-ਕੁਲਵਿੰਦਰ ਸਿੰਘ ਬਿੱਟੂ

ਸੰਨ 2020 ਦਾ ਲਗਪਗ ਸਮੁੱਚਾ ਸਮਾਂ ਕੋਰੋਨਾ ਦੀ ਲਪੇਟ ਵਿਚ ਰਿਹਾ ਸੀ। ਇਸ ਦੀ ਪੁਖਤਾ ਦਵਾਈ ਨਾ ਹੋਣ ਕਾਰਨ ਲੋਕ ਡਰੇ ਤੇ ਸਹਿਮੇ ਘਰਾਂ ਵਿਚ ਕੈਦ ਹੋ ਗਏ। ਸਮਾਜਿਕ ਤਾਣਾ-ਬਾਣਾ ਉਲਝ ਗਿਆ। ਸਾਲ ਦੇ ਅੰਤ ਤਕ ਇਸ ਲਾਗ ਦੇ ਮਰੀਜ਼ਾਂ ਦਾ ਅੰਕੜਾ ਲੱਖਾਂ ਨੂੰ ਪਾਰ ਕਰ ਗਿਆ। ਮੌਤ ਦਾ ਤਾਂਡਵ ਭਖਦਾ ਗਿਆ। ਲੋਕ ਉਸ ਸਾਲ ਨੂੰ ਮਨਹੂਸ ਮੰਨ ਕੇ ਉਸ ਨੂੰ ਅਲਵਿਦਾ ਆਖਣ ਦੀ ਜਲਦੀ ਵਿਚ ਸਨ। ਸੰਨ 2020 ਦੀ ਢਲਦੀ ਸ਼ਾਮ ਸਾਡੇ ਪਰਿਵਾਰ ਲਈ ਅਸ਼ੁਭ ਰਹੀ। ਵੀਹ ਦਸੰਬਰ ਨੂੰ ਮੇਰੇ ਪਿਤਾ ਜੀ ਪੌੜੀਆਂ ਤੋਂ ਸਿੱਧੇ ਹੀ ਫਰਸ਼ ’ਤੇ ਡਿੱਗ ਗਏ ਸਨ। ਉਨ੍ਹਾਂ ਦੇ ਚੂਲ਼ੇ ਦੀ ਹੱਡੀ ਟੁੱਟ ਗਈ। ਭਲੇ-ਚੰਗੇ ਤੁਰਦੇ-ਫਿਰਦੇ ਪਿਤਾ ਜੀ ਪਲਾਂ ਵਿਚ ਹੀ ਮੰਜੇ ’ਤੇ ਆ ਗਏ। ਸਾਰਾ ਪਰਿਵਾਰ ਉਨ੍ਹਾਂ ਦੀ ਸਾਂਭ-ਸੰਭਾਲ ਵਿਚ ਲੱਗ ਗਿਆ। ਦਸ ਕੁ ਦਿਨਾਂ ਬਾਅਦ ਉਨ੍ਹਾਂ ਦਾ ਪਿਸ਼ਾਬ ਰੁਕ ਗਿਆ। ਅਸੀਂ ਚੜ੍ਹਦੇ ਸਾਲ ਅਰਥਾਤ 1 ਜਨਵਰੀ 2021 ਨੂੰ ਪਿਤਾ ਜੀ ਨੂੰ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ ਜਿੱਥੇ ਉਨ੍ਹਾਂ ਦੇ ਪੇਟ ਦੀ ਇਨਫੈਕਸ਼ਨ ਜ਼ਿਆਦਾ ਵਧੀ ਹੋਈ ਹੋਣ ਕਾਰਨ ਉਨਾਂ ਨੇ ਸਾਨੂੰ ਸ਼ਹਿਰ ਦੇ ਦੂਜੇ ਪ੍ਰਾਈਵੇਟ ਹਸਪਤਾਲ ਵਿਚ ਭੇਜ ਦਿੱਤਾ। ਫਿਰ ਉੱਥੋਂ ਵੀ ਦੋ ਰਾਤਾਂ ਰੱਖ ਕੇ ਉਨਾਂ ਨੇ ਪਿਤਾ ਜੀ ਨੂੰ ਪੀਜੀਆਈ ਰੈਫਰ ਕਰ ਦਿੱਤਾ। ਪੀਜੀਆਈ ਵਿਚ ਇਲਾਜ ਦੌਰਾਨ ਹੀ ਪਿਤਾ ਜੀ ਦੇ ਸਰੀਰ ਦੇ ਅੰਦਰੂਨੀ ਹਿੱਸੇ ਦੇ ਅੰਗ ਹੌਲੀ-ਹੌਲੀ ਜਵਾਬ ਦੇਈ ਗਏ ਤੇ ਆਖ਼ਰ ਉੱਥੇ ਦੋ ਰਾਤਾਂ ਮੌਤ ਨਾਲ ਲੜਾਈ ਲੜਦੇ-ਲੜਦੇ ਪਿਤਾ ਜੀ ਹਾਰ ਗਏ।

ਦੋ ਦਿਨਾਂ ਬਾਅਦ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਉਨ੍ਹਾਂ ਨੂੰ ਰਸਮੀ ਅੰਤਿਮ ਵਿਦਾਇਗੀ ਦਿੱਤੀ ਗਈ। ਪਿਤਾ ਜੀ ਦੇ ਭੋਗ ਤੋਂ ਬਾਅਦ ਦੂਜੇ ਹੀ ਦਿਨ ਮੈਂ ਆਪਣੀ ਡਿਊਟੀ ’ਤੇ ਹਾਜ਼ਰ ਹੋ ਗਿਆ ਸਾਂ। ਸ਼ਾਮ ਨੂੰ ਘਰ ਆ ਕੇ ਮੇਰਾ ਸਰੀਰ ਤਕਲੀਫ਼ ਮਹਿਸੂਸ ਕਰੇ। ਪਤਨੀ ਕਿੰਨੀ ਰਾਤ ਤਕ ਦੁਖਦੀਆਂ ਲੱਤਾਂ ਨੂੰ ਘੁੱਟਦੀ ਰਹੀ ਪਰ ਸਰੀਰ ਤੇ ਲੱਤਾਂ ਨੂੰ ਆਰਾਮ ਨਾ ਮਿਲਿਆ। ਰਾਤ ਨੂੰ ਹੀ ਮੈਨੂੰ ਬੁਖ਼ਾਰ ਚੜ੍ਹ ਗਿਆ। ਖੰਘ ਤੇ ਜ਼ੁਕਾਮ ਵੀ ਵੱਧਦੇ ਗਏ। ਦੂਜੇ ਦਿਨ ਪ੍ਰਾਈਵੇਟ ਡਾਕਟਰ ਦੀ ਦਵਾਈ ਰਾਸ ਨਾ ਆਈ। ਫਿਰ ਸਰਕਾਰੀ ਹਸਪਤਾਲ ਵਿਚ ਡਾਕਟਰ ਦੀ ਸਲਾਹ ’ਤੇ ਟੈਸਟ ਕਰਾਏ ਗਏ। ਦਵਾਈ ਲੈਣ ਦੇ ਬਾਵਜੂਦ ਨਾ ਬੁਖ਼ਾਰ ਉਤਰਿਆ ਤੇ ਨਾ ਖੰਘ ਰੁਕੀ। ਤਕਲੀਫ਼ ਵੱਧਦੀ ਗਈ। ਦੂਜੇ ਦਿਨ ਫੋਨ ’ਤੇ ਐੱਸਐੱਮਐੱਸ ਆਉਂਦਾ ਹੈ ਕਿ ਤੁਸੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਹੋ। ਆਪਣੇ-ਆਪ ਨੂੰ ਪਰਿਵਾਰ ਤੋਂ ਅਲੱਗ ਕਰ ਲਓ। ਸਾਰਾ ਪਰਿਵਾਰ ਅਜੇ ਪਿਤਾ ਜੀ ਦੇ ਸਦਮੇ ਵਿਚ ਹੀ ਸੀ ਕਿ ਇਸ ਨਵੀਂ ਬਿਪਤਾ ਨੇ ਪਰਿਵਾਰ ਦੇ ਬੁਝੇ ਚਿਹਰਿਆਂ ਨੂੰ ਹੋਰ ਹਨੇਰੇ ਵਿਚ ਧੱਕ ਦਿੱਤਾ। ਮੈਂ ਕਮਰੇ ਵਿਚ ਬੰਦ ਹੋ ਗਿਆ। ਬਿਮਾਰ, ਕੱਲਮ-ਕੱਲਾ। ਪਹਿਲਾਂ ਪਤਨੀ ਦੁਖਦੀਆਂ ਲੱਤਾਂ ਘੁੱਟ ਦਿੰਦੀ ਸੀ ਪਰ ਹੁਣ ਮਾਹੌਲ ਅਲੱਗ ਤਰ੍ਹਾਂ ਦਾ ਹੋ ਗਿਆ ਸੀ। ਬੁਖ਼ਾਰ ਦਿਨ ਰਾਤ 102 ਦੇ ਇਰਦ-ਗਿਰਦ ਘੁੰਮਦਾ ਰਿਹਾ। ਪੈਰਾਸਿਟਾਮੋਲ ਦੀ ਡੋਲੋ 650 ਐੱਮਜੀ ਦਵਾਈ ਲੈਣ ਨਾਲ ਬੁਖ਼ਾਰ ਥੋੜੇ੍ਹ ਸਮੇਂ ਲਈ ਉਤਰ ਕੇ ਦੁਬਾਰਾ ਛੇਤੀ ਹੀ ਚੜ੍ਹ ਜਾਂਦਾ ਅਤੇ ਸਰੀਰ ਤਪਣ ਲੱਗ ਜਾਂਦਾ। ਪੰਜ-ਛੇ ਦਿਨਾਂ ਦੇ ਲਗਾਤਾਰ ਬੁਖ਼ਾਰ ਤੇ ਖੰਘ-ਜ਼ੁਕਾਮ ਨੇ ਮੇਰਾ ਸਰੀਰ ਬੇਸੁੱਧ ਤੇ ਹਿੰਮਤ ਰਹਿਤ ਕਰ ਦਿੱਤਾ। ਰਹਿੰਦੀ ਕਸਰ ਟੱਟੀਆਂ ਤੇ ਉਲਟੀਆਂ ਨੇ ਪੂਰੀ ਕਰ ਦਿੱਤੀ।

ਅਜਿਹੇ ਨਾਜ਼ੁਕ ਸਮੇਂ ਵਿਚ ਪਰਿਵਾਰ ਦਾ ਥਾਪੜਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਕੋਰੋਨਾ ਕਾਰਨ ਮੈਂ ਖ਼ੁਦ ਹੀ ਪਤਨੀ ਤੇ ਬੱਚਿਆਂ ਨੂੰ ਕਮਰੇ ਵਿਚ ਨਾ ਆਉਣ ਦੀ ਸਖ਼ਤ ਹਦਾਇਤ ਕੀਤੀ ਹੋਈ ਸੀ। ਬੰਦ ਕਮਰੇ ਵਿਚ ਕੋਰੋਨਾ ਦੇ ਕਹਿਰ ਦੀਆਂ ਤਸਵੀਰਾਂ ਅੱਖਾਂ ਦੇ ਸਾਹਮਣੇ ਆਈ ਜਾਣ। ਦੇਸ਼ ਤੇ ਵਿਦੇਸ਼ਾਂ ਦੇ ਲੱਖਾਂ ਤਕ ਪਹੁੰਚੇ ਮੌਤਾਂ ਦੇ ਅੰਕੜੇ ਪਰੇਸ਼ਾਨ ਕਰਨ ਲੱਗੇ। ਉਦੋਂ ਇਸ ਬਿਮਾਰੀ ਦੀ ਕੋਈ ਵੀ ਦਵਾਈ ਨਾ ਹੋਣ ਕਾਰਨ ਤੇ ਬੱਚੇ ਛੋਟੇ ਹੋਣ ਕਾਰਨ ਮੈਂ ਜ਼ਿਆਦਾ ਹੀ ਡਰ ਗਿਆ ਸਾਂ। ਦੋਸਤ ਤੇਜਿੰਦਰ, ਰਿੱਕੀ ਤੇ ਮਨਮੋਹਨ ਵਾਰ-ਵਾਰ ਦਿਲਾਸਾ ਦਿੰਦੇ ਰਹੇ। ਹੌਸਲਾ ਰੱਖਣ ਦੀ ਸਲਾਹ ਦਿੰਦੇ ਰਹੇ ਪਰ ਬੁਖ਼ਾਰ, ਖੰਘ ਤੇ ਜ਼ੁਕਾਮ ਮੇਰੇ ਹਰ ਹੌਸਲੇ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੰਦੇ। ਸਕੇ-ਸਬੰਧੀ ਤੇ ਬਲਬੀਰ ਵੀਰ ਦਵਾਈ ਤੇ ਘਰ ਲਈ ਰਾਸ਼ਨ ਵਗੈਰਾ ਉਪਲਬਧ ਕਰਾਉਂਦੇ ਰਹੇ। ਸ਼ਾਮ ਨੂੰ ਪਤਨੀ ਤੋਂ ਪਤਾ ਲੱਗਿਆ ਕਿ ਸ਼ਾਂਸ਼ੂ (ਤੀਸਰੀ ਜਮਾਤ ਵਿਚ ਪੜ੍ਹਦੀ ਮੇਰੀ ਧੀ) ਨੂੰ ਵੀ ਬੁਖ਼ਾਰ ਚੜ੍ਹ ਗਿਆ ਹੈ। ਪਾਹੁਲ (ਸੱਤਵੀਂ ਜਮਾਤ ਵਿਚ ਪੜ੍ਹਦਾ ਮੇਰਾ ਪੁੱਤਰ) ਵੀਰ ਜੀ (ਮੇਰਾ ਵੱਡਾ ਭਰਾ) ਵੀ ਕੋਰੋਨਾ ਪਾਜ਼ੇਟਿਵ ਆ ਗਏ ਹਨ। ਤਿੰਨੋ ਅਲੱਗ-ਅਲੱਗ ਕਮਰਿਆਂ ਵਿਚ ਕੁਆਰੰਟਾਈਨ ਹਨ।’ ‘ਹਾਏ ਓ ਰੱਬਾ, ਐਨਾ ਜ਼ੁਲਮ ਨਾ ਢਾਹ।’ ਮੇਰੇ ਅੰਦਰੋਂ ਭੁੁੱਬ ਨਿਕਲੀ। ਸਾਰੀ ਰਾਤ ਬੇਆਰਾਮੀ ਤੇ ਚੰਗੇ-ਬੁਰੇ ਖ਼ਿਆਲਾਂ ਨਾਲ ਗੁਜ਼ਰੀ। ਮੈਂ ਪਰਮਾਤਮਾ ਨੂੰ ਅਰਦਾਸ ਕਰਦਾ ਰਿਹਾ ਕਿ ਪਰਿਵਾਰ ’ਤੇ ਸੁੱਖ ਵਰਤਾਓ। ਗੁਰਬਾਣੀ ਦੇ ਮਹਾਵਾਕ ‘‘ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ।।’’ ਮੇਰੇ ਜ਼ਿਹਨ ਵਿਚ ਆਉਂਦੇ ਰਹੇ। ਮੈਨੂੰ ਹੌਸਲਾ ਮਿਲਦਾ ਰਿਹਾ ਕਿ ਜੇ ਇਹ ਦੁੱਖਾਂ ਭਰੇ ਦਿਨ ਚੱਲ ਰਹੇ ਹਨ ਤਾਂ ਸੁੱਖ ਵੀ ਆਉਣਗੇ ਹੀ। ਫਿਰ ਮੇਰੇ ਜੀਜਾ ਜੀ ਨੇ ਮੇਰਾ ਸੰਪਰਕ ਆਪਣੇ ਭਾਣਜੇ ਡਾਕਟਰ ਗਗਨਦੀਪ ਸਿੰਘ ਨਾਲ ਕਰਾਇਆ। ਮੈਂ ਉਨ੍ਹਾਂ ਦੀ ਲਿਖੀ ਦਵਾਈ ਸ਼ੁਰੂ ਕਰ ਦਿੱਤੀ। ਸ਼ਾਂਸ਼ੂ, ਪਾਹੁਲ ਤੇ ਮੇਰੇ ਭਰਾ ਦੀ ਦਵਾਈ ਵੀ ਉਹ ਫੋਨ ’ਤੇ ਹੀ ਲਿਖਾ ਦਿੰਦੇ ਸਨ। ਸ਼ਾਂਸ਼ੂ ਠੀਕ ਹੋ ਜਾਂਦੀ ਹੈ। ਮੈਨੂੰ ਬੁਖ਼ਾਰ ਲਈ ਉਹ ਨਿਮੋਸਲਾਈਡ ਨਾਂ ਦੀ ਦਵਾਈ ਲੈਣ ਲਈ ਕਹਿੰਦੇ ਹਨ। ਜਿਸ ਦੀ ਇਕ ਹੀ ਖੁਰਾਕ ਨਾਲ ਮੇਰਾ ਬੁਖ਼ਾਰ ਉਤਰ ਜਾਂਦਾ ਹੈ।

ਮੈਂ ਦਿਲੋਂ ਡਾਕਟਰ ਭਾਣਜੇ ਦਾ ਧੰਨਵਾਦ ਕਰਦਾ ਹਾਂ। ਇਕ ਚੰਗੀ ਗੱਲ ਇਹ ਵੀ ਰਹੀ ਕਿ ਭਰਾ ਤੇ ਪਾਹੁਲ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਵਜੂਦ ਤੰਦਰੁਸਤ ਰਹੇ। ਮੈਂ ਸੁਭਾ ਕਮਰੇ ਦੇ ਪਰਦੇ ਇੱਕ ਪਾਸੇ ਕੀਤੇ ਤਾਂ ਬਾਹਰ ਹਲਕੀ-ਹਲਕੀ ਧੁੰਦ ਵਿਚ ਸੂਰਜ ਦੀਆਂ ਕਿਰਨਾਂ ਚਾਨਣ ਕਰ ਰਹੀਆਂ ਸਨ। ਮੈਨੂੰ ਆਪਣੀ ਪਤਨੀ ਦਾ ਖ਼ਿਆਲ ਆਇਆ ਕਿ ਉਹ ਇਹ ਸਾਰਾ ਕੁਝ ਕਿਵੇਂ ਸੰਭਾਲ ਰਹੀ ਹੋਵੇਗੀ। ਮੈਂ ਹਿੰਮਤ ਕਰਕੇ ਰਜਾਈ ਨੂੰ ਪਰੇ ਕਰ ਕੇ ਦਰਵਾਜ਼ਾ ਖੋਲ੍ਹਿਆ। ਬਾਹਰ ਪਤਨੀ ਨਿਢਾਲ ਅਵਸਥਾ ਵਿਚ ਪਈ ਸੀ। ਉਹ ਮੇਰਾ ਤੇ ਮੈਂ ਉਹਦਾ ਹਾਲ ਪੁੱਛਦਾ ਹਾਂ। ਪਤਨੀ ਦੀ ਸਿਹਤ ਠੀਕ ਨਹੀਂ ਸੀ ਜਾਪਦੀ। ਮੈਂ ਉਸ ਨੂੰ ਆਪਣੀ ਸਿਹਤ ਠੀਕ ਹੋਣ ਦੀ ਖ਼ਬਰ ਦਿੱਤੀ। ਹਾਲਾਂਕਿ ਮੇਰਾ ਸਰੀਰ ਬਹੁਤ ਜ਼ਿਆਦਾ ਅਕੇਵਾਂ ਮਹਿਸੂਸ ਕਰ ਰਿਹਾ ਸੀ ਪਰ ਮੈਂ ਹੌਸਲਾ ਦਿਖਾਇਆ। ਮੇਰੇ ਮੂੰਹੋਂ ‘ਮੈਂ ਹੁਣ ਠੀਕ ਹਾਂ ‘ਸ਼ਬਦ ਸੁਣ ਕੇ ਪਤਨੀ ਵੀ ਉੱਠ ਕੇ ਬੈਠ ਗਈ। ਮੈਂ ਉਸ ਨੂੰ ਉਠਾ ਕੇ ਰਸੋਈ ਵਿਚ ਲੈ ਗਿਆ। ਫਿਰ ਦੋਵਾਂ ਨੇ ਚਾਹ ਬਣਾਈ ਅਤੇ ਡਰਾਇੰਗ ਰੂਮ ਵਿਚ ਬੈਠ ਕੇ ਪੀਤੀ। ਬਾਹਰ ਧੁੱਪ ਖਿੜੀ ਹੋਈ ਸੀ। ਅਸੀਂ ਪਰਿਵਾਰਕ ਮੈਂਬਰ ਧੁੱਪ ਵਿਚ ਕਈ ਦਿਨਾਂ ਤੋਂ ਬਾਅਦ ਇਕੱਠੇ ਬੈਠੇ ਹੋਣ ਕਾਰਨ ਕਿੰਨੀ ਦੇਰ ਤਕ ਪਿਤਾ ਜੀ ਦੀਆਂ ਗੱਲਾਂ ਕਰਦੇ ਰਹੇ। ਮੈਂ ਵੀ ਕਾਫ਼ੀ ਸਹਿਜ ਮਹਿਸੂਸ ਕਰਨ ਲੱਗਾ ਸਾਂ।

-ਮੋਬਾਈਲ ਨੰ. : 84370-00103

Posted By: Susheel Khanna