ਤਾਮਿਲਨਾਡੂ ਵਿਚ ਅਦਾਕਾਰ ਜੋਸਫ ਵਿਜੈ ਦੀ ਨਵੀਂ ਬਣੀ ਪਾਰਟੀ ਟੀਵੀਕੇ ਦੇ ਸਭ ਤੋਂ ਵੱਡੇ ਦਲ ਦੇ ਰੂਪ ਵਿਚ ਉੱਭਰਨ ਦੇ ਨਾਲ ਹੀ ਕਾਂਗਰਸ ਨੇ ਜਿਸ ਤਰ੍ਹਾਂ ਉਸ ਨਾਲ ਜਾਣ ਦੇ ਸੰਕੇਤ ਦਿੱਤੇ ਅਤੇ ਫਿਰ ਬਿਨਾਂ ਕਿਸੇ ਸੰਕੋਚ ਦੇ ਅਜਿਹਾ ਹੀ ਕੀਤਾ, ਉਸ ਨਾਲ ਡੀਐੱਮਕੇ ਦਾ ਗੁੱਸੇ ਵਿਚ ਆਉਣਾ ਸੁਭਾਵਕ ਹੈ। ਡੀਐੱਮਕੇ ਦੇ ਨੇਤਾਵਾਂ ਨੇ ਕਾਂਗਰਸ ਦੇ ਇੰਜ ਤੋੜ-ਵਿਛੋੜੇ ਨੂੰ ਸਿਰਫ਼ ਧੋਖੇਬਾਜ਼ੀ ਹੀ ਨਹੀਂ ਦੱਸਿਆ, ਸਗੋਂ ਇਹ ਵੀ ਫ਼ੈਸਲਾ ਕੀਤਾ ਕਿ ਹੁਣ ਸੰਸਦ ਵਿਚ ਉਨ੍ਹਾਂ ਦੇ ਸੰਸਦ ਮੈਂਬਰ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਨਹੀਂ ਬੈਠਣਗੇ।

ਤਾਮਿਲਨਾਡੂ ਵਿਚ ਅਦਾਕਾਰ ਜੋਸਫ ਵਿਜੈ ਦੀ ਨਵੀਂ ਬਣੀ ਪਾਰਟੀ ਟੀਵੀਕੇ ਦੇ ਸਭ ਤੋਂ ਵੱਡੇ ਦਲ ਦੇ ਰੂਪ ਵਿਚ ਉੱਭਰਨ ਦੇ ਨਾਲ ਹੀ ਕਾਂਗਰਸ ਨੇ ਜਿਸ ਤਰ੍ਹਾਂ ਉਸ ਨਾਲ ਜਾਣ ਦੇ ਸੰਕੇਤ ਦਿੱਤੇ ਅਤੇ ਫਿਰ ਬਿਨਾਂ ਕਿਸੇ ਸੰਕੋਚ ਦੇ ਅਜਿਹਾ ਹੀ ਕੀਤਾ, ਉਸ ਨਾਲ ਡੀਐੱਮਕੇ ਦਾ ਗੁੱਸੇ ਵਿਚ ਆਉਣਾ ਸੁਭਾਵਕ ਹੈ। ਡੀਐੱਮਕੇ ਦੇ ਨੇਤਾਵਾਂ ਨੇ ਕਾਂਗਰਸ ਦੇ ਇੰਜ ਤੋੜ-ਵਿਛੋੜੇ ਨੂੰ ਸਿਰਫ਼ ਧੋਖੇਬਾਜ਼ੀ ਹੀ ਨਹੀਂ ਦੱਸਿਆ, ਸਗੋਂ ਇਹ ਵੀ ਫ਼ੈਸਲਾ ਕੀਤਾ ਕਿ ਹੁਣ ਸੰਸਦ ਵਿਚ ਉਨ੍ਹਾਂ ਦੇ ਸੰਸਦ ਮੈਂਬਰ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਨਹੀਂ ਬੈਠਣਗੇ। ਇਹ ਆਈਐੱਨਡੀਆਈਏ ਨਾਲੋਂ ਨਾਤਾ ਤੋੜਨ ਦਾ ਐਲਾਨ ਹੀ ਹੈ। ਕਾਂਗਰਸ ਨਾਲ ਮਿਲ ਕੇ ਚੋਣਾਂ ਲੜਨ ਵਾਲੀਆਂ ਮਾਕਪਾ, ਭਾਕਪਾ ਅਤੇ ਵੀਸੀਕੇ ਵਰਗੀਆਂ ਪਾਰਟੀਆਂ ਨੇ ਵੀ ਜਿਸ ਤਰ੍ਹਾਂ ਵਿਜੈ ਦੇ ਨਾਲ ਜਾਣਾ ਚੁਣਿਆ, ਉਹ ਸਿਰਫ਼ ਮੌਕਾਪ੍ਰਸਤੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਹੁਣ ਕਿਉਂਕਿ ਮਾਕਪਾ ਅਤੇ ਭਾਕਪਾ ਦੀ ਕੋਈ ਖ਼ਾਸ ਸਿਆਸੀ ਮਹੱਤਤਾ ਨਹੀਂ ਰਹੀ, ਇਸ ਲਈ ਉਨ੍ਹਾਂ ਦਾ ਡੀਐੱਮਕੇ ਤੋਂ ਵੱਖ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਕਾਂਗਰਸ ਦਾ ਤੋੜ-ਵਿਛੋੜਾ ਵਿਰੋਧੀ ਗੱਠਜੋੜ ਆਈਐੱਨਡੀਆਈਏ ਨੂੰ ਹੋਰ ਵੀ ਕਮਜ਼ੋਰ ਕਰਨ ਵਾਲਾ ਹੈ। ਇਹ ਸੱਚ ਹੈ ਕਿ ਆਈਐੱਨਡੀਆਈਏ ਨਾਲ ਤੋੜ-ਵਿਛੋੜਾ ਕਰਨ ਵਾਲੀਆਂ ਪਾਰਟੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਹਿਲਾਂ ਜੇਡੀਯੂ ਵੱਖ ਹੋਈ, ਫਿਰ ਆਮ ਆਦਮੀ ਪਾਰਟੀ। ਹੁਣ ਇਕ ਤਰ੍ਹਾਂ ਨਾਲ ਕਾਂਗਰਸ ਵੀ ਉਸ ਤੋਂ ਦੂਰ ਹੋ ਰਹੀ ਹੈ। ਕਾਂਗਰਸ ਦੇ ਨੇਤਾਵਾਂ ਦੀ ਦਲੀਲ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਹੀ ਟੀਵੀਕੇ ਨਾਲ ਜਾਣ ਬਾਰੇ ਵਿਚਾਰ ਕਰ ਰਹੇ ਸਨ ਪਰ ਇਹ ਦਾਅਵਾ ਉਨ੍ਹਾਂ ਨੂੰ ਚੋਣਾਂ ਤੋਂ ਬਾਅਦ ਗੱਠਜੋੜ ਤੋੜਨ ਦਾ ਲਾਇਸੈਂਸ ਨਹੀਂ ਦਿੰਦਾ। ਆਖ਼ਰ ਸਿਆਸੀ ਨੈਤਿਕਤਾ ਅਤੇ ਗੱਠਜੋੜ ਧਰਮ ਨਾਂ ਦੀ ਕੋਈ ਚੀਜ਼ ਹੈ ਜਾਂ ਨਹੀਂ?
ਆਉਣ ਵਾਲੇ ਸਮੇਂ ਵਿਚ ਆਈਐੱਨਡੀਆਈਏ ਦੇ ਟੁੱਟਣ-ਭੱਜਣ ਦੀ ਸ਼ੰਕਾ ਇਸ ਲਈ ਹੋਰ ਵਧ ਗਈ ਹੈ ਕਿਉਂਕਿ ਹੋਰ ਸੂਬਿਆਂ ਵਿਚ ਕਾਂਗਰਸ ਦਾ ਸਹਿਯੋਗੀ ਪਾਰਟੀਆਂ ਨਾਲ ਖੜਕਾ-ਦੜਕਾ ਹੁੰਦਾ ਰਹਿੰਦਾ ਹੈ, ਜਿਵੇਂ ਕਿ ਮਹਾਰਾਸ਼ਟਰ ਵਿਚ ਊਧਵ ਠਾਕਰੇ ਦੀ ਸ਼ਿਵਸੈਨਾ ਨਾਲ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਬੰਗਾਲ ਅਤੇ ਕੇਰਲ ਵਿਚ ਇਸ ਗੱਠਜੋੜ ’ਚ ਸ਼ਾਮਲ ਪਾਰਟੀਆਂ ਹੀ ਆਹਮੋ-ਸਾਹਮਣੇ ਸਨ। ਇਸ ਨਤੀਜੇ ’ਤੇ ਪੁੱਜਣ ਦੇ ਕਾਫ਼ੀ ਕਾਰਨ ਹਨ ਕਿ ਕਾਂਗਰਸ ਨੂੰ ਉਸੇ ਗੱਠਜੋੜ ਦੇ ਭਵਿੱਖ ਦੀ ਪਰਵਾਹ ਨਹੀਂ ਜਿਸ ਦੀ ਵਾਗਡੋਰ ਉਹ ਆਪਣੇ ਹੱਥ ਵਿਚ ਰੱਖਣਾ ਚਾਹੁੰਦੀ ਹੈ। ਪਹਿਲਾਂ ਵੀ ਇਸ ਗੱਠਜੋੜ ਦਾ ਭਵਿੱਖ ਬਹੁਤ ਉਜਵਲ ਨਹੀਂ ਦਿਖਾਈ ਦੇ ਰਿਹਾ ਸੀ, ਪਰ ਹੁਣ ਤਾਂ ਉਹ ਹੋਰ ਵੀ ਅੰਧਕਾਰਮਈ ਹੋ ਗਿਆ ਹੈ। ਡੀਐੱਮਕੇ ਨਾਲ ਮਿਲ ਕੇ ਚੋਣ ਲੜਨ ਵਾਲੀ ਕਾਂਗਰਸ, ਜਿਹੜੀ ਸੱਤਾ ਦੀ ਮਲਾਈ ਖਾਣ ਲਈ ਇਕ ਝਟਕੇ ਵਿਚ ਟੀਵੀਕੇ ਦੇ ਪਾਲੇ ’ਚ ਚਲੀ ਗਈ, ਇਸ ਤੋਂ ਇਹ ਸਪਸ਼ਟ ਹੋ ਗਿਆ ਕਿ ਉਹ ਆਪਣੇ ਸਵਾਰਥ ਲਈ ਕਿਸੇ ਦਾ ਵੀ ਸਾਥ ਛੱਡ ਸਕਦੀ ਹੈ। ਤਾਮਿਲਨਾਡੂ ਵਿਚ ਕਾਂਗਰਸ ਅਤੇ ਡੀਐੱਮਕੇ ਦਾ ਸਾਥ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਪੁਰਾਣਾ ਸੀ ਪਰ ਉਸ ਨੇ ਆਪਣੇ ਸਵਾਰਥ ਲਈ ਇਸ ਲੰਬੇ ਸਾਥ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਹੁਣ ਇਸ ਗੱਠਜੋੜ ਵਿਚਲੀਆਂ ਹੋਰ ਪਾਰਟੀਆਂ ਵੀ ਮੌਕਾ ਦੇਖਦੇ ਹੀ ਕਾਂਗਰਸ ਤੋਂ ਵੱਖ ਹੋਣ ਵਿਚ ਦੇਰ ਨਹੀਂ ਕਰਨਗੀਆਂ। ਇਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਾਂਗਰਸ ਦੇ ਪਲਟੀ ਮਾਰਨ ’ਤੇ ਇਹ ਕਹਿ ਕੇ ਉਸ ’ਤੇ ਤਨਜ਼ ਕੱਸਿਆ ਹੈ ਕਿ ‘ਅਸੀਂ ਉਹ ਨਹੀਂ, ਜੋ ਮੁਸ਼ਕਲਾਂ ਵਿਚ ਸਾਥ ਛੱਡ ਦਈਏ।’