। ਇਕ ਸਾਲ ਤੋਂ ਵੱਧ ਸਮੇਂ ਤੋਂ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਵਰਗੇ ਵਿਸ਼ਾਲ ਦੇਸ਼ ਨੇ ਹੁਣ ਤਕ ਕਿੰਨੇ ਨਵੇਂ ਹਸਪਤਾਲਾਂ, ਬੈੱਡਾਂ ਤੇ ਵੈਂਟੀਲੇਟਰਾਂ ਦਾ ਪ੍ਰਬੰਧ ਕੀਤਾ ਹੈ, ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ।

-ਬਲਰਾਜ ਸਿੰਘ
ਪੂਰੇ ਭਾਰਤ ’ਚ ਕੋਰੋਨਾ ਮਹਾਮਾਰੀ ਦੇ ਨਵੇਂ ਰੂਪ ਦੇ ਫੈਲਣ ਦੀ ਦਰ ਪਹਿਲੀ ਲਹਿਰ ਨਾਲੋਂ ਕਿਤੇ ਵੱਧ ਤੇਜ਼ ਤੇ ਡਰਾਉਣੀ ਹੈ। ਕੋਰੋਨਾ ਪੀੜਤਾਂ ਦੀ ਨਿਰੰਤਰ ਵੱਧ ਰਹੀ ਸੰਖਿਆ ਨੂੰ ਵੇਖਦਿਆਂ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਤੋਂ ਰੋਕਣ ਲਈ ਕਰਫਿਊ ਤੋਂ ਲੈ ਕੇ ਤਾਲਾਬੰਦੀ ਵਰਗੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਤ੍ਰਾਸਦੀ ਇਹ ਹੈ ਕਿ ਸਰਕਾਰਾਂ ਉਕਤ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਮਰਨ ਤੋਂ ਬਚਾਉਣ ਲਈ ਹਸਪਤਾਲਾਂ ’ਚ ਸਿਹਤ ਸਹੂਲਤਾਂ ਮੁਹੱਈਆ ਕਰਾਉਣ ’ਚ ਬੁਰੀ ਤਰ੍ਹਾਂ ਅਸਫਲ ਸਿੱਧ ਹੋ ਰਹੀਆਂ ਹਨ। ਹਸਪਤਾਲਾਂ ’ਚ ਲਾਗ ਪ੍ਰਭਾਵਿਤ ਮਰੀਜ਼ਾਂ ਲਈ ਬੈੱਡ, ਆਈਸੀਯੂ, ਵੈਂਟੀਲੇਟਰ, ਆਕਸੀਜਨ ਅਤੇ ਦਵਾਈਆਂ ਦੀ ਤਸੱਲੀਬਖ਼ਸ਼ ਵਿਵਸਥਾ ਨਾ ਹੋਣ ਕਾਰਨ ਮਰੀਜ਼ ਤੜਫ-ਤੜਫ ਕੇ ਮਰ ਰਹੇ ਹਨ। ਮਦਦ ਲਈ ਹਰ ਪੁਕਾਰ ਅਣਸੁਣੀ ਹੋ ਰਹੀ ਹੈ। ਦਵਾਈਆਂ ਗਾਇਬ ਹੋਣ ਦੀ ਚਰਚਾ ਵੀ ਜ਼ੋਰਾਂ ’ਤੇ ਹੈ। ਮੌਕੇ ਦਾ ਫ਼ਾਇਦਾ ਚੁੱਕ ਕੇ ਕੁਝ ਸਵਾਰਥੀ ਲੋਕਾਂ ਵੱਲੋਂ ਕੋਵਿਡ ਟੀਕਿਆਂ ਤੇ ਹੋਰ ਸਬੰਧਤ ਸਾਜ਼ੋ-ਸਾਮਾਨ ਤੇ ਦਵਾਈਆਂ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ। ਹਸਪਤਾਲਾਂ ’ਚ ਬੈੱਡ ਖ਼ਾਲੀ ਨਾ ਹੋਣ ਕਾਰਨ ਮਰੀਜ਼ਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਸੂਬਾ ਸਰਕਾਰਾਂ ਆਕਸੀਜਨ ਲਈ ਕੇਂਦਰ ਸਰਕਰ ਦੇ ਹਾੜੇ ਕੱਢ ਰਹੀਆਂ ਹਨ। ਕਈ ਥਾਵਾਂ ’ਤੇ ਕੋਵਿਡ-19 ਰੋਗੀਆਂ ਦੀ ਮੌਤ ਦਰ ਇੰਨੀ ਜ਼ਿਆਦਾ ਹੈ ਕਿ ਸ਼ਮਸ਼ਾਨਘਾਟਾਂ ’ਚ ਜਗ੍ਹਾ ਨਹੀਂ ਬਚੀ। ਕੇਂਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਤੋਂ ਸਬਕ ਲੈ ਕੇ ਹਸਪਤਾਲਾਂ ’ਚ ਸਿਹਤ ਸਹੂਲਤਾਂ ਲਈ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਅਜਿਹੀ ਨੌਬਤ ਕਦੇ ਨਾ ਆਉਂਦੀ। ਇਕ ਸਾਲ ਤੋਂ ਵੱਧ ਸਮੇਂ ਤੋਂ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਵਰਗੇ ਵਿਸ਼ਾਲ ਦੇਸ਼ ਨੇ ਹੁਣ ਤਕ ਕਿੰਨੇ ਨਵੇਂ ਹਸਪਤਾਲਾਂ, ਬੈੱਡਾਂ ਤੇ ਵੈਂਟੀਲੇਟਰਾਂ ਦਾ ਪ੍ਰਬੰਧ ਕੀਤਾ ਹੈ, ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ। ਇੱਥੋਂ ਤਕ ਕਿ ਕੋਵਿਡ ਦੀ ਸਵਦੇਸ਼ੀ ਦਵਾਈ ਆਉਣ ਦੇ ਬਾਵਜੂਦ ਹਾਲਾਤ ਨਹੀਂ ਬਦਲੇ। ਹੁਕਮਰਾਨ ਪਾਰਟੀ ਤੇ ਹੋਰ ਸਿਆਸੀ ਪਾਰਟੀਆਂ ਪੁੱਡੂਚੇਰੀ, ਅਸਾਮ, ਕੇਰਲ, ਤਾਮਿਲਨਾਡੂ ਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਵੱਡੀਆਂ-ਵੱਡੀਆਂ ਚੋਣ ਰੈਲੀਆਂ ਕਰਨ ਵਿਚ ਰੁੱਝੀਆਂ ਰਹੀਆਂ। ਸਰਕਾਰਾਂ ਇਮਾਨਦਾਰ ਹੁੰਦੀਆਂ ਤਾਂ ਹੰਗਾਮੀ ਮੁਸੀਬਤਾਂ ਨਾਲ ਜੂਝਣ ਲਈ ਵੱਡੇ ਹਸਪਤਾਲ ਉਸਾਰ ਸਕਦੀਆਂ ਸਨ, ਸਿਹਤ ਢਾਂਚਾ ਮਜ਼ਬੂਤ ਕਰ ਸਕਦੀਆਂ ਸਨ ਪਰ ਅਜਿਹਾ ਨਹੀਂ ਕੀਤਾ ਗਿਆ। ਸਾਰੇ ਦੇਸ਼ ਵਿਚ ਕੋਰੋਨਾ ਕਾਰਨ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ। ਜੇ ਮੌਕਾ ਰਹਿੰਦਿਆਂ ਕੋਰੋਨਾ ਦੀ ਇਸ ਘਾਤਕ ਲਹਿਰ ਨੂੰ ਨੱਥ ਨਾ ਪਾਈ ਗਈ ਤਾਂ ਇਹ ਲਾਪਰਵਾਹੀ ਸਮੁੱਚੇ ਸਮਾਜ ’ਤੇ ਬਹੁਤ ਭਾਰੀ ਪਵੇਗੀ। ਅਜਿਹੇ ਵਿਚ ਜੇਕਰ ਕਿਸੇ ਦਾ ਨੁਕਸਾਨ ਹੋਵੇਗਾ ਤਾਂ ਉਹ ਹੈ ਜਨਤਾ। ਹੁਕਮਰਾਨਾਂ ਨੂੰ ਕੁਝ ਫ਼ਰਕ ਨਹੀਂ ਪੈਣਾ। ਅਜੋਕੇ ਹਾਲਾਤ ’ਚ ਅਦਾਲਤਾਂ ਦੀ ਭੂਮਿਕਾ ਵੀ ਅਹਿਮ ਬਣ ਜਾਂਦੀ ਹੈ।
ਮੋਬਾਈਲ : 98884-97576