ਬਚਪਨ ਮਨੁੱਖੀ ਜੀਵਨ ਦਾ ਰੰਗ-ਰੰਗੀਲਾ ਖੇਡਣ-ਮੱਲਣ ਵਾਲਾ ਬੇਫ਼ਿਕਰੀ ਨਾਲ ਲਬਾਲਬ ਭਰਿਆ ਹੋਇਆ ਪੜਾਅ ਹੁੰਦਾ ਹੈ। ਇਸੇ ਲਈ ਇਸ ਨੂੰ ਬਾਦਸ਼ਾਹੀ ਵਾਲੀ ਉਮਰ ਕਹਿੰਦੇ ਹਨ। ਇਸ ਉਮਰੇ ਨਾ ਚੜ੍ਹੀ ਦੀ ਪਰਵਾਹ ਹੁੰਦੀ ਹੈ, ਨਾ ਲੱਥੀ ਦੀ। ਬਾਕੀ ਦੀ ਸਾਰੀ ਉਮਰ ਇਸ ਬਾਲੜੀ ਉਮਰ ਵਿਚ ਕੀਤੀਆਂ ਗਈਆਂ ਸ਼ਰਾਰਤਾਂ ਦਾ ਮਿੱਠਾ ਜਿਹਾ ਅਹਿਸਾਸ ਹੰਢਾਉਂਦਿਆਂ ਦੀ ਹੀ ਲੰਘ ਜਾਂਦੀ ਹੈ। ਸ਼ੁੱਧ ਸ਼ਹਿਦ ਵਰਗੀਆਂ ਮਿੱਠੀਆਂ ਯਾਦਾਂ ਚੇਤੇ ਤਾਂ ਸਾਰੀ ਉਮਰ ਆਉਂਦੀਆਂ ਹਨ ਪਰ ਬੀਤ ਗਿਆ ਬਚਪਨ ਮੁੜ ਕੇ ਕਦੇ ਵੀ ਸਾਡੇ ਹੱਥ ਨਹੀਂ ਆਉਂਦਾ।

-ਜਗਦੀਸ਼ ਕੌਰ ਮਾਨ
ਬਚਪਨ ਮਨੁੱਖੀ ਜੀਵਨ ਦਾ ਰੰਗ-ਰੰਗੀਲਾ ਖੇਡਣ-ਮੱਲਣ ਵਾਲਾ ਬੇਫ਼ਿਕਰੀ ਨਾਲ ਲਬਾਲਬ ਭਰਿਆ ਹੋਇਆ ਪੜਾਅ ਹੁੰਦਾ ਹੈ। ਇਸੇ ਲਈ ਇਸ ਨੂੰ ਬਾਦਸ਼ਾਹੀ ਵਾਲੀ ਉਮਰ ਕਹਿੰਦੇ ਹਨ। ਇਸ ਉਮਰੇ ਨਾ ਚੜ੍ਹੀ ਦੀ ਪਰਵਾਹ ਹੁੰਦੀ ਹੈ, ਨਾ ਲੱਥੀ ਦੀ। ਬਾਕੀ ਦੀ ਸਾਰੀ ਉਮਰ ਇਸ ਬਾਲੜੀ ਉਮਰ ਵਿਚ ਕੀਤੀਆਂ ਗਈਆਂ ਸ਼ਰਾਰਤਾਂ ਦਾ ਮਿੱਠਾ ਜਿਹਾ ਅਹਿਸਾਸ ਹੰਢਾਉਂਦਿਆਂ ਦੀ ਹੀ ਲੰਘ ਜਾਂਦੀ ਹੈ। ਸ਼ੁੱਧ ਸ਼ਹਿਦ ਵਰਗੀਆਂ ਮਿੱਠੀਆਂ ਯਾਦਾਂ ਚੇਤੇ ਤਾਂ ਸਾਰੀ ਉਮਰ ਆਉਂਦੀਆਂ ਹਨ ਪਰ ਬੀਤ ਗਿਆ ਬਚਪਨ ਮੁੜ ਕੇ ਕਦੇ ਵੀ ਸਾਡੇ ਹੱਥ ਨਹੀਂ ਆਉਂਦਾ।
ਇਹ ਪੜਾਅ ਅਮੀਰਾਂ-ਗ਼ਰੀਬਾਂ ਸਭ ਦੇ ਬੱਚਿਆਂ ਦੇ ਹਿੱਸੇ ਆਉਂਦਾ ਹੈ। ਬਚਪਨ ਵਿਚ ਰੁੱਸ ਕੇ, ਰੋ ਕੇ, ਅੜੀ ਕਰ ਕੇ ਮਾਂ-ਪਿਉ ਤੋਂ ਕੋਈ ਚੀਜ਼ ਮੰਗਣੀ ਸਾਰੇ ਬੱਚੇ ਆਪਣਾ ਹੱਕ ਸਮਝਦੇ ਹਨ। ਮੇਰੀ ਉਮਰ ਉਦੋਂ ਪੰਜਾਂ ਕੁ ਸਾਲਾਂ ਦੀ ਸੀ। ਉਨ੍ਹਾਂ ਸਮਿਆਂ ਵਿਚ ਸੱਤ ਸਾਲ ਦੇ ਬੱਚੇ ਨੂੰ ਸਕੂਲ ਵਿਚ ਦਾਖ਼ਲ ਕੀਤਾ ਜਾਂਦਾ ਸੀ। ਇਸ ਲਈ ਮੈਂ ਅਜੇ ਸਕੂਲ ਜਾਣਾ ਸ਼ੁਰੂ ਨਹੀਂ ਸੀ ਕੀਤਾ। ਸਾਰਾ ਦਿਨ ਘਰੇ ਖੇਡਦੀ ਫਿਰਨਾ। ਕੰਧਾਂ ਕੌਲਿਆਂ ’ਤੇ ਚੜ੍ਹ ਕੇ ਪੁੱਠੀਆਂ-ਸਿੱਧੀਆਂ ਛਾਲਾਂ ਮਾਰਨੀਆਂ ਮੇਰੀਆਂ ਮਨਭਾਉਂਦੀਆਂ ਬਾਲ ਖੇਡਾਂ ਵਿਚ ਸ਼ਾਮਲ ਸੀ। ਇਕ ਦਿਨ ਕੰਧੋਲੀ ’ਤੇ ਚੜ੍ਹ ਕੇ ਗੁਆਂਢੀਆਂ ਦੇ ਘਰ ਵੱਲ ਵੇਖਣ ਲੱਗ ਪਈ। ਭਾਬੀਆਂ ਦੀ ਥਾਂ ਲੱਗਦੀ ਗੁਆਂਢੀਆਂ ਦੀ ਬਹੂ ਚੱਕਵੇਂ ਚੁੱਲ੍ਹੇ ’ਤੇ ਪਿੱਤਲ ਦੀ ਪਤੀਲੀ ਧਰ ਕੇ ਹੱਥ ਵੱਟਵੀਆਂ ਸੇਵੀਆਂ ਬਣਾ ਰਹੀ ਸੀ। ਮੈਂ ਮਾਂ ਨੂੰ ਆਵਾਜ਼ ਮਾਰ ਕੇ ਕਿਹਾ,‘‘ਬੇਬੇ! ਮੈਨੂੰ ਵੀ ਸੇਵੀਆਂ ਬਣਾ ਕੇ ਦੇ।’’ ਉਹ ਕਹਿਣ ਲੱਗੀ, ‘‘ਪੁੱਤ! ਆਪਣੇ ਤਾਂ ਸੇਵੀਆਂ ਹੈ ਨ੍ਹੀਂ, ਆਪਾਂ ਤਾਂ ਐਤਕੀਂ ਵੱਟੀਆਂ ਹੀ ਨਹੀਂ।’’ ਮੈਂ ਮਾਂ ਤੋਂ ਪੁੱਛਿਆ, ‘‘ਕਿਉਂ? ਆਪਾਂ ਕਾਹਤੋਂ ਨ੍ਹੀਂ ਵੱਟੀਆਂ ਐਤਕੀਂ?’’ ਮੈਂ ਰੋਣਹਾਕੀ ਹੋ ਕੇ ਕਿਹਾ, ‘‘ਮੈਨੂੰ ਨ੍ਹੀਂ ਪਤਾ, ਮੈਂ ਤਾਂ ਹੁਣੇ ਇਸੇ ਵੇਲੇ ਸੇਵੀਆਂ ਖਾਣੀਆਂ।’’ ਮੈਂ ਉੱਚੀ-ਉੱਚੀ ਲੇਰਾਂ ਮਾਰਦੀ ਨੇ ਛੱਤ ਸਿਰ ’ਤੇ ਚੁੱਕ ਲਈ।
‘‘ਚਾਚੀ ਜੀ! ਕੁੜੀ ਕਾਹਤੋਂ ਰੋਂਦੀ ਐ?’’ ਗੁਆਂਢਣ ਵਹੁਟੀ ਨੇ ਕੰਧੋਲੀ ਉੱਤੋਂ ਦੀ ਸਿਰ ਕੱਢ ਕੇ ਪੁੱਛਿਆ।
‘‘ਕੁੜੇ ਬਹੂ! ਇਹ ਕਹਿੰਦੀ ਏ ਕਿ ਮੈਂ ਵੀ ਸੇਵੀਆਂ ਖਾਣੀਆਂ ਨੇ।’’ ਉਹਨੇ ਪੱਕਾ ਮਿੱਠਾ ਪਾ ਕੇ ਦੇਸੀ ਘਿਉ ਵਿਚ ਬਣਾਈਆਂ ਸੇਵੀਆਂ ਦੀ ਬਾਟੀ ਮਾਂ ਨੂੰ ਫੜਾਉਂਦਿਆਂ ਕਿਹਾ, ‘‘ਲਓ ਫੜੋ ਚਾਚੀ ਜੀ! ਖਵਾ ਦਿਉ ਇਹਨੂੰ।’’
ਮਾਂ ਨੂੰ ਉਮੀਦ ਸੀ ਕਿ ਹੁਣ ਪਰਚ ਜਾਵੇਗੀ ਪਰ ਮੈਂ ਉਨ੍ਹਾਂ ਸੇਵੀਆਂ ਵੱਲ ਝਾਕੀ ਵੀ ਨਾ ਤੇ ਉਵੇਂ ਹੀ ਰੋਂਦੀ-ਰੋਂਦੀ ਨੇ ਕਿਹਾ, ‘‘ਮੈਂ ਨ੍ਹੀਂ ਇਹ ਖਾਣੀਆਂ-ਖੂਣੀਆਂ, ਮੈਨੂੰ ਤਾਂ ਆਪਣੇ ਘਰੇ ਬਣਾ ਕੇ ਦੇ ਹੁਣੇ ਈਂ।’’
ਕੁਦਰਤੀ ਗੁਆਂਢਣ ਭਾਬੀ ਦੇ ਘਰੇ ਵੀ ਹੋਰ ਕੱਚੀਆਂ ਸੇਵੀਆਂ ਨਹੀਂ ਸਨ। ਮੈਂ ਲੱਤਾਂ ਲਮਕਾਈ ਕੰਧੋਲੀ ’ਤੇ ਬੈਠੀ ਲਗਾਤਾਰ ਰੋਈ ਜਾ ਰਹੀ ਸਾਂ। ਤਿੱਖੜ ਦੁਪਹਿਰ ਦਾ ਸਮਾਂ ਸੀ। ਸਾਡੇ ਵਾਲੇ ਪਾਸੇ ਕੰਧੋਲੀ ਦੇ ਨਾਲ ਬਣੇ ਮਿੱਟੀ ਦੇ ਹਾਰੇ ਵਿੱਚੋਂ ਥੋੜ੍ਹਾ ਸਮਾਂ ਪਹਿਲਾਂ ਹੀ ਮੇਰੀ ਬੇਬੇ ਦਾਲ ਵਾਲੀ ਹਾਂਡੀ ਲਾਹ ਕੇ ਅੰਦਰ ਲੈ ਕੇ ਗਈ ਸੀ। ਮਾਂ ਨੇ ਮੈਨੂੰ ਪਰਚਾਉਣ ਦੀਆਂ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਮੈਂ ਟੱਸ ਤੋਂ ਮੱਸ ਨਾ ਹੋਈ ਤੇ ਉੱਥੇ ਹੀ ਬੈਠੀ ਰੋਂਦੀ ਰਹੀ। ਜਦੋਂ ਅੱਕੀ ਹੋਈ ਮਾਂ ਮੈਨੂੰ ਚੁੱਕਣ ਆਈ ਤਾਂ ਮੈਂ ਗੁੱਸੇ ਵਿਚ ਆਈ ਨੇ ਕੰਧੋਲੀ ’ਤੇ ਖੜ੍ਹੀ ਹੋ ਕੇ ਛਾਲ ਮਾਰ ਦਿੱਤੀ। ਮੇਰਾ ਖੱਬਾ ਪੈਰ ਹਾਰੇ ਦੇ ਬਾਹਰ ਜਾ ਪਿਆ ਤੇ ਸੱਜਾ ਪੈਰ ਉਸ ਦੀ ਗਰਮ-ਗਰਮ ਭੁੱਬਲ ਵਿਚ ਜਾ ਪਿਆ। ਭੜਥੇ ਵਾਸਤੇ ਭੁੱਬਲ ਵਿਚ ਦੱਬੇ ਗੋਲ ਬਤਾਊਂ ਵਾਂਗ ਪੈਰ ਬੁਰੀ ਤਰ੍ਹਾਂ ਝੁਲਸ ਗਿਆ ਸੀ। ਮੈਨੂੰ ਰੋਂਦੀ-ਕੁਰਲਾਉਂਦੀ ਨੂੰ ਮਾਂ ਤੁਰੰਤ ਗੋਦੀ ਚੁੱਕ ਕੇ ਪਿੰਡ ਦੇ ਡਾਕਟਰ (ਆਰਐੱਮਪੀ) ਕੋਲ ਲੈ ਗਈ। ਡਾਕਟਰ ਕੋਲ ਜਿਹੋ-ਜਿਹੀ ਵੀ ਨਵੀਂ-ਪੁਰਾਣੀ ਮੱਲ੍ਹਮ ਪਈ ਸੀ, ਉਸ ਨੇ ਲਾ ਕੇ ਪੱਟੀ ਕਰ ਦਿੱਤੀ ਪਰ ਕੋਈ ਫ਼ਰਕ ਨਹੀਂ ਸੀ ਪਿਆ। ਪੈਰ ’ਤੇ ਵੱਡੇ-ਵੱਡੇ ਛਾਲੇ ਪੈ ਗਏ ਸਨ। ਕਿਸੇ ਵੱਡੇ ਹਸਪਤਾਲ ਵਿਚ ਇਲਾਜ ਕਰਵਾਉਣ ਦੀ ਮੇਰੇ ਕਿਰਤੀ ਮਾਪਿਆਂ ਕੋਲ ਨਾ ਵਿਹਲ ਸੀ, ਨਾ ਹੀ ਆਰਥਿਕ ਸਮਰੱਥਾ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਸਨ।
ਇਕ ਦਿਨ ਡਾਕਟਰ ਨੇ ਪੱਟੀ ਕਰਵਾਉਣ ਗਏ ਮੇਰੇ ਪਿਤਾ ਜੀ ਨੂੰ ਦੱਸਿਆ, ‘‘ਭਾਈ ਸਾਹਿਬ ਜੀ! ਲੜਕੀ ਦੇ ਪੈਰ ਦੀ ਹਾਲਤ ਇੰਨੀ ਵਿਗੜ ਗਈ ਹੈ ਕਿ ਹੁਣ ਮੇਰੇ ਕੋਲ ਇਸ ਦਾ ਪੈਰ ਕੱਟਣ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ, ਗੈਂਗਰੀਨ (ਪਲਮ) ਫੈਲ ਕੇ ਪੂਰੀ ਲੱਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਹੋਰ ਤਾਂ ਕੋਈ ਚਾਰਾ ਹੀ ਨਹੀਂ ਬਚਿਆ, ਬੋਲੋ ਗੱਲ ਕਰੋ, ਮਨਜ਼ੂਰ ਏ ਤੁਹਾਨੂੰ?’’ ਡਾਕਟਰ ਪਿਤਾ ਜੀ ਦਾ ਉੱਤਰ ਉਡੀਕ ਰਿਹਾ ਸੀ। ਪਿਤਾ ਜੀ ਨੇ ਦੋ ਕੁ ਮਿੰਟ ਸੋਚ ਕੇ ਮੈਨੂੰ ਡਾਕਟਰ ਦੇ ਮੇਜ਼ ’ਤੇ ਲਿਟਾ ਦਿੱਤਾ ਤੇ ਕਿਹਾ, ‘‘ਪੈਰ ਕੱਟਣ ਨਾਲੋਂ ਬਿਹਤਰ ਹੈ ਕਿ ਤੁਸੀਂ ਮੇਰੇ ਸਾਹਮਣੇ ਹੀ ਮੇਰੀ ਧੀ ਦੇ ਜ਼ਹਿਰ ਦਾ ਟੀਕਾ ਲਾ ਦਿਉ, ਚਹੁੰ ਦਿਨਾਂ ਨੂੰ ਇਸ ਨੇ ਵੱਡੀ ਵੀ ਹੋਣਾ ਏਂ, ਮੈਂ ਇਸ ਨੂੰ ਮੰਗਣ-ਵਿਆਹੁਣ ਲੱਗਿਆਂ ਕੀਹਦੀਆਂ ਮਿੰਨਤਾਂ ਕਰਦਾ ਫਿਰਾਂਗਾ ਕਿ ਮੇਰੀ ਇਸ ਅੰਗਹੀਣ ਧੀ ਦਾ ਸਾਕ ਲੈ ਲਵੋ। ਕੋਈ ਗੱਲ ਨਹੀਂ, ਮੈਂ ਇਸ ਦੀ ਮੌਤ ਦਾ ਸਦਮਾ ਬਰਦਾਸ਼ਤ ਕਰ ਲਵਾਂਗਾ ਪਰ ਸਾਰੀ ਉਮਰ ਘਰ ਵਿਚ ਅੰਗਹੀਣ ਧੀ ਝੱਲਣੀ ਮੇਰੇ ਲਈ ਮੁਸ਼ਕਲ ਕੰਮ ਹੋਵੇਗਾ।’’ ਇਹ ਸ਼ਬਦ ਉਨ੍ਹਾਂ ਨੇ ਕਿੰਨੇ ਦੁਖੀ ਮਨ ਨਾਲ ਕਹੇ ਹੋਣਗੇ, ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੈ। ਡਾਕਟਰ ਨੇ ਪਿਤਾ ਜੀ ਵੱਲ ਧਿਆਨ ਨਾਲ ਵੇਖਿਆ। ਉਨ੍ਹਾਂ ਨੂੰ ਉਦਾਸ ਤੇ ਦੁਖੀ ਖੜ੍ਹੇ ਦੇਖ ਕੇ ਡਾਕਟਰ ਨੂੰ ਉਨ੍ਹਾਂ ’ਤੇ ਤਰਸ ਆ ਗਿਆ। ਉਹ ਖ਼ੁਦ ਵੀ ਬੱਚਿਆਂ ਵਾਲਾ ਸੀ ਤੇ ਇਕ ਪਿਉ ਦੇ ਦਰਦ ਨੂੰ ਭਲੀਭਾਂਤ ਮਹਿਸੂਸ ਕਰ ਸਕਦਾ ਸੀ। ਦੂਜੇ ਦਿਨ ਹੀ ਉਹ ਲਾਗਲੇ ਸ਼ਹਿਰ ਦੋਰਾਹੇ ਗਿਆ ਤੇ ਆਪਣੇ ਪੱਲਿਓਂ ਪੈਸੇ ਖ਼ਰਚ ਕੇ ਕਾਫ਼ੀ ਮਹਿੰਗੀਆਂ ਮੱਲ੍ਹਮ ਦੀਆਂ ਟਿਊਬਾਂ, ਪਾਊਡਰ, ਪੱਟੀਆਂ ਤੇ ਹੋਰ ਲੋੜੀਂਦਾ ਸਾਜ਼ੋ-ਸਾਮਾਨ ਖ਼ਰੀਦ ਲਿਆਇਆ। ਹਰ ਰੋਜ਼ ਉਹ ਬੜੀ ਮਿਹਨਤ ਨਾਲ ਜ਼ਖ਼ਮਾਂ ਨੂੰ ਸਾਫ਼ ਕਰ ਕੇ ਪੱਟੀ ਕਰਦਾ। ਅੱਜ ਹੋਰ, ਭਲਕ ਹੋਰ, ਪੈਰ ਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ ਸੀ। ਜ਼ਖ਼ਮ ਸੁੱਕਣ ਲੱਗ ਪਏ। ਮੇਰੇ ਪੈਰ ਤੋਂ ਸੜੇ ਹੋਣ ਦੇ ਨਿਸ਼ਾਨ ਤਾਂ ਅਜੇ ਤੱਕ ਵੀ ਨਹੀਂ ਗਏ ਪਰ ਮੈਨੂੰ ਇਸ ਘਟਨਾ ਤੋਂ ਬਾਅਦ ਕਦੇ ਕੋਈ ਤਕਲੀਫ਼ ਨਹੀਂ ਹੋਈ।
ਕੁਦਰਤ ਦੇ ਰੰਗ ਦੇਖੋ! ਮੈਥੋਂ ਕਈ ਵਰ੍ਹੇ ਛੋਟੀਆਂ ਸਾਡੇ ਘਰ ਉਪਰੋਥਲੀ ਦੋ ਅੰਗਹੀਣ ਕੁੜੀਆਂ ਪੈਦਾ ਹੋਈਆਂ ਜਿਹੜੀਆਂ ਚਾਰ-ਚਾਰ ਸਾਲਾਂ ਦੀਆਂ ਹੋ ਕੇ ਮਰ ਗਈਆਂ। ਉਹ ਦੋਵੇਂ ਭੈਣਾਂ ਲੱਤਾਂ ਤੋਂ ਨਕਾਰਾ ਸਨ ਤੇ ਜਿੰਨਾ ਚਿਰ ਜਿਉਂਦੀਆਂ ਰਹੀਆਂ, ਤੁਰ ਕੇ ਇਕ ਡਿੰਗ ਵੀ ਨਾ ਪੁੱਟ ਸਕੀਆਂ।
ਇਉਂ ਲੱਗਦਾ ਸੀ ਜਿਵੇਂ ਮੇਰੀਆਂ ਅੰਗਹੀਣ ਭੈਣਾਂ ਨੂੰ ਸਾਡੇ ਘਰ ਭੇਜ ਕੇ ਕੁਦਰਤ ਨੇ ਮੇਰੇ ਪਿਤਾ ਜੀ ਨੂੰ ਇਹ ਨਸੀਹਤ ਦਿੱਤੀ ਹੋਵੇ ਕਿ ਅੰਗਹੀਣ ਬੱਚੇ ਵੀ ਰੱਬ ਦੇ ਭੇਜੇ ਹੋਏ ਹੀ ਧਰਤੀ ’ਤੇ ਆਉਂਦੇ ਹਨ। ਕੋਈ ਮਾਂ-ਬਾਪ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਘਰ ਅਪਾਹਜ ਬੱਚਾ ਪੈਦਾ ਹੋਵੇ ਜਾਂ ਕਿਸੇ ਹਾਦਸੇ ਕਾਰਨ ਅਪਾਹਜ ਹੋ ਜਾਵੇ ਪਰ ਕੁਦਰਤ ਦਾ ਆਪਣਾ ਵਿਧੀ-ਵਿਧਾਨ ਹੈ। ਉਸ ਬੇਪਰਵਾਹ ਰਚਣਹਾਰੀ ਦੇ ਸਾਹਮਣੇ ਮਨੁੱਖ ਦੀ ਔਕਾਤ ਹੀ ਕੀ ਹੈ! ਮਨੁੱਖ ਭਾਵੇਂ ਆਪਣੇ-ਆਪ ਨੂੰ ਕਿੰਨਾ ਵੀ ਖੱਬੀਖਾਨ ਕਿਉਂ ਨਾ ਕਹਾਉਂਦਾ ਹੋਵੇ ਪਰ ਉਹ ਕਿਸੇ ਵੀ ਹਾਲਤ ਵਿਚ ਕੁਦਰਤ ਨਾਲੋਂ ਵੱਧ ਤਾਕਤਵਰ ਨਹੀਂ ਹੋ ਸਕਦਾ ਕਿਉਂਕਿ ਕੁਦਰਤ ਦੀ ਤਾਕਤ ਅਪਾਰ ਹੈ। ਉਸ ਦੀ ਮਰਜ਼ੀ ਮਨੁੱਖ ਦੀ ਸੋਚ ਨਾਲ ਕਦੇ ਵੀ ਮੇਲ ਨਹੀਂ ਖਾ ਸਕਦੀ।
-ਸੰਪਰਕ : 78146-98117