ਸਾਨੂੰ ਇੱਥੇ ਨੌਕਰੀ ਕਰਦਿਆਂ ਨੂੰ ਤਕਰੀਬਨ ਛੇ ਮਹੀਨੇ ਹੋ ਗਏ ਸਨ। ਇਸ ਦੌਰਾਨ ਮੈਂ ਤਾਂ ਕਈ ਵਾਰ ਪੰਜਾਬ ਆਪਣੇ ਘਰ ਗੇੜਾ ਲਾ ਆਇਆ ਸਾਂ ਪਰ ਕੇਰਲ ਦੂਰ ਹੋਣ ਕਰਕੇ ਗੀਤਾਂਜਲੀ ਆਪਣੇ ਘਰ ਨਾ ਜਾ ਸਕੀ। ਉਸ ਦਾ ਮਨ ਅੱਕ ਗਿਆ ਸੀ। ਸੋ, ਉਸ ਨੇ ਛੁੱਟੀਆਂ ਲਈਆਂ ਤੇ ਕੇਰਲ ਵਾਲੀ ਗੱਡੀ ਚੜ੍ਹ ਗਈ। ਜਾਂਦੇ-ਜਾਂਦੇ ਮੈਨੂੰ ਕਹਿ ਗਈ ਕਿ ਜੇ ਕੇਰਲ ਦੀ ਖ਼ੂਬਸੂਰਤੀ ਵੇਖਣੀ ਏ ਤਾਂ ਆ ਜਾਵੀਂ।

ਯੂਨੀਵਰਸਿਟੀ ਦੀ ਪੜ੍ਹਾਈ ਖ਼ਤਮ ਕਰ ਕੇ ਜ਼ਿੰਦਗੀ ਦੇ ਅਗਲੇ ਸੰਘਰਸ਼ ਲਈ ਮੈਂ ਆਕਾਸ਼ਵਾਣੀ ਦਿੱਲੀ ਚਲਾ ਗਿਆ। ਉੱਥੋਂ ਦੀ ਵਿਸ਼ਾਲ ਦੁਨੀਆ ’ਚ ਵੱਖੋ-ਵੱਖਰੀਆਂ ਭਾਸ਼ਾਵਾਂ ਅਤੇ ਭਾਰਤ ਦੇ ਸਾਰੇ ਰਾਜਾਂ ਦੇ ਲੋਕ ਸਨ। ਜਿਸ ਦਿਨ ਮੈਂ ਆਕਾਸ਼ਵਾਣੀ ਜੁਆਇੰਨ ਕੀਤੀ, ਉਸੇ ਦਿਨ ਮੇਰੇ ਨਾਲ ਕੇਰਲ ਤੋਂ ਆਈ ਗੀਤਾਂਜਲੀ ਨਾਂ ਦੀ ਕੁੜੀ ਨੇ ਅੰਗਰੇਜ਼ੀ ਦੀ ਅਨਾਊਂਸਰ ਵਜੋਂ ਜੁਆਇੰਨ ਕੀਤਾ ਸੀ। ਪਤਲੀ ਜਿਹੀ ਤਿੱਖੇ ਨੈਣ-ਨਕਸ਼ਾਂ ਤੇ ਸਾਂਵਲੇ ਰੰਗ ਵਾਲੀ ਗੀਤਾਂਜਲੀ ਦਾ ਕੱਦ ਮੇਰੇ ਕੰਨਾਂ ਤੱਕ ਆਉਂਦਾ ਸੀ। ਉਹ ਵੀ ਮੇਰੀ ਤਰ੍ਹਾਂ ਪਹਿਲੀ ਵਾਰ ਦਿੱਲੀ ਆਈ ਸੀ ਤੇ ਦਿੱਲੀ ਰਹਿੰਦੀ ਆਪਣੀ ਕਿਸੇ ਜਾਣੂ ਔਰਤ ਨਾਲ ਏਥੇ ਆਈ ਸੀ। ਗੀਤਾਂਜਲੀ ਨਾਲ ਪਹਿਲੇ ਦਿਨ ਦੀ ਹੈਲੋ-ਹੈਲੋ ਨੇ ਪੂਰੇ ਦਿਨ ਦੀ ਦੋਸਤੀ ਪਵਾ ਦਿੱਤੀ।
ਦਫ਼ਤਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅਸੀਂ ਇਕੱਠਿਆਂ ਨੇ ਚਾਹ-ਨਾਸ਼ਤਾ ਕੀਤਾ ਤੇ ਆਕਾਸ਼ਵਾਣੀ ਦੇ ਸਾਰੇ ਕੰਪਲੈਕਸ ਦਾ ਚੱਕਰ ਲਾਇਆ। ਸੁਭਾਵਿਕ ਸੀ ਕਿ ਗੀਤਾਂਜਲੀ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਮੈਨੂੰ ਮਲਿਆਲੀ। ਉਸ ਨੂੰ ਹਿੰਦੀ ਬੋਲਣ ਵਿਚ ਵੀ ਤਕਲੀਫ਼ ਹੁੰਦੀ ਸੀ ਤੇ ਮੈਂ ਅੰਗਰੇਜ਼ੀ ਵਿਚ ਹੱਥ ਘੁੱਟਦਾ ਸੀ।
ਗੀਤਾਂਜਲੀ ਤੇ ਮੈਂ ਹਰ ਰੋਜ਼ ਇਕੱਠੇ ਹੀ ਦਫ਼ਤਰ ਆਉਂਦੇ ਤੇ ਆਪਣਾ ਦਫ਼ਤਰੀ ਕੰਮਕਾਰ ਖ਼ਤਮ ਕਰ ਕੇ ਇਕੱਠੇ ਹੀ ਖਾਂਦੇ-ਪੀਦੇ ਤੇ ਘੁੰਮਦੇ-ਫਿਰਦੇ। ਥੋੜ੍ਹੇ ਦਿਨਾਂ ਵਿਚ ਹੀ ਸਾਡੀ ਭਾਸ਼ਾ ਦੀ ਦੀਵਾਰ ਵੀ ਖ਼ਤਮ ਹੋ ਗਈ ਸੀ। ਉਹ ਹੁਣ ਚੰਗੀ ਹਿੰਦੀ ਬੋਲਣ ਲੱਗ ਗਈ ਸੀ ਤੇ ਮੇਰਾ ਵੀ ਅੰਗਰੇਜ਼ੀ ਵਿਚ ਹੱਥ ਖੁੱਲ੍ਹ ਗਿਆ ਸੀ। ਉਸ ਨੇ ਮਲਿਆਲੀ ਦੇ ਕੁਝ ਕੁ ਸ਼ਬਦ ਮੈਨੂੰ ਸਿਖਾ ਦਿੱਤੇ ਤੇ ਮੈਂ ਉਸ ਨੂੰ ਪੰਜਾਬੀ ਦੇ। ਗੀਤਾਂਜਲੀ ਕੇਰਲ ਦੇ ਕੋਚੀਨ ਸ਼ਹਿਰ ਦੀ ਰਹਿਣ ਵਾਲੀ ਸੀ। ਉਸ ਦੇ ਡੈਡੀ ਓਥੋਂ ਦੇ ਡਿਪਟੀ ਕਮਿਸ਼ਨਰ ਸਨ। ਮੈਂ ਕੇਰਲ ਬਾਰੇ ਪੜ੍ਹਿਆ-ਸੁਣਿਆ ਤਾਂ ਬਹੁਤ ਸੀ ਕਿ ਉਹ ਭਾਰਤ ਦਾ ਸਭ ਤੋਂ ਖ਼ੂਬਸੂਰਤ ਤੇ ਸੌ ਫ਼ੀਸਦ ਸਾਖ਼ਰਤਾ ਵਾਲਾ ਸੂਬਾ ਏ ਪਰ ਗੀਤਾਂਜਲੀ ਦੇ ਮੂੰਹੋਂ ਉਸ ਸੂਬੇ ਦੀ ਤਾਰੀਫ਼ ਸੁਣ ਕੇ ਓਥੇ ਜਾਣ ਦੀ ਤਮੰਨਾ ਹੋਈ।
ਸਾਨੂੰ ਇੱਥੇ ਨੌਕਰੀ ਕਰਦਿਆਂ ਨੂੰ ਤਕਰੀਬਨ ਛੇ ਮਹੀਨੇ ਹੋ ਗਏ ਸਨ। ਇਸ ਦੌਰਾਨ ਮੈਂ ਤਾਂ ਕਈ ਵਾਰ ਪੰਜਾਬ ਆਪਣੇ ਘਰ ਗੇੜਾ ਲਾ ਆਇਆ ਸਾਂ ਪਰ ਕੇਰਲ ਦੂਰ ਹੋਣ ਕਰਕੇ ਗੀਤਾਂਜਲੀ ਆਪਣੇ ਘਰ ਨਾ ਜਾ ਸਕੀ। ਉਸ ਦਾ ਮਨ ਅੱਕ ਗਿਆ ਸੀ। ਸੋ, ਉਸ ਨੇ ਛੁੱਟੀਆਂ ਲਈਆਂ ਤੇ ਕੇਰਲ ਵਾਲੀ ਗੱਡੀ ਚੜ੍ਹ ਗਈ। ਜਾਂਦੇ-ਜਾਂਦੇ ਮੈਨੂੰ ਕਹਿ ਗਈ ਕਿ ਜੇ ਕੇਰਲ ਦੀ ਖ਼ੂਬਸੂਰਤੀ ਵੇਖਣੀ ਏ ਤਾਂ ਆ ਜਾਵੀਂ। ਮੈਂ ਦਸ ਕੁ ਦਿਨ ਓਥੇ ਹੀ ਆਂ। ਉਸ ਦੇ ਜਾਣ ਤੋਂ ਦੂਜੇ ਦਿਨ ਹੀ ਮੇਰੇ ਦਿਲ ਨੂੰ ਅੱਚਵੀਂ ਲੱਗ ਗਈ। ਦਿਲ ਕਰੇ ਕਿ ਉੱਡ ਕੇ ਕੇਰਲ ਚਲਾ ਜਾਵਾਂ। ਸ਼ਾਮ ਨੂੰ ਸਟੇਸ਼ਨ ’ਤੇ ਜਾ ਕੇ ਕੋਚੀਨ ਲਈ ਸੀਟ ਬੁੱਕ ਕਰਵਾ ਲਈ। ਮੇਰੀ ਖ਼ੁਸ਼ਕਿਸਮਤੀ ਕਿ ਦੂਸਰੇ ਦਿਨ ਦੀ ਟਰੇਨ ਮਿਲ ਗਈ। ਛੱਤੀ ਘੰਟੇ ਦਾ ਸਫ਼ਰ ਪੂਰਾ ਕਰ ਕੇ ਤੀਜੇ ਦਿਨ ਸ਼ਾਮ ਦੇ ਤਕਰੀਬਨ ਚਾਰ ਕੁ ਵਜੇ ਮੈਂ ਕੋਚੀਨ ਪਹੁੰਚ ਗਿਆ।
ਸਟੇਸ਼ਨ ਤੋਂ ਬਾਹਰ ਨਿਕਲ ਕੇ ਆਟੋ ਫੜਿਆ ਤੇ ਪੰਦਰਾਂ-ਵੀਹ ਮਿੰਟਾਂ ਵਿਚ ਡੀਸੀ ਸਾਹਿਬ ਦੇ ਬੰਗਲੇ ਦਾ ਗੇਟ ਜਾ ਖੜਕਾਇਆ। ਹੈਰਾਨੀ ਦੀ ਗੱਲ ਸੀ ਕਿ ਗੇਟ ’ਤੇ ਨਾ ਕੋਈ ਸੁਰੱਖਿਆ ਗਾਰਡ ਸੀ, ਨਾ ਹੀ ਕੋਈ ਚੌਕੀਦਾਰ। ਡੀਸੀ ਸਾਹਿਬ ਦਾ ਬੜਾ ਸਾਧਾਰਨ ਤੇ ਛੋਟਾ ਜਿਹਾ ਬੰਗਲਾ ਸੀ। ਕੁਝ ਕੁ ਮਿੰਟਾਂ ਬਾਅਦ ਗੇਟ ਖੁੱਲ੍ਹਣ ਦੀ ਆਵਾਜ਼ ਆਈ। ਸਾਹਮਣੇ ਗੀਤਾਂਜਲੀ ਸੀ। ਉਹ ਮੈਨੂੰ ਵੇਖ ਕੇ ਬੜੀ ਹੈਰਾਨ ਹੋਈ ਤੇ ਬੋਲੀ, “ਹਾਏ, ਮੈਂ ਕੋਈ ਸੁਪਨਾ ਤਾਂ ਨਹੀਂ ਵੇਖ ਰਹੀ।” ਮੈਂ ਜਵਾਬ ਦਿੱਤਾ,“ਨਹੀਂ, ਮੈਂ ਜਿਉਂਦਾ-ਜਾਗਦਾ ਤੇਰੇ ਸਾਹਮਣੇ ਹਾਂ।” ਮੈਨੂੰ ਬੈਠਕ ਵਿਚ ਬਿਠਾ ਕੇ ਖ਼ੁਦ ਹੀ ਪਾਣੀ ਦਾ ਗਲਾਸ ਲੈ ਆਈ। ਉਸ ਦੀ ਮੰਮੀ ਵੀ ਆ ਗਈ ਸੀ। ਉਹ ਮੈਨੂੰ ਵੇਖ ਕੇ ਬਹੁਤ ਖ਼ੁਸ਼ ਹੋਈ। ਸਾਡੇ ਗੱਲਾਂ ਕਰਦਿਆਂ ਗੀਤਾਂਜਲੀ ਦੇ ਡੈਡੀ ਦੀ ਅੰਬੈਸਡਰ ਗੱਡੀ ਆ ਗਈ। ਨਾਲ ਕੋਈ ਗੰਨਮੈਨ ਨਹੀਂ, ਸਿਰਫ ਡਰਾਈਵਰ ਸੀ। ਸਫ਼ੇਦ ਕਮੀਜ਼-ਲੂੰਗੀ ਅਤੇ ਅੰਗੂਠੇ ਵਾਲੀਆਂ ਚੱਪਲਾਂ ਪਾਈ, ਗੂੜ੍ਹੇ ਕਾਲੇ ਰੰਗ ਅਤੇ ਲੰਬੇ ਕੱਦ ਵਾਲੇ ਡੀਸੀ ਸਾਹਿਬ ਜਬਰਦਸਤ ਸ਼ਖ਼ਸੀਅਤ ਦੇ ਮਾਲਕ ਲੱਗ ਰਹੇ ਸਨ। ਗੇਟ ਖੋਲ੍ਹਣ ਗਈ ਗੀਤਾਂਜਲੀ ਨੇ ਕਾਰ ’ਚੋਂ ਉਤਰਦਿਆਂ ਹੀ ਆਪਣੇ ਡੈਡੀ ਨੂੰ ਮੇਰੇ ਆਉਣ ਬਾਰੇ ਦੱਸ ਦਿੱਤਾ ਸੀ।
ਬੈਠਕ ਵਿਚ ਆ ਕੇ ਡੀਸੀ ਸਾਹਿਬ ਬੜੀ ਗਰਮਜੋਸ਼ੀ ਨਾਲ ਮੈਨੂੰ ਮਿਲੇ। ਗੀਤਾਂਜਲੀ ਨੇ ਆਪਣੇ ਮਾਪਿਆਂ ਨੂੰ ਮੇਰੇ ਬਾਰੇ ਪਹਿਲਾਂ ਹੀ ਸਭ ਕੁਝ ਦੱਸਿਆ ਹੋਇਆ ਸੀ ਤੇ ਮੈਂ ਵੀ ਉਨ੍ਹਾਂ ਬਾਰੇ ਸਾਰਾ ਕੁਝ ਜਾਣਦਾ ਸਾਂ। ਸੋ, ਬਿਨਾਂ ਰਸਮੋਂ-ਰਿਵਾਜ਼ ਅਤੇ ਸੰਗ-ਸ਼ਰਮ ਦੇ ਸਾਡੀਆਂ ਗੱਲਾਂ ਸ਼ੁਰੂ ਹੋ ਗਈਆਂ। ਡੀਸੀ ਸਾਹਿਬ ਹਿੰਦੀ ਭਾਸ਼ਾ ਚੰਗੀ ਤਰ੍ਹਾਂ ਬੋਲ ਤੇ ਸਮਝ ਲੈਂਦੇ ਸਨ ਪਰ ਉਨ੍ਹਾਂ ਦੀ ਪਤਨੀ ਨਾਮਾਤਰ ਸਮਝਦੀ ਸੀ। ਗੀਤਾਂਜਲੀ ਮੇਰੀ ਗੱਲ ਨੂੰ ਆਪਣੀ ਭਾਸ਼ਾ ਵਿਚ ਅਨੁਵਾਦ ਕਰ ਕੇ ਆਪਣੀ ਮੰਮੀ ਨੂੰ ਦੱਸਦੀ ਰਹੀ। ਇਸੇ ਦੌਰਾਨ ਗਰਾਊਂਡ ਵਿਚ ਖੇਡਣ ਗਿਆ ਗੀਤਾਂਜਲੀ ਦਾ ਛੋਟਾ ਭਰਾ ਭਾਸਕਰ ਵੀ ਆ ਗਿਆ। ਉਹ ਵੀ ਮੇਰੇ ਬਾਰੇ ਚੰਗੀ ਤਰ੍ਹਾਂ ਜਾਣੂ ਸੀ। ਗੀਤਾਂਜਲੀ ਦੱਸਦੀ ਹੁੰਦੀ ਸੀ ਕਿ ਭਾਸਕਰ ਕਾਲਜ ਵਿਚ ਪੜ੍ਹਦਾ ਹੈ ਤੇ ਕ੍ਰਿਕਟ ਦਾ ਚੰਗਾ ਖਿਡਾਰੀ ਹੈ।
ਡੀਸੀ ਸਾਹਿਬ ਕੌਫ਼ੀ ਦੇ ਬਹੁਤ ਸ਼ੌਕੀਨ ਜਾਪਦੇ ਸਨ। ਦੋ-ਢਾਈ ਘੰਟਿਆਂ ਦੀ ਗੁਫ਼ਤਗੂ ਦੌਰਾਨ ਚਾਰ ਵਾਰ ਕੌਫ਼ੀ ਪੀ ਗਏ ਤੇ ਓਨੀ ਵਾਰ ਹੀ ਮੈਨੂੰ ਪਿਲਾਉਂਦੇ ਰਹੇ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਕੌਫ਼ੀ ਦੇ ਨਾਲ ਗਿਣਤੀ ਦਾ ਸਿਰਫ਼ ਇਕ-ਇਕ ਬਿਸਕੁਟ ਖਾਂਦੇ। ਫਿਰ ਉਸੇ ਤਰ੍ਹਾਂ ਰਾਤ ਦਾ ਬੜਾ ਸਾਧਾਰਨ ਖਾਣਾ ਖਾਧਾ। ਉਨ੍ਹਾਂ ਸਭ ਨੇ ਤਾਂ ਹੱਥ ਨਾਲ ਖਾਣਾ ਸ਼ੁਰੂ ਕਰ ਦਿੱਤਾ ਪਰ ਮੈਂ ਇਸ ਤਰ੍ਹਾਂ ਆਦੀ ਨਾ ਹੋਣ ਕਰਕੇ ਥੋੜ੍ਹਾ ਔਖਾ ਹੋਇਆ ਤਾਂ ਗੀਤਾਂਜਲੀ ਭੱਜ ਕੇ ਅੰਦਰੋਂ ਚਮਚਾ ਲੈ ਆਈ। ਇੱਥੇ ਦੱਸ ਦੇਵਾਂ ਕਿ ਉਨ੍ਹਾਂ ਦੇ ਘਰ ਵਿਚ ਕੋਈ ਸੇਵਾਦਾਰ ਨਹੀਂ ਸੀ। ਸਾਰਾ ਕੰਮ ਗੀਤਾਂਜਲੀ ਤੇ ਉਸ ਦੀ ਮੰਮੀ ਖ਼ੁਦ ਹੀ ਕਰ ਰਹੀਆਂ ਸਨ। ਇੱਥੋਂ ਤੱਕ ਕਿ ਡੀਸੀ ਸਾਹਿਬ ਵੀ ਖ਼ੁਦ ਉਨ੍ਹਾਂ ਦਾ ਹੱਥ ਵਟਾ ਰਹੇ ਸਨ।
ਖਾਣੇ ਦੌਰਾਨ ਵੀ ਤੇ ਬਾਅਦ ਵਿਚ ਬਿਸਤਰੇ ’ਤੇ ਜਾਣ ਤੋਂ ਪਹਿਲਾਂ ਤੱਕ ਹਰ ਵਿਸ਼ੇ ’ਤੇ ਸਾਡੀਆਂ ਗੱਲਾਂ ਹੁੰਦੀਆਂ ਰਹੀਆਂ। ਮੈਨੂੰ ਕੇਰਲ ਬਾਰੇ ਵੱਧ ਤੋਂ ਵੱਧ ਜਾਣਨ ਦੀ ਚੇਸ਼ਟਾ ਸੀ ਤੇ ਡੀਸੀ ਸਾਹਿਬ ਪੰਜਾਬ ਬਾਰੇ ਪੁੱਛਦੇ ਰਹੇ। ਪੰਜਾਬ ਦੀ ਰਾਜਨੀਤੀ ਦੀਆਂ ਗੱਲਾਂ ਕਰਦਿਆਂ ਉਹ ਅੰਮ੍ਰਿਤਸਰ ਬਾਰੇ ਪੁੱਛਣ ਲੱਗੇ। ਮੈਂ ਤਾਂ ਉਦੋਂ ਤੱਕ ਕਦੇ ਅੰਮ੍ਰਿਤਸਰ ਵੇਖਿਆ ਹੀ ਨਹੀਂ ਸੀ। ਡੀਸੀ ਸਾਹਿਬ ਦਰਬਾਰ ਸਾਹਿਬ, ਜਲਿ੍ਹਆਂਵਾਲਾ ਬਾਗ਼, ਵਾਹਗਾ ਬਾਰਡਰ ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਖਾਣੇ ਬਾਰੇ ਪੁੱਛਦੇ ਰਹੇ। ਮੈਂ ਜੋ ਹੁਣ ਤੱਕ ਇਨ੍ਹਾਂ ਸਭ ਬਾਰੇ ਜੋ ਕੁਝ ਪੜ੍ਹਿਆ ਜਾਂ ਸੁਣਿਆ ਸੀ, ਗੋਲ-ਮੋਲ ਜਵਾਬ ਦਿੰਦਾ ਰਿਹਾ ਪਰ ਮੈਨੂੰ ਸ਼ਰਮ ਆ ਰਹੀ ਸੀ ਕਿ ਮੈਂ ਏਨੀ ਦੂਰ ਕੇਰਲ ਵੇਖਣ ਤਾਂ ਆ ਗਿਆ ਪਰ ਦੁਨੀਆ ਭਰ ਵਿਚ ਮਸ਼ਹੂਰ ਆਪਣਾ ਘਰ ਹਾਲੇ ਤੱਕ ਨਹੀਂ ਵੇਖਿਆ।
ਡੀਸੀ ਸਾਹਿਬ ਨੇ ਦੱਸਿਆ ਕਿ ਜਦੋਂ ਉਹ ਆਈਏਐੱਸ ਅਫ਼ਸਰ ਚੁਣੇ ਗਏ ਸਨ, ਉਦੋਂ ਸਰਕਾਰ ਨੇ ਚੁਣੇ ਗਏ ਅਫ਼ਸਰਾਂ ਦੇ ਗਰੁੱਪ ਨੂੰ ਦੋ ਦਿਨ ਦੇ ਟੂਰ ’ਤੇ ਅੰਮ੍ਰਿਤਸਰ ਭੇਜਿਆ ਸੀ। ਉਦੋਂ ਉਨ੍ਹਾਂ ਨੇ ਚੰਗੀ ਤਰ੍ਹਾਂ ਇਹ ਸਭ ਕੁਝ ਵੇਖਿਆ ਸੀ। ਮੈਨੂੰ ਹੋਰ ਵੀ ਸ਼ਰਮ ਆਉਣ ਲੱਗੀ ਕਿ ਏਨੀ ਦੂਰ ਵਾਲੇ ਬੰਦੇ ਨੇ ਅੰਮ੍ਰਿਤਸਰ ਵੇਖ ਲਿਆ ਤੇ ਮੈਂ ਕੋਲ ਰਹਿੰਦੇ ਹੋਏ ਨਹੀਂ ਵੇਖ ਸਕਿਆ।
ਖ਼ੈਰ! ਦੋ-ਚਾਰ ਦਿਨ ਓਥੇ ਰਹਿ ਕੇ ਮੈਂ ਕੇਰਲ ਤਾਂ ਘੁੰਮਦਾ ਰਿਹਾ ਪਰ ਅੰਦਰੋਂ ਖੋਖਲਾ, ਜਿਵੇਂ ਮੇਰੀ ਕੋਈ ਹੋਂਦ ਜਾਂ ਨੀਂਹ ਨਾ ਹੋਵੇ। ਦਿੱਲੀ ਵਾਪਸ ਆ ਕੇ ਦੂਜੇ ਦਿਨ ਹੀ ਪੰਜਾਬ ਨੂੰ ਚੱਲ ਪਿਆ। ਜਗਰਾਓਂ ਆਪਣੇ ਘਰ ਜਾਣ ਦੀ ਬਜਾਏ ਸਿੱਧਾ ਅੰਮ੍ਰਿਤਸਰ ਵੱਲ ਨੂੰ ਹੋ ਗਿਆ।
-ਪ੍ਰਦੀਪ ਦੌਧਰੀਆ
-ਮੋਬਾਈਲ : 97800-27943