ਬੱਚਿਆਂ ਨੇ ਬੈਂਫ ਤੇ ਜੈਸਫਰ ਵਰਗੇ ਧਰਤੀ ’ਤੇ ਵਸਦੇ ਸਵਰਗ ਦੀ ਭਰਪੂਰ ਗੇੜੀ ਵੀ ਲੁਆ ਦਿੱਤੀ ਪਰ ਫਿਰ ਵੀ ਰੂਹ ਕਹੇ ਕਿ ਉੱਡ ਕੇ ਛੱਜੂ ਦੇ ਚੁਬਾਰੇ ਵਾਪਸ ਚਲੀ ਜਾ। ਬੱਚਿਆਂ ਨੂੰ ਆਰਥਿਕ ਤੌਰ ’ਤੇ ਸੰਪੰਨ ਦੇਖ ਕੇ ਮਨ ਨੂੰ ਤੱਸਲੀ ਜ਼ਰੂਰ ਹੁੰਦੀ ਸੀ ਕਿ ਰੁਜ਼ਗਾਰ ਯਾਫ਼ਤਾ ਬੱਚੇ ਸੋਹਣੀ ਜ਼ਿੰਦਗੀ ਗੁਜ਼ਾਰ ਰਹੇ ਹਨ ਪਰ ਜਦੋਂ ਸਹਿਕਦੇ ਮਾਪੇ ਤੇ ਘਰ-ਬਾਰ ਛੱਡ ਕੇ ਸੜਕਾਂ ’ਤੇ ਦਰ-ਬ-ਦਰ ਭਟਕਦੇ ਪਰਾਏ ਬੱਚਿਆਂ ਨੂੰ ਦੇਖਦੀ ਤਾਂ ਮਨ ਹੋਰ ਉਦਾਸ ਹੋ ਜਾਂਦਾ।

ਮੈਂ ਮੁੱਦਤ ਤੋਂ ਸੋਚ ਰਹੀ ਸੀ ਕਿ ਸੇਵਾ ਮੁਕਤ ਹੁੰਦਿਆਂ ਹੀ ਬੱਚਿਆਂ ਦੀ ਕੈਨੇਡਾ ਘੁਮਾਉਣ ਦੀ ਚਿਰਾਂ ਦੀ ਰੀਝ ਪੂਰੀ ਕਰ ਹੀ ਦੇਣੀ ਹੈ। ਮੈਂ ਬੜੇ ਚਾਅ ਨਾਲ ਇਕ ਪਾਸੇ ਦੀ ਟਿਕਟ ਕਟਾ ਕੇ ਤੇ ਉੱਥੇ ਲੰਬਾ ਸਮਾਂ ਰਹਿਣ ਦਾ ਫ਼ੈਸਲਾ ਕਰ ਕੇ ਜਹਾਜ਼ ਚੜ੍ਹ ਗਈ। ਮੈਨੂੰ ਪੱਕਾ ਯਕੀਨ ਸੀ ਕਿ ਜਿੱਥੇ ਬੱਚਿਆਂ ਦੇ ਨਾਲ ਸੋਹਣਾ ਸਮਾਂ ਬੀਤੇਗਾ ਉੱਥੇ ਹੀ ਉਸ ਧਰਤੀ ਦੀ ਸੁਣੀ-ਸੁਣਾਈ ਖ਼ੂਬਸੂਰਤੀ ’ਚ ਰਚ-ਮਿਚ ਜਾਣ ਨਾਲ ਮੇਰੀ ਸਿਰਜਣ ਪ੍ਰਕਿਰਿਆ ਵੀ ਤੇਜ਼ ਰਫ਼ਤਾਰ ਫੜੇਗੀ।
ਮੈਂ ਘੱਟੋ-ਘੱਟ ਇਕ ਕਿਤਾਬ ਪੂਰੀ ਕਰਨ ਦਾ ਤਹੱਈਆ ਕਰ ਕੇ ਹੀ ਗਈ ਸੀ ਪਰ ਤੁਸੀਂ ਝੂਠ ਮੰਨਣਾ, ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਖ਼ੁਸ਼ਹਾਲ ਸਰ-ਜ਼ਮੀਨ ’ਤੇ ਪੈਰ ਧਰਦਿਆਂ ਹੀ ਮੇਰੇ ਅੰਦਰ ਉਦਾਸੀ ਭਾਰੂ ਹੋਣ ਲੱਗੀ। ਮੈਂ ਹੈਰਾਨ ਸੀ ਕਿ ਜਿਸ ਧਰਤੀ ’ਤੇ ਮੈਂ ਚਾਈਂ-ਚਾਈਂ ਆਈ ਸੀ, ਜਿਸ ਲਈ ਸਹਿਕਦੇ ਸਾਡੇ ਬਹੁਤੇ ਪੰਜਾਬੀ ਆਪਣੀ ਜਾਨ ਤੱਕ ਦਾਅ ’ਤੇ ਲਾ ਦਿੰਦੇ ਹਨ ਤੇ ਉਨ੍ਹਾਂ ਨੂੰ ਅਹਿਸਾਸ ਤੱਕ ਨਹੀਂ ਹੁੰਦਾ ਕਿ ਇਸ ਪਰਾਈ ਜੂਹ ’ਤੇ ਪੁੱਜਣ ਲਈ ਭਾਵਨਾਤਮਕ ਤੇ ਆਰਥਿਕ ਤੌਰ ’ਤੇ ਕਿੰਨਾ ਮਹਿੰਗਾ ਮੁੱਲ ਤਾਰਨਾ ਪੈਂਦਾ ਹੈ। ਉਸ ਜਗ੍ਹਾ ’ਤੇ ਪੁੱਜ ਕੇ ਇੰਨੀ ਉਪਰਾਮਤਾ ਕਿਉਂ?
ਮੈਨੂੰ ਆਸ ਸੀ ਕਿ ਕੁਝ ਦਿਨਾਂ ਬਾਅਦ ਮੇਰਾ ਜੀਅ ਟਿਕਾਣੇ ਆ ਹੀ ਜਾਣਾ ਹੈ। ਮੈਂ ਸੋਚਦੀ ਸੀ ਕਿ ਆਪਣਾ ਅੱਡ ਕਮਰਾ, ਲਿਖਣ ਲਈ ਕਾਗਜ਼ਾਂ ਦਾ ਪੁਲੰਦਾ, ਸਾਫ਼-ਸੁਥਰੀਆਂ ਸੜਕਾਂ, ਦਿਲਕਸ਼ ਆਲਾ-ਦੁਆਲਾ, ਦਿਲ ਲਾਉਣ ਲਈ ਹੋਰ ਚਾਹੀਦਾ ਵੀ ਕੀ ਹੈ? ਪਰ ਲੱਖ ਕੋਸ਼ਿਸ਼ਾਂ ਕਰਨ ਤੇ ਪੂਰੀ ਵਾਹ ਲਾਉਣ ’ਤੇ ਵੀ ਮਨ ਲੱਗਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਵਤਨ ਦੀ ਯਾਦ ਤੇ ਆਪਣਿਆਂ ਦਾ ਸਨੇਹ ਲੱਖ ਚਾਹੁਣ ’ਤੇ ਵੀ ਖਹਿੜਾ ਨਹੀਂ ਸਨ ਛੱਡ ਰਹੇ।
ਬੱਚਿਆਂ ਨੇ ਬੈਂਫ ਤੇ ਜੈਸਫਰ ਵਰਗੇ ਧਰਤੀ ’ਤੇ ਵਸਦੇ ਸਵਰਗ ਦੀ ਭਰਪੂਰ ਗੇੜੀ ਵੀ ਲੁਆ ਦਿੱਤੀ ਪਰ ਫਿਰ ਵੀ ਰੂਹ ਕਹੇ ਕਿ ਉੱਡ ਕੇ ਛੱਜੂ ਦੇ ਚੁਬਾਰੇ ਵਾਪਸ ਚਲੀ ਜਾ। ਬੱਚਿਆਂ ਨੂੰ ਆਰਥਿਕ ਤੌਰ ’ਤੇ ਸੰਪੰਨ ਦੇਖ ਕੇ ਮਨ ਨੂੰ ਤੱਸਲੀ ਜ਼ਰੂਰ ਹੁੰਦੀ ਸੀ ਕਿ ਰੁਜ਼ਗਾਰ ਯਾਫ਼ਤਾ ਬੱਚੇ ਸੋਹਣੀ ਜ਼ਿੰਦਗੀ ਗੁਜ਼ਾਰ ਰਹੇ ਹਨ ਪਰ ਜਦੋਂ ਸਹਿਕਦੇ ਮਾਪੇ ਤੇ ਘਰ-ਬਾਰ ਛੱਡ ਕੇ ਸੜਕਾਂ ’ਤੇ ਦਰ-ਬ-ਦਰ ਭਟਕਦੇ ਪਰਾਏ ਬੱਚਿਆਂ ਨੂੰ ਦੇਖਦੀ ਤਾਂ ਮਨ ਹੋਰ ਉਦਾਸ ਹੋ ਜਾਂਦਾ।
ਕਾਸ਼! ਆਪਣੇ ਦੇਸ਼ ਵਿਚ ਹੀ ਜੇ ਰੁਜ਼ਗਾਰ ਮਿਲੇ, ਮਿਹਨਤ ਦਾ ਮੁੱਲ ਜੇ ਵਕਤ ਸਿਰ ਮਿਲੇ, ਸਮਾਜਿਕ ਸੁਰੱਖਿਆ ਮਿਲੇ ਤਾਂ ਸਾਡੇ ਜਾਨ ਤੋਂ ਵੀ ਵੱਧ ਪਿਆਰੇ ਬੱਚੇ ਬੇਵਤਨੇ ਹੋਣ ਦਾ ਸੰਤਾਪ ਕਿਉਂ ਹੰਢਾਉਣ? ਮਾਯੂਸ ਜਿਹੇ ਚਿਹਰੇ, ਮਾਨਸਿਕ ਦਵੰਦ ਦੇ ਸ਼ਿਕਾਰ ਤੇ ਤੜਫਦੇ ਬਜ਼ੁਰਗਾਂ ਦੀ ਪੀੜ, ਉਦਾਸ ਪਲਾਂ ਦੀ ਗਵਾਹੀ ਭਰਦੇ ਸਨ। ਬਰੈਂਪਟਨ ਦੀ ਧਰਤੀ ’ਤੇ ਚਿਰਾਂ ਤੋਂ ਘੁੱਗ ਵਸਦਾ ਭਾਈਚਾਰਾ ਅਜੇ ਵੀ ਆਪਣੀ ਧਰਤੀ ਦੇ ਮੋਹ ਤੋਂ ਮੁਕਤ ਨਹੀਂ ਹੋਇਆ।
ਉਨ੍ਹਾਂ ਦਾ ਜਿਸਮ ਭਾਵੇਂ ਕੈਨੇਡਾ ਵਿਚ ਵਸਦਾ ਹੈ ਪਰ ਰੂਹ ਪੰਜਾਬ ’ਚ ਹੀ ਭਟਕਦੀ ਹੈ। ਸਾਫ਼ ਜ਼ਾਹਰ ਸੀ ਕਿ ਪਰਵਾਸ ਹੰਢਾਉਣਾ ਕੋਈ ਸੌਖਾ ਕੰਮ ਨਹੀਂ। ਆਪਣੇ ਦੇਸ਼ ਦੀਆਂ ਸਮੱਸਿਆਵਾਂ ਨਾਲ ਹੀ ਮਿਲਦੀਆਂ ਤਲਖ਼ ਹਕੀਕਤਾਂ ਨਾਲ ਦੋ-ਚਾਰ ਹੁੰਦੇ ਵਧੇਰੇ ਪੰਜਾਬੀ ਬੇਸ਼ੱਕ ਖ਼ੁਸ਼ ਨਹੀਂ ਸਨ ਪਰ ਪਿੱਛੇ ਮੁੜਨ ਦੀ ਦੁਚਿੱਤੀ ਵੀ ਮੈਂ ਉਨ੍ਹਾਂ ਵਿਚ ਨਹੀਂ ਸੀ ਦੇਖੀ। ਪੰਜਾਬ ਵਿਚ ਵਹਿੰਦੇ ਨਸ਼ਿਆਂ ਦੇ ਛੇਵੇਂ ਦਰਿਆਂ ਤੋਂ ਤ੍ਰਹਿੰਦੇ ਮਾਪੇ ਆਪਣੇ ਧੀਆਂ-ਪੁੱਤਾਂ ਨੂੰ ਪਰਾਈ ਧਰਤੀ ’ਤੇ ਤੋਰ ਰਹੇ ਹਨ ਪਰ ਇਸ ਸਮੱਸਿਆ ਤੋਂ ਉੱਥੇ ਵੀ ਛੁਟਕਾਰਾ ਨਹੀਂ ਮਿਲਿਆ।
ਹੱਦੋਂ ਵੱਧ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਸਮਾਜਿਕ ਅਸੁਰੱਖਿਆ ਦੀ ਉੱਥੇ ਵੀ ਕੋਈ ਹੱਦ ਨਹੀਂ। ਆਪਣਿਆਂ ਦਾ ਆਪਣਿਆਂ ਹੱਥੋਂ ਹੁੰਦਾ ਸੋਸ਼ਣ ਵੀ ਮੈਂ ਅੱਖੀਂ ਦੇਖਿਆ। ਹਾਂ, ਇਕ ਗੱਲ ਜ਼ਰੂਰ ਸਲਾਹੁਣਯੋਗ ਲੱਗੀ ਕਿ ਪੂੰਜੀਵਾਦ ਦੇ ਇਕ ਦੌਰ ਵਿਚ ਵੀ ਪਛਾਣ ਦੇ ਸੰਕਟ ’ਚੋਂ ਗੁਜ਼ਰਦੇ ਕੁਝ ਰੱਜੇ-ਪੁੱਜੇ ਤੇ ਆਰਥਿਕ ਤੌਰ ’ਤੇ ਸੰਪੰਨ ਲੋਕ ਰੋਜ਼ੀ-ਰੋਟੀ ਦੇ ਆਹਰ ਤੋਂ ਮੁਕਤ ਹੋ ਕੇ ਵੱਡੇ ਕਾਰੋਬਾਰਾਂ ’ਚ ਉਲਝੇ ਹੋਏ ਵੀ ਮਾਂ-ਬੋਲੀ, ਸਾਹਿਤ ਤੇ ਸੱਭਿਆਚਾਰ ਦੀ ਖ਼ੁਸ਼ਬੂ ਫੈਲਾਈ ਜਾ ਰਹੇ ਹਨ।
ਮੈਂ ਉੱਥੇ ਰਹਿੰਦਿਆਂ ਇਹ ਵੀ ਮਹਿਸੂਸ ਕੀਤਾ ਕਿ ਮਾਂ-ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਸ ਬੇਗਾਨੀ ਧਰਤ ’ਤੇ ਵੱਡੇ ਪੱਧਰ ’ਤੇ ਕੰਮ ਹੋ ਰਿਹਾ ਹੈ। ਕਈ ਵਾਰ ਇੰਜ ਵੀ ਅਨੁਭਵ ਹੋਇਆ ਕਿ ਜੜ੍ਹਾਂ ਨਾਲੋਂ ਟੁੱਟਿਆ ਮਨੁੱਖ ਆਪਣੀ ਬੋਲੀ, ਆਪਣੇ ਸਾਹਿਤ ਤੇ ਆਪਣੇ ਸੱਭਿਆਚਾਰ ਲਈ ਵੱਧ ਸਹਿਕਦਾ ਹੈ। ਪੰਜਾਬੀਆਂ ਦੀ ਅਸਲ ਪਛਾਣ ਉਨ੍ਹਾਂ ਦੇ ਅਤੀਤ ਵਿੱਚੋਂ ਹੀ ਲੱਭੀ ਜਾ ਸਕਦੀ ਹੈ। ਸਰਬੱਤ ਦੇ ਭਲੇ ਦਾ ਸੰਕਲਪ ਪੰਜਾਬੀਆਂ ਨੂੰ ਵਿਰਸੇ ਵਿਚ ਮਿਲਿਆ ਹੈ।
ਇਹੀ ਕਾਰਨ ਹੈ ਕਿ ਉਹ ਪਿੱਛੇ ਮੁੜ ਕੇ ਦੇਖਦੇ ਹਨ, ਆਪਣੇ ਪਿੰਡ, ਆਪਣੇ ਪੰਜਾਬ ਵੱਲ ਸਹਿਯੋਗ ਭਰੀ ਨਜ਼ਰਸਾਨੀ ਕਰ ਰਹੇ ਹਨ। ਸੰਵੇਦਨਸ਼ੀਲ ਸੁਭਾਅ ਦੇ ਮਾਲਕ ਬਹੁਤ ਸਾਰੇ ਪਰਵਾਸੀ ਆਪਣੇ ਇਨਸਾਨੀ ਤੇ ਇਖ਼ਲਾਕੀ ਫ਼ਰਜ਼ ਨਿਭਾ ਰਹੇ ਹਨ। ਉਹ ਲੋੜਵੰਦ ਤੇ ਹੋਣਹਾਰ ਪੜ੍ਹਾਈ ਦੀ ਇੱਛਾ ਰੱਖਣ ਵਾਲੇ ਪਰ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਦੇ ਹੱਥ ਕਲਮ ਫੜਾ ਕੇ ਉਨ੍ਹਾਂ ਨੂੰ ਨੈਤਿਕ ਤੇ ਆਰਥਿਕ ਪੱਥੋਂ ਮਜ਼ਬੂਤ ਕਰ ਕੇ ਆਪਣੀ ਤਕਦੀਰ ਆਪ ਲਿਖਣ ਦੇ ਕਾਬਲ ਬਣਾ ਰਹੇ ਹਨ। ਨਾਲ ਹੀ, ਲੋੜਵੰਦ ਧੀਆਂ ਦੇ ਸਮੂਹਿਕ ਕਾਰਜ ਰਚਾ ਰਹੇ ਹਨ। ਬਹੁਤ ਸਾਰੇ ਮੈਡੀਕਲ ਕੈਂਪ ਲਗਵਾ ਕੇ ਸਰਕਾਰਾਂ ਦੀ ਬਣਦੀ ਜ਼ਿੰਮੇਵਾਰੀ ਆਪਣੇ ਪੱਧਰ ’ਤੇ ਨਿਭਾ ਰਹੇ ਹਨ। ਇਨ੍ਹਾਂ ਰੋਸ਼ਨ ਖ਼ਿਆਲ ਤੇ ਸੁਹਿਰਦ ਪਰਵਾਸੀਆਂ ਵੱਲੋਂ ਲਗਾਏ ਜਾ ਰਹੇ ਕਿਤਾਬਾਂ ਅਤੇ ਦਵਾਈਆਂ ਦੇ ਲੰਗਰ ਸੱਚਮੁੱਚ ਕਾਬਿਲੇਤਾਰੀਫ਼ ਹਨ।
ਉਫ! ਮੈਂ ਕਿੱਥੇ ਉਲਝ ਗਈ। ਤੁਸੀਂ ਪੁੱਛੋਗੇ ਕਿ ਮੇਰੀ ਕਿਤਾਬ ਦਾ ਕੀ ਬਣਿਆ? ਯਕੀਨ ਮੰਨਿਓ ਕਿ ਉਸ ਓਪਰੀ ਧਰਤੀ ’ਤੇ ਮੈਥੋਂ ਇਕ ਅੱਖਰ ਵੀ ਨਹੀਂ ਝਰੀਟਿਆ ਗਿਆ। ਰਹਿ-ਰਹਿ ਕੇ ਮੈਨੂੰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਓਪਰੀ ਧਰਤੀ’ ਚੇਤੇ ਆਉਂਦੀ ਰਹੀ। ਜਦੋਂ ਦੇਸ਼ ਵੰਡ ਦਾ ਕਲਹਿਣਾ ਦੌਰ ਆਇਆ ਤਾਂ ਹਜ਼ਾਰਾ ਸਿੰਘ ਨਾਂ ਦਾ ਡੰਗਰਾਂ ਅਤੇ ਘਰਾਂ ਦਾ ਕਸਬੀ ਚੋਰ ਹਜ਼ਾਰਾਂ ਬੇਘਰੇ, ਬੇਦਰੇ ਲੋਕਾਂ ਦੇ ਕਾਫ਼ਲੇ ਦੇ ਨਾਲ ਕਰਨਾਲ ਪਹੁੰਚ ਗਿਆ। ਉਸ ਨੂੰ ਆਪਣੇ ਕਿੱਤੇ ’ਤੇ ਮਾਣ ਸੀ। ਡੰਗਰਾਂ ਦੀ ਚੋਰੀ ਵਿਚ ਉਸ ਨੂੰ ਮੁਹਾਰਤ ਹਾਸਲ ਸੀ। ਇਸ ਕੰਮ ਵਿਚ ਉਸ ਨੂੰ ਸਵਾਦ ਵੀ ਬਹੁਤ ਆਉਂਦਾ ਸੀ।
ਸੰਨ੍ਹ ਲਾਉਣ ਵਿਚ ਇੰਨਾ ਮਾਹਿਰ ਸੀ ਕਿ ਪੁਲਿਸ ਦੇ ਅੜਿੱਕੇ ਤਾਂ ਕੀ ਆਉਣਾ, ਮਾਂ ਦੇ ਪੁੱਤ ਦੀ ਹੱਥ ਦੀ ਸਫ਼ਾਈ ਵੇਖ ਕੇ ਪੁਲਿਸ ਵੀ ਹੈਰਾਨ-ਪਰੇਸ਼ਾਨ ਹੋ ਜਾਂਦੀ ਪਰ ਚੜ੍ਹਦੇ ਪੰਜਾਬ ਆ ਕੇ ਉਸ ਨੂੰ ਤਾਂ ਆਪਣਾ ਕਿੱਤਾ ਹੀ ਭੁੱਲ ਗਿਆ। ਓਪਰੇ ਰੁੱਖ, ਓਪਰੀ ਧਰਤੀ, ਓਪਰੇ ਲੋਕ ਇਹ ਉਹ ਵੇਲਾ ਸੀ ਜਦੋਂ ਲੋਕ ਢਿੱਡ ਭਰਨ ਲਈ ਰੋਟੀ ਲੱਭ ਰਹੇ ਸਨ, ਸਿਰ ਢਕਣ ਲਈ ਛੱਤ ਲੱਭ ਰਹੇ ਸਨ, ਕੈਂਪਾਂ ਵਿੱਚੋਂ ਗੁਆਚੇ ਰਿਸ਼ਤੇਦਾਰ ਲੱਭ ਰਹੇ ਸਨ, ਕੰਮ-ਧੰਦਾ ਲੱਭ ਰਹੇ ਸਨ, ਹਜ਼ਾਰਾ ਸਿੰਘ ਤਾਂ ਪੱਕਾ ਚੋਰ ਸੀ। ਆਪਣੇ ਧੰਦੇ ’ਤੇ ਉਸ ਨੂੰ ਮਾਣ ਸੀ।
ਉਸ ਦਾ ਹੁਨਰ ਤਾਂ ਉਸ ਦੇ ਨਾਲ ਹੀ ਆਇਆ ਸੀ ਪਰ ਇਸ ਓਪਰੀ ਧਰਤੀ ’ਤੇ ਤਾਂ ਹਜ਼ਾਰਾ ਸਿੰਘ ਦੀਆਂ ਲੱਤਾਂ ਹੀ ਸਾਹ-ਸੱਤ ਹੀਣ ਹੋ ਗਈਆਂ ਸਨ। ਉਸ ਦੇ ਤਾਂ ਪੈਰ ਹੀ ਨਹੀਂ ਸਨ ਉੱਠਦੇ, ਚੋਰੀ ਉਸ ਨੇ ਕੀ ਕਰਨੀ ਸੀ। ਹਾਂ ਦੋਸਤੋ! ਉਸ ਓਪਰੀ ਧਰਤੀ ’ਤੇ ਮੇਰੀ ਕਲਮ ਵੀ ਹਜ਼ਾਰਾ ਸਿੰਘ ਵਾਂਗ ਜਾਂ ਕਹਿ ਲਓ ਕਿ ਮੇਰੇ ਵਾਂਗ ਹੀ ਸਾਹ-ਸੱਤ ਹੀਣ ਹੋਈ ਰਹੀ।
-ਡਾ. ਨਵਜੋਤ
-(ਓਐੱਸਡੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ)।
-ਮੋਬਾਈਲ : 81468-28040