ਇਸ ਸੰਘਰਸ਼ ’ਚ ਅਨੇਕਾਂ ਸਿੰਘਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਅਤੇ ਜਾਇਦਾਦਾਂ ਕੁਰਕ ਕਰਵਾਉਣੀਆਂ ਪਈਆਂ ਅਤੇ ਜੁਰਮਾਨੇ ਆਦਿ ਭੁਗਤਣੇ ਪਏ। ਉਨ੍ਹਾਂ ਦਾ ਜਨਮ 28 ਅਕਤੂਬਰ 1887 ਨੂੰ ਨਾਨਕੇ ਪਿੰਡ ਫੇਰੂ ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਨਿੱਕਾ ਭੁੱਚਰ (ਤਰਨਤਾਰਨ) ਸੀ।
ਤੇਜਾ ਸਿੰਘ ਭੁੱਚਰ ਸਿੱਖ ਪੰਥ ਦੇ ਅਣਖੀਲੇ ਜਰਨੈਲ, ਅਕਾਲੀ ਲਹਿਰ ਦੇ ਮੋਢੀ, ਗੁਰਦੁਆਰਾ ਸੁਧਾਰ ਲਹਿਰ ਦੇੇ ਸੱਚੇ-ਸੁੱਚੇ ਨਿਧੜਕ ਸੁਧਾਰਕ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ, ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲੇ ਮਰਜੀਵੜੇ ਨਿਹੰਗ ਜਥੇਦਾਰ ਸਨ। ਉਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਲਈ ਅਣਥੱਕ ਮਿਹਨਤ ਹੀ ਨਹੀਂ ਕੀਤੀ ਸਗੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ ਤੇ ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਦਾ ਪ੍ਰਬੰਧ ਪੰਥਕ ਪ੍ਰਬੰਧ ਹੇਠ ਲਿਆਂਦਾ ਤੇ ਬਾਕੀ ਗੁਰਦੁਆਰਾ ਸਾਹਿਬਾਨ ਨੂੰ ਸਰਕਾਰੀ ਪਿੱਠੂਆਂ ਤੋਂ ਆਜ਼ਾਦ ਕਰਵਾਉਣ ਲਈ ਪੰਥ ਨੂੰ ਇਕ ਸੂਤਰ ’ਚ ਬੰਨ੍ਹ ਕੇ ਸੰਘਰਸ਼ ਲੜਿਆ।
ਇਸ ਸੰਘਰਸ਼ ’ਚ ਅਨੇਕਾਂ ਸਿੰਘਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਅਤੇ ਜਾਇਦਾਦਾਂ ਕੁਰਕ ਕਰਵਾਉਣੀਆਂ ਪਈਆਂ ਅਤੇ ਜੁਰਮਾਨੇ ਆਦਿ ਭੁਗਤਣੇ ਪਏ। ਉਨ੍ਹਾਂ ਦਾ ਜਨਮ 28 ਅਕਤੂਬਰ 1887 ਨੂੰ ਨਾਨਕੇ ਪਿੰਡ ਫੇਰੂ ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਨਿੱਕਾ ਭੁੱਚਰ (ਤਰਨਤਾਰਨ) ਸੀ। ਜਵਾਨ ਹੁੰਦਿਆਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ। ਜਦੋਂ 12 ਅਕਤੂਬਰ 1920 ਨੂੰ ਹਰਿਮੰਦਰ ਸਾਹਿਬ ਉੱਤੇ ਸੰਗਤ ਦਾ ਕਬਜ਼ਾ ਹੋਇਆ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜਥੇਦਾਰ ਬਣਨ ਦਾ ਮਾਣ ਦਿੱਤਾ ਗਿਆ।
ਆਪਣੇ ਜਥੇ ਦੀ ਅਗਵਾਈ ਕਰਦਿਆਂ ਉਨ੍ਹਾਂ ਨੇ ਅਣਗਿਣਤ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ। ਇਸੇ ਸੇਵਾ ਸਦਕਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੰਗਰੇਜ਼ ਪੁਲਿਸ ਨੇ ਕਈ ਵਾਰ ਗਿ੍ਰਫ਼ਤਾਰ ਕਰ ਕੇ ਜੇਲ੍ਹਾਂ ’ਚ ਸੁੱਟ ਕੇ ਤਸੀਹੇ ਦਿੱਤੇ। ਉਨ੍ਹਾਂ ਨੇ ਆਪਣੇ ਜੀਵਨ ਦੇ ਲਗਪਗ 15 ਸਾਲ ਜੇਲ੍ਹਾਂ ਵਿਚ ਬਿਤਾਏ। ਜਾਇਦਾਦ ਦਾ ਵੱਡਾ ਹਿੱਸਾ ਸਰਕਾਰੀ ਕੁਰਕੀਆਂ, ਜ਼ਮਾਨਤਾਂ ਅਤੇ ਜੁਰਮਾਨਿਆਂ ਦੀ ਭੇਟਾ ਹੋ ਗਿਆ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਸਾਰੀ ਜ਼ਿੰਦਗੀ ਕਾਲੇ ਵਸਤਰ ਪਹਿਨਣ ਦਾ ਫ਼ੈਸਲਾ ਕੀਤਾ ।
ਮਹੰਤਾਂ ਸਮੇਂ ਅੰਗਰੇਜ਼ ਅਫ਼ਸਰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਿਖੇ ਕੁਰਸੀਆਂ ’ਤੇ ਬੈਠ ਕੇ ਦੀਵਾਲੀ ਵੇਖਿਆ ਕਰਦੇ ਸਨ। ਇਸ ਪਰੰਪਰਾ ਦਾ ਜਥੇਦਾਰ ਭੁੱਚਰ ਨੇ ਵਿਰੋਧ ਹੀ ਨਹੀਂ ਕੀਤਾ ਸਗੋਂ ਆਪ ਠੁੱਡੇ ਮਾਰ ਕੇ ਕੁਰਸੀਆਂ ਵਗਾਹ ਕੇ ਮਾਰੀਆਂ ਤੇ ਉਨ੍ਹਾਂ ਨੂੰ ਦਰੀਆਂ ’ਤੇ ਬੈਠਣ ਲਈ ਕਹਿ ਦਿੱਤਾ। ਫਿਰ ਅੰਗਰੇਜ਼ ਸਰਕਾਰ ਦਾ ਤਸ਼ੱਦਦ ਉਨ੍ਹਾਂ ’ਤੇ ਢਹਿ ਪਿਆ।
ਉਨ੍ਹਾਂ ’ਤੇ ਕਈ ਕੇਸ ਬਣਾ ਦਿੱਤੇ ਗਏ ਤੇ ਜੇਲ੍ਹ ’ਚ ਡੱਕ ਦਿੱਤਾ ਗਿਆ। ਉਨ੍ਹਾਂ ਨੇ ਅਪ੍ਰੈਲ 1921 ’ਚ ਗੜਗੱਜ ਅਕਾਲੀ ਦੀਵਾਨ ਕਾਇਮ ਕੀਤਾ। ਫਰਵਰੀ 1922 ’ਚ ‘ਗੜਗੱਜ ਅਕਾਲੀ’ ਅਖ਼ਬਾਰ ਜਾਰੀ ਕੀਤਾ । 2 ਅਕਤੂਬਰ 1939 ਨੂੰ ਦੁਪਹਿਰ ਵੇਲੇ ਆਪਣੇ ਪਿੰਡ ਤੋਂ ਗੱਗੋਬੂਹੇ ਵੱਲ ਆ ਰਹੇ ਸਨ ਤਾਂ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਵਿਰੋਧੀਆਂ ਨੇ ਅਚਾਨਕ ਹਮਲਾ ਕਰ ਦਿੱਤਾ। 3 ਅਕਤੂਬਰ 1939 ਨੂੰ ਤੜਕੇ ਅਕਾਲ ਪੁਰਖ ਦੇ ਚਰਨਾਂ ’ਚ ਲੀਨ ਹੋ ਗਏ।
-ਦਿਲਜੀਤ ਸਿੰਘ ਬੇਦੀ।
ਮੋਬਾਈਲ : 98148-98570