ਦੂਜੇ ਪਾਸੇ ਅਧਿਆਪਕਾਂ ਨੂੰ ਸਮਾਜ ਵਿਚ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ ਪਰ ਜਦੋਂ ਇਹੀ ਅਧਿਆਪਕ ਸਖ਼ਤੀ ਦੇ ਨਾਂ ’ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੋਰਨਾਂ ਸਾਥੀਆਂ ਸਾਹਮਣੇ ਨੀਵਾਂ ਦਿਖਾਉਂਦੇ ਹਨ ਤਾਂ ਉਨ੍ਹਾਂ ਦੇ ਆਤਮ-ਸਨਮਾਨ ਨੂੰ ਠੇਸ ਪਹੁੰਚਦੀ ਹੈ। ਸਵਾਲ ਇਹ ਨਹੀਂ ਕਿ ਅਨੁਸ਼ਾਸਨ ਜ਼ਰੂਰੀ ਹੈ ਜਾਂ ਨਹੀਂ।

ਫ਼ਰੀਦਕੋਟ ਦੇ ਸੁੱਖਣਵਾਲਾ ਪਿੰਡ ਦੇ ਇਕ ਵਿਦਿਆਰਥੀ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਵਿਚ ਪੁਲਿਸ ਨੇ ਸਦਰ ਪੁਲਿਸ ਸਟੇਸ਼ਨ ਵਿਚ ਇਕ ਕਾਲਜ ਅਧਿਆਪਕ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਵਿਦਿਆਰਥੀ ਯੋਗੇਸ਼ ਸ਼ਰਮਾ ਨੇ 25 ਅਪ੍ਰੈਲ 2026 ਨੂੰ ਸਰਹਿੰਦ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਉਸ ਦੀ ਲਾਸ਼ ਦੋ ਮਈ ਨੂੰ ਅਬੋਹਰ ਬ੍ਰਾਂਚ ਤੋਂ ਬਰਾਮਦ ਕੀਤੀ ਗਈ ਸੀ। ਯੋਗੇਸ਼ (ਲਗਪਗ 20 ਸਾਲ) ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ। ਚੌਵੀ ਅਪ੍ਰੈਲ ਨੂੰ ਘਟਨਾ ਵਾਲੇ ਦਿਨ ਉਹ ਆਮ ਵਾਂਗ ਕਾਲਜ ਲਈ ਘਰੋਂ ਨਿਕਲਿਆ ਸੀ। ਸਵੇਰੇ ਲਗਪਗ 10 ਵਜੇ ਉਸ ਨੇ ਆਪਣੇ ਚਾਚੇ ਨੂੰ ਫੋਨ ਕੀਤਾ ਅਤੇ ਗੂਗਲ ਪੇ ਰਾਹੀਂ ਕੁਝ ਰੁਪਇਆਂ ਦੀ ਮੰਗ ਕੀਤੀ। ਉਸ ਵੱਲੋਂ ਕਿਹਾ ਗਿਆ ਕਿ ਉਸ ਦੇ ਅਧਿਆਪਕ ਅਤੇ ਲਾਇਬ੍ਰੇਰੀ ਇੰਚਾਰਜ ਹਰਦੀਪ ਸਿੰਘ ਬਰਾੜ ਨੇ ਰੋਲ ਨੰਬਰ ਜਾਰੀ ਕਰਨ ਅਤੇ ਲਾਇਬ੍ਰੇਰੀ ਦੀਆਂ ਕਿਤਾਬਾਂ ਜਮ੍ਹਾ ਕਰਵਾਉਣ ਲਈ ਰਕਮ ਦੀ ਮੰਗ ਕੀਤੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਅਧਿਆਪਕ ਨੇ ਕਿਤਾਬਾਂ ਜਮ੍ਹਾ ਨਾ ਕਰਵਾਉਣ ’ਤੇ ਉਸ ਨੂੰ ਜ਼ਲੀਲ ਕੀਤਾ ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਉਸੇ ਦਿਨ ਨਹਿਰ ਵਿਚ ਛਾਲ ਮਾਰ ਦਿੱਤੀ।
ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਆਉਂਦੇ ਪਿੰਡ ਝੰਡਾ ਲੁਬਾਣਾ ਦੀ ਹੈ ਜਿੱਥੋਂ ਦੇ ਇਕ ਵਿਦਿਆਰਥੀ ਨੇ ਕਸਬਾ ਦਸੂਹਾ ਦੇ ਪ੍ਰਸਿੱਧ ਪ੍ਰਾਈਵੇਟ ਸਕੂਲ ਦੇ ਪ੍ਰਸ਼ਾਸਨ ਤੋਂ ਤੰਗ ਹੋ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 15 ਵਰ੍ਹਿਆਂ ਦਾ ਨਵਜੋਤ ਸਿੰਘ ਨੇੜਲੇ ਸ਼ਹਿਰ ਦਸੂਹਾ ਦੇ ਇਕ ਨਾਮੀ ਨਿੱਜੀ ਸਕੂਲ ਵਿਚ ਗਿਆਰਵੀਂ ਵਿਚ ਪੜ੍ਹਦਾ ਸੀ। ਬੀਤੀ 27 ਅਪ੍ਰੈਲ ਨੂੰ ਉਸ ਨੂੰ ਪ੍ਰਿੰਸੀਪਲ ਵੱਲੋਂ ਕੋਈ ਮਾਮੂਲੀ ਗ਼ਲਤੀ ਕਰਕੇ ਸਖ਼ਤ ਸਜ਼ਾ ਦਿੱਤੀ ਗਈ ਅਤੇ ਦੋ ਪੀਰੀਅਡਾਂ ਤੱਕ ਧੁੱਪ ਵਿਚ ਖੜ੍ਹਾ ਰੱਖਿਆ ਗਿਆ। ਇਸ ਕਾਰਨ ਨਵਜੋਤ ਨੇ ਨਮੋਸ਼ੀ ਮਹਿਸੂਸ ਕੀਤੀ ਅਤੇ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜ਼ੇਰੇ ਇਲਾਜ ਨਵਜੋਤ ਸਿੰਘ ਦੀ ਕਈ ਦਿਨ ਦੀ ਜਦੋਜਹਿਦ ਤੋਂ ਬਾਅਦ ਮੌਤ ਹੋ ਗਈ।
ਵਿਦਿਆਰਥੀਆਂ ਵੱਲੋਂ ਇਸ ਤਰ੍ਹਾਂ ਅਧਿਆਪਕਾਂ ’ਤੇ ਇਲਜ਼ਾਮ ਲਗਾ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀਆਂ ਇਹ ਕੋਈ ਇਕ ਜਾਂ ਦੋ ਘਟਨਾਵਾਂ ਨਹੀਂ ਹਨ। ਇਨ੍ਹਾਂ ਦੀ ਫੇਹਰਿਸਤ ਬਹੁਤ ਲੰਬੀ ਹੈ। ਨਾਲ ਹੀ ਵਿਸ਼ਾ ਵੀ ਬੜੀ ਚਿੰਤਾ ’ਚ ਪਾਉਣ ਵਾਲਾ ਹੈ। ਪੰਜਾਬ ਵਿਚ ਪਿਛਲੇ ਕੁਝ ਦਿਨਾਂ ਵਿਚ ਆਈਆਂ ਉਹ ਖ਼ਬਰਾਂ, ਜਿੱਥੇ ਵਿਦਿਆਰਥੀਆਂ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ, ਸਿਰਫ਼ ਦੁਖਦਾਈ ਹੀ ਨਹੀਂ-ਇਹ ਸਾਡੇ ਸਮਾਜ ਅਤੇ ਸਿੱਖਿਆ ਪ੍ਰਣਾਲੀ ਲਈ ਇਕ ਕੌੜਾ ਸੱਚ ਵੀ ਹਨ। ਹਰ ਵਾਰ ਇੱਕੋ ਜਿਹਾ ਪੈਟਰਨ ਸਾਹਮਣੇ ਆਉਂਦਾ ਹੈ-ਵਿਦਿਆਰਥੀ ਤਣਾਅ ਵਿਚ ਸੀ, ਅਧਿਆਪਕਾਂ ਦੀ ਡਾਂਟ ਜਾਂ ਸਕੂਲ ਦੇ ਦਬਾਅ ਕਾਰਨ ਪਰੇਸ਼ਾਨ ਸੀ ਅਤੇ ਆਖ਼ਰਕਾਰ ਉਸ ਨੇ ਇਕ ਅਜਿਹਾ ਕਦਮ ਚੁੱਕਿਆ ਜਿਸ ਦਾ ਕੋਈ ਵਾਪਸੀ ਦਾ ਰਸਤਾ ਨਹੀਂ ਹੈ।
ਪਰ ਅਸਲ ਸਵਾਲ ਇਹ ਹੈ ਕਿ ਕੀ ਅਸੀਂ ਸਿਰਫ਼ ਸੰਵੇਦਨਾ ਜ਼ਾਹਰ ਕਰ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਸਕਦੇ ਹਾਂ? ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆਈਆਂ ਘਟਨਾਵਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਇਹ ਇਕੱਲੀਆਂ ਦੁਰਘਟਨਾਵਾਂ ਨਹੀਂ ਹਨ। ਕਿਤੇ ਕਿਸੇ ਵਿਦਿਆਰਥੀ ਨੇ ਕਲਾਸ ਵਿਚ ਸਭ ਦੇ ਸਾਹਮਣੇ ਕੀਤੀ ਗਈ ਬੇਇੱਜ਼ਤੀ ਤੋਂ ਬਾਅਦ ਇਹ ਕਦਮ ਚੁੱਕਿਆ ਤੇ ਕਿਤੇ ਕਿਸੇ ਨੂੰ ਅਸਾਈਨਮੈਂਟ ਜਾਂ ਨੰਬਰਾਂ ਦੇ ਦਬਾਅ ਨੇ ਅੰਦਰੋਂ ਤੋੜ ਦਿੱਤਾ। ਕੁਝ ਮਾਮਲਿਆਂ ਵਿਚ ਮਾਪਿਆਂ ਨੇ ਵੀ ਦੱਸਿਆ ਕਿ ਬੱਚਾ ਲਗਾਤਾਰ ਡਰ ਅਤੇ ਤਣਾਅ ਵਿਚ ਸੀ। ਇਹ ਸਾਰੀਆਂ ਘਟਨਾਵਾਂ ਇੱਕੋ ਗੱਲ ਵੱਲ ਇਸ਼ਾਰਾ ਕਰਦੀਆਂ ਹਨ-ਬੱਚੇ ਸਾਡੇ ਸਿਸਟਮ ਵਿਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਤੇ ਨਾਲ ਹੀ ਜਿਨ੍ਹਾਂ ਬੱਚਿਆਂ ਤੋਂ ਅਸੀਂ ਇਹ ਆਸ ਕਰ ਰਹੇ ਹਾਂ ਕਿ ਉਹ ਸਾਡੇ ਦੇਸ਼ ਦਾ ਭਵਿੱਖ ਹਨ, ਇਸ ਸਭ ਨੂੰ ਦੇਖਦੇ ਹੋਏ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡਾ ਭਵਿੱਖ ਇੰਨਾ ਕਮਜ਼ੋਰ ਹੈ ਕਿ ਥੋੜ੍ਹਾ ਜਿਹਾ ਦਬਾਅ ਨਹੀਂ ਸਹਿਣ ਕਰ ਪਾ ਰਿਹਾ। ਕੀ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਇੰਨਾ ਕਮਜ਼ੋਰ ਕਰਨ ਪਿੱਛੇ ਮਾਪਿਆਂ ਦੀ ਪਰਵਰਿਸ਼ ਵਿਚ ਤਾਂ ਕੋਈ ਕਮੀ ਨਹੀਂ ਹੈ। ਇਹ ਸਵਾਲ ਇਸ ਲਈ ਉਠਾਇਆ ਜਾ ਰਿਹਾ ਹੈ ਕਿਉਂਕਿ ਕਲਾਸ ਵਿਚ ਪੜ੍ਹਾਈ ਨੂੰ ਲੈ ਕੇ ਜੇਕਰ ਕੋਈ ਅਧਿਆਪਕ ਬੱਚਿਆਂ ਨੂੰ ਥੋੜ੍ਹਾ ਜਿਹਾ ਵੀ ਡਾਂਟ ਦਿੰਦਾ ਹੈ ਤਾਂ ਮਾਂ-ਪਿਉ ਸ਼ਿਕਾਇਤ ਲੈ ਕੇ ਸਕੂਲ ਪਹੁੰਚ ਜਾਂਦੇ ਹਨ।
ਦੂਜੇ ਪਾਸੇ ਅਧਿਆਪਕਾਂ ਨੂੰ ਸਮਾਜ ਵਿਚ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ ਪਰ ਜਦੋਂ ਇਹੀ ਅਧਿਆਪਕ ਸਖ਼ਤੀ ਦੇ ਨਾਂ ’ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੋਰਨਾਂ ਸਾਥੀਆਂ ਸਾਹਮਣੇ ਨੀਵਾਂ ਦਿਖਾਉਂਦੇ ਹਨ ਤਾਂ ਉਨ੍ਹਾਂ ਦੇ ਆਤਮ-ਸਨਮਾਨ ਨੂੰ ਠੇਸ ਪਹੁੰਚਦੀ ਹੈ। ਸਵਾਲ ਇਹ ਨਹੀਂ ਕਿ ਅਨੁਸ਼ਾਸਨ ਜ਼ਰੂਰੀ ਹੈ ਜਾਂ ਨਹੀਂ। ਸਵਾਲ ਇਹ ਹੈ ਕਿ ਅਨੁਸ਼ਾਸਨ ਦਾ ਤਰੀਕਾ ਕੀ ਹੈ? ਕੀ ਡਰ ਅਤੇ ਅਪਮਾਨ ਨਾਲ ਅਸੀਂ ਚੰਗੇ ਵਿਦਿਆਰਥੀ ਤਿਆਰ ਕਰ ਸਕਦੇ ਹਾਂ? ਜੇਕਰ ਇਕ ਵਿਦਿਆਰਥੀ ਅਧਿਆਪਕ ਤੋਂ ਡਰਦਾ ਹੈ ਤਾਂ ਉਹ ਸਿੱਖ ਨਹੀਂ ਸਕਦਾ। ਉਹ ਸਿਰਫ਼ ਬਚਣ ਦੀ ਕੋਸ਼ਿਸ਼ ਕਰਦਾ ਹੈ।
ਦਰਅਸਲ, ਇਸ ਸਮੱਸਿਆ ਦੇ ਦੋ ਪਹਿਲੂ ਹਨ। ਪਹਿਲਾ ਇਹ ਕਿ ਅੱਜ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਸੋਹਲ ਬਣਾਇਆ ਜਾ ਰਿਹਾ ਹੈ ਜਦਕਿ ਜਿਸ ਤਰ੍ਹਾਂ ਦਾ ਸਮਾਜ ਸਿਰਜਿਆ ਜਾ ਰਿਹਾ ਹੈ, ਉਸ ਵਿਚ ਕਾਮਯਾਬੀ ਹਾਸਲ ਕਰਨ ਲਈ ਬੱਚੇ ਨੂੰ ਮਾਨਸਿਕ ਤੌਰ ’ਤੇ ਸਖ਼ਤ ਬਣਾਉਣ ਦੀ ਲੋਡ਼ ਹੈ। ਇਹ ਦਲੀਲ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਅੱਜ-ਕੱਲ੍ਹ ਦੇ ਬੱਚੇ ਦਬਾਅ ਨਹੀਂ ਸਹਿ ਸਕਦੇ ਪਰ ਹਕੀਕਤ ਇਹ ਹੈ ਕਿ ਦਬਾਅ ਦੀ ਪ੍ਰਕਿਰਤੀ ਹੀ ਬਦਲ ਗਈ ਹੈ। ਪਹਿਲਾਂ ਮੁਕਾਬਲਾ ਸੀਮਤ ਸੀ, ਅੱਜ ਹਰ ਪੱਧਰ ’ਤੇ ਹੈ-ਸਕੂਲ, ਕੋਚਿੰਗ, ਸੋਸ਼ਲ ਮੀਡੀਆ ਅਤੇ ਘਰ ਤੱਕ। ਬੱਚੇ ਸਿਰਫ਼ ਪੜ੍ਹਾਈ ਦਾ ਹੀ ਨਹੀਂ, ਸਗੋਂ ਆਪਣੇ-ਆਪ ਨੂੰ ਸਾਬਿਤ ਕਰਨ ਦਾ ਦਬਾਅ ਵੀ ਸਹਿ ਰਹੇ ਹਨ। ਇਹ ਨਿਰੰਤਰ ਦੌੜ ਉਨ੍ਹਾਂ ਨੂੰ ਥਕਾ ਰਹੀ ਹੈ।
ਅੱਜ ਦਾ ਸਿੱਖਿਆ ਮਾਡਲ ਬੱਚਿਆਂ ਨੂੰ ਇਨਸਾਨ ਨਹੀਂ, ਇਕ ‘ਪਰਫਾਰਮੈਂਸ ਮਸ਼ੀਨ’ ਬਣਾਉਂਦਾ ਜਾ ਰਿਹਾ ਹੈ। ਹਰ ਥਾਂ ਮੁਕਾਬਲਾ-ਸਕੂਲ, ਕੋਚਿੰਗ, ਘਰ-ਅਤੇ ਇਸ ਦੌੜ ਵਿਚ ਬੱਚੇ ਆਪਣੀ ਪਛਾਣ ਗੁਆ ਰਹੇ ਹਨ। ਜਦੋਂ ਨਤੀਜੇ ਉਮੀਦਾਂ ਅਨੁਸਾਰ ਨਹੀਂ ਆਉਂਦੇ ਤਾਂ ਉਹ ਆਪਣੇ-ਆਪ ਨੂੰ ਨਾਕਾਮ ਸਮਝਦੇ ਹਨ। ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਨਾਕਾਮੀ ਦਾ ਡਰ ਅਸੀਂ ਹੀ ਉਨ੍ਹਾਂ ਦੇ ਅੰਦਰ ਪੈਦਾ ਕੀਤਾ ਹੈ?
ਬੱਚਿਆਂ ਦੀਆਂ ਅਜਿਹੀਆਂ ਮੁਸ਼ਕਲਾਂ ਨੂੰ ਸਮਝਣ ਤੇ ਇਲਾਜ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਸਾਡੇ ਸਕੂਲਾਂ ਵਿਚ ਫਿਜ਼ਿਕਸ, ਮੈਥ, ਕੈਮਿਸਟਰੀ ਦੀਆਂ ਕਲਾਸਾਂ ਤਾਂ ਹਨ ਪਰ ਮਾਨਸਿਕ ਸਿਹਤ ਦੀ ਕੋਈ ਕਲਾਸ ਨਹੀਂ ਹੈ। ਬੱਚਾ ਤਣਾਅ ਵਿਚ ਹੈ, ਡਿਪ੍ਰੈਸ਼ਨ ਵਿਚ ਹੈ ਪਰ ਉਸ ਨੂੰ ਸਮਝਣ ਵਾਲਾ ਕੌਣ ਹੈ? ਜਦੋਂ ਇਕ ਬੱਚਾ ਚੁੱਪ ਹੋ ਜਾਂਦਾ ਹੈ, ਅਲੱਗ ਰਹਿਣ ਲੱਗਦਾ ਹੈ ਤਾਂ ਉਹ ਆਪਣੇ ’ਤੇ ਦਬਾਅ ਦਾ ਸਿਗਨਲ ਦੇ ਰਿਹਾ ਹੁੰਦਾ ਹੈ ਪਰ ਅਸੀਂ ਉਨ੍ਹਾਂ ਸਿਗਨਲਾਂ ਨੂੰ ਅਣਡਿੱਠ ਕਰ ਦਿੰਦੇ ਹਾਂ।
ਹਰ ਘਟਨਾ ਤੋਂ ਬਾਅਦ ਜਾਂਚ ਦੇ ਹੁਕਮ, ਮੁਆਵਜ਼ੇ ਦੇ ਐਲਾਨ ਅਤੇ ਵਾਅਦੇ, ਇਹ ਸਭ ਕੁਝ ਹੁੰਦਾ ਹੈ ਪਰ ਕੀ ਇਹ ਕਾਫ਼ੀ ਹੈ? ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ। ਇਸ ਬਾਰੇ ਮਾਹਿਰ ਸੁਝਾਅ ਦਿੰਦੇ ਹਨ ਕਿ ਸਕੂਲਾਂ ਵਿਚ ਮਾਨਸਿਕ ਸਿਹਤ ਕਾਊਂਸਲਰ ਲਾਜ਼ਮੀ ਕੀਤੇ ਜਾਣ। ਅਧਿਆਪਕਾਂ ਦੀ ਟਰੇਨਿੰਗ ਵੀ ਉਸੇ ਤਰ੍ਹਾਂ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਉਨ੍ਹਾਂ ਨੂੰ ਉਨ੍ਹਾਂ ਦੇ ਵਿਸ਼ਿਆਂ ਵਿਚ ਆਏ ਬਦਲਾਅ ਤੋਂ ਬਾਅਦ ਸਿਖਲਾਈ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਲਈ ਸੁਰੱਖਿਅਤ ਅਤੇ ਡਰ ਰਹਿਤ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਵੇ। ਜੇ ਇਹ ਨਹੀਂ ਕੀਤਾ ਗਿਆ ਤਾਂ ਇਹ ਘਟਨਾਵਾਂ ਰੁਕਣ ਵਾਲੀਆਂ ਨਹੀਂ।
ਇਹ ਸੁਝਾਅ ਸਿਰਫ਼ ਅਧਿਆਪਕਾਂ ਲਈ ਹੀ ਨਹੀਂ ਹਨ ਸਗੋਂ ਘਰ ਵਿਚ ਮਾਂ-ਬਾਪ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ। ਕੀ ਅਸੀਂ ਆਪਣੇ ਬੱਚਿਆਂ ਨੂੰ ਸੁਣਦੇ ਹਾਂ ਜਾਂ ਸਿਰਫ਼ ਉਨ੍ਹਾਂ ਤੋਂ ਉਮੀਦਾਂ ਰੱਖਦੇ ਹਾਂ? ਮਾਪੇ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਚਾਹੁੰਦੇ ਹਨ ਪਰ ਕਈ ਵਾਰ ਇਹ ‘ਵਧੀਆ’ ਉਮੀਦਾਂ ਦੇ ਬੋਝ ਵਿਚ ਬਦਲ ਜਾਂਦਾ ਹੈ। ਜਦੋਂ ਹਰ ਗੱਲ ਨੰਬਰਾਂ ਨਾਲ ਜੋੜੀ ਜਾਂਦੀ ਹੈ ਤਾਂ ਬੱਚਾ ਆਪਣੇ-ਆਪ ਨੂੰ ਸਿਰਫ਼ ਇਕ ਨਤੀਜੇ ਤੱਕ ਸੀਮਤ ਕਰ ਲੈਂਦਾ ਹੈ।
ਕੀ ਅਸੀਂ ਕਦੇ ਆਪਣੇ ਬੱਚਿਆਂ ਨੂੰ ਇਹ ਕਿਹਾ ਹੈ ਕਿ ‘ਨਾਕਾਮੀ ਵੀ ਠੀਕ ਹੈ?’ ਹਰ ਵਾਰ ਜਦੋਂ ਵੀ ਕੋਈ ਵਿਦਿਆਰਥੀ ਆਪਣੀ ਜ਼ਿੰਦਗੀ ਖ਼ਤਮ ਕਰਦਾ ਹੈ, ਉਹ ਸਿਰਫ਼ ਆਪਣੀ ਨਹੀਂ, ਸਾਡੇ ਸਿਸਟਮ ਦੀ ਹਾਰ ਹੁੰਦੀ ਹੈ। ਇਹ ਸਮਾਂ ਹੈ ਜਾਗਣ ਦਾ, ਸਿੱਖਿਆ ਨੂੰ ਡਰ ਤੇ ਦਬਾਅ ਤੋਂ ਬਾਹਰ ਕੱਢ ਕੇ ਸਮਝ, ਸਹਿਯੋਗ ਤੇ ਮਨੁੱਖਤਾ ਨਾਲ ਜੋੜਨ ਦਾ। ਅਨੁਸ਼ਾਸਨ ਦਾ ਮਤਲਬ ਸਜ਼ਾ ਨਹੀਂ ਹੁੰਦਾ। ਅਸਲ ਅਨੁਸ਼ਾਸਨ ਸਮਝ ਅਤੇ ਸਵੈ-ਨਿਯੰਤਰਣ ਤੋਂ ਆਉਂਦਾ ਹੈ। ਜਦੋਂ ਅਧਿਆਪਕ ਵਿਦਿਆਰਥੀ ਨਾਲ ਗੱਲ ਕਰਦਾ ਹੈ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਕ ਵਿਸ਼ਵਾਸ ਬਣਦਾ ਹੈ। ਡਰ ਨਾਲ ਬਣਿਆ ਅਨੁਸ਼ਾਸਨ ਤਤਕਾਲੀ ਹੁੰਦਾ ਹੈ ਪਰ ਸੰਵਾਦ ਨਾਲ ਬਣਿਆ ਅਨੁਸ਼ਾਸਨ ਲੰਬੇ ਸਮੇਂ ਤੱਕ ਟਿਕਦਾ ਹੈ। ਨਹੀਂ ਤਾਂ ਸਵਾਲ ਹਮੇਸ਼ਾ ਇੱਕੋ ਰਹੇਗਾ-“ਅਗਲਾ ਕੌਣ?”
-ਇੰਦਰਪ੍ਰੀਤ ਸਿੰਘ
-(ਲੇਖਕ ‘ਪੰਜਾਬੀ ਜਾਗਰਣ’ ਦੇ ਸੰਪਾਦਕ ਹਨ)।
-ਮੋਬਾਈਲ : 96465-05020