ਹੁਣ ਅੱਗੇ ਦੱਸਦਾ ਹਾਂ ਕਿ ਮੈਨੂੰ ਮਾਂ-ਬੋਲੀ ਨੇ ਕੀ-ਕੀ ਦਿੱਤਾ। ਸੰਨ 1954 ਵਿਚ ਫਿਰ ਮੈਂ ਆਪਣੇ ਸਭ ਤੋਂ ਵੱਡੇ ਭਰਾ ਪਰਉਪਕਾਰ ਸਿੰਘ ਕੋਲ ਸਰਕਾਰੀ ਹਾਈ ਸਕੂਲ ਬੁਢਲਾਡੇ ਵਿਖੇ ਅੱਠਵੀਂ ਜਮਾਤ ਵਿਚ ਦਾਖ਼ਲ ਹੋਇਆ। ਉਸੇ ਸਾਲ ਭਾਅ ਜੀ ਨੇ ਪੰਜਾਬੀ ਦੀ ਐੱਮਏ ਪਾਸ ਕੀਤੀ ਸੀ। ਸਾਡੇ ਸਕੂਲ ਵਿਚ ਇਕ ਰਵਾਇਤ ਸੀ ਕਿ ਉਹ ਹਰ ਸਾਲ ਇਕ ਮੈਗਜ਼ੀਨ ਛਾਪਦੇ ਹੁੰਦੇ ਸਨ।

ਮੈਨੂੰ ਸ਼ੁਰੂ ਤੋਂ ਹੀ ਆਪਣੀ ਮਾਂ-ਬੋਲੀ ਪੰਜਾਬੀ ਨਾਲ ਬਹੁਤ ਪਿਆਰ ਸੀ। ਜਦੋਂ ਮੈਂ ਆਪਣੇ ਵੱਡੇ ਭਰਾ ਸ਼ਰਨਾਗਤ ਸਿੰਘ ਕੋਲ ਗੋਹਲਵੜ ਰੇਲਵੇ ਸਟੇਸ਼ਨ ’ਤੇ ਰੁਹਿੰਦਾ ਸੀ (ਉਹ ਰੇਲਵੇ ਵਿਭਾਗ ਵਿਚ ਸਨ) ਤਾਂ ਖਲਚੀਆਂ ਦੇ ਸਕੂਲ ਵਿਖੇ ਪਹਿਲੀ ਜਮਾਤ ਵਿਚ ਦਾਖ਼ਲ ਹੋਇਆ ਜੋ ਗੋਹਲਵੜ ਸਟੇਸ਼ਨ ਤੋਂ ਲਗਪਗ 4 ਕਿੱਲੋਮੀਟਰ ਦੂਰ ਸੀ। ਉਸ ਸਕੂਲ ਦਾ ਇਕ ਰਿਵਾਜ਼ ਬਣਿਆ ਹੋਇਆ ਸੀ ਕਿ ਹਰ ਪੀਰੀਅਡ/ਵਿਸ਼ੇ ਵਿਚ ਵੱਖਰਾ ਮੋਨੀਟਰ ਬਣਾਇਆ ਜਾਂਦਾ ਸੀ ਜਿਹੜਾ ਬੱਚਾ ਉਸ ਵਿਸ਼ੇ ਵਿਚ ਸਭ ਤੋਂ ਲਾਇਕ ਮੰਨਿਆ ਜਾਂਦਾ ਹੋਵੇ। ਇਕ ਦਿਨ ਮਾਸਟਰ ਜੀ ਨੇ ਮੈਨੂੰ ਇਕ ਉੱਚੀ-ਲੰਬੀ ਕੁੜੀ ਨੂੰ ਚਪੇੜ ਮਾਰਨ ਲਈ ਕਿਹਾ ਜੋ ਬੜੀ ਨਾਲਾਇਕ ਸੀ ਕਿਉਂਕਿ ਉਸ ਨੂੰ ਪੰਜਾਬੀ ਦਾ ਊੜਾ-ਐੜਾ ਵੀ ਨਹੀਂ ਸੀ ਆਉਂਦਾ। ਫਿਰ ਉਸ ਨੇ ਆਪੇ ਮੂੰਹ ਨੀਵਾਂ ਕਰ ਲਿਆ ਅਤੇ ਹੱਸਣ ਲੱਗ ਪਈ ਪਰ ਚਪੇੜ ਤਾਂ ਮੈਂ ਮਾਰ ਹੀ ਦਿੱਤੀ।
ਹੁਣ ਅੱਗੇ ਦੱਸਦਾ ਹਾਂ ਕਿ ਮੈਨੂੰ ਮਾਂ-ਬੋਲੀ ਨੇ ਕੀ-ਕੀ ਦਿੱਤਾ। ਸੰਨ 1954 ਵਿਚ ਫਿਰ ਮੈਂ ਆਪਣੇ ਸਭ ਤੋਂ ਵੱਡੇ ਭਰਾ ਪਰਉਪਕਾਰ ਸਿੰਘ ਕੋਲ ਸਰਕਾਰੀ ਹਾਈ ਸਕੂਲ ਬੁਢਲਾਡੇ ਵਿਖੇ ਅੱਠਵੀਂ ਜਮਾਤ ਵਿਚ ਦਾਖ਼ਲ ਹੋਇਆ। ਉਸੇ ਸਾਲ ਭਾਅ ਜੀ ਨੇ ਪੰਜਾਬੀ ਦੀ ਐੱਮਏ ਪਾਸ ਕੀਤੀ ਸੀ। ਸਾਡੇ ਸਕੂਲ ਵਿਚ ਇਕ ਰਵਾਇਤ ਸੀ ਕਿ ਉਹ ਹਰ ਸਾਲ ਇਕ ਮੈਗਜ਼ੀਨ ਛਾਪਦੇ ਹੁੰਦੇ ਸਨ। ਉਸ ਸਾਲ ਮੈਂ ਵੀ ਉਸ ਰਸਾਲੇ ਵਿਚ ਇਕ ਕਹਾਣੀ ਛਪਵਾਈ ‘ਬਣਾਵਟੀ ਪਿਆਰ’। ਭਾਅ ਜੀ ਨੇ ਉਹ ਕਹਾਣੀ ਪੜ੍ਹੀ ਜੋ ਉਨ੍ਹਾਂ ਨੂੰ ਬਹੁਤ ਪਸੰਦ ਆਈ। ਉਨ੍ਹਾਂ ਨੇ ਮੈਨੂੰ ਇਨਾਮ ਵਜੋਂ ਇਕ ਆਨਾ ਦਿੱਤਾ, ਵੈਸੇ ਉਹ ਬੱਚਿਆਂ ਨੂੰ ਝਿੜਕਾਂ ਹੀ ਦਿਆ ਕਰਦੇ ਸਨ। ਅੱਗੇ ਚੱਲ ਕੇ ਮੈਂ ਉਨ੍ਹਾਂ ਦੀ ਭਵਿੱਖਬਾਣੀ ਨੂੰ ਥੋੜ੍ਹਾ ਸੱਚ ਕਰ ਦਿਖਾਇਆ ਜਦੋਂ ਪਹਿਲੀ ਵਾਰ ਮੇਰਾ ਵਿਗਿਆਨਕ ਲੇਖ ਸੰਨ 1968 ਦੀ ਪ੍ਰੀਤਲੜੀ ਦੇ ਇਕ ਅੰਕ ਵਿਚ ਛਪਿਆ ਜਿਸ ਦਾ ਲਾਭ ਮੈਨੂੰ ਸੰਨ 1973 ਵਿਚ ਹੋਇਆ ਜਦੋਂ ਮੈਂ ਪਟਿਆਲੇ ਵਿਖੇ ਪਬਲਿਕ ਸਰਵਿਸ ਕਮਿਸ਼ਨ ਦੀ ਇੰਟਰਵਿਊ ਵਿਚ ਡਾਇਰੈਕਟ ਸੀਨੀਅਰ ਲੈਕਚਰਾਰ ਚੁਣਿਆ ਗਿਆ, ਉਹ ਵੀ ਕੇਵਲ ਪੰਜ ਸਾਲ ਦੀ ਸਰਵਿਸ ਪਿੱਛੋਂ।
ਗੱਲ ਇਸ ਤਰ੍ਹਾਂ ਹੋਈ ਕਿ ਇੰਟਰਵਿਊ ਲੈਣ ਵਿਚ ਗਿਆਨੀ ਲਾਲ ਸਿੰਘ ਸ਼ਾਮਲ ਸਨ ਤੇ ਜਦੋਂ ਮੈਂ ਪ੍ਰੀਤਲੜੀ ਵਾਲਾ ਲੇਖ ਦਿਖਾਇਆ ਤਾਂ ਉਹ ਖ਼ੁਸ਼ ਅਤੇ ਹੈਰਾਨ ਹੋ ਗਏ। ਉਨ੍ਹਾਂ ਨੇ ਮੈਨੂੰ ਇਕ-ਦੋ ਸਵਾਲ ਹੋਰ ਪੁੱਛੇ ਜਿਨ੍ਹਾਂ ਦਾ ਸਹੀ ਉੱਤਰ ਸੁਣ ਕੇ ਉਨ੍ਹਾਂ ਨੇ ਮੈਨੂੰ ਚੁਣ ਲਿਆ। ਬਾਅਦ ਵਿਚ ਮੇਰੇ ਵਿਗਿਆਨਕ ਲੇਖ ਕਈ ਪੰਜਾਬੀ ਅਖ਼ਬਾਰਾਂ ਵਿਚ ਵੀ ਛਪੇ। ਸੰਨ 1990 ਵਿਚ ਮੈਨੂੰ ਭਾਸ਼ਾ ਵਿਭਾਗ ਦੁਆਰਾ ‘ਸ਼੍ਰੋਮਣੀ ਪੰਜਾਬੀ ਗਿਆਨ-ਸਾਹਿਤਕਾਰ’ ਵਜੋਂ ਸਨਮਾਨਤ ਕੀਤਾ ਗਿਆ। ਫਿਰ ਮੇਰੀਆਂ ਪੁਸਤਕਾਂ; ‘ਭਿਅੰਕਰ ਕਿਰਲੇ’ ਅਤੇ ‘ਦਿਲਚਸਪ ਕਹਾਣੀ ‘ਧਰਤੀ ਅੰਬਰ ਦੀ’ ਨੂੰ ਸਰਵੋਤਮ ਪੁਸਤਕਾਂ ਵਜੋਂ ਸਨਮਾਨ ਪ੍ਰਾਪਤ ਹੋਇਆ। ਇਸ ਪ੍ਰਕਾਰ ਮੈਨੂੰ ਮੇਰੀ ਮਾਂ-ਬੋਲੀ ਨੇ ਮੇਰੇ ਜੀਵਨ ਵਿਚ ਅੱਗੇ ਲਿਆਂਦਾ।
-ਡਾ. ਵਿਦਵਾਨ ਸਿੰਘ ਸੋਨੀ