ਗ਼ਦਰ ਅਖ਼ਬਾਰ ਦਾ ਪਲੇਠਾ ਅੰਕ ਪਹਿਲੀ ਨਵੰਬਰ 1913 ਨੂੰ ਉਰਦੂ ਵਿਚ ਗ਼ਦਰ ਪਾਰਟੀ ਦੇ ਹੈੱਡਕੁਆਰਟਰ 5 ਵੁੱਡ ਸਟਰੀਟ ਅਮਰੀਕਾ ਤੋਂ ਛਪਿਆ ਸੀ। ਅਖ਼ਬਾਰ ਦੇ ਪਹਿਲੇ ਸਫ਼ੇ ਦੇ ਉੱਪਰਲੇ ਪਾਸੇ ਖੱਬੇ ਖੂੰਜੇ ਵਿਚ ‘ਬੰਦੇ’ ਅਤੇ ਸੱਜੇ ਪਾਸੇ ਦੇ ਖੂੰਜੇ ਵਿਚ ‘ਮਾਤ੍ਰਮ’ ਛਾਪਿਆ ਗਿਆ।

ਗ਼ਦਰ ਅਖ਼ਬਾਰ ਦਾ ਪਲੇਠਾ ਅੰਕ ਪਹਿਲੀ ਨਵੰਬਰ 1913 ਨੂੰ ਉਰਦੂ ਵਿਚ ਗ਼ਦਰ ਪਾਰਟੀ ਦੇ ਹੈੱਡਕੁਆਰਟਰ 5 ਵੁੱਡ ਸਟਰੀਟ ਅਮਰੀਕਾ ਤੋਂ ਛਪਿਆ ਸੀ। ਅਖ਼ਬਾਰ ਦੇ ਪਹਿਲੇ ਸਫ਼ੇ ਦੇ ਉੱਪਰਲੇ ਪਾਸੇ ਖੱਬੇ ਖੂੰਜੇ ਵਿਚ ‘ਬੰਦੇ’ ਅਤੇ ਸੱਜੇ ਪਾਸੇ ਦੇ ਖੂੰਜੇ ਵਿਚ ‘ਮਾਤ੍ਰਮ’ ਛਾਪਿਆ ਗਿਆ। ਦੋਹਾਂ ਦੇ ਵਿਚਕਾਰ “ਜਉ ਤਉ ਪ੍ਰੇਮ ਖੇਲਣ ਕਾ ਚਾਉ” ਲਿਖਿਆ ਹੋਇਆ ਸੀ। ਅਖ਼ਬਾਰ ਚਲਾਉਣ ਲਈ ਗ਼ਦਰੀਆਂ ਦੀ ਇਕ ਕਮੇਟੀ ਰਾਹੀਂ ਤਿੰਨ ਹਜ਼ਾਰ ਡਾਲਰ ਇਕੱਠੇ ਕੀਤੇ ਗਏ। ਗ਼ਦਰ ਪਾਰਟੀ ਤੇ ਅਖ਼ਬਾਰ ਲਈ ਕੰਮ ਕਰਨ ਵਾਲਿਆਂ ਨੂੰ ਦੋ ਡਾਲਰ ਪ੍ਰਤੀ ਮਹੀਨਾ ਖ਼ਰਚਾ ਅਤੇ ਕੱਪੜੇ ਦਿੱਤੇ ਜਾਂਦੇ ਸਨ। ਜਲਦੀ ਹੀ ਗ਼ਦਰੀ ਜਵਾਲਾ ਸਿੰਘ ਤੇ ਸੰਤ ਵਿਸਾਖਾ ਸਿੰਘ ਦਦੇਹਰ ਸਾਹਿਬ ਦੇ ਫਾਰਮ ਤੋਂ ਖਾਣ-ਪੀਣ ਲਈ ਰਾਸ਼ਨ ਆਉਣ ਲੱਗ ਪਿਆ। ਲਾਲਾ ਹਰਦਿਆਲ ਦੀ ਮਦਦ ਲਈ ਯੂਪੀ ਦਾ ਇਕ ਪੜ੍ਹਿਆ-ਲਿਖਿਆ ਨੌਜਵਾਨ ਰਘਵੀਰ ਦਿਆਲ ਆ ਗਿਆ।
ਸਰਾਭਾ ਜੋ ਬਰਕਲੇ ਯੂਨੀਵਰਸਿਟੀ ਦਾ ਵਿਦਿਆਰਥੀ ਸੀ, ਉਹ ਵੀ ਪਹੁੰਚ ਗਿਆ। ਗ਼ਦਰ ਅਖ਼ਬਾਰ ਪੰਜਾਬੀ ਭਾਸ਼ਾ ਵਿਚ 9 ਦਸੰਬਰ 1913 ਨੂੰ ਛਪਣਾ ਸ਼ੁਰੂ ਹੋਇਆ। ਅਖ਼ਬਾਰ ਗੁਜਰਾਤੀ ਵਿਚ 1 ਮਈ 1914 ਨੂੰ ਛਪਿਆ। ਇਹ ਅਖ਼ਬਾਰ ਹਿੰਦੀ ਵਿਚ ਵੀ ਛਪਦਾ ਸੀ। ਗ਼ਦਰ ਅਖ਼ਬਾਰ ਦੇ ਪਹਿਲੇ ਅੰਕ ਸਾਇਕਲੋਸਟਾਈਲ ਕਰ ਕੇ ਹੱਥ ਨਾਲ ਚੱਲਣ ਵਾਲੀ ਪ੍ਰਿੰਟਿੰਗ ਮਸ਼ੀਨ ’ਤੇ ਛਾਪੇ ਜਾਂਦੇ ਸਨ। ਅਖ਼ਬਾਰ ਦੀ ਮੰਗ ਵਧਣ ਕਰਕੇ ਬਿਜਲੀ ਨਾਲ ਚੱਲਣ ਵਾਲੀ ‘ਲਿੱਥੋ ਪ੍ਰਿੰਟਿੰਗ ਪ੍ਰੈੱਸ’ ਦੀ ਵਰਤੋਂ ਸ਼ੁਰੂ ਹੋਈ। ਲਾਲਾ ਹਰਦਿਆਲ ਦੇ ਨਾਲ ਸਹਾਇਕ ਕਰਤਾਰ ਸਿੰਘ ਸਰਾਭਾ ਅਤੇ ਹਰਨਾਮ ਸਿੰਘ ਟੁੰਡੀਲਾਟ ਸਨ। ਪਿੱਛੋਂ ਸ਼ਹੀਦ ਸੋਹਣ ਲਾਲ ਪਾਠਕ ਪੱਟੀ, ਪ੍ਰਿਥਵੀ ਸਿੰਘ , ਜਗਤ ਰਾਮ ਆਦਿ ਵੀ ਅਖ਼ਬਾਰ ਦੇ ਪ੍ਰਬੰਧਕਾਂ ਵਿਚ ਸ਼ਾਮਲ ਹੋ ਗਏ। ਗ਼ਦਰ ਅਖ਼ਬਾਰ ਪੰਜਾਬ ’ਚ ਪਹੁੰਚਾਉਣ ਵਾਸਤੇ ਕਈ ਯਤਨ ਤੇ ਵਿਉਂਤਾਂ ਬਣੀਆਂ ਪਰ ਨੇਪਰੇ ਨਾ ਚੜ੍ਹਨ। ਅੰਤ 7 ਦਸੰਬਰ 1913 ਨੂੰ ਪਹਿਲੀ ਕਾਪੀ ਲੁਧਿਆਣਾ ਦੇ ਸਰਦਾਰ ਬਹਾਦਰ ਗੱਜਣ ਸਿੰਘ ਕੋਲ ਪਹੁੰਚੀ। ਇਸ ਦੀ ਸੂਹ ਹਿੰਦੁਸਤਾਨ ਦੇ ਕੇਂਦਰੀ ਇੰਟੈਲੀਜੈਂਸ ਦੇ ਡਾਇਰੈਕਟਰ ਨੂੰ ਲੱਗ ਗਈ ਕਿਉਂਕਿ ਅਮਰੀਕਾ ਤੋਂ ਆਉਂਦੀ ਹਰੇਕ ਡਾਕ ਦੀ ਤਲਾਸ਼ੀ ਲਈ ਜਾਂਦੀ ਸੀ। ਗ਼ਦਰ ਪਾਰਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਲਾਹੌਰ ਇਨਕਲਾਬੀਆਂ ਦਾ ਕੇਂਦਰ ਬਣ ਚੁੱਕਾ ਸੀ। ਉੱਥੇ 24 ਜਨਵਰੀ 1914 ਨੂੰ ਅਖ਼ਬਾਰ ਦੀਆਂ 24 ਕਾਪੀਆਂ ਆਈਆਂ ਅਤੇ ਹਕੂਮਤ ਨੇ ਫੜ ਲਈਆਂ। ਇਸੇ ਤਰ੍ਹਾਂ ਬੰਬਈ ਤੋਂ 30 ਜਨਵਰੀ 1914 ਨੂੰ ਹੱਥ ਲਿਖਤ ਲਿਫ਼ਾਫ਼ਿਆਂ ਦੀ ਬਿਲਟੀ ਪੰਜਾਬ ਨੂੰ ਭੇਜੀ ਗਈ ਤੇ ਉਹ ਅੰਗਰੇਜ਼ਾਂ ਨੇ ਫੜ ਲਈ। ਇਸ ਲਿਖਤ ਵਿਚ 252 ਪੈਕਟਾਂ ਉੱਤੇ ਪੰਜਾਬੀਆਂ ਦੇ ਪਤੇ ਅਤੇ 23 ਫ਼ੌਜੀਆਂ ਦੇ ਸਿਰਨਾਵੇਂ ਸਨ। ਸੱਤ ਫਰਵਰੀ 1914 ਨੂੰ ਪੰਜਾਬੀਆਂ ਦੇ ਪਤੇ ’ਤੇ ਭੇਜੀ 104 ਲਿਫ਼ਾਫ਼ਿਆਂ ਦੀ ਬਿਲਟੀ ਫੜੀ ਗਈ। ਇਸ ਵਿਚ 84 ਗ਼ਦਰ ਅਖ਼ਬਾਰ ਦੀਆਂ ਕਾਪੀਆਂ ਸਨ। ਤੇਰਾਂ ਫਰਵਰੀ 1914 ਨੂੰ 387 ਲਿਫ਼ਾਫ਼ਿਆਂ ਦੀ ਬਿਲਟੀ ਅਤੇ ਚਾਰ ਪੈਕਟ ਫੜੇ ਗਏ। ਇਨ੍ਹਾਂ ਵਿਚ 331 ਉੱਤੇ ਫ਼ੌਜੀਆਂ ਦੇ ਸਿਰਨਾਵੇਂ ਸਨ। ਪੰਡਿਤ ਜਗਤ ਰਾਮ ਬਹੁਤ ਹੀ ਗੁਪਤ ਢੰਗ ਨਾਲ ਗ਼ਦਰ ਅਖ਼ਬਾਰ ਭੇਜਣ ਦਾ ਕੰਮ ਕਰਦੇ ਸਨ। ਇਹ ਸਪਤਾਹਿਕ ਅਖ਼ਬਾਰ ਗ਼ਦਰ ਪਾਰਟੀ ਦਾ ਬੁਲਾਰਾ ਸੀ। ਅਖ਼ਬਾਰ ਦੀਆਂ ਲਿਖਤਾਂ ਧਰਮ-ਨਿਰਪੱਖ, ਗ਼ੈਰ-ਫ਼ਿਰਕੂ, ਇਨਕਲਾਬੀ ਅਤੇ ਜਮਹੂਰੀ ਸਨ। ਇਸ ਅਖ਼ਬਾਰ ਨੇ ਸਾਮਰਾਜੀ ਅੰਗਰੇਜ਼ ਹਕੂਮਤ ਦੇ ਪਰਦੇਫ਼ਾਸ਼ ਕੀਤੇ। ਗ਼ਦਰ ਅਖ਼ਬਾਰ ਦਾ ਘੇਰਾ ਜਲਦੀ ਹੀ ਅਮਰੀਕਾ ਤੋਂ ਇਲਾਵਾ ਮਲਾਇਆ, ਹਾਂਗਕਾਂਗ, ਪੀਨਾਂਗ, ਸਿੰਗਾਪੁਰ, ਸ਼ੰਘਾਈ, ਸਿਆਮ, ਪਨਾਮਾ, ਫਿਲਪੀਨ, ਅਰਜਨਟੀਨਾ, ਦੱਖਣੀ ਅਫ਼ਰੀਕਾ ਅਤੇ ਹੋਰ ਦੇਸ਼ਾਂ ਵਿਚ ਯੋਜਨਾਬੱਧ ਢੰਗ ਨਾਲ ਫੈਲ ਗਿਆ। ਪਹਿਲੀ ਸੰਸਾਰ ਜੰਗ ਜੋ 28 ਜੁਲਾਈ 1914 ਤੋਂ ਲੱਗੀ ਸੀ, ਉਸ ਵਿਚ ਫਾਸ਼ੀਵਾਦੀ ਹਿਟਲਰ ਤੇ ਮੁਸੋਲਿਨੀ ਵਿਰੁੱਧ ਇੰਗਲੈਂਡ ਅਤੇ ਅਮਰੀਕਾ ਇਕੱਠੇ ਹੋ ਗਏ।
ਇਸ ਪ੍ਰਸਥਿਤੀ ਵਿਚ ਇੰਗਲੈਂਡ ਦੇ ਦਬਾਅ ਅਧੀਨ ਅਮਰੀਕਾ ਨੇ ਲਾਲਾ ਹਰਦਿਆਲ ’ਤੇ ਕੇਸ ਦਰਜ ਕਰ ਦਿੱਤਾ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ਼ਦਰ ਪਾਰਟੀ ਨੇ ਲਾਲਾ ਹਰਦਿਆਲ ਦੀ ਜ਼ਮਾਨਤ ਭਰ ਕੇ ਉਸ ਨੂੰ ਛੁਡਾ ਲਿਆ ਅਤੇ ਅਮਰੀਕਾ ’ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਦੀ ਜਗ੍ਹਾ ਅਖ਼ਬਾਰ ਦੇ ਪ੍ਰਬੰਧ ਦਾ ਇਕ ਬੋਰਡ ਬਣਾਇਆ ਗਿਆ ਜਿਸ ਵਿਚ ਰਾਮ ਚੰਦ ਪਿਸ਼ਾਵਰੀਆ, ਮੋਹਨ ਲਾਲ, ਪੰਡਿਤ ਜਗਤ ਰਾਮ, ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੁੰਡੀਲਾਟ ਸਨ। ਐਡੀਟਰ ਦਾ ਬਹੁਤਾ ਕੰਮ ਰਾਮ ਚੰਦ ਪਿਸ਼ਾਵਰੀਆ ਸੰਭਾਲਦੇ ਸਨ।
ਗ਼ਦਰ ਪਾਰਟੀ ਦੇ ਕਰਤਿਆਂ-ਧਰਤਿਆਂ ਨੇ ਗ਼ਦਰ ਅਖ਼ਬਾਰ ਤੋਂ ਇਲਾਵਾ ਅੰਗਰੇਜ਼ ਹਕੂਮਤ ਦੀ ਕਰੂਰਤਾ ਭਰੀ ਜ਼ਾਲਮ ਨੀਤੀ ਵਿਰੁੱਧ ‘ਫਰੰਗੀ ਦਾ ਫਰੇਬ’ ਲਿਖਤ ਰਾਹੀਂ ਅੰਗਰੇਜ਼ਾਂ ਦੇ ਧੋਖੇ ਤੇ ਧੱਕੇ ਦੀ ਨੀਤੀ ਜੱਗ ਜ਼ਾਹਰ ਕੀਤੀ, ਲਿਖਤ ‘ਸ਼ਾਬਾਸ਼’ ਰਾਹੀਂ ਲਾਰਡ ਹਾਰਡਿੰਗ ’ਤੇ ਬੰਬ ਸੁੱਟਣ ਵਾਲਿਆਂ ਦੀ ਪ੍ਰਸ਼ੰਸਾ, ‘ਨੀਮ ਹਕੀਮ ਖ਼ਤਰਾ-ਏ-ਜਾਨ’ ਅਤੇ ‘ਨਵੇਂ ਜ਼ਮਾਨੇ ਦੇ ਨਵੇਂ ਆਦਰਸ਼’, ‘ਜ਼ੁਲਮ-ਜ਼ੁਲਮ! ਗੋਰੇਸ਼ਾਹੀ ਜ਼ੁਲਮ’ (1914) ਨਾਂ ਦੇ ਕਿਤਾਬਚੇ ਵਿਚ ਗ਼ਦਰੀ ਭਗਵਾਨ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦੀ ਵਿਥਿਆ ਅਤੇ ਗੋਰੇ ਲੋਕਾਂ ਨੂੰ ਮਾਰਨ ਵਾਸਤੇ ਹਿੰਦੁਸਤਾਨੀਆਂ ਨੂੰ ਹੋਕਾ ਦਿੱਤਾ ਗਿਆ। ਇਸੇ ਤਰ੍ਹਾਂ 1915 ਵਿਚ ‘ਰੂਸੀ ਗ਼ਦਰੀਆਂ ਦੇ ਸਮਾਚਾਰ ਅਰਥਾਤ ਰੂਸੀ ਵੀਰਾਂ ਤੇ ਵੀਰਾਂਗਣਾਂ ਦੀਆਂ ਕਹਾਣੀਆਂ’ ਪੰਜਾਬੀ ਵਿਚ ਛਾਪ ਕੇ ਵੰਡੀਆਂ ਗਈਆਂ।
-ਪਿਰਥੀਪਾਲ ਸਿੰਘ ਮਾੜੀਮੇਘਾ।
-ਮੋਬਾਈਲ : 98760-78731