ਸਰਕਾਰ ਬਣਾਉਣ ਲਈ ਕਾਂਗਰਸ ਦੇ 5 ਵਿਧਾਇਕਾਂ, ਖੱਬੇ-ਪੱਖੀ ਪਾਰਟੀਆਂ ਸੀਪੀਆਈ ਅਤੇ ਸੀਪੀਐੱਮ ਦੇ 4, ਵੀਸੀਕੇ ਦੇ 2 ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐੱਮਐੱਲ) ਦੇ 2 ਵਿਧਾਇਕਾਂ ਨੇ ਬਾਹਰੋਂ ਸਮਰਥਨ ਦਿੱਤਾ। ਇਸ ਤਰ੍ਹਾਂ ਥਲਾਪਤੀ ਵਿਜੈ ਕੋਲ 120 ਤੋਂ ਵੱਧ ਵਿਧਾਇਕਾਂ ਦਾ ਸਮਰਥਨ ਇਕੱਠਾ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ 10 ਮਈ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਚਾਰ ਮਈ ਤੋਂ ਤਾਮਿਲਨਾਡੂ ਵਿਚ ਬਣੀ ਸ਼ਸ਼ੋਪੰਜ ਵਾਲੀ ਸਥਿਤੀ ਨੂੰ 10 ਮਈ ਵਾਲੇ ਦਿਨ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਜੋਸਫ ਥਲਾਪਤੀ ਵਿਜੈ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਿਚ ਕਾਮਯਾਬ ਹੋ ਗਏ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਨੂੰ ਲੈ ਕੇ ਮੀਡੀਆ ਵਿਚ ਕਈ ਤਰ੍ਹਾਂ ਦੀਆਂ ਅਟਕਲਾਂ ਦਾ ਬਾਜ਼ਾਰ ਗਰਮ ਰਿਹਾ। ਦਰਅਸਲ, ਸੀ. ਜੋਸਫ ਵਿਜੈ ਜਿਨ੍ਹਾਂ ਨੂੰ ਤਾਮਿਲ ਲੋਕ ‘ਥਲਾਪਤੀ ਵਿਜੈ’ ਦੇ ਨਾਂ ਨਾਲ ਜਾਣਦੇ ਹਨ, ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਤੋਂ ਦੱਖਣੀ ਭਾਰਤ ਦੇ ਲੋਕਾਂ ਦੇ ਦਿਲਾਂ ’ਤੇ ਇਕ ਸਫਲ ਅਦਾਕਾਰ ਵਜੋਂ ਰਾਜ ਕਰਦੇ ਆ ਰਹੇ ਹਨ। ਹੁਣ ਜਦੋਂ ਉਹ ਆਪਣੀ ਨਵੀਂ ਪਾਰਟੀ ਰਾਹੀਂ ਵਿਧਾਨ ਸਭਾ ਚੋਣਾਂ ਵਿਚ ਉਤਰੇ ਤਾਂ ਲੋਕਾਂ ਨੇ ਉਨ੍ਹਾਂ ’ਤੇ ਵਿਸ਼ਵਾਸ ਜਤਾਉਂਦਿਆਂ ਉਨ੍ਹਾਂ ਦੀ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ। ਤਾਮਿਲਨਾਡੂ ਦੀਆਂ 2026 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ‘ਤਮਿਲਾਗਾ ਵੇੱਤਰੀ ਕਜ਼ਗਮ ਯਾਨੀ ਟੀਵੀਕੇ ਨੇ 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਮੁਕਾਮ ਹਾਸਲ ਕੀਤਾ। ਹਾਲਾਂਕਿ ਸਰਕਾਰ ਬਣਾਉਣ ਲਈ 118 ਸੀਟਾਂ ਦੀ ਲੋੜ ਸੀ ਜਿਸ ਕਾਰਨ ਉਨ੍ਹਾਂ ਨੂੰ ਬਹੁਮਤ ਸਾਬਿਤ ਕਰਨ ਲਈ ਕਈ ਦਿਨਾਂ ਤੱਕ ਰਾਜਪਾਲ ਨਾਲ ਮੁਲਾਕਾਤਾਂ ਅਤੇ ਸਿਆਸੀ ਮਸ਼ਵਰਿਆਂ ਦਾ ਸਾਹਮਣਾ ਕਰਨਾ ਪਿਆ।
ਸਰਕਾਰ ਬਣਾਉਣ ਲਈ ਕਾਂਗਰਸ ਦੇ 5 ਵਿਧਾਇਕਾਂ, ਖੱਬੇ-ਪੱਖੀ ਪਾਰਟੀਆਂ ਸੀਪੀਆਈ ਅਤੇ ਸੀਪੀਐੱਮ ਦੇ 4, ਵੀਸੀਕੇ ਦੇ 2 ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐੱਮਐੱਲ) ਦੇ 2 ਵਿਧਾਇਕਾਂ ਨੇ ਬਾਹਰੋਂ ਸਮਰਥਨ ਦਿੱਤਾ। ਇਸ ਤਰ੍ਹਾਂ ਥਲਾਪਤੀ ਵਿਜੈ ਕੋਲ 120 ਤੋਂ ਵੱਧ ਵਿਧਾਇਕਾਂ ਦਾ ਸਮਰਥਨ ਇਕੱਠਾ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ 10 ਮਈ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਵਿਜੈ ਨੇ ਇਹ ਚੋਣਾਂ ਬਿਨਾਂ ਕਿਸੇ ਗੱਠਜੋੜ ਦੇ ਲੜੀਆਂ ਸਨ ਪਰ ਬਾਅਦ ਵਿਚ ਸਰਕਾਰ ਬਣਾਉਣ ਲਈ ਉਹ ਵੱਖ-ਵੱਖ ਪਾਰਟੀਆਂ ਦਾ ਸਮਰਥਨ ਹਾਸਲ ਕਰਨ ਵਿਚ ਸਫਲ ਰਹੇ। ਜੇਕਰ ਥਲਾਪਤੀ ਵਿਜੈ ਦੇ ਪਿਛੋਕੜ ’ਤੇ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਦਾ ਪੂਰਾ ਨਾਮ ਜੋਸਫ ਵਿਜੈ ਚੰਦਰਸ਼ੇਖਰ ਹੈ। ਉਨ੍ਹਾਂ ਦਾ ਜਨਮ 22 ਜੂਨ 1974 ਨੂੰ ਚੇਨਈ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਐੱਸ. ਏ. ਚੰਦਰਸ਼ੇਖਰ ਪ੍ਰਸਿੱਧ ਫਿਲਮ ਡਾਇਰੈਕਟਰ ਹਨ, ਜਦਕਿ ਮਾਤਾ ਸ਼ੋਭਾ ਚੰਦਰਸ਼ੇਖਰ ਗਾਇਕਾ ਅਤੇ ਪ੍ਰੋਡਿਊਸਰ ਵਜੋਂ ਜਾਣੀ ਜਾਂਦੀ ਹੈ।
ਵਿਜੈ ਨੇ ਬਚਪਨ ’ਚ ਹੀ ਬਾਲ ਕਲਾਕਾਰ ਵਜੋਂ ਫਿਲਮਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਅਦ ਵਿਚ ਉਹ ਤਾਮਿਲ ਸਿਨੇਮਾ ਦੇ ਸਭ ਤੋਂ ਲੋਕਪ੍ਰਿਆ ਸਿਤਾਰਿਆਂ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ ਘਿੱਲੀ, ਥੂਪਾਕੀ, ਮਰਸਾਲ,ਮਾਸਟਰ ਤੇ ਲਿਊ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਵਿਚ ਕੰਮ ਕੀਤਾ।ਉਨ੍ਹਾਂ ਦੀਆਂ ਫਿਲਮਾਂ ਵਿਚ ਅਕਸਰ ਸਮਾਜਿਕ ਸੁਨੇਹੇ ਅਤੇ ਨੌਜਵਾਨਾਂ ਲਈ ਪ੍ਰੇਰਨਾ ਦੇਖਣ ਨੂੰ ਮਿਲਦੀ ਹੈ। ਨੱਬੇ ਦੇ ਦਹਾਕੇ ਵਿਚ ਇਕ ਰੁਮਾਂਟਿਕ ਹੀਰੋ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਵਿਜੈ ਨੇ 2000 ਤੋਂ ਬਾਅਦ ਆਮ ਲੋਕਾਂ ਦੇ ਹੱਕਾਂ ਲਈ ਸਿਸਟਮ ਨਾਲ ਟੱਕਰ ਲੈਣ ਵਾਲੇ ਨਾਇਕ ਵਜੋਂ ਆਪਣਾ ਵੱਖਰਾ ਅਕਸ ਤਿਆਰ ਕੀਤਾ।
ਵਿਜੈ ਨੂੰ ਨੌਜਵਾਨਾਂ ਵਿਚ ਖ਼ਾਸ ਲੋਕਪ੍ਰਿਅਤਾ ਮਿਲਦੀ ਹੈ। ਉਹ ਆਪਣੇ ਸਾਦੇ ਸੁਭਾਅ, ਸਮਾਜਿਕ ਸੇਵਾ ਅਤੇ ਲੋਕਾਂ ਨਾਲ ਜੁੜੇ ਰਹਿਣ ਕਰਕੇ ਜਾਣੇ ਜਾਂਦੇ ਹਨ। ਤਾਮਿਲ ਸਿਨੇਮਾ ਤੋਂ ਰਾਜਨੀਤੀ ਤੱਕ ਦਾ ਉਨ੍ਹਾਂ ਦਾ ਸਫ਼ਰ ਕਈਆਂ ਲਈ ਪ੍ਰੇਰਨਾਦਾਇਕ ਮੰਨਿਆ ਜਾਂਦਾ ਹੈ। ਜੇਕਰ ਤਾਮਿਲਨਾਡੂ ਦੀ ਰਾਜਨੀਤੀ ਵੱਲ ਨਜ਼ਰ ਮਾਰੀ ਜਾਵੇ ਤਾਂ ਇੱਥੇ ਫਿਲਮੀ ਸਿਤਾਰਿਆਂ ਦਾ ਹਮੇਸ਼ਾ ਹੀ ਵੱਡਾ ਪ੍ਰਭਾਵ ਰਿਹਾ ਹੈ। ਸਵਰਗੀ ਜੇ. ਜੈਲਲਿਤਾ ਨੇ ਵੀ ਅਦਾਕਾਰੀ ਤੋਂ ਰਾਜਨੀਤੀ ਵਿਚ ਆ ਕੇ ਲੰਬਾ ਸਮਾਂ ਤਾਮਿਲਨਾਡੂ ’ਤੇ ਰਾਜ ਕੀਤਾ। ਇਸ ਤੋਂ ਬਾਅਦ ਕਮਲ ਹਸਨ, ਅਤੇ ਰਜਨੀਕਾਂਤ ਨੇ ਵੀ ਰਾਜਨੀਤੀ ਵਿਚ ਆਪਣੀ ਕਿਸਮਤ ਅਜ਼ਮਾਈ ਪਰ ਉਨ੍ਹਾਂ ਨੂੰ ਕੋਈ ਵੱਡੀ ਸਿਆਸੀ ਸਫਲਤਾ ਨਹੀਂ ਮਿਲ ਸਕੀ ਪਰ ਥਲਾਪਤੀ ਵਿਜੈ ਇਸ ਮਾਮਲੇ ਵਿਚ ਕਿਸਮਤ ਦੇ ਧਨੀ ਸਾਬਿਤ ਹੋਏ। ਉਨ੍ਹਾਂ ਨੇ 2024 ਵਿਚ ‘ਤਮਿਲਾਗਾ ਵੇੱਤਰੀ ਕਜ਼ਗਮ’ ਪਾਰਟੀ ਬਣਾਈ ਅਤੇ ਭ੍ਰਿਸ਼ਟਾਚਾਰ ਦੇ ਵਿਰੋਧ, ਨੌਜਵਾਨਾਂ ਲਈ ਰੁਜ਼ਗਾਰ, ਸਿੱਖਿਆ ਅਤੇ ਲੋਕ-ਭਲਾਈ ਦੇ ਮੁੱਦਿਆਂ ਨੂੰ ਆਪਣੀ ਰਾਜਨੀਤੀ ਦਾ ਕੇਂਦਰ ਬਣਾਇਆ। ਇਸੇ ਕਰਕੇ ਉਹ ਸੰਨ 2026 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਕਾਮਯਾਬੀ ਹਾਸਲ ਕਰ ਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਬਣ ਗਏ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਲੋਕ-ਭਲਾਈ ਨਾਲ ਜੁੜੀਆਂ ਕਈ ਯੋਜਨਾਵਾਂ ਦਾ ਐਲਾਨ ਵੀ ਕੀਤਾ ਹੈ। ਹੁਣ ਇਹ ਦੇਖਣਾ ਖਾਸਾ ਦਿਲਚਸਪ ਹੋਵੇਗਾ ਕਿ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਸਿਲਵਰ ਸਕਰੀਨ ’ਤੇ ਅਦਾਕਾਰ ਵਜੋਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਥਲਾਪਤੀ ਵਿਜੈ ਆਪਣੀ ਸਿਆਸੀ ਪਾਰੀ ਦੌਰਾਨ ਲੋਕਾਂ ਦੀਆਂ ਉਮੀਦਾਂ ’ਤੇ ਕਿੰਨਾ ਕੁ ਖ਼ੁਰਾ ਉਤਰਦੇ ਹਨ ਕਿਉਂਕਿ ਸੂਬੇ ਦਾ ਹਰ ਵਰਗ ਉਨ੍ਹਾਂ ਤੋਂ ਢੇਰਾਂ ਉਮੀਦਾਂ ਲਾਈ ਬੈਠਾ ਹੈ।
-ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
-ਸੰਪਰਕ : 98552-59650