੋਤੇ-ਪੋਤਰੀਆਂ, ਦੋਹਤੇ-ਦੋਹਤਰੀਆਂ ਬਜ਼ੁਰਗਾਂ ਦੀ ਗੋਦ ਦਾ ਨਿੱਘ ਮਾਣਦੇ ਹਨ।

ਅਸੀਂ ਇਹ ਦੇਖਦੇ ਤੇ ਸੁਣਦੇ ਵੀ ਹਾਂ ਕਿ ਬੱਚੇ ਦੇ ਜਨਮ ਤੋਂ ਲੈ ਕੇ ਉਸ ਦੇ ਕਾਰ-ਵਿਹਾਰ ’ਚ ਬਜ਼ੁਰਗਾਂ ਦਾ ਉਚੇਚਾ ਥਾਂ ਹੋਇਆ ਕਰਦਾ ਸੀ। ਬਜ਼ੁਰਗਾਂ ਤੋਂ ਪੁੱਛੇ ਬਿਨਾਂ ਕੋਈ ਕੰਮ ਕਰਨ ਬਾਰੇ ਸੋਚਦਾ ਵੀ ਨਹੀਂ ਸੀ। ਅੱਜ ਵੀ ਕਈ ਨੌਜਵਾਨ ਆਪਣੇ ਮਾਂ-ਬਾਪ ਤੋਂ ਪੁੱਛੇ ਬਗ਼ੈਰ ਕੋਈ ਕੰਮ ਨਹੀਂ ਕਰਦੇ। ਜੇ ਸਾਰੇ ਹੀ ਬਜ਼ੁਰਗਾਂ ਨੂੰ ਸਤਿਕਾਰ ਦੇਣ ਤਾਂ ਉਨ੍ਹਾਂ ਨੂੰ ਅਨਾਥ ਆਸ਼ਰਮ ਜਾਂ ਬਿਰਧ ਆਸ਼ਰਮਾਂ ਦਾ ਸਹਾਰਾ ਨਾ ਲੈਣਾ ਪਵੇ। ਅੱਜ ਬਜ਼ੁਰਗਾਂ ਨੂੰ ਇਕ ਕਮਰੇ ’ਚ ਪਏ ਨੂੰ ਇਕ ਪਾਣੀ ਦਾ ਗਿਲਾਸ ਲੈਣ ਲਈ ਆਪਣੀਆਂ ਨੂੰਹਾਂ-ਪੁੱਤਾਂ ਨੂੰ ਕਿੰਨਾ ਚਿਰ ਆਵਾਜ਼ਾਂ ਮਾਰਨੀਆਂ ਪੈਂਦੀਆਂ ਹਨ।

ਜ਼ਰਾ ਬਜ਼ੁਰਗਾਂ ਨਾਲ ਪਿਆਰ ਅਤੇ ਸਤਿਕਾਰ ਕਰ ਕੇ ਤਾਂ ਦੇਖੋ, ਮਨ ਨੂੰ ਸ਼ਾਂਤੀ ਅਤੇ ਅਸੀਸਾਂ ਮੁਫ਼ਤ ’ਚ ਮਿਲਣਗੀਆਂ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ। ਟੋਕਾ-ਟਾਕੀ ਨਾ ਕਰੋ, ਜਿਸ ਨਾਲ ਉਨ੍ਹਾਂ ਨੂੰ ਬੁਰਾ ਮਹਿਸੂਸ ਹੋਵੇ। ਉਨ੍ਹਾਂ ਨੂੰ ਪਿਆਰ, ਸਤਿਕਾਰ ਨਾਲ ਬਾਪੂ/ਬੇਬੇ, ਦਾਦਾ/ਦਾਦੀ ਜੀ, ਬਜ਼ੁਰਗੋ ਆਦਿ ਕਹਿ ਕੇ ਇੱਜ਼ਤ ਨਾਲ ਬੁਲਾਓ, ਕਦੇ ਖਰਵੀਂ ਜ਼ੁਬਾਨ ਨਾ ਬੋਲੋ। ਬੱਸ/ਗੱਡੀ ਜਾਂ ਭੀੜ-ਭਾੜ ਵਾਲੀ ਥਾਂ ’ਤੇ ਬਜ਼ੁਰਗਾਂ ਨੂੰ ਹਮੇਸ਼ਾ ਸੀਟ ਦਿਓ। ਜੇ ਕਿਸੇ ਬਜ਼ੁਰਗ ’ਤੇ ਅੱਤਿਆਚਾਰ ਹੁੰਦਾ ਹੈ ਤਾਂ ਉਸ ਦੀ ਮਦਦ ਕਰੋ। ਸੜਕ ਪਾਰ ਕਰਦੇ ਸਮੇਂ ਕਿਸੇ ਬਿਰਧ ਨੂੰ ਸਹਾਇਤਾ ਦੀ ਜ਼ਰੂਰਤ ਹੋਵੇ ਤਾਂ ਆਪ ਹੱਥ ਫੜ ਕੇ ਸੜਕ ਪਾਰ ਕਰਵਾਓ। ਰਸਤੇ ’ਚ ਕੋਈ ਬਜ਼ੁਰਗ ਮਿਲ ਜਾਵੇ ਤਾਂ ਉਸ ਨੂੰ ਲਿਫਟ ਦਿਓ।

ਸੋ ਅੱਜ ਲੋੜ ਹੈ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ। ਜੇ ਅਸੀਂ ਬਜ਼ੁਰਗਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਇਹ ਨਾ ਸਮਝਣਾ ਕਿ ਅਸੀਂ ਪੈਸੇ, ਸ਼ੋਹਰਤ ਕਰਕੇ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਇਹ ਸਾਡੇ ਬਜ਼ੁਰਗਾਂ ਦੀ ਕਮਾਈ ਹੀ ਹੈ। ਜਿਸ ਘਰ ’ਚ ਬਜ਼ੁਰਗਾਂ ਦਾ ਸਤਿਕਾਰ ਨਾ ਹੋਵੇ, ਉਨ੍ਹਾਂ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਲੰਗਰ ਲਾਉਣ, ਧਾਰਮਿਕ ਸਥਾਨਾਂ ਤੇ ਧਰਮਸ਼ਾਲਾਵਾਂ ’ਚ ਕਮਰੇ ਬਣਾਉਣ ਜਾਂ ਹੋਰ ਦਾਨ-ਪੁੰਨ ਕਰਨ ਦਾ ਕੋਈ ਫ਼ਾਇਦਾ ਨਹੀਂ। ਬਜ਼ੁਰਗਾਂ ਵੱਲੋਂ ਦਰਸਾਈਆਂ ਗੱਲਾਂ ਪਰਿਵਾਰ ਲਈ ਮਾਰਗ ਦਰਸ਼ਨ ਦਾ ਕੰਮ ਕਰਦੀਆਂ ਹਨ। ਉਨ੍ਹਾਂ ਦੀ ਸੇਵਾ ਅਤੇ ਸਤਿਕਾਰ ਕਰਨਾ ਸਾਡਾ ਪਹਿਲਾ ਫ਼ਰਜ਼ ਹੈ।

-ਕਰਨੈਲ ਸਿੰਘ ਐੱਮਏ

Posted By: Shubham Kumar