ਤਾਮਿਲਨਾਡੂ ’ਚ ਅਪ੍ਰੈਲ 2026 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉੱਥੋਂ ਦੇ ਵੋਟਰਾਂ ਨੇ ਜਾਤ-ਪਾਤ ਅਤੇ ਧਰਮ ਦੀ ਸਿਆਸਤ ਨੂੰ ਨਕਾਰ ਦਿੱਤਾ ਕਿਉਂਕਿ ਉਨ੍ਹਾਂ ਨੇ ਤਾਮਿਲਨਾਡੂ ਵਿਚ ਹਿੰਦੂਆਂ ਦੀ ਲਗਪਗ 88 ਪ੍ਰਤੀਸ਼ਤ ਜਨਸੰਖਿਆ ਹੋਣ ਦੇ ਬਾਵਜੂਦ ਅਦਾਕਾਰ ਤੋਂ ਸਿਆਸਤਦਾਨ ਬਣੇ ਕਿ੍ਰਸਚੀਅਨ ਸਮੁਦਾਇ ਦੇ ਵਿਅਕਤੀ/ਨੇਤਾ ਸੀ. ਜੋਸਫ ਵਿਜੈ ਥਲਾਪਤੀ ਦੀ ਤਮਿਲਗਾ ਵੇਟਰੀ ਕੜਗਮ (ਟੀਵੀਕੇ) ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਜਿਤਾ ਕੇ ਮੁੱਖ ਮੰਤਰੀ ਬਣਾ ਦਿੱਤਾ। ਤਾਮਿਲਨਾਡੂ ਦੇ ਵੋਟਰ ਹਮੇਸ਼ਾ ਕਲਾਕਾਰਾਂ ਅਰਥਾਤ ਸੈਲੀਬ੍ਰਿਟੀਜ਼ ਨੂੰ ਮੁੱਖ ਮੰਤਰੀ ਬਣਾਉਣ ਨੂੰ ਤਰਜੀਹ ਦਿੰਦੇ ਆ ਰਹੇ ਹਨ। ਉਸੇ ਲੜੀ ਵਿਚ ਵੋਟਰਾਂ ਨੇ ਸੀ. ਜੋਸਫ ਥਲਾਪਤੀ

-ਉਜਾਗਰ ਸਿੰਘ
ਤਾਮਿਲਨਾਡੂ ’ਚ ਅਪ੍ਰੈਲ 2026 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉੱਥੋਂ ਦੇ ਵੋਟਰਾਂ ਨੇ ਜਾਤ-ਪਾਤ ਅਤੇ ਧਰਮ ਦੀ ਸਿਆਸਤ ਨੂੰ ਨਕਾਰ ਦਿੱਤਾ ਕਿਉਂਕਿ ਉਨ੍ਹਾਂ ਨੇ ਤਾਮਿਲਨਾਡੂ ਵਿਚ ਹਿੰਦੂਆਂ ਦੀ ਲਗਪਗ 88 ਪ੍ਰਤੀਸ਼ਤ ਜਨਸੰਖਿਆ ਹੋਣ ਦੇ ਬਾਵਜੂਦ ਅਦਾਕਾਰ ਤੋਂ ਸਿਆਸਤਦਾਨ ਬਣੇ ਕਿ੍ਰਸਚੀਅਨ ਸਮੁਦਾਇ ਦੇ ਵਿਅਕਤੀ/ਨੇਤਾ ਸੀ. ਜੋਸਫ ਵਿਜੈ ਥਲਾਪਤੀ ਦੀ ਤਮਿਲਗਾ ਵੇਟਰੀ ਕੜਗਮ (ਟੀਵੀਕੇ) ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਜਿਤਾ ਕੇ ਮੁੱਖ ਮੰਤਰੀ ਬਣਾ ਦਿੱਤਾ। ਤਾਮਿਲਨਾਡੂ ਦੇ ਵੋਟਰ ਹਮੇਸ਼ਾ ਕਲਾਕਾਰਾਂ ਅਰਥਾਤ ਸੈਲੀਬ੍ਰਿਟੀਜ਼ ਨੂੰ ਮੁੱਖ ਮੰਤਰੀ ਬਣਾਉਣ ਨੂੰ ਤਰਜੀਹ ਦਿੰਦੇ ਆ ਰਹੇ ਹਨ। ਉਸੇ ਲੜੀ ਵਿਚ ਵੋਟਰਾਂ ਨੇ ਸੀ. ਜੋਸਫ ਥਲਾਪਤੀ ਨੂੰ ਮੁੱਖ ਮੰਤਰੀ ਬਣਾਇਆ ਹੈ। ਤਾਮਿਲਨਾਡੂ ਦੇ ਲੋਕਤੰਤਰੀ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪਹਿਲੀ ਵਾਰ ਵਿਧਾਇਕ ਬਣਿਆ ਤੇ ਪਹਿਲਾ ਦਲਿਤ ਨੇਤਾ ਮੁੱਖ ਮੰਤਰੀ ਬਣਿਆ ਹੈ। ਸੂਬੇ ਦੀ 234 ਮੈਂਬਰੀ ਵਿਧਾਨ ਸਭਾ ’ਚ ਸੀ. ਜੋਸਫ ਦੀ ਪਾਰਟੀ 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ। ਸਹਿਯੋਗੀ ਪਾਰਟੀਆਂ ਦੀ ਮਦਦ ਨਾਲ ਟੀਵੀਕੇ ਨੂੰ ਬਹੁਮਤ ਮਿਲ ਗਿਆ ਹੈ। ਡੀਐੱਮਕੇ ਤੇ ਸਹਿਯੋਗੀਆਂ ਨੇ 73 ਸੀਟਾਂ ਅਤੇ ਏਆਈਏਡੀਐੱਮਕੇ ਨੇ 53 ਸੀਟਾਂ ਜਿੱਤੀਆਂ ਹਨ। ਸਹਿਯੋਗੀ ਪਾਰਟੀਆਂ ਵਿੱਚੋਂ ਕਾਂਗਰਸ ਨੇ 5 ਸੀਟਾਂ, ਪੀਐੱਮਕੇ ਨੇ 4, ਸੀਪੀਆਈ ਅਤੇ ਸੀਪੀਐੱਮ ਨੇ 2-2 ਸੀਟਾਂ ਅਤੇ ਹੋਰ ਪਾਰਟੀਆਂ ਨੇ ਕੁਝ ਸੀਟਾਂ ਜਿੱਤੀਆਂ ਹਨ। ਸੰਨ 2021 ਵਿਚ ਡੀਐੱਮਕੇ ਨੇ ਐੱਮਕੇ ਸਟਾਲਿਨ ਦੀ ਅਗਵਾਈ ਵਿਚ 133 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਤਾਮਿਲਨਾਡੂ ਦੇ ਲੋਕਾਂ ਨੇ ਧਰਮ ਅਤੇ ਜਾਤ-ਪਾਤ ਦੀ ਰਾਜਨੀਤੀ ਨੂੰ ਵਿਸਾਰ ਕੇ ਬਦਲਾਅ ਦੇ ਨਾਂ ’ਤੇ ਨਵੀਂ ਪਾਰਟੀ ਨੂੰ ਰਾਜ ਭਾਗ ਸੰਭਾਲਿਆ ਹੈ ਤਾਂ ਜੋ ਭਰਿਸ਼ਟਾਚਾਰ ਮੁਕਤ ਸਰਕਾਰ ਬਣਾਈ ਜਾ ਸਕੇ ਅਤੇ ਜਾਤੀਵਾਦ ਦੀ ਪ੍ਰਵਿਰਤੀ ਨੂੰ ਤਿਲਾਂਜਲੀ ਦਿੱਤੀ ਜਾ ਸਕੇ। ਸੰਨ 2011 ਦੀ ਮਰਦਮ-ਸ਼ੁਮਾਰੀ ਅਨੁਸਾਰ ਈਸਾਈ ਭਾਈਚਾਰੇ ਦੀ ਜਨਸੰਖਿਆ ਲਗਪਗ 7 ਫ਼ੀਸਦੀ ਸੀ। ਫਿਰ ਵੀ ਤਾਮਿਲਨਾਡੂ ਦੇ ਵੋਟਰਾਂ ਨੇ ਜੋਸਫ ਦੀ ਅਗਵਾਈ ਵਾਲੀ ਪਾਰਟੀ ਨੂੰ ਚੋਣਾਂ ਵਿਚ ਜਿਤਾ ਦਿੱਤਾ ਹੈ। ਉਹ ਤਾਮਿਲਨਾਡੂ ਦੇ ਨੌਵੇਂ ਮੁੱਖ ਮੰਤਰੀ ਹਨ। ਭਾਰਤ ਇਕ ਜਮਹੂਰੀ ਪ੍ਰਣਾਲੀ ਵਾਲਾ ਦੇਸ਼ ਹੈ, ਇੱਥੇ ਅਨੇਕ ਜਾਤਾਂ, ਧਰਮਾਂ, ਫ਼ਿਰਕਿਆਂ, ਸੰਪਰਦਾਵਾਂ, ਬੋਲੀਆਂ ਅਤੇ ਸੱਭਿਆਚਾਰਾਂ ਵਾਲੇ ਲੋਕ ਵਸਦੇ ਹਨ। ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੈ ਤੇ ਵੋਟਰ ਨੂੰ ਰੰਗ, ਰੂਪ, ਨਸਲ ਅਤੇ ਵਖਰੇਵੇਂ ਨੂੰ ਇਕ ਪਾਸੇ ਰੱਖ ਕੇ ਨਿਰਪੱਖਤਾ ਨਾਲ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ। ਤਾਮਿਲਨਾਡੂ ਵਿਚ ਟੀਵੀਕੇ ਦੀ ਸਰਕਾਰ ਚੁਣਨਾ ਇਸ ਦਾ ਸਬੂਤ ਹੈ।
ਇਹ ਮੰਦਭਾਗੀ ਗੱਲ ਹੈ ਕਿ ਭਾਰਤ ਵਿਚ ਪਿਛਲੇ 30 ਸਾਲਾਂ ਤੋਂ ਚੋਣਾਂ ਵਿਚ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਨੂੰ ਜਾਤ-ਪਾਤ ਅਤੇ ਉਨ੍ਹਾਂ ਦੇ ਧਰਮ ਅਨੁਸਾਰ ਟਿਕਟਾਂ ਦਿੱਤੀਆਂ ਜਾਂਦੀਆਂ ਹਨ। ਇਹ ਪ੍ਰਵਿਰਤੀ ਅਤਿਅੰਤ ਭਾਰੂ ਹੋ ਗਈ ਸੀ ਜਿਸ ਕਰਕੇ ਦੂਜੀਆਂ ਜਾਤਾਂ ਦੇ ਯੋਗ ਉਮੀਦਵਾਰਾਂ ਨੂੰ ਚੋਣਾਂ ਲੜਨ ਦੇ ਅਧਿਕਾਰ ਤੋਂ ਵਾਂਝਿਆਂ ਹੋਣਾ ਪੈਂਦਾ ਸੀ। ਇਕ ਕਿਸਮ ਨਾਲ ਦੇਸ਼ ਦੇ ਲੋਕਤੰਤਰੀ ਢਾਂਚੇ ਵਿਚ ਸਿਆਸੀ ਪਾਰਟੀਆਂ ਵੱਲੋਂ ਯੋਗ ਉਮੀਦਵਾਰਾਂ ਨੂੰ ਅਣਡਿੱਠ ਕੀਤਾ ਜਾਂਦਾ ਸੀ। ਇਸ ਦੇ ਨਤੀਜੇ ਵੀ ਗੰਭੀਰ ਨਿਕਲਦੇ ਸਨ, ਕਿਉਂਕਿ ਜਾਤ-ਪਾਤ ਦੇ ਆਧਾਰ ’ਤੇ ਜਿੱਤੇ ਉਮੀਦਵਾਰ ਆਪੋ-ਆਪਣੀ ਜਾਤ ਅਤੇ ਧਰਮ ਦੇ ਲੋਕਾਂ ਨੂੰ ਹਰ ਕੰਮ ਵਿਚ ਪਹਿਲ ਦਿੰਦੇ ਸਨ ਜਿਸ ਕਰਕੇ ਲੋਕਾਂ ਨੂੰ ਇਨਸਾਫ਼ ਵੀ ਨਹੀਂ ਮਿਲਦਾ ਸੀ। ਲਗਪਗ ਹਰ ਪਾਰਟੀ ਜਾਤ-ਬਰਾਦਰੀ ਅਤੇ ਧਰਮ ਦੀ ਜਨਸੰਖਿਆ ਵੇਖ ਕੇ ਉਮੀਦਵਾਰ ਚੁਣਦੀ ਹੈ ਤੇ ਵੋਟਾਂ ਵੀ ਧਰਮ ਦੇ ਨਾਂ ’ਤੇ ਮੰਗੀਆਂ ਜਾਂਦੀਆਂ ਹਨ। ਹਾਲਾਂਕਿ ਭਾਰਤ ਦਾ ਸੰਵਿਧਾਨ ਇਸ ਦੀ ਪ੍ਰਵਾਨਗੀ ਨਹੀਂ ਦਿੰਦਾ ਪਰ ਭਾਰਤ ਦੇ ਵੋਟਰ ਧਰਮ ਦੀ ਰਾਜਨੀਤੀ ਨੂੰ ਪਹਿਲ ਦਿੰਦੇ ਹਨ। ਇੱਥੇ ਵੱਖ-ਵੱਖ ਧਰਮਾਂ ਅਤੇ ਜਾਤੀਆਂ ਦੇ ਲੋਕ ਰਹਿੰਦੇ ਹਨ, ਇਸ ਲਈ ਕੁਦਰਤੀ ਹੈ ਕਿ ਲੋਕ ਵੋਟ ਧਰਮ ਤੇ ਜਾਤ-ਪਾਤ ਦੇ ਆਧਾਰ ’ਤੇ ਪਾਉਂਦੇ ਹਨ। ਰਾਜਨੀਤਕ ਪਾਰਟੀਆਂ ਵੀ ਵੋਟਰਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਲਾਭ ਉਠਾਉਣ ਲਈ ਧਰਮ ਤੇ ਜਾਤ-ਪਾਤ ਦੀ ਸਿਆਸਤ ਕਰਦੀਆਂ ਹਨ। ਵਿੱਦਿਆ ਦੇ ਖੇਤਰ ਵਿਚ ਭਾਰਤ ਅਜੇ ਵੀ ਪੱਛੜਿਆ ਹੋਇਆ ਹੈ ਜਿਸ ਕਰਕੇ ਘੱਟ ਪੜ੍ਹੇ-ਲਿਖੇ ਲੋਕ ਵੋਟਾਂ ਪਾਰਟੀਆਂ ਤੇ ਉਮੀਦਵਾਰਾਂ ਦੀ ਕਾਬਲੀਅਤ ਦੀ ਬਜਾਏ ਜਾਤ-ਪਾਤ ਅਤੇ ਧਰਮ ਅਨੁਸਾਰ ਪਾਉਂਦੇ ਹਨ। ਜਿਹੜੇ ਰਾਜਾਂ ਵਿਚ ਲੋਕ ਪੜ੍ਹੇ-ਲਿਖੇ ਹਨ, ਉੱਥੇ ਉਮੀਦਵਾਰਾਂ ਅਤੇ ਪਾਰਟੀਆਂ ਦੀ ਪ੍ਰਵਿਰਤੀ ਨੂੰ ਵੇਖ ਕੇ ਵੋਟ ਪਾਉਂਦੇ ਹਨ। ਤਾਮਿਲਨਾਡੂ ਦੇ ਲੋਕਾਂ ਨੇ ਵੀ ਨਵੀਂ ਪਾਰਟੀ ਤੇ ਨਵੇਂ ਉਮੀਦਵਾਰਾਂ ਨੂੰ ਧਰਮ ਅਤੇ ਜਾਤ-ਪਾਤ ਦੀ ਸਿਆਸਤ ਨੂੰ ਅਣਡਿੱਠ ਕਰਦਿਆਂ ਚੁਣਿਆ ਹੈ। ਹਾਲਾਂਕਿ ਤਾਮਿਲਨਾਡੂ ਵਿਚ ਛੋਟੇ-ਵੱਡੇ ਮੰਦਰਾਂ ਦੀ ਗਿਣਤੀ ਲਗਪਗ 78950 ਹਜ਼ਾਰ ਹੈ, ਜਿਨ੍ਹਾਂ ਨੂੰ ਧਾਰਮਿਕ ਸੰਸਥਾਵਾਂ ਚਲਾ ਰਹੀਆਂ ਹਨ। ਇਨ੍ਹਾਂ ਮੰਦਰਾਂ ’ਚੋਂ 68 ਫ਼ੀਸਦੀ ਸ਼ਿਵ ਦੇ ਮੰਦਰ ਹਨ। ਇਸ ਤੋਂ ਇਲਾਵਾ ਪੇਰੂ ਮਾਲੀ, ਵਿਸ਼ਨੂੰ, ਮੁਰੂਗਨ, ਪਾਰਵਤੀ, ਕਾਲੀ ਦੇਵੀ ਤੇ ਗਣਪਤੀ ਮੰਦਰ ਹਨ। ਤਾਮਿਲਨਾਡੂ ਸਰਕਾਰ ਦੇ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ ਵਿਭਾਗ ਕੋਲ 38 ਹਜ਼ਾਰ ਮੰਦਰਾਂ ਦੀ ਰਜਿਸਟ੍ਰੇਸ਼ਨ ਹੈ। ਇਨ੍ਹਾਂ ਵਿੱਚੋਂ 15 ਬਹੁਤ ਵੱਡੇ ਮੰਦਰ ਹਨ। ਬਾਕੀ ਮੰਦਰਾਂ ਦੀਆਂ ਸੰਸਥਾਵਾਂ ਨੇ ਸਰਕਾਰ ਕੋਲ ਰਜਿਸਟ੍ਰੇਸ਼ਨ ਨਹੀਂ ਕਰਵਾਈ। ਕਾਂਚੀਪੁਰਮ ਸ਼ਹਿਰ ਵਿਚ ਸੈਂਕੜੇ ਮੰਦਰ ਹਨ। ਇਸੇ ਕਰਕੇ ਉਸ ਨੂੰ ਮੰਦਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਤਾਮਿਲਨਾਡੂ ਵਿਚ ਹਿੰਦੂਆਂ ਦੀ ਜਨਸੰਖਿਆ ਇੰਨੀ ਜ਼ਿਆਦਾ ਹੋਣ ਅਤੇ ਵੱਡੀ ਗਿਣਤੀ ਵਿਚ ਮੰਦਰਾਂ ਦੇ ਹੋਣ ਦੇ ਬਾਵਜੂਦ ਉੱਥੋਂ ਦੇ ਵੋਟਰਾਂ ਨੇ ਧਰਮ ਦੀ ਸਿਆਸਤ ਨੂੰ ਨਕਾਰ ਦਿੱਤਾ ਹੈ।
ਤਾਮਿਲਨਾਡੂ ਦੀ ਜਨਸੰਖਿਆ 2011 ਦੀ ਮਰਦਮ-ਸ਼ੁਮਾਰੀ ਅਨੁਸਾਰ ਲਗਪਗ ਪੰਜ ਮਿਲੀਅਨ ਸੀ ਜਦੋਂਕਿ 15 ਸਾਲਾਂ ਵਿਚ ਇਕ ਅੰਦਾਜ਼ੇ ਅਨੁਸਾਰ ਅਰਥਾਤ 2026 ਵਿਚ ਜਨਸੰਖਿਆ 78 ਮਿਲੀਅਨ ਹੋ ਗਈ ਹੈ। ਇਸ ਤਰ੍ਹਾਂ ਈਸਾਈਆਂ ਦੀ ਆਬਾਦੀ ਵੀ ਲਗਪਗ 12 ਫ਼ੀਸਦੀ ਹੋ ਸਕਦੀ ਹੈ ਪਰ ਫਿਰ ਵੀ ਇਹ ਜਨਸੰਖਿਆ ਹਿੰਦੂਆਂ ਦੀ ਵਸੋਂ ਤੋਂ ਬਹੁਤ ਘੱਟ ਹੈ। ਈਸਾਈਆਂ ਦੀ ਆਬਾਦੀ ਘੱਟ ਗਿਣਤੀਆਂ ਵਿੱਚੋਂ ਦੂਜੀ ਸਭ ਤੋਂ ਵੱਧ ਆਬਾਦੀ ਹੈ। ਮੁਸਲਮਾਨਾਂ ਦੀ ਆਬਾਦੀ ਲਗਪਗ 6 ਫ਼ੀਸਦੀ ਹੈ। ਤਾਮਿਲਨਾਡੂ ਦੀ ਕੁੱਲ ਜਨਸੰਖਿਆ ਦਾ 38 ਫ਼ੀਸਦੀ ਹਿੱਸਾ ਪੱਛੜੀਆਂ ਸ਼੍ਰੇਣੀਆਂ ਹਨ। ਅਨੁਸੂਚਿਤ ਜਾਤੀਆਂ 22 ਫ਼ੀਸਦੀ, ਵਨਿਆਰ ਸਮੁਦਾਇ ਦੀਆਂ ਵਧੇਰੇ ਪੱਛੜੀਆਂ ਸ਼੍ਰੇਣੀਆਂ ਦੀ ਆਬਾਦੀ 15% , ਪਰੀਅਨ 12 ਪ੍ਰਤੀਸ਼ਤ, ਕੋਂਗੂ ਵੈਲਾਆਰ ਗੌਂਡਰ 6 ਫ਼ੀਸਦੀ, ਕੋਂਗੂ ਵੈਲਆਰ ਗੌਂਡਰ ਪੱਛੜੀਆਂ ਸ਼੍ਰੇਣੀਆਂ ਦੀ 5 ਫ਼ੀਸਦੀ, ਹਿੰਦੂ ਨਾਦਾਰ 4 ਫ਼ੀਸਦੀ, ਕਾਲਰ ਵਧੇਰੇ ਪੱਛੜੀਆਂ ਸ਼੍ਰੇਣੀਆਂ 3 ਫ਼ੀਸਦੀ ਅਤੇ ਮਾਰਾਵਾਰ ਵਧੇਰੇ ਪੱਛੜੀਆਂ ਸ਼੍ਰੇਣੀਆਂ 8% ਤੇ ਅਨੁਸੂਚਿਤ ਕਬੀਲਿਆਂ ਦੀ ਇਕ ਫ਼ੀਸਦੀ ਹੈ।-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)।-ਮੋਬਾਈਲ : 94178-13072