ਸਾਈਕਲ ਨੂੰ ਅਮੀਰ ਤੇ ਗ਼ਰੀਬ, ਦੋਹਾਂ ਦੀ ਸਵਾਰੀ ਮੰਨਿਆ ਜਾਂਦਾ ਹੈ। ਇਸ ਨੂੰ ਚਲਾਉਣ ਨਾਲ ਮਨੁੱਖ ਦੀ ਤੰਦਰੁਸਤੀ ਬਰਕਰਾਰ ਰਹਿੰਦੀ ਹੈ। ਮਹਾਨ ਵਿਗਿਆਨੀ ਆਈਨਸਟਾਈਨ ਨੇ ਜੀਵਨ ਦੀ ਤੁਲਨਾ ਸਾਈਕਲ ਨਾਲ ਕੀਤੀ ਹੈ, ‘ਸਾਈਕਲ ਗਤੀ ਦਾ ਪ੍ਰਤੀਕ ਹੈ, ਚੱਲਦੇ ਰਹਿਣਾ ਹੀ ਜ਼ਿੰਦਗੀ ਹੈ। ਖੜੌਤ ਅਤੇ ਸੜਾਂਦ ਦਾ ਅਰਥ ਹੈ ਕਿ ਦੁਨੀਆ ਤੋਂ ਦੂਰ। ਅੱਜ ਕੋਈ ਵੀ ਅਜਿਹਾ ਘਰ ਨਹੀਂ ਹੋਵੇਗਾ ਜਿੱਥੇ ਜੀਵਨ ਦਾ ਸੱਚਾ ਹਮਦਰਦ ਸਾਈਕਲ ਨਾ ਖੜ੍ਹਾ ਹੋਵੇ।

ਸਾਈਕਲ ਨੂੰ ਅਮੀਰ ਤੇ ਗ਼ਰੀਬ, ਦੋਹਾਂ ਦੀ ਸਵਾਰੀ ਮੰਨਿਆ ਜਾਂਦਾ ਹੈ। ਇਸ ਨੂੰ ਚਲਾਉਣ ਨਾਲ ਮਨੁੱਖ ਦੀ ਤੰਦਰੁਸਤੀ ਬਰਕਰਾਰ ਰਹਿੰਦੀ ਹੈ। ਮਹਾਨ ਵਿਗਿਆਨੀ ਆਈਨਸਟਾਈਨ ਨੇ ਜੀਵਨ ਦੀ ਤੁਲਨਾ ਸਾਈਕਲ ਨਾਲ ਕੀਤੀ ਹੈ, ‘ਸਾਈਕਲ ਗਤੀ ਦਾ ਪ੍ਰਤੀਕ ਹੈ, ਚੱਲਦੇ ਰਹਿਣਾ ਹੀ ਜ਼ਿੰਦਗੀ ਹੈ। ਖੜੌਤ ਅਤੇ ਸੜਾਂਦ ਦਾ ਅਰਥ ਹੈ ਕਿ ਦੁਨੀਆ ਤੋਂ ਦੂਰ। ਅੱਜ ਕੋਈ ਵੀ ਅਜਿਹਾ ਘਰ ਨਹੀਂ ਹੋਵੇਗਾ ਜਿੱਥੇ ਜੀਵਨ ਦਾ ਸੱਚਾ ਹਮਦਰਦ ਸਾਈਕਲ ਨਾ ਖੜ੍ਹਾ ਹੋਵੇ। ਕਿਸੇ ਘਰ ਬਹੁਤ ਮਹਿੰਗੇ, ਸਸਤੇ ਅਤੇ ਕਿਸੇ ਵਿਹੜੇ ਸ਼ਿੰਗਾਰੇ ਅਤੇ ਕਿਸੇ ਘਰ ਨੁੱਕਰ ਵਿਚ ਟਾਇਰਾਂ ਤੋਂ ਸੱਖਣਾ ਸਾਈਕਲ ਜ਼ਰੂਰ ਪਿਆ ਹੋਵੇਗਾ। ਸਾਈਕਲ ਬੜਾ ਲਾਭਕਾਰੀ ਹੈ ਕਿਉਂਕਿ ਹਰ ਰੋਜ਼ ਮਹਿੰਗੇ ਹੋ ਰਹੇ ਪੈਟਰੋਲ ਦਾ ਖ਼ਰਚਾ, ਵਧਦਾ ਪ੍ਰਦੂਸ਼ਣ ਤੇ ਸ਼ੋਰ ਮਨ ਨੂੰ ਕਚੀਚਦਾ ਰਹਿੰਦਾ ਹੈ। ਟਰੈਫਿਕ ਦੀ ਘੜਮੱਸ ਵਿਚ ਸਾਈਕਲ ਚਲਾਉਣ ਵਾਲਾ ਇੰਜ ਲੰਘ ਜਾਂਦਾ ਹੈ ਜਿਵੇਂ ਹਵਾ ਦਾ ਬੁੱਲਾ। ਨਾ ਭੀੜ ਦਾ ਡਰ, ਨਾ ਟਰੈਫਿਕ ਜਾਮ ਲੱਗਣ ਦਾ ਖ਼ੌਫ਼। ਪਾਰਕਿੰਗ ਦਾ ਵੀ ਕੋਈ ਬਹੁਤਾ ਪੰਗਾ ਨਹੀਂ। ਵਿਦੇਸ਼ਾਂ ਵਿਚ ਤਾਂ ਕਈ ਥਾਈਂ ਸਾਈਕਲ ਚਲਾਉਣ ਵਾਲਿਆਂ ਲਈ ਵੱਖਰੇ ਟਰੈਕ ਹਨ। ਕਈ ਮੁਲਕਾਂ ਦੇ ਤਾਂ ਮੁਖੀ ਤਕ ਸਾਈਕਲ ਚਲਾਉਂਦੇ ਹਨ। ਸਾਈਕਲ ਕਲੱਬ ਵੀ ਬੜੇ ਬਣੇ ਹੋਏ ਹਨ। ਸਾਈਕਲ ਰੈਲੀਆਂ ਹੋ ਰਹੀਆਂ ਹਨ, ਸਾਈਕਲਿੰਗ ਦੀਆਂ ਇਨ੍ਹਾਂ ਖੂਬੀਆਂ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ ਅਪ੍ਰੈਲ 2018 ’ਚ ਇਕ ਮਤੇ ਰਾਹੀਂ ਤਿੰਨ ਜੂਨ ਨੂੰ ਕੌਮਾਂਤਰੀ ਬਾਈਸਾਈਕਲ ਦਿਵਸ ਐਲਾਨਿਆ ਹੈ। ਹੁਣ ਤਕ ਪੂਰੇ ਸੰਸਾਰ ਵਿਚ ਇਹ ਸੰਦੇਸ਼ ਜਾ ਚੁੱਕਾ ਹੈ ਕਿ ਸਾਈਕਲ ਸਮੁੱਚੀ ਮਾਨਵਤਾ ਦਾ ਹੈ ਅਤੇ ਉਸ ਦੀ ਸੇਵਾ ਕਰਦਾ ਹੈ ਭਾਵ ਸਾਈਕਲ ਇਕ ਸਦਾਬਹਾਰ , ਵਿਸ਼ਵਾਸੀ, ਭਰੋਸੇਯੋਗ, ਸਾਫ਼ ਅਤੇ ਵਾਤਾਵਰਨ ਪੱਖੋਂ ਇਕ ਢੁੱਕਵਾਂ ਤੇ ਨਿਭਣਯੋਗ ਸਾਧਨ ਹੈ। ਅਮਰੀਕਾ ’ਚ ਕੰਮ ਕਰਦੇ ਪ੍ਰੋਫੈਸਰ ਲੈਂਜ਼ਿੰਗ ਸਿਵਲ ਸਕੀ ਜੋ ਖ਼ੁਦ ਟਰੈਕ ਸਾਈਕਲਿਸਟ ਵੀ ਹਨ, ਨੇ ਆਪਣੀ ਸਮਾਜ ਸ਼ਾਸਤਰ ਦੀ ਜਮਾਤ ਦੀ ਮਦਦ ਨਾਲ ਇਸ ਮਤੇ ਨੂੰ ਖ਼ੂਬ ਪ੍ਰਚਾਰਿਆ। ਇਕ ਤਰ੍ਹਾਂ ਉਹੀ ਇਸ ਦਿਵਸ ਦਾ ਜਨਮਦਾਤਾ ਹੈ। ਸਾਈਕਲ ਚਲਾਉਣ ਦੇ ਹੋਰ ਵੀ ਬੜੇ ਲਾਭ ਹਨ। ਇਸ ਨਾਲ ਸਿਰਫ਼ ਸਰੀਰ ਹੀ ਤੰਦਰੁਸਤ ਨਹੀਂ ਰਹਿੰਦਾ ਸਗੋਂ ਮਨ ਵੀ ਰਾਜ਼ੀ ਰਹਿੰਦਾ ਹੈ। ਇਹ ਮੋਟਾਪੇ, ਸ਼ੂਗਰ ਅਤੇ ਹੋਰ ਮਰਜ਼ਾਂ ਲਈ ਫ਼ਾਇਦੇਮੰਦ ਹੈ ਕਿਉਂਕਿ ਇਸ ਨਾਲ ਭਾਰ ਘਟਦਾ ਹੈ। ਪਿਛਲੇ ਸਮਿਆਂ ਦੌਰਾਨ ਲਾਕਡਾਊਨ ਵਰਗੇ ਹਾਲਾਤ ਵਿਚ ਲੋਕਾਂ ਨੇ ਸਾਈਕਲ ਦੀ ਸੁਚੱਜੀ ਵਰਤੋਂ ਕਰਦਿਆਂ ਆਪਣੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਹੋਰ ਮਜ਼ਬੂਤ ਕੀਤਾ ਹੈ। ਸਾਨੂੰ ਸਾਰਿਆਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਸਾਈਕਲ ਦੀ ਵਰਤੋਂ ਕਰਦਿਆਂ ਮਾਣ ਮਹਿਸੂਸ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਦੀ ਹੋਂਦ ਤੰਦਰੁਸਤ ਜੀਵਨ ਦੀ ਸੁਚੱਜੀ ਅਗਵਾਈ ਕਰਦੀ ਰਹੇਗੀ।

-ਸੁਖਵਿੰਦਰ ਮੋਹਨ ਸਿੰਘ ਭਾਟੀਆ
ਮੋਬਾਈਲ : 98152-64488