- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਾਰਪੁਰ ਤੋਂ ਬਾਅਦ ਮਿੱਠਾਪੁਰ ਨੇ ਜਲੰਧਰ ਦਾ ਨਾਂ ਦੁਨੀਆ ਵਿਚ ਰੌਸ਼ਨ ਕੀਤਾ ਹੈ। ਖੇਡਾਂ ਵਿਚ ਦੁਆਬੇ ਦੀ ਝੰਡੀ ਵੇਖ ਕੇ ਇੱਥੇ ਕਦੋਂ ਦੀ ਵਿਸ਼ਵ-ਪੱਧਰੀ ਖੇਡ ਯੂਨੀਵਰਸਿਟੀ ਬਣ ਜਾਣੀ ਚਾਹੀਦੀ ਸੀ। ਬਿਨ੍ਹਾਂ ਸ਼ੱਕ ਪੰਜਾਬੀ ਜੁੱਸਿਆਂ ਤੇ ਸੁਭਾਅ ਨੂੰ ਉਜਾੜਨ ਦੇ ਨਸ਼ਿਆਂ ਦੇ ਸਾਜ਼ਿਸ਼ੀ ਹਮਲਿਆਂ ਨੇ ਪੰਜਾਬੀ ਨੌਜਵਾਨਾਂ, ਬੱਚਿਆਂ, ਮੁਟਿਆਰਾਂ ਦੇ ਰਾਹ ਔਝੜੇ ਕੀਤੇ ਹਨ। ਮੁੰਡੇ ਮੋਟਰਸਾਈਕਲ, ਮੋਬਾਈਲ, ਵਿਦੇਸ਼ੀ ਰਾਹ ਪਾ ਦਿੱਤੇ ਗਏ ਹਨ।

-ਗੁਰਮੀਤ ਸਿੰਘ ਪਲਾਹੀ
ਪੰਜਾਬੀਆਂ ਦਾ ਖੇਡਾਂ ਤੇ ਆਪਣੇ ਖੇਤਾਂ ਨਾਲ ਮੋਹ ਜਿਹਾ ਹੈ। ਜੁੱਸਿਆਂ ਦੀ ਤਾਕਤ ਵਧਾਉਣਾ, ਸਰੀਰਾਂ ਨੂੰ ਪਾਲਣਾ ਤਾਕਤ ਦਾ ਦਿਖਾਵਾ ਕਰਨਾ ਅਤੇ ਫਿਰ ਉਸੇ ਤਾਕਤ ਨੂੰ ਕਿਸੇ ਥਾਂ ਸਿਰ ਕਰਨਾ ਪੰਜਾਬੀਆਂ ਦਾ ਸ਼ੌਕ ਹੈ। ਬੱਦਲਾਂ ਦੇ ਗਰਜਣ, ਬਿਜਲੀ ਦੇ ਗੜ੍ਹਕਣ ਅਤੇ ਲਿਸ਼ਕਣ ਦਾ ਕਦੇ ਉਨ੍ਹਾਂ ਦੇ ਮਨ ’ਚ ਡਰ ਨਹੀਂ ਰਿਹਾ।
ਉਹ ਜਦੋਂ ਲੜਦੇ ਹਨ, ਭਿੜਦੇ ਹਨ, ਕਬੱਡੀ ਦੇ ਮੈਦਾਨ ਵਿਚ, ਪਹਿਲਵਾਨੀ ਅਖਾੜੇ ’ਚ ਤਾਂ ਸ਼ੈਲ-ਛਬੀਲੇ ਗੱਭਰੂਆਂ ਅੱਗੇ ਮੋਰਾਂ ਦੀਆਂ ਪੈਲਾਂ ਵੀ ਫਿੱਕੀਆਂ ਪੈ ਜਾਂਦੀਆਂ ਹਨ। ਖੇਡ ਤਾਂ ਪੰਜਾਬੀਆਂ ਲਈ ਉਨ੍ਹਾਂ ਦਾ ਵਿਰਸਾ ਹਨ, ਬਾਬੇ ਨਾਨਕ ਦੀ ਬਾਣੀ ਦਾ ਸੱਚ ਹੈ ਜੀਹਨੂੰ ਉਹ ਪੱਲੇ ਬੰਨ੍ਹ ਕੇ ਜ਼ਿੰਦਗੀ ’ਚ ਵਿਚਰਦੇ ਹੋਏ, ਪ੍ਰਾਪਤੀਆਂ ਕਰਦੇ ਹਨ।
ਪਿੰਡ ਦੀ ਸ਼ਾਮ ਵੇਖ ਲਓ, ਭਾਵੇਂ ਸਵੇਰ! ਖੇਡਾਂ ਦਾ ਝਲਕਾਰਾ ਪਿੰਡਾਂ ਦੀਆਂ ਬਰੂਹਾਂ ’ਚ ਦਿਸਦਾ ਹੈ। ਚੋਣਾਂ ਨੇੜੇ ਹੋਣ ਕਾਰਨ ਸਿਆਸਤਦਾਨਾਂ ਨੂੰ ਦੁਆਬਾ ਯਾਦ ਆ ਰਿਹਾ ਹੈ। ਦੁਆਬੇ ਦਾ ਧੁਰਾ ਜਲੰਧਰ ਯਾਦ ਆ ਰਿਹਾ ਹੈ ਜਿਸ ਨੇ ਓਲੰਪਿਕਸ ਵਿਚ ਸਭ ਤੋਂ ਵੱਧ ਖਿਡਾਰੀ ਦਿੱਤੇ ਸਨ। ਇਕ ਸਮੇਂ ਤਾਂ ਸੰਸਾਰਪੁਰ ਦੇ ਅੱਠ ਹਾਕੀ ਖਿਡਾਰੀ ਓਲੰਪਿਕਸ ਵਿਚ ਖੇਡ ਰਹੇ ਸਨ।
ਸੰਸਾਰਪੁਰ ਤੋਂ ਬਾਅਦ ਮਿੱਠਾਪੁਰ ਨੇ ਜਲੰਧਰ ਦਾ ਨਾਂ ਦੁਨੀਆ ਵਿਚ ਰੌਸ਼ਨ ਕੀਤਾ ਹੈ। ਖੇਡਾਂ ਵਿਚ ਦੁਆਬੇ ਦੀ ਝੰਡੀ ਵੇਖ ਕੇ ਇੱਥੇ ਕਦੋਂ ਦੀ ਵਿਸ਼ਵ-ਪੱਧਰੀ ਖੇਡ ਯੂਨੀਵਰਸਿਟੀ ਬਣ ਜਾਣੀ ਚਾਹੀਦੀ ਸੀ। ਬਿਨ੍ਹਾਂ ਸ਼ੱਕ ਪੰਜਾਬੀ ਜੁੱਸਿਆਂ ਤੇ ਸੁਭਾਅ ਨੂੰ ਉਜਾੜਨ ਦੇ ਨਸ਼ਿਆਂ ਦੇ ਸਾਜ਼ਿਸ਼ੀ ਹਮਲਿਆਂ ਨੇ ਪੰਜਾਬੀ ਨੌਜਵਾਨਾਂ, ਬੱਚਿਆਂ, ਮੁਟਿਆਰਾਂ ਦੇ ਰਾਹ ਔਝੜੇ ਕੀਤੇ ਹਨ। ਮੁੰਡੇ ਮੋਟਰਸਾਈਕਲ, ਮੋਬਾਈਲ, ਵਿਦੇਸ਼ੀ ਰਾਹ ਪਾ ਦਿੱਤੇ ਗਏ ਹਨ। ਮੁਟਿਆਰਾਂ ਵੀ ਰੀਸੋ-ਰੀਸੀ ਉਹ ਹਰ ਸ਼ੌਕ ਪਾਲ ਰਹੀਆਂ ਹਨ ਜੋ ਮੁੰਡੇ ਹੰਢਾਉਂਦੇ ਹਨ ਪਰ ਖੇਡਾਂ ਅਜੇ ਵੀ ਪੰਜਾਬੀਆਂ ਲਈ ਜੀਵਨ-ਜਾਚ ਹਨ। ਖੇਡਾਂ ਅਜੇ ਵੀ ਉਨ੍ਹਾਂ ਦੇ ਖ਼ੂਨ ’ਚ ਰਚੀਆਂ ਹੋਈਆਂ ਹਨ। ਖੇਡਾਂ ਅਤੇ ਭੰਗੜੇ ਦੀ ਸੁਰ-ਤਾਲ, ਗਿੱਧੇ ਦੀ ਧਮਾਲ ਤੇ ਬੋਲੀਆਂ ਨੂੰ, ਬਾਬੇ ਦੀ ਬਾਣੀ ਨੂੰ, ਕਿਹੜਾ ਸਿਆਸੀ ਦਲਾਲ, ਕਿਹੜਾ ਸਿਆਸੀ ਡਿਕਟੇਟਰ, ਪੰਜਾਬੀਆਂ ਤੋਂ ਖੋਹ ਸਕਦਾ ਹੈ, ਜਾਂ ਖੋਹ ਸਕਿਆ ਹੈ?
ਭਾਵੇਂ ਇਹ ਖੋਹਣ ਦੇ ਯਤਨ ’47 ਵਿਚ ਵੀ ਹੋਏ, ’84 ਵਿਚ ਵੀ ਹੋਏ। ਨਸ਼ਿਆਂ ਦੀ ਮਾਰ ਅਤੇ ਖਾੜਕੂਵਾਦ ਸਮੇਂ ਸ਼ਰੇਆਮ ਹਜ਼ਾਰਾਂ ਨੌਜਵਾਨਾਂ ਦੇ ਮਾਰਨ, ਲਾਪਤਾ ਕਰਨ ਦੇ ਯਤਨਾਂ ਨਾਲ ਵੀ ਹੋਏ ਪਰ ਪੰਜਾਬੀ, ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ’ਚ ‘ਟੈਂ ਨਾ ਮੰਨਣ ਕਿਸੇ ਦੀ’’। ਪੰਜਾਬ ਦਾ ਪਿੰਡ ਕਦੇ ਉਦਾਸ ਹੁੰਦਾ ਹੈ, ਕਦੇ ਹੁਲਾਸ ਨਾਲ ਭਰਦਾ ਹੈ।
ਉਦਾਸ ਹੁੰਦਾ ਹੈ ਉਦੋਂ ਜਦੋਂ ਕੋਈ ਜਵਾਨ ਨਸ਼ੇ ਦੀ ਬਲੀ ਚੜ੍ਹਦਾ ਹੈ, ਜਦੋਂ ਕੋਈ ਕਿਸਾਨ ਸ਼ਤੀਰਾਂ ਨਾਲ ਲਟਕ ਜਾਂਦਾ ਹੈ, ਖ਼ੁਦਕੁਸ਼ੀ ਕਰ ਜਾਂਦਾ ਹੈ ਪਰ ਖ਼ੁਸ਼ ਹੁੰਦਾ ਹੈ ਉਦੋਂ ਜਦੋਂ ਓਲੰਪਿਕ ਹਾਕੀ ਵਿਚ ਜਿੱਤ ਦਿਵਾ ਕੇ ਪੰਜਾਬੀ ਖਿਡਾਰੀ ਵਰਿ੍ਹਆਂ ਬਾਅਦ ਦੇਸ਼ ਨੂੰ ਖ਼ੁਸ਼ੀ ਦਿੰਦੇ ਹਨ। ਪੰਜਾਬ ਦਾ ਪਿੰਡ ਉਦਾਸ ਹੁੰਦਾ ਹੈ ਉਦੋਂ ਜਦੋਂ ਧੀਆਂ ਦਾ ਕੁੱਖ ’ਚ ਕਤਲ ਕੀਤਾ ਜਾਂਦਾ ਹੈ। ਖ਼ੁਸ਼ ਹੁੰਦਾ ਹੈ ਉਦੋਂ ਜਦੋਂ ਧੀਆਂ ਖੇਡਾਂ, ਪੜ੍ਹਾਈ ਦੇ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਕਰਦੀਆਂ ਹਨ ਅਤੇ ਮਾਪਿਆਂ ਤੇ ਸਮਾਜ ਦੀ ਖ਼ੁਸ਼ੀ ਦਾ ਬਰਾਬਰ ਦਾ ਹਿੱਸਾ ਬਣਦੀਆਂ ਹਨ।
ਪੰਜਾਬ ਦੇ ਪਿੰਡਾਂ ਦੇ ਪਹਿਲਵਾਨੀ ਅਖਾੜੇ ਤੇ ਕਬੱਡੀ, ਫੁੱਟਬਾਲ, ਵਾਲੀਬਾਲ ਦੇ ਮੈਦਾਨ ਪਿੰਡ ਦਾ ਸ਼ਿੰਗਾਰ ਹਨ। ਸਵੇਰੇ-ਸ਼ਾਮੀਂ ਬੱਚੇ, ਨੌਜਵਾਨ ਜਦੋਂ ਖੇਡ ਮੈਦਾਨ ’ਚ ਬੁੱਕਦੇ ਹਨ, ਪ੍ਰੈਕਟਿਸ ਕਰਦੇ ਹਨ, ਜੁੱਸਿਆਂ ਨੂੰ ਤਕੜਾ ਸੁਡੋਲ ਕਰਦੇ ਹਨ ਅਤੇ ਫਿਰ ਕਬੱਡੀ ਤੇ ਫੁੱਟਬਾਲ ਦੇ ਮੁਕਾਬਲਿਆਂ ’ਚ ਹਿੱਸਾ ਲੈਂਦੇ ਹਨ ਤਾਂ ਨਜ਼ਾਰਾ ਵੇਖਿਆਂ ਹੀ ਬਣਦਾ ਹੈ। ਖ਼ੁਸ਼ੀ ਦੇ ਪਲ ਤਾਂ ਖੇਡ ਮੈਦਾਨ ਉਦੋਂ ਹੰਢਾਉਂਦਾ ਹੈ ਜਦੋਂ ਪਿੰਡਾਂ ’ਚ ਫੁੱਟਬਾਲ ਟੂਰਨਾਮੈਂਟ, ਵੇਟ ਲਿਫਟਿੰਗ ਮੁਕਾਬਲੇ ਅਤੇ ਕਬੱਡੀ ਦੇ ਵਿਸ਼ਵ-ਪੱਧਰੀ ਮੁਕਾਬਲੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡਾਂ ’ਚ ਕਰਵਾਏ ਜਾਂਦੇ ਹਨ। ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਦੇ ਹਨ। ਇਹ ਹੁਲਾਸ ਵਰ੍ਹੇ ਭਰ ਅਗਲੇ ਸਾਲ ’ਚ ਇਕ ਨਵੀਂ ਆਸ ਨਾਲ ਜਿਊਂਦਾ-ਜਾਗਦਾ ਹੈ ਪਿੰਡ ਦੇ ਜਾਗਣ ਵਾਂਗਰ ਜੋ ਕਦੇ ਸੌਂਦਾ ਨਹੀਂ, ਖ਼ਬਰਦਾਰ ਰਹਿੰਦਾ ਹੈ ਆਪਣੇ ਬੱਚਿਆਂ ਲਈ, ਆਪਣੇ ਪੁੱਤਾਂ-ਧੀਆਂ ਲਈ, ਆਪਣੇ ਵਿਰਸੇ-ਸੱਭਿਆਚਾਰ ਲਈ ਅਤੇ ਸਭ ਤੋਂ ਵੱਧ ਮਾੜੇ-ਭੈੜੇ ਉਨ੍ਹਾਂ ਲੋਕਾਂ ਤੋਂ ਆਪਣੇ ਭਵਿੱਖ ਨੂੰ ਬਚਾਉਣ ਲਈ ਜਿਹੜੇ ਉਨ੍ਹਾਂ ਦੇ ਪੱਲੇ ਭ੍ਰਿਸ਼ਟਾਚਾਰ ਪਾ ਰਹੇ ਹਨ।
ਉਨ੍ਹਾਂ ’ਚ ਧੜੇਬੰਦੀ ਦੇ ਬੀਅ ਬੀਜ ਰਹੇ ਹਨ ਜਿਹੜੇ ਨਫ਼ਰਤ-ਸਾੜੇ ਦੀ ਸਿਆਸਤ ਕਰਕੇ ਧਰਮ-ਜਾਤ ਦੀ ਵੰਡ ਦਾ ਵਖਰੇਵਾਂ ਪਾ ਕੇ ਵੋਟ ਰਾਜੀਨੀਤੀ ਖ਼ਾਤਰ ਸਭ ਕੁਝ ਹਥਿਆਉਣਾ ਚਾਹੁੰਦੇ ਹਨ, ਪਿੰਡ ਵੀ, ਖੇਤ ਵੀ, ਖੇਡ ਵੀ ਅਤੇ ਮਨੁੱਖੀ ਜ਼ਿੰਦਗੀ ਵੀ। ਪੰਜਾਬੀਆਂ ਦੀ ਪਹਿਲੀ ਕਿਲਕਾਰੀ ਖੇਡ ਹੈ। ਬਚਪਨ, ਜਵਾਨੀ, ਬੁਢਾਪਾ ਉਨ੍ਹਾਂ ਨੂੰ ਕਿਸੇ ਹੀਲੇ ਵੀ ਖੇਡ ਤੋਂ ਵੱਖ ਨਹੀਂ ਹੋਣ ਦਿੰਦਾ। ਇਹੋ ਖੇਡ ਦਾ ਰੰਗ, ਉਨ੍ਹਾਂ ਨੂੰ ਸਰਹੱਦਾਂ ਦੀ ਰਾਖੀ ਲਈ ਭੇਜਦਾ ਹੈ।
ਇਹੋ ਖੇਡ ਦਾ ਰੰਗ ਉਨ੍ਹਾਂ ਨੂੰ ਨਿਹੱਕਿਆਂ ਦੇ ਹੱਕ ’ਚ ਖੜ੍ਹਨ, ਉਨ੍ਹਾਂ ਲਈ ਜਾਨ ਵਾਰਨ ਅਤੇ ਆਪਣੀ ਹੱਕ ਪ੍ਰਾਪਤੀ ਦੇ ਸੰਘਰਸ਼ ਲਈ ਪ੍ਰੇਰਦਾ ਹੈ। ਖੇਡ-ਖੇਡ ’ਚ ਪੰਜਾਬੀ ਵੱਡੀਆਂ ਪ੍ਰਾਪਤੀਆਂ ਕਰਦੇ ਹਨ। ਪਰ ਉਨ੍ਹਾਂ ਨੇ ਖੇਡ-ਖੇਡ ਵਿਚ ਬਹੁਤ ਕੁਝ ਗੁਆਇਆ ਵੀ ਹੈ। ਸਿਆਸੀ ਖੇਡਾਂ ’ਚ ਦਿੱਲੀ ਹੱਥੋਂ ਪੰਜਾਬੀ ਮਾਤ ਖਾਂਦੇ ਰਹੇ ਹਨ ਪਰ ਕਦੇ ਝੁਕੇ ਨਹੀਂ, ਅੜੇ ਰਹੇ, ਖੜੇ੍ਹ ਰਹੇ, ਬੜਾ ਕੁਝ ਗੁਆਇਆ। ਧਨ, ਦੌਲਤ, ਸਰੀਰ, ਮਨ ਦਾ ਚੈਨ ਪਰ ਬੜਾ ਕੁਝ ਪਾਇਆ ਅਣਖ, ਸੰਤੁਸ਼ਟੀ ਅਤੇ ਟੌਹਰ-ਟੱਪਾ। ਬਿਨਾਂ ਸ਼ੱਕ ਅਫ਼ਗਾਨੇ-ਕਸ਼ਮੀਰੇ-ਦਿੱਲੀ ਤਕ ਰਾਜ ਕੀਤਾ ਪਰ ਇਮਾਨਦਾਰ ਖੇਡ ਦੀ ਕਰਾਮਾਤ ਹੀ ਕਹਾਂਗੇ ਕਿ ਪੰਜ ਦਰਿਆਵਾਂ ਨੂੰ ਸੰਭਾਲ ਲਿਆ ਪਰ ਸਿਆਸੀ ਰੰਗ-ਢੰਗ ਦੀ ਖੇਡ ਨੇ, ਉਹਦੇ ਪੱਲੇ ਢਾਈ ਦਰਿਆ ਹੀ ਰਹਿਣ ਦਿੱਤੇ। ਰਾਜਧਾਨੀ ਤੇ ਪੰਜਾਬੀ ਬੋਲਦੇ ਇਲਾਕੇ ਤਾਂ ਸਾਜ਼ਿਸ਼ਨ ਉਨ੍ਹਾਂ ਨੇ ਹਥਿਆਉਣੇ ਹੀ ਸਨ, ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਖੋਹ ਲਿਆ।
ਪੰਜਾਬੀ ਜ਼ੁਬਾਨ ਜਿਸ ਦੇ ਆਧਾਰ ’ਤੇ ਪੰਜਾਬੀ ਸੂਬਾ ਬਣਿਆ ਸੀ, ਸਿਆਸਤਦਾਨਾਂ ਦੀ ਬੇਰੁਖ਼ੀ ਕਾਰਨ ਮਤਰੇਈ ਮਾਂ ਵਾਲਾ ਸਲੂਕ ਸਹਿ ਰਹੀ ਹੈ। ਇਹ ਖੇਡਾਂ, ਇਹ ਚਾਲਾਂ, ਇਹ ਸਾਜ਼ਿਸ਼ਾਂ ਹੰਢਾਉਣ ਲਈ ਆਦੀ ਹੋ ਚੁੱਕੇ ਪੰਜਾਬੀ ਫਿਰ ਵੀ ਖੇਡਾਂ ਨਹੀਂ ਭੁੱਲੇ, ਮੇਲੇ ਨਹੀਂ ਭੁੱਲੇ, ਸੱਭਿਆਚਾਰ ਨਹੀਂ ਭੁੱਲੇ! ਸਰਕਾਰਾਂ ਖੇਡਾਂ ਨਾਲ ਮਜ਼ਾਕ ਕਰ ਰਹੀਆਂ ਹਨ। ਕਦੇ-ਕਦਾਈਂ ਖੇਡਾਂ ਨੂੰ ਸਿਆਸਤ ਲਈ ਵਰਤਦੀਆਂ ਨਜ਼ਰ ਆਉਂਦੀਆਂ ਹਨ।
ਪਿਛਲੇ ਵਰਿ੍ਹਆਂ ’ਚ ਵਿਸ਼ਵ ਕਬੱਡੀ ਟੂਰਨਾਮੈਂਟ ਕਿਸੇ ਸਿਆਸੀ ਧਿਰ ਵਾਲੀ ਸਰਕਾਰ ਨੇ ਕਰਵਾਏ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ। ਉਵੇਂ ਹੀ ਜਿਵੇਂ ਵਰਿ੍ਹਆਂ-ਬੱਧੀ ਪੰਜਾਬ ’ਚ ਪਰਵਾਸੀ ਸੰਮੇਲਨ ਕਰਵਾਏ ਵੋਟਾਂ ਦੀ ਪ੍ਰਾਪਤੀ ਲਈ! ਪਰ ਪੰਜਾਬੀਆਂ ਨੇ ਕੀ ਖੱਟਿਆ? ਪੰਜਾਬ ਸਰਕਾਰਾਂ ਨੇ ਕਦੇ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਨਜ਼ਰ ਸੁਵੱਲੀ ਨਹੀਂ ਕੀਤੀ। ਕਿੱਥੇ ਗਏ ਹਰ ਵਰ੍ਹੇ ਪੰਚਾਇਤਾਂ, ਪਿੰਡਾਂ ’ਚ ਕਰਵਾਏ ਜਾਣ ਵਾਲੇ ਬਲਾਕ, ਜ਼ਿਲਾ, ਸੂਬਾ ਪੱਧਰੀ ਖੇਡ ਮੁਕਾਬਲੇ? ਸਿਰਫ਼ ਸਕੂਲਾਂ ’ਚ ਸਿਮਟ ਕੇ ਰਹਿ ਗਏ ਹਨ ਇਹ ਖੇਡ ਮੁਕਾਬਲੇ। ਇਹ ਖੋਹ-ਖੋਹ, ਕਬੱਡੀ, ਫੁੱਟਬਾਲ, ਵਾਲੀਬਾਲ, ਟੇਬਲ ਟੈਨਿਸ ਦੇ ਮੁਕਾਬਲਿਆਂ ਤਕ ਸੀਮਤ ਹਨ, ਉਹ ਵੀ ਖ਼ਾਨਾਪੂਰਤੀ ਲਈ।
ਕਿੰਨੇ ਸਟੇਡੀਅਮ ਹਨ ਸੂਬੇ ’ਚ? ਕਿੰਨੇ ਜਿਮ ਹਨ ਪੰਜਾਬ ’ਚ? ਕਿੰਨੇ ਕੋਚ ਭਰਤੀ ਕੀਤੇ ਹਨ ਖੇਡ ਵਿਭਾਗ ’ਚ? ਕਿੰਨਾ ਬਜਟ ਹੈ ਖੇਡ ਵਿਭਾਗ ਦਾ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ? ਪਰ ਤਸੱਲੀ ਵਾਲੀ ਗੱਲ ਹੈ ਕਿ ਪਿੰਡ ਸੰਸਾਰਪੁਰ ’ਚ ਹਾਕੀ ਦਾ ਮੈਦਾਨ ਕੌਮਾਂਤਰੀ ਪੱਧਰ ਦਾ ਹੈ। ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿਚ ਪੰਜਾਬੀ ਖਿਡਾਰੀ ਭਾਰਤੀ ਹਾਕੀ ਟੀਮ ਦਾ ਹਿੱਸਾ ਹਨ। ਇਹ ਉਨ੍ਹਾਂ ਦੀ ਲਗਨ, ਮਿਹਨਤ, ਸਿਰੜ ਦਾ ਸਿੱਟਾ ਹੈ। ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਜੇਤੂ ਖਿਡਾਰੀਆਂ ਦਾ ਪੰਜਾਬ ਸਰਕਾਰ ਤੇ ਪੰਜਾਬੀਆਂ ਨੇ ਮਾਣ-ਸਨਮਾਨ ਕੀਤਾ ਹੈ।
ਬਹੁਤ ਸਾਰੇ ਪਿੰਡਾਂ ’ਚ ਖੇਡਾਂ ਸਟੇਡੀਅਮ ਹਨ, ਜਿਮ ਹਨ, ਪਹਿਲਵਾਨਾਂ ਦੇ ਅਖਾੜੇ ਹਨ। ਰਾਏਕੋਟ ’ਚ ਲੋਕ-ਖੇਡਾਂ ਹੁੰਦੀਆਂ ਹਨ। ਜਲੰਧਰ ’ਚ ਹਾਕੀ ਟੂਰਨਾਮੈਂਟ ਹੁੰਦੇ ਹਨ। ਪਰ ਪੰਜਾਬ ਸਰਕਾਰ ਦੀ ਖੇਡ ਨੀਤੀ ਕਿੱਥੇ ਹੈ? ਸੂਬੇ ਦਾ ਖੇਡ ਵਿਭਾਗ ਕਾਗਜ਼ਾਂ ’ਚ ਹੋਵੇਗਾ, ਅਮਲਾਂ ’ਚ ਪੰਜਾਬ ’ਚ ਕਿਧਰੇ ਵਿਖਾਈ ਨਹੀਂ ਦਿੰਦਾ। ਪਿੰਡਾਂ ਦੀਆਂ ਬਰੂਹਾਂ ’ਚ ਤਾਂ ਉਸ ਦੀ ਦਸਤਕ ਨਾਮਾਤਰ ਹੈ। ਇੰਜ ਕਿਵੇਂ ਚੱਲੇਗਾ ਪੰਜਾਬ ਦਾ ਖੇਡ ਸੱਭਿਆਚਾਰ?
ਇੰਜ ਕਿਵੇਂ ਬਚੇਗਾ ਪੰਜਾਬ? ਇਕੱਲੀ ਸਰਕਾਰ ਹੀ ਕਿਉਂ, ਸਾਡੇ ਪੰਜਾਬੀ ਧੁਰੰਤਰ, ਪੰਜਾਬੀ ਬੁੱਧੀਜੀਵੀ, ਸੁਚੇਤ ਪੰਜਾਬੀ ਆਪਣੇ ਮਾਮਲਿਆਂ, ਆਪਣੇ ਨਾਲ ਹੁੰਦੇ ਧੱਕਿਆਂ, ਖੇਡਾਂ ਨਾਲ ਹੋ ਰਹੇ ਵਿਤਕਰੇ ਸਬੰਧੀ ਚੁੱਪ ਕਿਉਂ ਧਾਰੀ ਬੈਠੇ ਹਨ? ਅਸੀਂ ਜਿਹੜੇ ਢੁੱਠਾਂ ਵਾਲੇ, ਵੱਡੇ ਉੱਦਮੀ, ਬਾਬੇ ਨਾਨਕ ਦੇ ਪੈਰੋਕਾਰ ਕਹਾ ਕੇ ਖ਼ੁਸ਼ੀ ’ਚ ਫੁੱਲੇ ਨਹੀਂ ਸਮਾ ਰਹੇ, ਆਖ਼ਰ ਆਪਣੀ ਹਾਲਤ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦੀ ਕਵਿਤਾ ‘ਅਸੀਂ ਵੱਡੇ-ਵੱਡੇ ਪਹਿਲਵਾਨ’ ਵਾਲੀ ਕਿਉਂ ਬਣਾ ਬੈਠੇ ਹਾਂ?
-ਮੋਬਾਈਲ : 98158-02070
-response@jagran.com