ਟੀਚਾ ਰਹਿਤ ਵਿਅਕਤੀ ਦਾ ਜੀਵਨ ਵਿਅਰਥ ਹੋਣ ਲੱਗਦਾ ਹੈ
ਜੀਵਨ ਵਿਚ ਇਕ ਨਿਸ਼ਚਿਤ ਟੀਚਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਦੀ ਅਣਹੋਂਦ ਵਿਚ ਜੀਵਨ ਭਟਕਣ ਦਾ ਸ਼ਿਕਾਰ ਹੋ ਜਾਂਦਾ ਹੈ। ਟੀਚਾ ਰਹਿਤ ਵਿਅਕਤੀ ਦਾ ਜੀਵਨ ਵਿਅਰਥ ਹੋਣ ਲੱਗਦਾ ਹੈ। ਟੀਚਾ ਅਟਲ ਅਤੇ ਨਿਸ਼ਚਿਤ ਹੋਣਾ ਚਾਹੀਦਾ ਹੈ। ਸਾਡੇ ਅੰਦਰ ਇੰਨਾ ਸਾਹਸ ਹੋਣਾ ਚਾਹੀਦਾ ਹੈ ਕਿ ਅਸੀਂ ਤਮਾਮ ਝੰਜਟਾਂ ਦੌਰਾਨ ਵੀ ਟੀਚਾ ਹਾਸਲ ਕਰਨ ਲਈ ਇਮਾਨਦਾਰ ਰਹੀਏ।
Publish Date: Thu, 01 Sep 2022 11:43 PM (IST)
Updated Date: Fri, 02 Sep 2022 07:00 AM (IST)

ਜੀਵਨ ਵਿਚ ਇਕ ਨਿਸ਼ਚਿਤ ਟੀਚਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਦੀ ਅਣਹੋਂਦ ਵਿਚ ਜੀਵਨ ਭਟਕਣ ਦਾ ਸ਼ਿਕਾਰ ਹੋ ਜਾਂਦਾ ਹੈ। ਟੀਚਾ ਰਹਿਤ ਵਿਅਕਤੀ ਦਾ ਜੀਵਨ ਵਿਅਰਥ ਹੋਣ ਲੱਗਦਾ ਹੈ। ਟੀਚਾ ਅਟਲ ਅਤੇ ਨਿਸ਼ਚਿਤ ਹੋਣਾ ਚਾਹੀਦਾ ਹੈ। ਸਾਡੇ ਅੰਦਰ ਇੰਨਾ ਸਾਹਸ ਹੋਣਾ ਚਾਹੀਦਾ ਹੈ ਕਿ ਅਸੀਂ ਤਮਾਮ ਝੰਜਟਾਂ ਦੌਰਾਨ ਵੀ ਟੀਚਾ ਹਾਸਲ ਕਰਨ ਲਈ ਇਮਾਨਦਾਰ ਰਹੀਏ। ਜੇਕਰ ਟੀਚੇ ਪ੍ਰਤੀ ਸਾਡਾ ਸਮਰਪਣ ਇੰਨਾ ਅਡਿੱਗ ਹੋਵੇਗਾ ਤਾਂ ਅਸੀਂ ਯਕੀਨਨ ਸਫਲਤਾ ਹਾਸਲ ਕਰਾਂਗੇ। ਟੀਚਾ ਸਦਾ ਅੱਖਾਂ ਦੇ ਸਾਹਮਣੇ ਤੈਰਨਾ ਚਾਹੀਦਾ ਹੈ। ਇਹ ਕਦੇ ਅੱਖਾਂ ਤੋਂ ਓਹਲੇ ਨਹੀਂ ਹੋਣਾ ਚਾਹੀਦਾ। ਨਜ਼ਰਾਂ ਦੇ ਨੇੜੇ ਰਹਿਣ ਵਾਲਾ ਟੀਚਾ ਸਦਾ ਸਫਲਤਾ ਦੇ ਨੇੜੇ ਪਹੁੰਚਾ ਦਿੰਦਾ ਹੈ। ਜ਼ਿੰਦਗੀ ਵਿਚ ਕਈ ਵਾਰ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚੁਣੌਤੀ ਦੇਖ ਕੇ ਅਸੀਂ ਆਪਣੇ ਟੀਚੇ ਬਦਲਣ ਲੱਗਦੇ ਹਾਂ। ਇਹੀ ਬੇਭਰੋਸਗੀ ਸਾਨੂੰ ਕਮਜ਼ੋਰ ਕਰਨ ਲੱਗਦੀ ਹੈ। ਸਾਡੀ ਟੀਚੇ ਪ੍ਰਤੀ ਆਸਥਾ ਘੱਟ ਹੋਣ ਲੱਗਦੀ ਹੈ। ਅਸੀਂ ਖ਼ੁਦ ਨੂੰ ਥੱਕਿਆ ਅਤੇ ਹਾਰਿਆ ਹੋਇਆ ਮਹਿਸੂਸ ਕਰਨ ਲੱਗਦੇ ਹਾਂ। ਅਜਿਹੀ ਸਥਿਤੀ ਵਿਚ ਅਸੀਂ ਟੀਚਾ ਹਾਸਲ ਕਰਨ ਵਿਚ ਨਾਕਾਮ ਸਿੱਧ ਹੁੰਦੇ ਹਾਂ। ਇੱਥੋਂ ਹੀ ਜੀਵਨ ਵਿਚ ਨਾਖ਼ੁਸ਼ਗਵਾਰ ਹਾਲਾਤ ਉਪਜਣ ਲੱਗਦੇ ਹਨ। ਅਸੀਂ ਭਟਕਣ ਲੱਗਦੇ ਹਾਂ। ਅਸੀਂ ਆਪਣੇ ਟੀਚੇ ਨੂੰ ਤਿਲਾਂਜਲੀ ਦੇ ਦਿੰਦੇ ਹਾਂ। ਅਜਿਹਾ ਕਰਨ ਨਾਲ ਸਿਰਫ਼ ਪਛਤਾਵਾ ਹੀ ਪੱਲੇ ਪੈਂਦਾ ਹੈ। ਸਾਡੇ ਹੱਥ ਖ਼ਾਲੀ ਰਹਿ ਜਾਂਦੇ ਹਨ। ਕੁਝ ਵੀ ਹਾਸਲ ਨਹੀਂ ਹੋ ਪਾਉਂਦਾ। ਇਕ ਛੋਟੀ ਜਿਹੀ ਕੀੜੀ ਵੀ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਟੀਚੇ ਦਾ ਨਿਰਧਾਰਨ ਕਰ ਲੈਂਦੀ ਹੈ। ਫਿਰ ਉਸ ਤੋਂ ਬਾਅਦ ਆਪਣੀ ਪੂਰੀ ਮਿਹਨਤ ਅਤੇ ਸਮਰੱਥਾ ਉਸ ਟੀਚੇ ਨੂੰ ਹਾਸਲ ਕਰਨ ਲਈ ਲਗਾ ਦਿੰਦੀ ਹੈ। ਟੀਚੇ ਦੀ ਪ੍ਰਾਪਤੀ ਲਈ ਸਬਰ-ਸੰਤੋਖ ਅਤੇ ਮਿਹਨਤ ਹੀ ਸਭ ਤੋਂ ਵਧੀਆ ਜੁਗਤਾਂ ਹਨ। ਉਨ੍ਹਾਂ ਦੁਆਰਾ ਹੀ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਟੀਚੇ ਹਾਸਲ ਕਰਨ ਲਈ ਗਤੀ ਤੇ ਨਿਰੰਤਰਤਾ ਦੀ ਖ਼ਾਸ ਅਹਿਮੀਅਤ ਹੈ। ਅਸੀਂ ਨਿਰੰਤਰ ਯਤਨਾਂ ਸਹਾਰੇ ਹੀ ਟੀਚੇ ਹਾਸਲ ਕਰ ਸਕਦੇ ਹਾਂ। ਅਸਫਲਤਾਵਾਂ ਦੇ ਤੂਫ਼ਾਨ ਵਿਚਾਲੇ ਸਫਲਤਾ ਦਾ ਝੰਡਾ ਚੁੱਕੀ ਰੱਖਣ ਦਾ ਹੌਸਲਾ ਰੱਖਣ ਵਾਲੇ ਹੀ ਟੀਚੇ ਨੂੰ ਹਾਸਲ ਕਰਨ ਦਾ ਮਾਣ ਪ੍ਰਾਪਤ ਕਰਦੇ ਹਨ ਅਤੇ ਹੋਰਾਂ ਲਈ ਮਿਸਾਲ ਬਣਦੇ ਹਨ। ਸਿਰੜੀ ਲੋਕਾਂ ਅੱਗੇ ਕੋਈ ਵੀ ਸਮੱਸਿਆ ਨਹੀਂ ਟਿਕਦੀ। ਉਹ ਆਪਣੇ ਜੁਝਾਰੂਪਣ ਨਾਲ ਉਲਟ ਹਾਲਾਤ ਵੀ ਆਪਣੇ ਪੱਖ ਵਿਚ ਕਰ ਲੈਂਦੇ ਹਨ।-ਲਲਿਤ ਸ਼ੌਰੀਆ।