ਇਕ ਕਵੀ ਨੇ ਬਹੁਤ ਸੋਹਣਾ ਲਿਖਿਆ ਹੈ : ‘ਧਰਤੀ ਅੱਤਵਾਦ ਨਾਲ ਪ੍ਰਦੂਸ਼ਿਤ ਹੈ, ਇਸ ਨੂੰ ਸ਼ੁੱਧ ਹੋਣ ਦਿਉ। ਬਹਾਦਰਾਂ ਲਈ ਆਪਣੇ ਹੱਥ ਖੋਲ੍ਹੋ, ਇਕ ਮਹਾਨ ਯੁੱਧ ਹੋਣ ਦਿਉ।’ ਅੱਜ-ਕੱਲ੍ਹ ਅੱਤਵਾਦ ਮਨੁੱਖਤਾ ਲਈ ਸਰਾਪ ਬਣ ਗਿਆ ਹੈ। ਅੱਜ, ਸਿਰਫ਼ ਭਾਰਤ ਹੀ ਨਹੀਂ, ਪੂਰੀ ਦੁਨੀਆ ਅੱਤਵਾਦ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਗ਼ਰੀਬੀ, ਆਬਾਦੀ ਵਾਧਾ, ਅਨਪੜ੍ਹਤਾ ਤੇ ਅਸਮਾਨਤਾ ਵਰਗੀਆਂ ਸਮੱਸਿਆਵਾਂ ਵੀ ਅਹਿਮ ਹਨ

-ਸੁਨੀਲ ਕੁਮਾਰ ਮਾਹਲਾ
ਇਕ ਕਵੀ ਨੇ ਬਹੁਤ ਸੋਹਣਾ ਲਿਖਿਆ ਹੈ : ‘ਧਰਤੀ ਅੱਤਵਾਦ ਨਾਲ ਪ੍ਰਦੂਸ਼ਿਤ ਹੈ, ਇਸ ਨੂੰ ਸ਼ੁੱਧ ਹੋਣ ਦਿਉ। ਬਹਾਦਰਾਂ ਲਈ ਆਪਣੇ ਹੱਥ ਖੋਲ੍ਹੋ, ਇਕ ਮਹਾਨ ਯੁੱਧ ਹੋਣ ਦਿਉ।’ ਅੱਜ-ਕੱਲ੍ਹ ਅੱਤਵਾਦ ਮਨੁੱਖਤਾ ਲਈ ਸਰਾਪ ਬਣ ਗਿਆ ਹੈ। ਅੱਜ, ਸਿਰਫ਼ ਭਾਰਤ ਹੀ ਨਹੀਂ, ਪੂਰੀ ਦੁਨੀਆ ਅੱਤਵਾਦ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਗ਼ਰੀਬੀ, ਆਬਾਦੀ ਵਾਧਾ, ਅਨਪੜ੍ਹਤਾ ਤੇ ਅਸਮਾਨਤਾ ਵਰਗੀਆਂ ਸਮੱਸਿਆਵਾਂ ਵੀ ਅਹਿਮ ਹਨ ਪਰ ਅੱਤਵਾਦ ਇਨ੍ਹਾਂ ਸਭ ਤੋਂ ਖ਼ਤਰਨਾਕ ਹੈ ਕਿਉਂਕਿ ਇਹ ਸਿੱਧੇ ਤੌਰ ’ਤੇ ਮਨੁੱਖੀ ਸੱਭਿਅਤਾ, ਸ਼ਾਂਤੀ ਅਤੇ ਰਾਸ਼ਟਰੀ ਏਕਤਾ ’ਤੇ ਹਮਲਾ ਕਰਦਾ ਹੈ। ਅੱਤਵਾਦ ਮਨੁੱਖਤਾ ਦਾ ਦੁਸ਼ਮਣ ਹੈ ਅਤੇ ਇਸ ਦਾ ਸੰਪੂਰਨ ਖ਼ਾਤਮਾ ਸਮੇਂ ਦੀ ਲੋੜ ਬਣ ਗਈ ਹੈ।
ਭਾਰਤ ਵਿਚ ਹਰ ਸਾਲ 21 ਮਈ ਨੂੰ ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮੁੱਖ ਤੌਰ ’ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਸੰਨ 1991 ਵਿਚ ਤਾਮਿਲਨਾਡੂ ਦੇ ਸ੍ਰੀਪੇਰੰਬਦੂਰ ਵਿਚ ਇਕ ਆਤਮਘਾਤੀ ਹਮਲੇ ਵਿਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਅੱਤਵਾਦ ਅਤੇ ਕੱਟੜਤਾ ਤੋਂ ਦੂਰ ਕਰਨਾ ਅਤੇ ਸਮਾਜ ਵਿਚ ਸ਼ਾਂਤੀ, ਏਕਤਾ ਅਤੇ ਸਦਭਾਵਨਾ ਨੂੰ ਉਤਸ਼ਾਹਤ ਕਰਨਾ ਹੈ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਇਸ ਦਿਨ ਦਾ ਉਦੇਸ਼ ਅੱਤਵਾਦ ਅਤੇ ਹਿੰਸਾ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਨਾ ਸਿਰਫ਼ ਅੱਤਵਾਦ ਦਾ ਵਿਰੋਧ ਕਰਨਾ ਹੈ, ਸਗੋਂ ਸਮਾਜ ਵਿਚ ਭਾਈਚਾਰਾ, ਰਾਸ਼ਟਰੀ ਏਕਤਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਵੀ ਹੈ। ਇਹ ਦਿਨ ਨੌਜਵਾਨ ਵਰਗ ਨੂੰ ਅੱਤਵਾਦ ਅਤੇ ਕੱਟੜਤਾ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਂਦਾ ਹੈ ਅਤੇ ਉਸ ਨੂੰ ਹਿੰਸਾ ਦੀ ਬਜਾਏ ਸੰਵਾਦ, ਲੋਕਤੰਤਰੀ ਸੋਚ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਇਹ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਨ ਅਤੇ ਨਾਗਰਿਕਾਂ ਵਿਚ ‘ਜ਼ੀਰੋ ਟੋਲਰੈਂਸ’ ਦੀ ਭਾਵਨਾ ਪੈਦਾ ਕਰਨ ਦਾ ਸੰਦੇਸ਼ ਵੀ ਦਿੰਦਾ ਹੈ। ਇਸ ਦਿਨ, ਦੇਸ਼ ਭਰ ਦੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਵਿਚ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਅੱਤਵਾਦ ਵਿਰੋਧੀ ਸਹੁੰ ਚੁੱਕਦੇ ਹਨ। ਇਸ ਤੋਂ ਇਲਾਵਾ ਸਕੂਲਾਂ ਤੇ ਸੰਸਥਾਵਾਂ ਵਿਚ ਬਹਿਸ ਮੁਕਾਬਲੇ, ਸੈਮੀਨਾਰ, ਭਾਸ਼ਣ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਅੱਤਵਾਦ ਵਿਰੁੱਧ ਲੜਾਈ ਵਿਚ ਸ਼ਹੀਦ ਹੋਏ ਸੈਨਿਕਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਰਾਜੀਵ ਗਾਂਧੀ ਦੀ ਹੱਤਿਆ ਭਾਰਤੀ ਇਤਿਹਾਸ ਦੀਆਂ ਸਭ ਤੋਂ ਬਦਨਾਮ ਅੱਤਵਾਦੀ ਘਟਨਾਵਾਂ ਵਿੱਚੋਂ ਇਕ ਸੀ। ਇਹ ਹਮਲਾ ਸ੍ਰੀਲੰਕਾ ਦੇ ਅੱਤਵਾਦੀ ਸਮੂਹ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ (ਐੱਲਟੀਟੀਈ) ਦੁਆਰਾ ਕੀਤਾ ਗਿਆ ਸੀ। ਇਕ ਮਹਿਲਾ ਆਤਮਘਾਤੀ ਹਮਲਾਵਰ ‘ਥਾਨੂ’ (ਧਨੂ) ਨੇ ਫੁੱਲਾਂ ਦੀ ਮਾਲਾ ਪਹਿਨਾਉਣ ਦੀ ਆੜ ਵਿਚ ਇਕ ਵਿਸਫੋਟਕ ਯੰਤਰ ਨਾਲ ਧਮਾਕਾ ਕੀਤਾ ਜਿਸ ਨਾਲ ਰਾਜੀਵ ਗਾਂਧੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਭਾਰਤ ਦੀ ਅੰਦਰੂਨੀ ਸੁਰੱਖਿਆ ਅਤੇ ਵੀਆਈਪੀ ਸੁਰੱਖਿਆ ਪ੍ਰਣਾਲੀ ਵਿਚ ਵਿਆਪਕ ਬਦਲਾਅ ਕੀਤੇ ਗਏ। ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਦੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਗਿਆ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸੁਰੱਖਿਆ ਦਾਇਰੇ ਵਿਚ ਸ਼ਾਮਲ ਕੀਤਾ ਗਿਆ।
ਐੱਲਟੀਟੀਈ ਸ੍ਰੀਲੰਕਾ ਦਾ ਵੱਖਵਾਦੀ ਗੁਰੀਲਾ ਸੰਗਠਨ ਸੀ ਜਿਸ ਨੇ ਸ੍ਰੀਲੰਕਾ ਦੇ ਉੱਤਰੀ ਤੇ ਪੂਰਬੀ ਹਿੱਸਿਆਂ ਵਿਚ ਤਾਮਿਲਾਂ ਲਈ ਇਕ ਸੁਤੰਤਰ ਰਾਸ਼ਟਰ ‘ਤਾਮਿਲ ਈਲਮ’ ਦੀ ਮੰਗ ਕਰਦੇ ਹੋਏ ਲਗਪਗ ਤਿੰਨ ਦਹਾਕਿਆਂ ਤੱਕ ਹਥਿਆਰਬੰਦ ਸੰਘਰਸ਼ ਚਲਾਇਆ। ਇਸ ਦੀ ਸਥਾਪਨਾ 1976 ਵਿਚ ਵੇਲੁਪਿਲਾਈ ਪ੍ਰਭਾਕਰਨ ਦੁਆਰਾ ਕੀਤੀ ਗਈ ਸੀ। ਪ੍ਰਭਾਕਰਨ ਅੰਤ ਤੱਕ ਇਸ ਸੰਗਠਨ ਦਾ ਸਰਬਉੱਚ ਅਤੇ ਤਾਨਾਸ਼ਾਹ ਕਮਾਂਡਰ ਰਿਹਾ। ਐੱਲਟੀਟੀਈ ਦੇ ਆਤਮਘਾਤੀ ਦਸਤੇ, ਜਿਸ ਨੂੰ ‘ਬਲੈਕ ਟਾਈਗਰਜ਼’ ਵਜੋਂ ਜਾਣਿਆ ਜਾਂਦਾ ਹੈ, ਨੂੰ ਦੁਨੀਆ ਦੇ ਸਭ ਤੋਂ ਖ਼ਤਰਨਾਕ ਅਤੇ ਅਨੁਸ਼ਾਸਿਤ ਆਤਮਘਾਤੀ ਦਸਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਸੰਨ 1948 ਵਿਚ ਸ੍ਰੀਲੰਕਾ (ਉਸ ਸਮੇਂ ਸੀਲੋਨ) ਨੂੰ ਆਜ਼ਾਦੀ ਮਿਲਣ ਤੋਂ ਬਾਅਦ ਬਹੁਗਿਣਤੀ ਸਿੰਹਲੀ ਭਾਈਚਾਰੇ ਅਤੇ ਘੱਟ ਗਿਣਤੀ ਤਾਮਿਲਾਂ ਵਿਚਕਾਰ ਨਸਲੀ ਤਣਾਅ ਵਧਣੇ ਸ਼ੁਰੂ ਹੋ ਗਏ। ਤਾਮਿਲਾਂ ਨੇ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਨਾਗਰਿਕਤਾ ਵਿਚ ਵਿਤਕਰੇ ਦਾ ਦੋਸ਼ ਲਗਾਇਆ। ਇਹ ਅਸੰਤੁਸ਼ਟੀ ਹੌਲੀ-ਹੌਲੀ ਅੱਤਵਾਦ ਵਿਚ ਬਦਲ ਗਈ ਜਿਸ ਨਾਲ ਐੱਲਟੀਟੀਈ ਦਾ ਜਨਮ ਹੋਇਆ। ਸ਼ੁਰੂ ਵਿਚ, ਭਾਰਤ, ਖ਼ਾਸ ਕਰਕੇ ਤਾਮਿਲਨਾਡੂ, ਸ੍ਰੀਲੰਕਾ ਵਿਚ ਤਾਮਿਲਾਂ ਵਿਰੁੱਧ ਕੀਤੇ ਜਾ ਰਹੇ ਅੱਤਿਆਚਾਰਾਂ ਕਾਰਨ ਐੱਲਟੀਟੀਈ ਪ੍ਰਤੀ ਹਮਦਰਦੀ ਸੀ। ਸੰਨ 1987 ਵਿਚ ਭਾਰਤ-ਸ੍ਰੀਲੰਕਾ ਸਮਝੌਤੇ ਤਹਿਤ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਭਾਰਤੀ ਸ਼ਾਂਤੀ ਸੈਨਾ ਨੂੰ ਸ੍ਰੀਲੰਕਾ ਭੇਜਿਆ ਪਰ ਐੱਲਟੀਟੀਈ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਭਾਰਤੀ ਫ਼ੌਜ ਨਾਲ ਲੜਨਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਸਬੰਧ ਬਹੁਤ ਤਣਾਅਪੂਰਨ ਹੋ ਗਏ। ਅੰਤ 21 ਮਈ 1991 ਨੂੰ ਐੱਲਟੀਟੀਈ ਨੇ ਇਕ ਆਤਮਘਾਤੀ ਹਮਲੇ ਵਿਚ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਸੰਗਠਨ ’ਤੇ ਪਾਬੰਦੀ ਲਗਾ ਦਿੱਤੀ। ਬਾਅਦ ਵਿਚ, ਇਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਇਕ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ ਅਤੇ ਇਸ ਦੀ ਫੰਡਿੰਗ ਘਟ ਗਈ। ਅੰਤ ਵਿਚ, ਸ੍ਰੀਲੰਕਾ ਦੀ ਫ਼ੌਜ ਨੇ 2006 ਤੋਂ 2009 ਤੱਕ ਚੱਲੀ ਚੌਥੀ ਈਲਮ ਜੰਗ ਵਿਚ ਐੱਲਟੀਟੀਈ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ। ਇਹ ਸੰਗਠਨ 18 ਮਈ 2009 ਨੂੰ ਪ੍ਰਭਾਕਰਨ ਦੀ ਮੌਤ ਨਾਲ ਖ਼ਤਮ ਹੋ ਗਿਆ।
ਅਸਲ ਵਿਚ ਅੱਤਵਾਦ ਰਾਜਨੀਤਕ, ਧਾਰਮਿਕ ਜਾਂ ਨਿੱਜੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਹਿੰਸਕ ਤਰੀਕਿਆਂ ਦੀ ਵਰਤੋਂ ਹੈ। ਅੱਤਵਾਦ ਦਾ ਸਭ ਤੋਂ ਖ਼ਤਰਨਾਕ ਪਹਿਲੂ ਇਹ ਹੈ ਕਿ ਇਹ ਅੰਤ ਵਿਚ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿੰਦਾ ਹੈ ਜੋ ਇਸ ਦਾ ਸਮਰਥਨ ਕਰਦੇ ਹਨ ਜਾਂ ਇਸ ਦਾ ਅਭਿਆਸ ਕਰਦੇ ਹਨ। ਅੱਤਵਾਦ ਰਾਸ਼ਟਰੀ ਸਦਭਾਵਨਾ, ਸ਼ਾਂਤੀ ਅਤੇ ਸਮਾਜਿਕ ਏਕਤਾ ਨੂੰ ਡੂੰਘਾ ਨੁਕਸਾਨ ਪਹੁੰਚਾਉਂਦਾ ਹੈ। ਸੱਚਾਈ ਇਹ ਹੈ ਕਿ ਅੱਤਵਾਦ ਦਾ ਕੋਈ ਧਰਮ, ਕੌਮੀਅਤ ਜਾਂ ਮਾਨਵਤਾਵਾਦੀ ਉਦੇਸ਼ ਨਹੀਂ ਹੈ। ਇਹ ਮਨੁੱਖਤਾ ਵਿਰੁੱਧ ਹਿੰਸਾ ਦਾ ਸਿਖਰ ਹੈ। ਗਾਂਧੀ ਜੀ ਨੇ ਹਮੇਸ਼ਾ ਅਹਿੰਸਾ, ਸ਼ਾਂਤੀ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਦੇ ਵੀ ਹਿੰਸਾ ਅਤੇ ਅੱਤਵਾਦ ਨੂੰ ਜਾਇਜ਼ ਨਹੀਂ ਠਹਿਰਾਇਆ। ਹਿੰਸਾ ਕਦੇ ਵੀ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਦੀ। ਅੱਜ ਅੱਤਵਾਦ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਖ਼ਾਸ ਕਰਕੇ ਅਫ਼ਰੀਕਾ ਅਤੇ ਏਸ਼ੀਆ ਦੇ ਕਈ ਖੇਤਰਾਂ ਵਿਚ। ਭਾਰਤ ਨੇ ਅੰਤਰਰਾਸ਼ਟਰੀ ਮੰਚਾਂ ’ਤੇ, ਖ਼ਾਸ ਕਰਕੇ ਸੰਯੁਕਤ ਰਾਸ਼ਟਰ ਵਿਚ ਵਾਰ-ਵਾਰ ਚਿੰਤਾ ਪ੍ਰਗਟ ਕੀਤੀ ਹੈ ਕਿ ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਭਾਰਤ ਨੇ ਇਹ ਵੀ ਕਿਹਾ ਹੈ ਕਿ ਅੱਤਵਾਦ ਦਾ ਮੁਕਾਬਲਾ ਕਰਨ ਦੀ ਸਮਰੱਥਾ ਦੀ ਘਾਟ ਵਾਲੇ ਦੇਸ਼ਾਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ। ਭਾਰਤ ਹਮੇਸ਼ਾ ਪੰਚਸ਼ੀਲ, ਸ਼ਾਂਤੀ, ਸੰਜਮ ਅਤੇ ਸਹਿ-ਹੋਂਦ ਦੇ ਸਿਧਾਂਤਾਂ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਧਰਮ, ਜਾਤਪਾਤ, ਸੱਭਿਆਚਾਰ ਜਾਂ ਵਿਸ਼ਵਾਸਾਂ ਦੀ ਪਰਵਾਹ ਕੀਤੇ ਬਿਨਾਂ ਸਾਰੇ ਤਰ੍ਹਾਂ ਦੇ ਅੱਤਵਾਦੀ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਰਿਹਾ ਹੈ। ਇਹ ਧਿਆਨ ਦੇਣ ਯੋਗ ਹੈ ਕਿ 2026 ਵਿਚ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਭਾਰਤ ਦੀ ਪਹਿਲੀ ਵਿਆਪਕ ਰਾਸ਼ਟਰੀ ਅੱਤਵਾਦ ਵਿਰੋਧੀ ਨੀਤੀ ਜਾਰੀ ਕੀਤੀ ਜਿਸ ਦਾ ਸਿਰਲੇਖ ‘ਪ੍ਰਹਾਰ’ ਹੈ। ਇਸ ਦਾ ਉਦੇਸ਼ ਅੱਤਵਾਦ, ਕੱਟੜਪੰਥੀ, ਸਾਈਬਰ ਹਮਲੇ, ਡ੍ਰੋਨ ਖ਼ਤਰਿਆਂ ਅਤੇ ਸੰਗਠਿਤ ਅੱਤਵਾਦੀ ਨੈੱਟਵਰਕਾਂ ਨੂੰ ਇਕ ਤਾਲਮੇਲ ਵਾਲੇ ਢੰਗ ਨਾਲ ਹੱਲ ਕਰਨਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਮਈ ਨੂੰ ਨਾਰਵੇ ਵਿਚ ਤੀਜੇ ਭਾਰਤ-ਨੋਰਡਿਕ ਸੰਮੇਲਨ ਵਿਚ ਹਿੱਸਾ ਲਿਆ ਜਿੱਥੇ ਨਾਰਵੇ, ਡੈਨਮਾਰਕ, ਫਿਨਲੈਂਡ, ਆਈਸਲੈਂਡ ਅਤੇ ਸਵੀਡਨ ਦੇ ਨੇਤਾ ਇਕੱਠੇ ਹੋਏ ਸਨ। ਇਸ ਸੰਮੇਲਨ ਦੌਰਾਨ, ਸਾਰੇ ਨੇਤਾਵਾਂ ਨੇ ਅੱਤਵਾਦ ਅਤੇ ਕੱਟੜਪੰਥ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਅਤੇ ਸਰਹੱਦ ਪਾਰ ਅੱਤਵਾਦ ਵਿਰੁੱਧ ਸਾਂਝੀ ਕਾਰਵਾਈ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਇਸ ਸੰਮੇਲਨ ਦੌਰਾਨ ਜੰਮੂ-ਕਸ਼ਮੀਰ ਵਿਚ ਪਹਿਲਗਾਮ ਹਮਲੇ ਦੀ ਵੀ ਸਖ਼ਤ ਨਿੰਦਾ ਕੀਤੀ ਗਈ। ਸਮਾਜ ਵਿਚ ਸ਼ਾਂਤੀ, ਸਦਭਾਵਨਾ, ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਅੱਤਵਾਦ ਨਾਲ ਲੜਨਾ ਸਿਰਫ਼ ਸਰਕਾਰਾਂ ਜਾਂ ਸੁਰੱਖਿਆ ਏਜੰਸੀਆਂ ਦੀ ਹੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ।
-ਮੋਬਾਈਲ : 98281-08858