ਇਨ੍ਹਾਂ ਭਵਿੱਖ ਦੇ ਨਿਰਮਾਤਾਵਾਂ ਨੂੰ ਸਫਲ ਬਣਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਲਈ ਮੌਕਿਆਂ ਦੀ ਇਕ ਅਜਿਹੀ ਪੌੜੀ ਤਿਆਰ ਕੀਤੀ ਜਾਵੇ ਜਿਸ ਨਾਲ ਉਹ ਆਪਣੀਆਂ ਰੁਚੀਆਂ ਅਤੇ ਹੁਨਰਾਂ ਦਾ ਸਹੀ ਉਪਯੋਗ ਕਰ ਕੇ ਨਵੀਆਂ ਉੱਚਾਈਆਂ ਛੂਹ ਸਕਣ।

ਜਿੱਥੇ ਇਕ ਪਾਸੇ ਕਈ ਦੇਸ਼ਾਂ ਵਿਚ ਬਿਰਧ ਆਬਾਦੀ ਵਧਦੀ ਜਾ ਰਹੀ ਹੈ ਅਤੇ ਜਾਪਾਨ ਤੇ ਇਟਲੀ ਵਰਗੇ ਦੇਸ਼ ਘਟਦੀ ਜਨਮ ਦਰ ਨਾਲ ਜੂਝ ਰਹੇ ਹਨ, ਉੱਥੇ ਹੀ ਦੱਖਣ ਤੇ ਦੱਖਣ-ਪੂਰਬੀ ਏਸ਼ੀਆ ਵਿਚ ਕੰਮਕਾਜੀ ਉਮਰ ਦੇ ਲੋਕਾਂ ਦੀ ਆਬਾਦੀ ਬਰਕਰਾਰ ਹੈ। ਅੱਜ ਭਾਰਤ ਵਿਚ ਦੋ-ਤਿਹਾਈ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ। ਦੇਸ਼ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਨੌਜਵਾਨ ਵਰਗ ਹੈ। ਯੁਵਾ ਸੰਭਾਵਨਾਸ਼•ੀਲ ਸ਼ਕਤੀ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਰਾਜਸਥਾਨ ਵਰਗੇ ਰਾਜਾਂ ਵਿਚ ਸਾਫ਼ ਦਿਖਾਈ ਦਿੰਦੀ ਹੈ। ਜ਼ਰੂਰਤ ਹੈ ਇਸ ਊਰਜਾ ਨੂੰ ਸਹੀ ਦਿਸ਼ਾ ਦੇ ਕੇ ਇਕ ਮਜ਼ਬੂਤ ਆਰਥਿਕ ਤਾਕਤ ਵਿਚ ਬਦਲਣ ਦੀ। ਵਿੱਤੀ ਸਾਲ 2026-27 ਲਈ ਹਾਲ ਹੀ ਵਿਚ ਪਾਰਲੀਮੈਂਟ ਵਿਚ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿਚ ਨੌਜਵਾਨਾਂ ਨੂੰ ਸਿਰਫ਼ ‘ਭਵਿੱਖ’ ਨਹੀਂ ਕਿਹਾ ਗਿਆ, ਸਗੋਂ ਉਨ੍ਹਾਂ ਨੂੰ ਵਰਤਮਾਨ ਵਿਚ ‘ਭਵਿੱਖ ਦੇ ਨਿਰਮਾਤਾ’ ਮੰਨਿਆ ਗਿਆ ਹੈ। ਇਨ੍ਹਾਂ ਭਵਿੱਖ ਦੇ ਨਿਰਮਾਤਾਵਾਂ ਨੂੰ ਸਫਲ ਬਣਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਲਈ ਮੌਕਿਆਂ ਦੀ ਇਕ ਅਜਿਹੀ ਪੌੜੀ ਤਿਆਰ ਕੀਤੀ ਜਾਵੇ ਜਿਸ ਨਾਲ ਉਹ ਆਪਣੀਆਂ ਰੁਚੀਆਂ ਅਤੇ ਹੁਨਰਾਂ ਦਾ ਸਹੀ ਉਪਯੋਗ ਕਰ ਕੇ ਨਵੀਆਂ ਉੱਚਾਈਆਂ ਛੂਹ ਸਕਣ। ਜ਼ਮੀਨੀ ਹਕੀਕਤਾਂ ਅਤੇ ਅੰਤਰ-ਖੇਤਰ ਜਟਿਲਤਾਵਾਂ ਨੂੰ ਸਮਝਦੇ ਹੋਏ, ਸਰਕਾਰ ਨੇ ਬਜਟ ਵਿਚ ਪ੍ਰਤਿਭਾਵਾਂ ਵਿਚ ਨਿਵੇਸ਼ ਨੂੰ ਤਰਜੀਹ ਦਿੱਤੀ ਹੈ। ਪਿਛਲੇ ਕੁਝ ਸਾਲਾਂ ਵਿਚ ਅਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਚੋਣਵੇਂ ਖੇਤਰਾਂ ਵਿਚ ਸਿਖਲਾਈ ਨੂੰ ਉਦਯੋਗ ਨਾਲ ਜੋੜਿਆ ਅਤੇ ਇਸ ਸਾਂਝੇਦਾਰੀ ਨਾਲ ਹੁਨਰਾਂ ਦੇ ਪਾੜੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਜਟ ਇਨ੍ਹਾਂ ਯੋਜਨਾਵਾਂ ਨੂੰ ਹੋਰ ਵਿਸਥਾਰ ਦਿੰਦਾ ਹੈ, ਨਾਲ ਹੀ ਨਵੇਂ ਮੌਕਿਆਂ ਦਾ ਐਲਾਨ ਵੀ ਕਰਦਾ ਹੈ। ਭਾਰਤ ਦੀਆਂ ਵਿਸ਼ੇਸ਼ਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਬਜਟ ਨੌਜਵਾਨ-ਕੇਂਦਰਿਤ ਤਰਜੀਹਾਂ ਨੂੰ ਉਭਾਰਦਾ ਹੈ। ਭਾਰਤ ਦੀ ਡਿਜੀਟਲ ਸਮਰੱਥਾ ਇਸ ਦੀ ਪਹਿਲੀ ਵੱਡੀ ਤਾਕਤ ਹੈ। ਭਾਰਤ ਤੇਜ਼ੀ ਨਾਲ ਮੋਬਾਈਲ-ਆਧਾਰਤ ਕ੍ਰੀਏਟਰ ਇਕੋਨਮੀ ਬਣ ਰਿਹਾ ਹੈ। ਅੱਜ ਨੌਜਵਾਨ ਸਿਰਫ਼ ਕੰਟੈਂਟ ਦੇਖਣਾ ਨਹੀਂ ਚਾਹੁੰਦੇ, ਸਗੋਂ ਉਹ ਸਮੱਗਰੀ ਬਣਾਉਣਾ ਵੀ ਚਾਹੁੰਦੇ ਹਨ। ਡਿਜੀਟਲ ਖੇਤਰ ਵਿਚ ਪ੍ਰਭਾਵ ਵਧਾਉਣ ਲਈ ਸਾਨੂੰ ਡਿਜੀਟਲ ਮਾਡਲਾਂ ਨੂੰ ਸਿੱਖਣ ’ਤੇ ਜ਼ੋਰ ਦੇਣਾ ਹੋਵੇਗਾ। ਰਚਨਾਤਮਕ ਖੇਤਰਾਂ ਵਿਚ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਬਜਟ ਵਿਚ 15,000 ਸਕੂਲਾਂ ਅਤੇ 500 ਕਾਲਜਾਂ ਵਿਚ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ ਲਈ ਕੰਟੈਂਟ ਕ੍ਰੀਏਟਰ ਲੈਬਜ਼ ਬਣਾਉਣ ਦਾ ਪ੍ਰਸਤਾਵ ਹੈ। ਇਨ੍ਹਾਂ ਲੈਬਜ਼ ਜ਼ਰੀਏ ਨੌਜਵਾਨ ਤਕਨਾਲੋਜੀ ਦਾ ਬਿਹਤਰ ਇਸਤੇਮਾਲ ਕਰਨਾ ਸਿੱਖਣਗੇ ਜਿਸ ਨਾਲ ਉਨ੍ਹਾਂ ਦੀਆਂ ਰਚਨਾਤਮਕ ਇੱਛਾਵਾਂ ਨੂੰ ਸਹੀ ਆਧਾਰ ਮਿਲੇਗਾ ਅਤੇ ਉਹ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਯੋਗ ਹੁਨਰ ਵਿਕਸਤ ਕਰ ਸਕਣਗੇ। ਦੂਜਾ ਮਹੱਤਵਪੂਰਨ ਸਤੰਭ ਹੈ ਉੱਦਮੀਅਤਾ। ਭਾਰਤ ਦਾ ਸਟਾਰਟਅੱਪ ਈਕੋਸਿਸਟਮ ਤੇਜ਼ੀ ਨਾਲ ਛੋਟੇ ਸ਼ਹਿਰਾਂ ਅਤੇ ਦੂਰ-ਦਰਾਜ ਦੇ ਖੇਤਰਾਂ ਤੱਕ ਫੈਲ ਰਿਹਾ ਹੈ। ਹੁਨਰ ਵਿਕਾਸ ਅਤੇ ਉੱਦਮੀਅਤਾ ਮੰਤਰਾਲੇ ਦੀ ਅਲਾਟਮੈਂਟ ਵਿਚ 62 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਭਵਿੱਖ ਲਈ ਸਹੀ ਹੁਨਰਾਂ ਨਾਲ ਲੈਸ ਸਰਗਰਮ ਕਾਰਜਬਲ ਬਣਾਉਣ ਲਈ ਗੰਭੀਰ ਹੈ। ਬਜਟ ਵਿਚ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿਚ ਆਰਥਿਕ ਖੇਤਰ ਵਿਕਸਤ ਕਰਨ ਦੀ ਗੱਲ ਕੀਤੀ ਗਈ ਹੈ। ਉੱਦਮੀਅਤਾ ਅਤੇ ਆਰਥਿਕ ਵਿਕਾਸ ਨੂੰ ਇਕੱਠੇ ਰੱਖਦੇ ਹੋਏ, ਗੱਲ ਅਜਿਹੇ ਸ਼ਹਿਰਾਂ ਦੀ ਕੀਤੀ ਜਾ ਰਹੀ ਹੈ, ਜਿੱਥੇ ਰੁਜ਼ਗਾਰ ਦੇ ਵਿਕਲਪਾਂ ਦੇ ਨਾਲ-ਨਾਲ ਬਿਹਤਰ ਜੀਵਨ ਦੀ ਆਸ ਵੀ ਹੈ। ਘਰ ਦੇ ਨੇੜੇ ਚੰਗੇ ਮੌਕੇ ਮਿਲਣ ਨਾਲ ਵੱਡੇ ਸ਼ਹਿਰਾਂ ਵੱਲ ਨੌਜਵਾਨ ਵਰਗ ਦਾ ਪਲਾਇਨ ਘੱਟ ਹੋਵੇਗਾ ਅਤੇ ਦੇਸ਼ ਵਿਚ ਸੰਤੁਲਿਤ ਵਿਕਾਸ ਹੋ ਸਕੇਗਾ। ਤੀਜਾ ਅਤੇ ਬਹੁਤ ਹੀ ਮਹੱਤਵਪੂਰਨ ਸਤੰਭ ਸਾਡੇ ਉੱਚ ਸਿੱਖਿਆ ਅਦਾਰੇ ਹਨ ਜੋ ਦੇਸ਼ ਲਈ ਇਕ ਮਜ਼ਬੂਤ ਭਵਿੱਖ ਦੀ ਨੀਂਹ ਰੱਖ ਸਕਦੇ ਹਨ ਅਤੇ ਇਨ੍ਹਾਂ ਦੀ ਭੂਮਿਕਾ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮਹੱਤਵਪੂਰਨ ਹੋ ਜਾਵੇਗੀ।
-ਪ੍ਰਮਥ ਰਾਜ ਸਿਨਹਾ।