ਅੱਜ ਜਿੱਥੇ ਅਸੀਂ ਪੰਜਾਬ ਖ਼ਾਲੀ ਹੋ ਜਾਣ ਦੇ ਕਾਰਨ ਲੱਭਦੇ ਫਿਰਦੇ ਹਾਂ, ਓਥੇ ਹੀ ਨਾਲ ਦੀ ਨਾਲ ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿਚ ਪਰਦੇਸੀਆਂ ਦੇ ਅਜਿਹੇ ਦੁਖੜੇ ਫੋਲਦੀਆਂ ਅਨੇਕ ਰੀਲਾਂ ਤੁਹਾਨੂੰ ਮਿਲ ਜਾਣਗੀਆਂ।
ਕੈਨੇਡਾ ’ਚ ਏਜੰਸੀਆਂ ਰਾਹੀਂ ਵੇਅਰਹਾਊਸ ਦੀ ਲੇਬਰ ਦੀ ਨੌਕਰੀ ਤਾਂ ਭਾਵੇਂ ਕਿਸੇ ਰੈਫਰੈਂਸ ਦੇ ਤੁਹਾਨੂੰ ਮਿਲ ਜਾਵੇ ਪਰ ਉੱਥੇ ਕੰਮ ਕਰਦਿਆਂ ਤੁਹਾਡਾ ਪਿਛੋਕੜ ਤੁਹਾਨੂੰ ਲਾਹਨਤਾਂ ਪਾਉਣ ਲੱਗਦਾ ਹੈ ਕਿ ਚੰਗੇ-ਭਲੇ ਰੋਟੀ-ਪਾਣੀ ਖਾਂਦੇ-ਪੀਂਦੇ ਤੁਸੀਂ ਆਪ ਇਹ ਮੁਸੀਬਤ ਸਹੇੜੀ ਹੈ। ਇੱਥੇ ਤੁਹਾਡੀ ਧੌਣ ਵਿਚ ਅਫ਼ਸਰੀ ਅਤੇ ਖੇਤਾਂ ਦੇ ਮਾਲਕ ਹੋਣ ਗੱਡਿਆ ਕਿੱਲਾ ਤੁਹਾਨੂੰ ਡਾਢਾ ਪਰੇਸ਼ਾਨ ਕਰਦਾ ਹੈ। ਸਮੇਂ ਵਿਚ ਤਬਦੀਲੀ ਵੀ ਆਈ ਹੈ। ਅੱਜ ਜਿੱਥੇ ਅਸੀਂ ਪੰਜਾਬ ਖ਼ਾਲੀ ਹੋ ਜਾਣ ਦੇ ਕਾਰਨ ਲੱਭਦੇ ਫਿਰਦੇ ਹਾਂ, ਓਥੇ ਹੀ ਨਾਲ ਦੀ ਨਾਲ ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿਚ ਪਰਦੇਸੀਆਂ ਦੇ ਅਜਿਹੇ ਦੁਖੜੇ ਫੋਲਦੀਆਂ ਅਨੇਕ ਰੀਲਾਂ ਤੁਹਾਨੂੰ ਮਿਲ ਜਾਣਗੀਆਂ। ਥੋੜ੍ਹਾ ਸੁਖਾਵਾਂ ਪਹਿਲੂ ਇਹ ਵੀ ਹੈ ਕਿ ਅੱਜ ਦੇ ਨੌਜਵਾਨ ਵਰਗ ਦਾ ਕੁਝ ਚੇਤਨ ਹਿੱਸਾ ਪਹਿਲਾਂ ਹੀ ਇਨ੍ਹਾਂ ਸਮੱਸਿਆਵਾਂ ਨੂੰ ਜਾਣਦਾ ਹੈ ਅਤੇ ਉਹ ਡਾਕਟਰੀ ਤੇ ਕੰਪਿਊਟਰ ਅਤੇ ਉਸ ਨਾਲ ਸਬੰਧਤ ਭਾਸ਼ਾਵਾਂ ਨੂੰ ਸਿੱਖ ਕੇ ਆਪਣੇ ਮੁਲਕ ਵਿੱਚੋਂ ਹੀ ਆਪਣੀ ਯੋਗਤਾ ਅਨੁਸਾਰ ਨੌਕਰੀ ਦਾ ਪ੍ਰਬੰਧ ਕਰ ਕੇ ਹੀ ਵਿਦੇਸ਼ ਦਾ ਰੁਖ਼ ਕਰਦਾ ਹੈ ਪਰ ਇਹ ਗਿਣਤੀ ਨਿਗੂਣੀ ਹੀ ਹੈ। ਇਹ ਉਹ ਹਨ ਜਿਨ੍ਹਾਂ ਦੇ ਮਾਪੇ ਬੜੇ ਮਾਣ ਨਾਲ ਕਹਿੰਦੇ ਹਨ ਕਿ ਸਾਡਾ ਬੱਚਾ ਅਮਰੀਕਾ ਵਿਚ ਸਾਫਟਵੇਅਰ ਇੰਜੀਨੀਅਰ ਹੈ ਜਾਂ ਮੈਡੀਕਲ ਸਪੈਸ਼ਲਿਸਟ ਹੈ।
ਬਾਕੀ ਸਭ ਦੀ ਇਕ ਹੀ ਕਹਾਣੀ ਹੈ। ਇੰਟਰਨੈਸ਼ਨਲ ਸਟੂਡੈਂਟਸ ਦੀ ਕਹਾਣੀ ਹੋਰ ਵੀ ਔਖੀ ਅਤੇ ਦੁਖਦਾਈ ਹੁੰਦੀ ਹੈ। ਹੁਣ ਆਉਂਦੇ ਹਾਂ ਅਸਲ ਕਹਾਣੀ ਵੱਲ ਜੋ ਮੇਰੀ ਖ਼ੁਦ ਦੀ ਅਤੇ ਮੇਰੇ ਵਰਗੇ ਅਨੇਕ ਹੋਰਾਂ ਦੀ ਵੀ ਹੈ ਜਿਨ੍ਹਾਂ ਦੀ ਪੜ੍ਹਾਈ-ਲਿਖਾਈ ਭਾਰਤੀ ਮਾਪਦੰਡਾਂ ’ਤੇ ਤਾਂ ਪੂਰੀ ਉਤਰਦੀ ਹੈ ਪਰ ਇੱਥੇ ਫਿੱਟ ਨਹੀਂ ਬੈਠਦੀ। ਤੁਸੀਂ ਹਮੇਸ਼ਾ ਯਤਨਸ਼ੀਲ ਰਹਿੰਦੇ ਹੋ ਕਿ ਆਪਣੀ ਲਾਈਨ ਅਤੇ ਤਜਰਬੇ ਦੇ ਅਨੁਕੂਲ ਕੰਮ ਮਿਲ ਜਾਵੇ ਜੋ ਇੰਨਾ ਆਸਾਨ ਨਹੀਂ ਹੁੰਦਾ। ਮਿਸਾਲ ਦੇ ਤੌਰ ’ਤੇ ਉੱਥੇ ਦਾ ਡਾਕਟਰ ਜੋ ਮੈਡੀਕਲ ਅਫ਼ਸਰ ਲੱਗਾ ਹੁੰਦਾ ਹੈ, ਇੱਥੇ ਕੋਈ ਕੰਪਾਊਂਡਰ ਵੀ ਨਹੀਂ ਰੱਖਦਾ। ਇੰਜੀਨੀਅਰ, ਐੱਸਡੀਓ, ਜੇਈ ਨੂੰ ਕੋਈ ਟੈਕਨੀਸ਼ੀਅਨ ਜਾਂ ਮੁਨਸ਼ੀ ਵੀ ਨਹੀਂ ਲਾਉਂਦਾ।
ਵਿਚਕਾਰਲੇ ਦਰਜੇ ਦੀ ਪੜ੍ਹਾਈ ਵਾਲਾ ਰੱਜ ਕੇ ਖੱਜਲ ਹੁੰਦਾ ਹੈ। ਉਸ ਦੀ ਈਗੋ ਵੇਅਰਹਾਊਸ ਜਾਣ ਨਹੀਂ ਦਿੰਦੀ ਤੇ ਚੰਗੀ ਥਾਂ ਗੱਲ ਬਣਦੀ ਨਹੀਂ। ਫਿਰ ਉਹ ਕਹਿਣ ਲਈ ਮਜਬੂਰ ਹੁੰਦਾ ਹੈ ਕਿ ਇਹ ਮੁਲਕ ਉਸ ਲਈ ਹੈ ਹੀ ਨਹੀਂ। ਇਹ ਜਾਂ ਤਾਂ ਪੇਸ਼ੇਵਰ ਮੁਹਾਰਤ ਨੂੰ ਸਨਮਾਨ ਦਿੰਦਾ ਹੈ ਜਾਂ ਫਿਰ ਇੱਥੇ ਅਨਪੜ੍ਹ ਡਾਲਰ ਬਣਾਉਂਦਾ ਹੈ। ਉਮਰ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵਿਚ ਫਸਿਆ ਅਧਖੜ ਉਮਰ ਵਾਲਾ ਇੱਥੇ ਦੀ ਅਗਲੇਰੀ ਪੜ੍ਹਾਈ ਦੇ ਸਮਰੱਥ ਵੀ ਨਹੀਂ ਹੁੰਦਾ ਪਰ ਕੁਝ ਅਪਵਾਦ ਇੱਥੇ ਵੀ ਮਿਲ ਜਾਣਗੇ। ਆਮ ਤੌਰ ’ਤੇ ਤੁਹਾਨੂੰ ਇੱਥੇ ਪੀਐੱਚਡੀ, ਇੰਜੀਨੀਅਰ ਅਤੇ ਡਾਕਟਰ ਟੈਕਸੀ ਜਾਂ ਟਰੱਕ ਚਲਾਉਂਦੇ ਜਾਂ ਫਿਰ ਸਕਿਉਰਿਟੀ ਕਰਦੇ ਮਿਲ ਜਾਂਦੇ ਹਨ। ਆਪਣੀ ਆਪਬੀਤੀ ਇਕ ਗੱਲ ਯਾਦ ਆ ਰਹੀ ਹੈ। ਮੈ ਪਿੱਛੇ ਛੱਡੇ ਮੁਲਕ ਵਿਚ ਜਦ ਬਤੌਰ ਸਬ ਡਵੀਜ਼ਨ ਇੰਜੀਨੀਅਰ ਵਜੋਂ ਨੌਕਰੀ ਕਰਦਾ ਸੀ ਤਾਂ ਮੇਰੇ ਬੌਸ ਨਿਗਰਾਨ ਇੰਜੀਨੀਅਰ ਅਕਵਿੰਦਰ ਸਿੰਘ ਸੋਢੀ ਦੀ ਮਾਤਾ ਦਾ ਦੇਹਾਂਤ ਹੋ ਗਿਆ। ਸਟਾਫ ਦੇ ਤੌਰ ’ਤੇ ਅਤੇ ਪਰਿਵਾਰਕ ਸਾਂਝ ਦੇ ਚੱਲਦਿਆਂ ਅਸੀਂ ਮਾਤਾ ਜੀ ਦੇ ਫੁੱਲ ਲੈ ਕੇ ਗੋਇੰਦਵਾਲ ਜਾ ਰਹੇ ਸਾਂ। ਕਾਰ ਮੈਂ ਚਲਾ ਰਿਹਾ ਸੀ।
ਮੇਰੇ ਨਾਲ ਵਾਲੀ ਪੈਸੰਜਰ ਸੀਟ ’ਤੇ ਮੇਰੇ ਬੌਸ ਅਤੇ ਪਿਛਲੀ ਸੀਟ ’ਤੇ ਉਨ੍ਹਾਂ ਦੇ ਸਾਲਾ ਸਾਹਿਬ ਜੋ ਆਰਮੀ ਵਿੱਚੋਂ ਮੇਜਰ ਜਰਨਲ ਰਿਟਾਇਰਡ ਹੋਏ ਸਨ, ਬੈਠੇ ਹੋਏ ਸਨ। ਅਸੀਂ ਉਸ ਸਮੇਂ ਕੈਨੇਡਾ ਆਉਣ ਲਈ ਅਪਲਾਈ ਕੀਤਾ ਹੋਇਆ ਸੀ ਅਤੇ ਉਡੀਕ ਕਰਨ ਵਾਲਿਆਂ ਦੀ ਕਤਾਰ ਵਿਚ ਸਾਂ। ਗੱਲਾਬਾਤਾਂ ਕਰਦੇ ਜਾ ਰਹੇ ਸੀ ਕਿ ਸੋਢੀ ਸਾਹਿਬ ਅਚਾਨਕ ਪੁੱਛਣ ਲੱਗੇ, ‘ਓ ਗਿੱਲ, ਤੇਰਾ ਕੈਨੇਡਾ ਦਾ ਕੀ ਬਣਿਆ?’’ ਮੈਂ ਕਿਹਾ, ‘‘ਸਰ, ਅਜੇ ਕੋਈ ਖ਼ਬਰ ਨਹੀਂ।’’ ਤਾਂ ਪਿੱਛੋਂ ਮੇਜਰ ਜਰਨਲ ਸਾਹਿਬ ਬੋਲੇ, ‘‘ਕਿਉਂ ਜਾ ਰਹੇ ਹੋ ਕੈਨੇਡਾ?’’ ਮੇਰੇ ਕੋਲ ਉਨ੍ਹਾਂ ਦੇ ਸਵਾਲ ਦਾ ਕੋਈ ਪੁਖਤਾ ਉੱਤਰ ਨਹੀਂ ਸੀ। ਬਸ ਉਹੀ ਸਭ ਦੀ ਤਰ੍ਹਾਂ ਘੜੀ-ਘੜਾਈ ਕਹਾਣੀ, ‘‘ਸਰ, ਬੱਚਿਆਂ ਦੇ ਬਿਹਤਰ ਭਵਿੱਖ ਦੀ ਖ਼ਾਤਰ।’’ ਜਰਨਲ ਸਾਹਿਬ ਕਹਿਣ ਲੱਗੇ, ‘‘ਤੁਹਾਡੀ ਉਮਰ ਅਤੇ ਪੜ੍ਹਾਈ ਓਥੋਂ ਦੇ ਹਾਲਾਤ ਨਾਲ ਮੇਲ ਨਹੀਂ ਖਾਂਦੀ। ਤੁਸੀਂ ਤੰਗ ਹੋਵੋਗੇ।’’ ਫਿਰ ਉਨ੍ਹਾਂ ਕਿਹਾ ਕਿ ਇਹ ਜ਼ਿੰਦਗੀ ਦਾ ਵੱਡਾ ਫ਼ੈਸਲਾ ਤੁਸੀਂ ਕਰੀਅਰ ਦੇ ਸ਼ੁਰੂ ਵਿਚ ਲੈਣਾ ਸੀ ਜਦੋਂ ਇੰਜੀਨੀਅਰਿੰਗ ਕਾਲਜ ਵਿੱਚੋਂ ਬਾਹਰ ਆਏ ਸੀ।
ਫਿਰ ਬੋਲੇ, ‘‘ਅਮਰੀਕਾ ਤੇ ਕੈਨੇਡਾ ਤਾਂ ਸਾਡੇ ਵਰਗੇ ਰਿਟਾਇਰਡ ਲੋਕਾਂ ਨੂੰ ਸੂਤ ਬੈਠਦੇ ਹਨ ਜਿਨ੍ਹਾਂ ਦੇ ਬੱਚੇ ਉੱਥੇ ਪਹਿਲਾਂ ਹੀ ਗਏ ਹੋਏ ਹਨ ਤੇ ਅਸੀਂ ਚੋਖੀ ਸਰਕਾਰੀ ਪੈਨਸ਼ਨ ਲੈਂਦੇ ਹਾਂ। ਸਾਡੇ ਬੱਚਿਆਂ ਨੂੰ ਸਾਡੇ ਜਾਣ ’ਤੇ ਇਸ ਗੱਲ ਦੀ ਰਾਹਤ ਮਿਲਦੀ ਹੈ ਕਿ ਉਨ੍ਹਾਂ ਦੇ ਨਿਆਣਿਆਂ ਨੂੰ ਵੇਖਣ ਅਤੇ ਸਾਂਭਣ ਵਾਲਾ ਕੋਈ ਹੈ ਕਿਉਂਕਿ ਮੇਡ ਰੱਖ ਪਾਉਣਾ ਸੌਖਾ ਨਹੀਂ ਅਤੇ ਬੇਬੀ ਕੇਅਰ ਸੈਂਟਰ ਵਿਚ ਰੁਲਣ ਤੋਂ ਛੋਟੇ ਬੱਚਿਆਂ ਦਾ ਬਚਾਅ ਹੋ ਜਾਂਦਾ ਹੈ। ਕਹਿ ਲਵੋ ਕਿ ਆਪਣੇ ਹੀ ਪਰਿਵਾਰ ਲਈ ਨੌਕਰ ਦੀ ਭੂਮਿਕਾ ਪਰ ਸਾਨੂੰ ਲੱਗਣ ਲੱਗਦਾ ਹੈ ਕਿ ਫੈਮਿਲੀ ਦੀ ਰੀਯੂਨੀਅਨ ਹੋ ਗਈ।’’ ਉਹ ਕਹਿਣ ਲੱਗੇ ਕਿ ਜਾਂ ਉੱਥੇ ਕੋਈ ਜਾ ਸਕੇ ਤਾਂ ਉਹ ਜਾਵੇ ਜੋ ਚਿੱਟਾ ਅਨਪੜ੍ਹ ਹੋਵੇ ਤੇ ਇੱਥੇ ਖੱਤਿਆਂ ਵਿਚ ਨੱਕੇ ਮੋੜਦਾ ਹੋਵੇ। ਉਸ ਲਈ ਜ਼ਿੰਦਗੀ ਸੱਚਮੁੱਚ ਹੀ ਸਵਰਗ ਹੋਵੇਗੀ। ਪੰਜ-ਪੰਜ ਕਿੱਲੋ ਦਾ ਬ੍ਰਾਇਲਰ ਅਤੇ ਕੁੰਡੇ ਵਾਲੀ ਵਿਸਕੀ ਦੀ ਬੋਤਲ ਮਿਲੇਗੀ।
ਲਾਹਣ ਤੋਂ ਖਹਿੜਾ ਵੱਖਰਾ ਛੁੱਟ ਜਾਊ। ਪਰ ਕੈਨੇਡਾ ਦਾ ਚੜ੍ਹਿਆ ਬੁਖ਼ਾਰ ਅਤੇ ਫ਼ਤੂਰ ਕਦੋਂ ਇਹ ਸਭ ਸੁਣਨ ਲਈ ਤਿਆਰ ਹੁੰਦਾ ਹੈ। ਫਿਰ ਆਪਣੀ ਕਹਾਣੀ ਵੱਲ ਮੁੜਦੇ ਹਾਂ। ਬੱਚੇ ਤਾਂ ਸਕੂਲ ਜਾਣ ਲੱਗੇ। ਸਾਡੀਆਂ ਔਰਤਾਂ ਮਰਦਾਂ ਦੇ ਮੁਕਾਬਲੇ ਘਰ-ਪਰਿਵਾਰ ਲਈ ਵਧੇਰੇ ਚਿੰਤਤ ਹੁੰਦੀਆਂ ਹਨ ਅਤੇ ਛੇਤੀ ਹੀ ਹਾਲਾਤ ਮੁਤਾਬਕ ਆਪਣੇ-ਆਪ ਨੂੰ ਢਾਲ ਲੈਂਦੀਆਂ ਹਨ। ਬੇਸਮੈਂਟ ਦਾ ਕਿਰਾਇਆ ਤੇ ਗਰੋਸਰੀ ਦਾ ਖ਼ਰਚਾ ਮੂੰਹ ਅੱਡੀ ਖੜ੍ਹਾ ਵੇਖ ਕੇ ਮੇਰੀ ਜੀਵਨ ਸਾਥਣ ਨੇ ਤਾਂ ਵੇਅਰਹਾਊਸ ’ਚ ਜੌਬ ਲਈ ਆਪਣੇ-ਆਪ ਨੂੰ ਤਿਆਰ ਕਰ ਲਿਆ ਪਰ ਮੈਂ ਅਜੇ ਢੰਗ ਦੇ ਕੰਮ ਦੀ ਤਲਾਸ਼ ਵਿਚ ਸੀ। ਮੈਂ ਆਪਣੇ ਨਾਲ ਪਿੱਛੋਂ ਲਿਆਂਦੇ ਇਕ ਰੈਫਰੈਂਸ ਨੂੰ ਜੋ ਇੱਥੇ ਪੁਰਾਣੇ ਆਏ ਹੋਏ ਸਨ ਰਵਿੰਦਰ ਸਿੰਘ ਪੰਨੂ ਜੋ ਸੁਰ ਸਾਗਰ ਦੇ ਨਾਂ ਹੇਠ ਰੇਡੀਓ ਅਤੇ ਟੀਵੀ ਦਾ ਕੰਮ ਕਰਦੇ ਸਨ, ਉਨ੍ਹਾਂ ਨੂੰ ਮਿਲਣ ਦਾ ਮਨ ਬਣਾਇਆ ਅਤੇ ਸੋਚਿਆ ਕਿ ਉਨ੍ਹਾਂ ਨੂੰ ਇੱਥੋਂ ਦੇ ਸਿਸਟਮ ਦੀ ਭਰਪੂਰ
ਜਾਣਕਾਰੀ ਹੋਵੇਗੀ। -(ਬਾਕੀ ਕੱਲ੍ਹ)।
-ਹਰਜੀਤ ਸਿੰਘ ਗਿੱਲ
-(ਲੇਖਕ ਕੈਨੇਡਾ ’ਚ ਟੀਵੀ ਹੋਸਟ ਹੈ)।
-ਸੰਪਰਕ +1647 542 0007/ 98889-45127