ਮੰਦਰ ਵਿਚ ਭਗਦੜ ਕਾਰਨ ਮੌਤਾਂ ਦੀ ਖ਼ਬਰ ਆਉਂਦੇ ਸਾਰ ਹੀ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਮੁੱਖ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਨੇ ਦੁੱਖ ਪ੍ਰਗਟ ਕੀਤਾ। ਇਹ ਸੁਭਾਵਕ ਤਾਂ ਹੈ ਪਰ ਢੁੱਕਵਾਂ ਨਹੀਂ।

ਆਂਧਰ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲ੍ਹੇ ਦੇ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ ਇਕਾਦਸ਼ੀ ਦੇ ਮੌਕੇ ਮਚੀ ਭਗਦੜ ਕਾਰਨ ਲਗਪਗ ਦਸ ਸ਼ਰਧਾਲੂਆਂ ਦੀ ਮੌਤ ਨੇ ਇਕ ਵਾਰ ਫਿਰ ਇਹ ਦਰਸਾਇਆ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਜਾ ਰਿਹਾ ਹੈ। ਇਹ ਉਦੋਂ ਹੈ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਿਲਸਿਲਾ ਬਰਕਰਾਰ ਹੈ ਅਤੇ ਇਸੇ ਸਾਲ ਭਗਦੜ ਦੀਆਂ ਕਈ ਘਟਨਾਵਾਂ ਧਾਰਮਿਕ ਅਸਥਾਨਾਂ ਵਿਖੇ ਵਾਪਰ ਵੀ ਚੁੱਕੀਆਂ ਹਨ।
ਛੋਟੇ ਤਿਰੂਪਤੀ ਕਹੇ ਜਾਣ ਵਾਲੇ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ ਭਗਦੜ ਇਸ ਲਈ ਮਚੀ ਕਿਉਂਕਿ ਮੰਦਰ ਵਿਚ ਆਉਣ-ਜਾਣ ਦਾ ਇਕ ਹੀ ਰਸਤਾ ਸੀ ਅਤੇ ਉਹ ਵੀ ਤੰਗ ਸੀ। ਉੱਥੇ ਸਥਿਤੀ ਉਦੋਂ ਵਿਗੜੀ ਜਦੋਂ ਸ਼ਰਧਾਲੂਆਂ ਦੀ ਭੀੜ ਦੇ ਦਬਾਅ ਕਾਰਨ ਮੰਦਰ ਦੀਆਂ ਪੌੜੀਆਂ ਵਿਚ ਲੱਗੀ ਲੋਹੇ ਦੀ ਰਾਡ ਡਿੱਗ ਪਈ। ਇਸ ਕਾਰਨ ਹਫੜਾ-ਦਫੜੀ ਮਚ ਗਈ ਅਤੇ ਲੋਕਾਂ ਨੇ ਇਕ-ਦੂਜੇ ਨੂੰ ਕੁਚਲ ਦਿੱਤਾ। ਇਸ ਹਾਦਸੇ ਨੂੰ ਇਸ ਲਈ ਨਹੀਂ ਰੋਕਿਆ ਜਾ ਸਕਿਆ ਕਿਉਂਕਿ ਸ਼ਰਧਾਲੂਆਂ ਦੀ ਭੀੜ ਨੂੰ ਕਾਬੂ ਕਰਨ ਦੇ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ ਸਨ।
ਮੰਦਰ ਵਿਚ ਭਗਦੜ ਕਾਰਨ ਮੌਤਾਂ ਦੀ ਖ਼ਬਰ ਆਉਂਦੇ ਸਾਰ ਹੀ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਮੁੱਖ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਨੇ ਦੁੱਖ ਪ੍ਰਗਟ ਕੀਤਾ। ਇਹ ਸੁਭਾਵਕ ਤਾਂ ਹੈ ਪਰ ਢੁੱਕਵਾਂ ਨਹੀਂ। ਕਿਸੇ ਨੂੰ ਇਸ ਦਾ ਫ਼ਿਕਰ ਕਰਨਾ ਚਾਹੀਦਾ ਹੈ ਕਿ ਜਿਸ ਵੀ ਜਗ੍ਹਾ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਣ, ਉੱਥੇ ਭੀੜ ਪ੍ਰਬੰਧਨ ਦੇ ਢੁੱਕਵੇਂ ਅਤੇ ਠੋਸ ਉਪਾਅ ਕੀਤੇ ਜਾਣ। ਘੱਟ ਤੋਂ ਘੱਟ ਧਾਰਮਿਕ-ਸੱਭਿਆਚਾਰਕ ਅਸਥਾਨਾਂ ਵਿਚ ਤਾਂ ਅਜਿਹਾ ਲਾਜ਼ਮੀ ਤੌਰ ’ਤੇ ਹੋਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਥਾਵਾਂ ’ਤੇ ਆਸਥਾ ਦੇ ਅੱਗੇ ਸੰਜਮ ਦੀ ਬਹੁਤ ਘਾਟ ਦਿਸ ਜਾਂਦੀ ਹੈ। ਅਜਿਹਾ ਹੋਣਾ ਨਹੀਂ ਚਾਹੀਦਾ ਕਿਉਂਕਿ ਸ਼ਰਧਾ ਅਨੁਸ਼ਾਸਨ ਅਤੇ ਸੰਜਮ ਦੀ ਮੰਗ ਕਰਦੀ ਹੈ।
ਇਹ ਮੰਗ ਪੂਰੀ ਹੋਵੇ, ਇਸ ਨੂੰ ਮੱਠਾਂ-ਮੰਦਰਾਂ ਦੇ ਪ੍ਰਬੰਧਕਾਂ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਸਥਾਨਕ ਪ੍ਰਸ਼ਾਸਨ ਨੂੰ ਵੀ। ਭਗਦੜ ਦਾ ਗਵਾਹ ਬਣੇ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ ਨਾ ਤਾਂ ਮੰਦਰ ਦੇ ਪ੍ਰਬੰਧਕਾਂ ਨੇ ਭੀੜ ਪ੍ਰਬੰਧਨ ਦੇ ਕੋਈ ਕਾਰਗਰ ਉਪਾਅ ਕੀਤੇ ਅਤੇ ਨਾ ਹੀ ਸਥਾਨਕ ਪ੍ਰਸ਼ਾਸਨ ਨੇ। ਅਜਿਹਾ ਉਦੋਂ ਹੋਇਆ, ਜਦ ਆਂਧਰ ਪ੍ਰਦੇਸ਼ ਇਸੇ ਸਾਲ ਮੰਦਰਾਂ ਵਿਚ ਭਗਦੜ ਦੀਆਂ ਦੋ ਘਟਨਾਵਾਂ ਨਾਲ ਦੋ-ਚਾਰ ਹੋ ਚੁੱਕਾ ਹੈ।
ਸਥਾਨਕ ਪ੍ਰਸ਼ਾਸਨ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦਾ ਕਿ ਮੰਦਰ ਦੀ ਮੈਨੇਜਮੈਂਟ ਨਿੱਜੀ ਹੱਥਾਂ ਵਿਚ ਸੀ। ਉਸ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਖ਼ਾਸ ਮੌਕਿਆਂ ’ਤੇ ਇਸ ਮੰਦਰ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ। ਤੱਥ ਇਹ ਵੀ ਹੈ ਕਿ ਭਗਦੜ ਉਨ੍ਹਾਂ ਧਾਰਮਿਕ ਅਸਥਾਨਾਂ ਵਿਚ ਵੀ ਮਚਦੀ ਰਹਿੰਦੀ ਹੈ ਜਿਨ੍ਹਾਂ ਦਾ ਸੰਚਾਲਨ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਹੈ। ਕਈ ਵਾਰ ਤਾਂ ਪੁਲਿਸ ਦੀ ਮੌਜੂਦਗੀ ਵਿਚ ਵੀ ਮੰਦਰਾਂ ਵਿਚ ਭਗਦੜ ਮਚੀ ਅਤੇ ਉਸ ਵਿਚ ਲੋਕਾਂ ਦੀਆਂ ਜਾਨਾਂ ਵੀ ਗਈਆਂ।
ਭਗਦੜ ਦੀਆਂ ਘਟਨਾਵਾਂ ਕਿਉਂਕਿ ਦੇਸ਼ ਦੀ ਬਦਨਾਮੀ ਕਰਵਾਉਂਦੀਆਂ ਹਨ, ਇਸ ਲਈ ਉਨ੍ਹਾਂ ਨੂੰ ਰੋਕਣ ਦੇ ਕੁਝ ਨਵੇਂ ਉਪਾਅ ਕਰਨੇ ਹੋਣਗੇ। ਅਜਿਹਾ ਕਰਨਾ ਇਸ ਲਈ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਹਾਲੀਆ ਭਗਦੜ ਦੀਆਂ ਘਟਨਾਵਾਂ ਤੋਂ ਇਹ ਸਾਫ਼ ਹੈ ਕਿ ਆਪਣੇ ਦੇਸ਼ ਵਿਚ ਭੀੜ ਪ੍ਰਬੰਧਨ ਦੇ ਜੋ ਤੌਰ-ਤਰੀਕੇ ਅਪਣਾਏ ਜਾ ਰਹੇ ਹਨ, ਉਹ ਬੇਅਸਰ ਸਿੱਧ ਹੋ ਰਹੇ ਹਨ। ਉਂਜ ਭੀੜ ਨੂੰ ਸੰਭਾਲਣ ਦੇ ਨਵੇਂ ਉਪਰਾਲੇ ਉਦੋਂ ਹੀ ਅਸਰਦਾਰ ਸਾਬਿਤ ਹੋਣਗੇ ਜਦ ਲੋਕ ਵੀ ਸੰਜਮ ਦਾ ਮੁਜ਼ਾਹਰਾ ਕਰਨਗੇ।