ਇਸੇ ਕਾਰਨ ਪ੍ਰਦੂਸ਼ਣ ਦਾ ਖ਼ਮਿਆਜ਼ਾ ਵੀ ਸਾਰਿਆਂ ਨੂੰ ਬਰਾਬਰ ਭੁਗਤਣਾ ਪੈਂਦਾ ਹੈ। ਦੀਵਾਲੀ ਤੋਂ ਬਾਅਦ ਬਾਇਓਮਾਸ ਸਾੜਨ ਦੇ ਰਲੇ-ਮਿਲੇ ਪ੍ਰਭਾਵ ਪੈਂਦੇ ਹਨ। ਲਗਪਗ 3 ਦਹਾਕਿਆਂ ਤੋਂ ਦੀਵਾਲੀ ਮੌਕੇ ਪਟਾਕਿਆਂ ਤੇ ਆਤਿਸ਼ਬਾਜ਼ੀਆਂ ਦੀ ਬੇਹਿਸਾਬ ਵਰਤੋਂ ਹੋ ਰਹੀ ਹੈ।
ਸਰਬ ਸਾਂਝੇ ਤਿਉਹਾਰ ਦੀਵਾਲੀ ਨੂੰ ਰੋਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਇਸ ਦਿਨ ਲੋਕ ਆਪਣੇ ਘਰਾਂ ’ਚ ਦੀਵੇ ਬਾਲ਼ ਕੇ ਪਰਿਵਾਰ ਦੀ ਖ਼ੈਰ-ਸੁੱਖ ਮੰਗਦੇ ਹਨ। ਕੁਝ ਦਹਾਕਿਆਂ ਤੋਂ ਘਰਾਂ ’ਚ ਦੀਵੇ ਜਗਾਉਣ ਦੇ ਨਾਲ-ਨਾਲ ਅੱਧੀ ਰਾਤ ਤੱਕ ਪਟਾਕੇ ਚਲਾਉਣ ਦਾ ਚਲਨ ਵੀ ਆ ਜੁੜਿਆ ਹੈ।
ਹਰੇਕ ਸਾਲ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੁਹਿਰਦਤਾ ਵਰਤਣ ਲਈ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ ਲਈ ਜਾਗਰੂਕ ਵੀ ਕੀਤਾ ਜਾਂਦਾ ਹੈ। ਦੀਵਾਲੀ ਤੋਂ ਅਗਲੇ ਦਿਨ ਆਬੋ-ਹਵਾ ਦਾ ਜੋ ਹਾਲ ਹੁੰਦਾ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਦੇਸ਼ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ’ਚ ਦੀਵਾਲੀ ਮੌਕੇ ਚੱਲੇ ਪਟਾਕਿਆਂ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੁੰਦਾ ਹੈ। ਕਈ ਬਿਮਾਰੀਆਂ ਦਾ ਕਾਰਨ ਵੀ ਇਹ ਜ਼ਹਿਰੀਲਾ ਧੂੰਆਂ ਹੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਪਟਾਕਿਆਂ ਤੋਂ ਜ਼ਿਆਦਾਤਰ ਲੋਕ ਅਣਛੋਹੇ ਨਹੀਂ ਰਹਿਣਾ ਚਾਹੁੰਦੇ।
ਇਸੇ ਕਾਰਨ ਪ੍ਰਦੂਸ਼ਣ ਦਾ ਖ਼ਮਿਆਜ਼ਾ ਵੀ ਸਾਰਿਆਂ ਨੂੰ ਬਰਾਬਰ ਭੁਗਤਣਾ ਪੈਂਦਾ ਹੈ। ਦੀਵਾਲੀ ਤੋਂ ਬਾਅਦ ਬਾਇਓਮਾਸ ਸਾੜਨ ਦੇ ਰਲੇ-ਮਿਲੇ ਪ੍ਰਭਾਵ ਪੈਂਦੇ ਹਨ। ਲਗਪਗ 3 ਦਹਾਕਿਆਂ ਤੋਂ ਦੀਵਾਲੀ ਮੌਕੇ ਪਟਾਕਿਆਂ ਤੇ ਆਤਿਸ਼ਬਾਜ਼ੀਆਂ ਦੀ ਬੇਹਿਸਾਬ ਵਰਤੋਂ ਹੋ ਰਹੀ ਹੈ। ਆਤਿਸ਼ਬਾਜ਼ੀ ਤੇ ਬੰਬਾਂ ਕਾਰਨ ਆਵਾਜ਼ ਪ੍ਰਦੂਸ਼ਣ ਪੈਦਾ ਹੁੰਦਾ ਹੈ। ਦੀਵਾਲੀ ਦੇ ਨਾਲ-ਨਾਲ ਆਮ ਦਿਨਾਂ ’ਚ ਚਲਾਏ ਜਾਣ ਵਾਲੇ ਪਟਾਕਿਆਂ ਕਾਰਨ ਹਵਾ ਦੀ ਗੁਣਵੱਤਾ ਖ਼ਰਾਬ ਹੋ ਰਹੀ ਹੈ। ਦੇਸ਼ ਦੀ ਰਾਜਧਾਨੀ ’ਚ ਏਕਿਊਆਈ 500 ਤੋਂ ਪਾਰ ਹੋ ਚੁੱਕਾ ਹੈ। ਪੰਜਾਬ ਦੇ ਸ਼ਹਿਰਾਂ ’ਚ ਇਹ ਪੱਧਰ 400 ਤੋਂ 600 ਦੇ ਦਰਮਿਆਨ ਦਰਜ ਹੋ ਚੁੱਕਾ ਹੈ। ਦੀਵਾਲੀ ਮੌਕੇ ਆਵਾਜ਼ ਪ੍ਰਦੂਸ਼ਣ ਅਵਾਮ ਦੇ ਕੰਨਾਂ ਲਈ ਖ਼ਤਰਨਾਕ ਹੈ।
ਆਮ ਤੌਰ ’ਤੇ ਮਨੁੱਖ 70 ਡੈਸੀਬਲ ਤੱਕ ਸ਼ੋਰ ਸਹਾਰ ਸਕਦਾ ਹੈ ਪਰ ਦੀਵਾਲੀ ਮੌਕੇ ਇਹ 125 ਡੈਸੀਬਲ ਤੱਕ ਪਹੁੰਚ ਜਾਂਦਾ ਹੈ। ਪਟਾਕਿਆਂ ਦਾ ਸ਼ੋਰ ਜਾਨਵਰਾਂ ਤੇ ਪੰਛੀਆਂ ਲਈ ਵੀ ਘਾਤਕ ਹੈ। ਇਸੇ ਲਈ ਮਨੁੱਖਾਂ ਤੇ ਜੀਵ-ਜੰਤੂਆਂ ਦੀ ਸੁਰੱਖਿਆ ਲਈ ਗਰੀਨ ਦੀਵਾਲੀ ਮਨਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ। ਇਹ ਅਜਿਹਾ ਬਦਲ ਹੈ ਜਿਸ ਨਾਲ ਲੋਕ ਪਟਾਕੇ ਚਲਾ ਕੇ ਦੀਵਾਲੀ ਦੀਆਂ ਖ਼ੁਸ਼ੀਆਂ ਵੀ ਸਾਂਝੀਆਂ ਕਰ ਲੈਂਦੇ ਹਨ ਤੇ ਵਾਤਾਵਰਨ ਨੂੰ ਵੀ ਘੱਟ ਨੁਕਸਾਨ ਹੁੰਦਾ ਹੈ। ਵਾਤਾਵਰਨ ਮਾਹਿਰਾਂ ਮੁਤਾਬਕ ਹਰੇ ਪਟਾਕੇ ਰਵਾਇਤੀ ਪਟਾਕਿਆਂ ਨਾਲੋਂ 20-30 ਫ਼ੀਸਦ ਘੱਟ ਪ੍ਰਦੂਸ਼ਣ ਕਰਦੇ ਹਨ। ਇਨ੍ਹਾਂ ਦੇ ਚੱਲਣ ਤੋਂ ਬਾਅਦ ਸੁਆਹ ਵੀ ਘੱਟ ਪੈਦਾ ਹੁੰਦੀ ਹੈ।
ਇਨ੍ਹਾਂ ’ਚ ਪੋਟਾਸ਼ੀਅਮ ਨਾਈਟ੍ਰੇਟ ਜਾਂ ਸਲਫਰ ਨਹੀਂ ਹੁੰਦਾ, ਇਸ ਲਈ ਇਹ ਬਹੁਤ ਘੱਟ ਧੂੰਆਂ ਛੱਡਦੇ ਹਨ। ਦੇਸ਼ ’ਚ ਹਰੇ ਪਟਾਕੇ ਵਿਗਿਆਨਕ ਅਤੇ ਉਦਯੋਗਿਕ ਖੋਜ ਕੌਂਸਲ ਵੱਲੋਂ ਮਨਜ਼ੂਰਸ਼ੁਦਾ ਹੁੰਦੇ ਹਨ। ਕੋਈ ਵੀ ਇਨ੍ਹਾਂ ਪਟਾਕਿਆਂ ਦੀ ਪਛਾਣ ਕਰ ਸਕਦਾ ਹੈ ਤੇ ਇਨ੍ਹਾਂ ਨੂੰ ਹਰੇ ਲੋਗੋ ਅਤੇ ਕਿਊਆਰ ਨਾਲ ਵੇਚਿਆ ਜਾਂਦਾ ਹੈ। ਦੀਵਾਲੀ ਦੀਆਂ ਧਾਰਮਿਕ ਮਾਨਤਾਵਾਂ ਹੋਣ ਦੇ ਬਾਵਜੂਦ ਇਸ ਦਿਨ ਨੂੰ ਸਮਝਦਾਰੀ ਨਾਲ ਮਨਾਉਣਾ ਚਾਹੀਦਾ ਹੈ।
ਇਸ ਗੱਲ ’ਚ ਹੁਣ ਕੋਈ ਪਰਦਾ ਨਹੀਂ ਰਿਹਾ ਹੈ ਕਿ ਦੀਵਾਲੀ ਮੌਕੇ ਚੱਲਣ ਵਾਲੇ ਪਟਾਕੇ ਵਾਤਾਵਰਨ ਨੂੰ ਜ਼ਹਿਰੀਲਾ ਬਣਾਉਣ ’ਚ ਕੋਈ ਕਸਰ ਨਹੀਂ ਛੱਡਦੇ। ਪਟਾਕੇ ਚਲਾਉਣ ਵੇਲੇ ਸੁਰੱਖਿਆ ਪ੍ਰਬੰਧਾਂ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ। ਵਾਤਾਵਰਨ ਦੀ ਸਿਹਤਯਾਬੀ ਲਈ ਸਾਰਿਆਂ ਦਾ ਫ਼ਰਜ਼ ਹੈ ਕਿ ਦੀਵਾਲੀ ਵਾਲੇ ਦਿਨ ਸ਼ੋਰ-ਸ਼ਰਾਬਾ ਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਪਟਾਕੇ ਵਰਤਣ ਤੋਂ ਜਿੰਨਾ ਹੋ ਸਕੇ, ਗੁਰੇਜ਼ ਕੀਤਾ ਜਾਵੇ ਕਿਉਂਕਿ ਧਰਤੀ ਨੂੰ ਹਰੀ-ਭਰੀ ਤੇ ਪ੍ਰਦੂਸ਼ਣ ਮੁਕਤ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।